Pages

ਸਿੱਖੀ ਵਿੱਚ ਕਰਮਕਾਂਡ


ਸਤਿੰਦਰਜੀਤ ਸਿੰਘ


ਅਣਭੋਲ ਅਤੇ ਨਾ-ਸਮਝ ਲੋਕਾਈ ਨੂੰ ਮਨਮਤਿ,ਕਰਮਕਾਂਡ ਅਤੇ ਵਹਿਮ-ਭਰਮ ਜਿਹੀਆਂ ਫੋਕੀਆਂ ਰਸਮਾਂ ਵਿੱਚੋਂ ਕੱਢਣ ਲਈ 'ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ {ਪੰਨਾ 471} ਦੀ ਕਰਾਰੀ ਚੋਟ ਨਾਲ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਸਿੱਖ ਪੰਥ ਅੱਜ ਫਿਰ ਉਸੇ ਦਲਦਲ ਵਿੱਚ ਧਸਦਾ ਜਾ ਰਿਹਾ ਹੈ
ਗੁਰੂ ਨਾਨਕ ਸਾਹਿਬ ਦੀ ਇਸ ਸੱਚ ਭਰੀ ਆਵਾਜ਼ ਤੋਂ ਸਮਾਜ ਵਿੱਚ ਆਉਣ ਵਾਲੀ ਤਬਦੀਲੀ ਬਾਰੇ ਬਿਪਰ ਨੂੰ ਅੰਦਾਜ਼ਾ ਹੋ ਗਿਆ ਸੀ ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਫੋਕੇ ਕਰਮਕਾਂਡ ਦੇ ਹਨੇਰੇ ਵਿੱਚੋਂ ਕੱਢਣ ਲਈ ਤਕਰੀਬਨ ਸਾਰੀ ਦੁਨੀਆਂ ਦੀ ਯਾਤਰਾ ਕੀਤੀ ਅਤੇ ਅਗਿਆਨਤਾ ਦੇ ਹਨ੍ਹੇਰੇ ਨੂੰ ਇਲਾਹੀ ਬਾਣੀ ਦੇ ਸ਼ਬਦ ਦੇ ਪ੍ਰਕਾਸ਼ ਨਾਲ ਦੂਰ ਕਰ ਦਿੱਤਾ, ਗੁਰੂ ਸਾਹਿਬ ਦੇ ਹਰ ਕਦਮ ਦੇ ਨਾਲ ਸਮਾਜ ਚੇਤੰਨਤਾ ਵੱਲ ਵਧਦਾ ਗਿਆ, ਜਿਸ ਨਾਲ ਬਿਪਰ ਨੂੰ ਤਕਲੀਫ ਹੋਣੀ ਸੁਭਾਵਿਕ ਸੀ ਪੰਡਿਤਾਂ ਦੁਆਰਾ ਫੈਲਾਏ ਜਾ ਰਹੇ ਭਰਮ ਜਾਲ ਨੂੰ ਤੋੜਨ ਲਈ ਗੁਰੂ ਸਾਹਿਬ ਨੇ ਨਿਧੜਕ ਹੋ ਕੇ ਆਵਾਜ਼ ਉਠਾਈ ਸੂਰਜ ਨੂੰ ਪਾਣੀ ਦੇਣ ਵਰਗੇ ਕਰਮਕਾਂਡ ਨੂੰ ਪੁੱਠਾ ਗੇੜਾ ਦੇਣ ਲਈ ਗੁਰੂ ਨਾਨਕ ਸਾਹਿਬ ਨੇ ਪੰਡਿਤਾਂ ਤੋਂ ਉਲਟ ਸੂਰਜ ਦੀ ਬਜਾਏ ਕਰਤਾਰਪੁਰ ਆਪਣੇ ਖੇਤਾਂ ਨੂੰ ਪਾਣੀ ਦੇਣ ਦੀ ਕਿਰਿਆ ਨਾਲ ਮਾਨਵਤਾ ਨੂੰ ਕਰਮਕਾਂਡ ਤੋਂ ਉਲਟ ਵਹਾਅ ਦਿੱਤਾ ਸਿੱਧਾਂ ਦੇ ਨਾਲ ਸੁਆਲ-ਜਵਾਬ ਸਮੇਂ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਪਾਉਣ ਦੇ ਜਿਸ ਤਰੀਕੇ ਦਾ ਵਰਣਨ ਕੀਤਾ ਉਹ ਕਰਮਕਾਂਡ ਵਿੱਚ ਫਸੇ ਲੋਕਾਂ ਲਈ ਬਿਲਕੁਲ ਨਵਾਂ ਅਤੇ ਅਨੋਖਾ ਸੀਗੁਰੂ ਨਾਨਕ ਸਾਹਿਬ ਨੇ ਘਰ-ਬਾਰ ਤਿਆਗ ਕੇ ਰੱਬ ਦੀ ਖੋਜ ਵਿੱਚ ਜੋਗੀ ਬਣੇ ਲੋਕਾਂ ਸਾਹਮਣੇ ਗ੍ਰਹਿਸਤ ਜੀਵਨ ਨੂੰ ਉੱਤਮ ਜੀਵਨ ਅਤੇ ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੱਤੀ ਜੰਗਲਾਂ ਵਿੱਚ ਜਾਂ ਘਰ-ਬਾਰ ਤਿਆਗ ਕੇ ਰੱਬ ਦੀ ਖੋਜ ਵਿੱਚ ਲੱਗੇ ਲੋਕਾਂ ਨੂੰ ਗੁਰਬਾਣੀ ਸਮਝਾ ਰਹੀ ਹੈ ਕਿ:
ਆਸਾ ਮਹਲਾ ੫ ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ਘਰ ਮਹਿ ਵਸਤੁ ਬਾਹਰਿ ਉਠਿ ਜਾਤਾ {ਪੰਨਾ 376}
 ਗੁਰੂ ਨਾਨਕ ਸਾਹਿਬ ਦੀਆਂ ਕਰਾਰੀਆਂ ਚੋਟਾਂ ਤੋਂ ਆਪਣਾ ਬਚਾਅ ਕਰਨ ਲਈ ਬਿਪਰ ਨੇ ਕੂਟਨੀਤੀ ਵਰਤਣੀ ਸ਼ੁਰੂ ਕੀਤੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੱਕ ਹਰ ਗੁਰੂ ਸਾਹਿਬਾਨ ਦਾ ਹਰ ਕਦਮ ਕ੍ਰਾਂਤੀਕਾਰੀ ਅਤੇ ਵਿਗਿਆਨਕ ਹੈ, ਕੋਈ ਵੀ ਤਰਕਹੀਣ ਅਤੇ ਫੋਕੀ ਦਲੀਲ ਇਸ ਅੱਗੇ ਠਹਿਰ ਨਹੀਂ ਸਕਦੀ ਲੋਕਾਂ ਨੂੰ ਕਰਮਕਾਂਡ ਵਿੱਚ ਫਸਾ ਕੇ ਪਲਣ ਵਾਲੇ ਲੋਕਾਂ ਨੇ ਸਿੱਖੀ ਦੇ ਪ੍ਰਫੁਲਿੱਤ ਹੋ ਰਹੇ ਬੂਟੇ ਨੂੰ ਇੱਕ ਸੰਘਣਾ ਦਰੱਖਤ ਬਣਨ ਤੋਂ ਪਹਿਲਾਂ ਹੀ ਜੜ੍ਹ ਤੋਂ ਉਖਾੜਨ ਲਈ ਜੜ੍ਹਾਂ ਨੂੰ ਤੇਲ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਇਸ ਬੂਟੇ ਨੂੰ ਛਾਂਗਣ ਦੀ ਬਜਾਏ ਜੜ੍ਹ ਤੋਂ ਖੋਖਲਾ ਕਰਨਾ ਹੀ ਠੀਕ ਸਮਝਿਆ ਤਾਂ ਜੋ ਇਸ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਕਰਮਕਾਂਡ ਦੀਆਂ ਤੇਜ਼ ਹਵਾਵਾਂ ਨਾਲ ਸੁੱਟਿਆ ਜਾ ਸਕੇਗੁਰੂ ਸਾਹਿਬ ਦੇ ਸਮੇਂ ਅਤੇ ਉਸਤੋਂ ਕੁਝ ਸਮਾਂ ਬਾਅਦ ਤੱਕ ਵੀ ਨਿਆਰਾ ਪੰਥ ਨਿਰਮਲ ਹੀ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਾਦੂ ਦੀ ਕਬਰ ਨੂੰ ਤੀਰ ਨਾਲ ਨਮਸ਼ਕਾਰ ਕਰਕੇ ਲਏ ਗਏ ਇਮਤਿਹਾਨ ਵਿੱਚੋਂ ਵੀ ਖਾਲਸਾ ਪੰਥ 100% ਨੰਬਰਾਂ ਨਾਲ ਪਾਸ ਹੋਇਆ ਉਸਤੋਂ ਬਾਅਦ ਵੀ ਖਾਲਸਾ ਪੰਥ ਕਦੇ ਬਿਖੜੇ ਪੈਂਡੇ ਵਿੱਚ ਨਹੀਂ ਡੋਲਿਆ ਸਿੱਖੀ ਦਾ ਸਿਧਾਂਤ ਸਿੱਖਾਂ ਦੇ ਮਨਾਂ ਉੱਪਰ ਡੂੰਘਾ ਉੱਤਰ ਗਿਆ ਸੀ ਪਰ ਅੱਜ ਦੇ ਹਾਲਾਤ ਬੜੇ ਬਦਲ ਗਏ ਹਨ ਅੱਜ ਹਰ ਸਹੂਲਤ ਹੋਣ ਦੇ ਬਾਵਜੂਦ ਵੀ ਸਿੱਖ ਡੋਲ ਗਿਆ ਹੈ ਅੱਜ ਦਾ ਸਿੱਖ ਕਬਰਾਂ,ਮੜੀਆਂ-ਮਸਾਣਾਂ, ਪੀਰਾਂ ਅਤੇ ਹੋਰ ਪਤਾ ਨਹੀਂ ਕਿਸ-ਕਿਸ ਤੋਂ ਸੁੱਖ ਮੰਗ ਰਿਹਾ ਹੈ ਜਿੱਥੇ ਪਹਿਲੇ ਸਿੱਖਾਂ ਦਾ ਦਿਨ ਇਲਾਹੀ ਬਾਣੀ ਦੇ ਪ੍ਰਕਾਸ਼ ਨਾਲ ਸ਼ੁਰੂ ਹੁੰਦਾ ਸੀ ਉੱਥੇ ਹੀ ਅੱਜ ਦੇ ਸਿੱਖਾਂ ਦਾ ਦਿਨ ਰਾਸ਼ੀ-ਫਲ ਦੇਖਣ ਨਾਲ ਸ਼ੁਰੂ ਹੁੰਦਾ ਹੈ ਸਿੱਖ ਮਾਨਸਿਤਕਾ ਉੱਪਰ ਬਿਪਰ ਚਾਲਾਂ ਭਾਰੂ ਹੋ ਚੁੱਕੀਆਂ ਹਨ ਸਾਡੇ ਇਤਿਹਾਸ ਜਿਸ ਤੋਂ ਅਸੀਂ ਸੇਧ ਲੈ ਕੇ ਚੱਲਣਾ ਸੀ, ਵਿੱਚ ਐਨਾ ਰਲਾ ਕਰ ਦਿੱਤਾ ਗਿਆ ਹੈ ਕਿ ਅਸਲੀਅਤ ਗੁੰਮ ਹੋ ਗਈ ਹੈ ਸਿੱਖ ਧਰਮ ਨੂੰ ਹਿੰਦੂਵਾਦੀ ਫਲਸਫੇ ਨੇ ਨਿਗਲ ਲਿਆ ਹੈ ਹੁਣ ਸਿੱਖ ਧਰਮ ਜੋ ਸਭ ਧਰਮਾਂ ਨਾਲੋਂ ਵਿਗਿਆਨਕ ਅਤੇ ਆਧੁਨਿਕ ਹੈ ਅਤੇ ਜਿਸਨੇ ਲੋਕਾਂ ਨੂੰ ਕਰਮਕਾਂਡ ਤੋਂ ਬਾਹਰ ਕੱਢਣਾ ਸੀ, ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ( ਸੂਹੀ ਮਹਲਾ ੫, ਪੰਨਾਂ 747) ਨੂੰ ਭੁੱਲ ਕੇ ਖੁਦ ਹੀ ਕਰਮਕਾਂਡਾਂ ਵਿੱਚ ਉਲਝ ਰਿਹਾ ਹੈ ਸਿੱਖਾਂ ਨੇ ਹਿੰਦੂਵਾਦ ਦੀਆਂ ਸਾਰੀਆਂ ਅਨਮਤੀ ਰਸਮਾਂ ਅਤੇ ਤਿਉਹਾਰਾਂ ਨੂੰ ਅਪਣਾ ਲਿਆ ਹੈ ਹੁਣ ਸਿੱਖ ਛੋਡਹਿ ਅੰਨੁ ਕਰਹਿ ਪਾਖੰਡ ਨਾ ਸੋਹਾਗਨਿ ਨਾ ਓਹਿ ਰੰਡ’  ਨੂੰ ਭੁੱਲ ਕੇ ਵਰਤ ਵੀ ਰੱਖ ਰਿਹਾ ਹੈ, ਉਹ ਭੁੱਲ ਗਿਆ ਹੈ ਕਿ ਗੁਰੂ ਸਾਹਿਬ ਤਾਂ ਫੁਰਮਾਉਂਦੇ ਹਨ  ਪਉੜੀ ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ਮਨਿ ਸੰਤੋਖੁ ਸਰਬ ਜੀਅ ਦਇਆ ਇਨ ਬਿਧਿ ਬਰਤੁ ਸੰਪੂਰਨ ਭਇਆ ਧਾਵਤ ਮਨੁ ਰਾਖੈ ਇਕ ਠਾਇ ਮਨੁ ਤਨੁ ਸੁਧੁ ਜਪਤ ਹਰਿ ਨਾਇ ਸਭ ਮਹਿ ਪੂਰਿ ਰਹੇ ਪਾਰਬ੍ਰਹਮ ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ੧੧ {ਪੰਨਾ 299}
ਅੱਜ ਦਾ ਸਿੱਖ ‘ਜੋ ਪਾਥਰ ਕਉ ਕਹਤੇ ਦੇਵ ਤਾ ਕੀ ਬਿਰਥਾ ਹੋਵੈ ਸੇਵ ਜੋ ਪਾਥਰ ਕੀ ਪਾਂਈ ਪਾਇ ਤਿਸ ਕੀ ਘਾਲ ਅਜਾਂਈ ਜਾਇ  (ਮਹਲਾ ੫ , ਪੰਨਾਂ 1160) ਦੇ ਸਿਧਾਂਤ ਨੂੰ ਮਨੋਂ ਵਿਸਾਰ ਕੇ ਪੱਥਰਾਂ ਨੂੰ ਪੂਜਣ ਲੱਗਾ ਹੈ ਉਹ ਭੁੱਲ ਚੁੱਕਾ ਹੈ ਕਿ ਗੁਰੂ ਸਾਹਿਬ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦਾ ਉਪਦੇਸ਼ ਦਿੱਤਾ ਸੀ ਗੁਰੂ ਸਾਹਿਬਾਨ ਦੇ ਉਪਦੇਸ਼ ਨੂੰ ਤਿਲਾਂਜਲੀ ਦੇ ਕੇ ਕੱਚੇ-ਪਿੱਲੇ ਬਾਬਿਆਂ ਨੂੰ ‘ਬ੍ਰਹਮਗਿਆਨੀ’ ਸਮਝ ਕੇ ਉਹਨਾਂ ਪਿੱਛੇ ਕਿਸੇ ਸਸਤੇ ਜਿਹੇ ਰੱਬ ਦੀ ਤਲਾਸ਼ ਵਿੱਚ ਤੁਰਿਆ ਫਿਰਦਾ ਹੈ ਅੱਜ ਦੇ ਕੱਚੇ-ਪਿੱਲੇ ਸਾਧਾਂ ਨੇ ਵੀ ਕੌਮ ਦੀ ਬੇੜੀ ਵਿੱਚ ਵੱਟੇ ਪਾਉਣ ਨੂੰ ਹੀ ਧਰਮ ਸਮਝਿਆ ਹੋਇਆ ਹੈ ਲੋਕ ਗੁਰਬਾਣੀ ਦੇ ਫੁਰਮਾਨ ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ੩੫ {ਪੰਨਾ 26} ਨੂੰ ਭੁੱਲ ਕੇ ਇਹਨਾਂ ਸਾਧਾਂ ਦੇ ਚੁੰਗਲ ਵਿੱਚ ਫਸ ਰਹੇ ਹਨਜ਼ਿਆਦਾਤਰ ਸਾਧ ਸਿੱਖਾਂ ਨੂੰ ਗਿਣਤੀ-ਮਿਣਤੀ ਦੇ ਪਾਠਾਂ ਵਿੱਚ ਉਲਝਾ ਰਹੇ ਹਨ ਇਹਨਾਂ ਸਾਧਾਂ ਦੀ ਅਸਲੀਅਤ ਆਸਾ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ (ਪੰਨਾ 476) ਵਾਲੀ ਹੈ ਇਹਨਾਂ ਵਿਹਲੜ ਸਾਧਾਂ ਨੇ ਸਿੱਖ ਕੌਮ ਨੂੰ ਕਰਮਕਾਂਡ ਵਿੱਚੋਂ ਕੱਢਣ ਦੀ ਬਜਾਏ ਖੁਦ ਹੀ ਇਸ ਡੂੰਘੇ ਅਤੇ ਖਾਰੇ ਸਮੁੰਦਰ ਵਿੱਚ ਧੱਕ ਰਹੇ ਹਨ ਸਿੱਖ ਵੀ ਇਹਨਾਂ ਸਾਧਾਂ ਦੇ ਧੱਕੇ ਨੂੰ ‘ਗੁਰੂ ਦੀ ਮਿਹਰ’ ਸਮਝ ਕੇ ਬੜੇ ਉਤਸ਼ਾਹ ਨਾਲ ਮਨਮਤਿ ਦੀਆਂ ਲਹਿਰਾਂ ਵਿੱਚ ਗੋਤੇ ਖਾਣ ਨੂੰ ਤਿਆਰ ਹਨ ਕੋਈ ਵੀ ਸੱਚੀ ਗੱਲ ਸੁਣਨ ਨੂੰ ਤਿਆਰ ਨਹੀਂ ਕਹਿਣ ਨੂੰ ਸਾਰੇ ਹੀ ਕਹਿੰਦੇ ਹਨ ਕਿ ‘ਸਾਡੇ ਗੁਰੂ ਕੇਵਲ ‘ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ’ ਪਰ ਜਦੋਂ ਕੋਈ ਭੀੜ ਪੈਂਦੀ ਹੈ ਤਾਂ ‘ਆਪਣੇ ਬਾਬਿਆਂ’ ਦੇ ਡੇਰੇ ਜਾ ਕੇ ਨੱਕ ਰਗੜਦੇ ਹਨ, ਉਸ ਸਮੇਂ ਇਹਨਾਂ ਨੂੰ ਦੇਹਧਾਰੀ ਹੀ ਸਰਬ-ਸ਼ਕਤੀਮਾਨ ਦਿਖਾਈ ਦਿੰਦਾ ਹੈ ਪੜ੍ਹੇ-ਲਿਖੇ, ਸੂਝਵਾਨ ਹੋਣ ਦੇ ਨਾਲ-ਨਾਲ ਅਸਲ ਵਿੱਚ ਸਿੱਖ ਅੰਨ੍ਹੀ ਸ਼ਰਧਾ ਦੇ ਸ਼ਿਕਾਰ ਹੋ ਗਏ ਹਨ
ਸਾਡੇ ਅਜੋਕੇ ਸੰਤਾਂ ਦੀ ਐਸ਼ਪ੍ਰਸਤੀ ਕਾਰਨ ਸਿੱਖ ਧਰਮ ਵਿੱਚ ਬਿਪਰਵਾਦ ਪੂਰੀ ਤਰਾਂ ਘਰ ਕਰ ਚੁੱਕਾ ਹੈ ਹੁਣ ਤਾਂ ਹਿੰਦੂ ਧਰਮ ਨਾਲ ਸੰਬੰਧਿਤ ਨਰਾਤਿਆਂ ਦੇ ਤਿਉਹਾਰ ਮੌਕੇ ‘ਕੰਜਕਾਂ’ ਨੂੰ ਸਿੱਖ ਪਰਿਵਾਰ ਹਿੰਦੂਆਂ ਨਾਲੋਂ ਵੀ ਵੱਧ ਉਤਸ਼ਾਹ ਨਾਲ ਮਨਾਉਂਦੇ ਹਨ ਸਾਰਾ ਸਾਲ ਕੰਜਕਾਂ (ਕੁੜੀਆਂ) ‘ਤੇ ਹੋ ਰਿਹਾ ਧੱਕਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਜੇ ਕੰਜਕਾਂ ਨਾਲ ਐਨਾ ਹੀ ਪਿਆਰ ਹੈ ਤਾਂ ਕਿਉਂ ਕੋਈ ਵੀ ਰੱਬ ਕੋਲੋਂ ਧੀ ਦੀ ਦਾਤ ਨਹੀਂ ਮੰਗਦਾ...? ਪੁੱਤਰ ਪ੍ਰਾਪਤੀ ਦੀ ਲਾਲਸਾ ਨੇ ਵਿਹਲੜ ਸਾਧਾਂ ਨੂੰ ‘ਮੁੰਡੇ ਵੰਡਣ’ ਦੇ ਕਿੱਤੇ ਲਗਾ ਦਿੱਤਾ ਹੈ, ਇਸ ਕਿੱਤੇ ਨੂੰ ਚਲਦਾ ਰੱਖਣ ਲਈ ਡਾ:ਸੁਖਵਿੰਦਰ ਸਿੰਘ ਖਹਿਰਾ ਵਰਗੇ ਸਿੱਖਾਂ ਦੀ ਬਲੀ ਦਿੱਤੀ ਜਾਂਦੀ ਹੈ...! ਜੇ ਕਿਸੇ ਨਾਲ ਕੰਜਕਾਂ ਦੇ ਦਿਨ ਬਾਰੇ ਗੱਲ ਕਰੋ ਤਾਂ ਜਵਾਬ ਮਿਲੇਗਾ ਕਿ ‘ਭਰੂਣ ਹੱਤਿਆ ਨੂੰ ਰੋਕਣ ਲਈ ਇਹ ਦਿਨ ਮਨਾਉਣ ਵਿੱਚ ਕੋਈ  ਗਲਤੀ ਨਹੀਂ’ ਹਾਲਾਂਕਿ ਸਿੱਖ ਧਰਮ ਵਿੱਚ ਇਹਨਾਂ ਦਿਨਾਂ ਦੀ ਕੋਈ ਮਹੱਤਤਾ ਨਹੀਂ ਚਲੋ ਫਿਰ ਵੀ ਔਰਤ ਦੇ ਸਤਿਕਾਰ ਲਈ ਇਹ ਦਿਨ ਮਨਾਉਣ ਵਾਲੇ, ਕਿਸੇ ਵੀ ਸਾਧ ਕੋਲੋਂ ਪੁੱਤਰ ਮੰਗਣ ਤੋਂ ਪਹਿਲਾਂ : ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ  {ਪੰਨਾ 473} ਦੇ ਇਲਾਹੀ ਉਪਦੇਸ਼ ਨੂੰ ਕਿਉਂ ਭੁੱਲ ਜਾਂਦੇ ਹਨ...? ਬਾਲ-ਮਜ਼ਦੂਰੀ ਦੇ ਕਾਨੂੰਨ ਦੀ ਉਲੰਘਣਾ ਕਰ ਕੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਘਰੇਲੂ ਕੰਮਾਂ ਲਈ ਨੌਕਰ ਰੱਖ ਕੇ ਜ਼ਿਆਦਤੀ ਕਰਨ ਵਾਲੇ, ਸਾਰਾ ਸਾਲ ਨੰਗੇ ਪੈਰੀਂ, ਪਾਟੇ ਹੋਏ ਕੱਪੜਿਆਂ ਵਿੱਚ ਘਰ ਦੇ ਬੂਹੇ ‘ਤੇ ਰੋਟੀ ਮੰਗਣ ਆਈ ਬੱਚੀ ਤੋਂ ਮੂੰਹ ਫੇਰ ਕੇ ਬੈਠਣ ਵਾਲੇ, ਹਿੰਦੂਆਂ ਦੀਆਂ ਕੰਜਕਾਂ ਨੂੰ ਕਿਸ ਸੋਚ ਨਾਲ ਮਨਾਉਂਦੇ ਹਨ...?
ਕਿਸੇ ਭੁੱਖੇ ਦੇ ਮੂੰਹ ਵਿੱਚ ਰੋਟੀ ਪਾਉਣ ਨੂੰ ਤਿਆਗ ਕੇ ਅਖੌਤੀ ਸਾਧਾਂ ਵੱਲੋਂ ਚਲਾਏ ਜਾਂਦੇ ਲੰਗਰਾਂ ਵਿੱਚ ਰਸਦ-ਭੇਟਾ ਦੇਣ ਨੂੰ ਪੁੰਨ-ਦਾਨ ਸਮਝਦੇ ਹਨ ਸਾਡੇ ਸੰਤ ਵੀ ਦੁਸ਼ਹਿਰੇ ਮੌਕੇ ਹਜ਼ੂਰ ਸਾਹਿਬ ਜਾ ਕੇ ਲੰਗਰ ਲਗਾਉਂਦੇ ਹਨ ਤਾਂ ਸਿੱਖ ਭਲਾ ਕਿਵੇਂ ਪਿੱਛੇ ਰਹਿ ਸਕਦੇ ਹਨ...? ਇੱਕ ਪਰਿਵਾਰਕ ਲੜਾਈ ਨਾਲ ਸੰਬੰਧਿਤ ਤਿਉਹਾਰਾਂ ਨੂੰ ਸਿੱਖ ਪੂਰੀ ਤਰਾਂ ਅਪਣਾ ਚੁੱਕਾ ਹੈ ਹਿੰਦੂ ਲਿਖਤਾਂ ਅਨੁਸਾਰ ਰਾਵਣ ਨੇ ਸੀਤਾ ਨਾਲ ਕੋਈ ਬਦਤਮੀਜ਼ੀ ਨਹੀਂ ਸੀ ਕੀਤੀ ਸਗੋਂ ਸੀਤਾ ਕੋਲ ਜਾਣ ਸਮੇਂ ਆਪਣੀ ਪਤਨੀ ਨੂੰ ਨਾਲ ਲੈ ਕੇ ਜਾਂਦਾ ਸੀ ਪਰ ਫਿਰ ਵੀ ਉਸਨੂੰ ਸਮਾਜ ਦੇ ਕਟਹਿਰੇ ਵਿੱਚ ਦੋਸ਼ੀ ਬਣਾ ਕੇ ਪੇਸ਼ ਕੀਤਾ ਗਿਆ ਹੈ ਪਰ ਅੱਜ ਦੇ ਮਸੇਂ ਜਜ਼ਾਰਾਂ ਹੀ ਭ੍ਰਿਸ਼ਟ, ਬਲਾਤਕਾਰੀ, ਕਾਤਿਲ ਅਤੇ ਲੁਟੇਰੇ ‘ਰਾਵਣ’ ਸ਼ਰੇਆਮ ਦਨਦਨਾਉਂਦੇ ਫਿਰਦੇ ਹਨ ਜਿੰਨ੍ਹਾਂ ਸਾਹਮਣੇ ਕੋਈ ਉੱਚਾ ਸਾਹ ਤੱਕ ਨਹੀਂ ਕੱਢਦਾ ਸਿੱਖਾਂ ਦਾ ਦੁਸ਼ਹਿਰੇ ਨਾਲ ਕੋਈ ਸੰਬੰਧ ਨਹੀਂ ਪਰ ਫਿਰ ਵੀ ਰਾਵਣ ਨੂੰ ਮੱਚਦਾ ਦੇਖਣ ਲਈ ਸਿੱਖਾਂ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਇੱਕ ਪਾਸੇ ਵਾਤਾਵਰਨ ਨੂੰ ਬਚਾਉਣ ਲਈ ਪੂਰੀ ਦੁਨੀਆਂ ਦੇ ਸਾਇੰਸਦਾਨ ਮਿਹਨਤ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਭਾਰਤ ਵਰਗੇ ਦੇਸ਼ ਵਿੱਚ ਦੁਸ਼ਹਿਰੇ ਵਾਲੇ ਦਿਨ ਹੀ ਲੱਖਾਂ ਰੁਪਏ ਦੇ ਪਟਾਕਿਆਂ ਨਾਲ ਬੁਰਾਈ ਦਾ ਪ੍ਰਤੀਕ ਸਮਝੇ ਜਾਂਦੇ ਰਾਵਣ ਨੂੰ ਜਲਾ ਕੇ, ਵਾਤਾਵਰਨ ਨੂੰ ਦੂਸ਼ਿਤ ਕਰਕੇ ਖੁਦ ਰਾਵਣ ਬਣ ਰਹੇ ਹਨ ਰਾਵਣ ਨੂੰ ਜਲਾ ਕੇ ਘਰਾਂ ਨੂੰ ਵਾਪਿਸ ਮੁੜ ਰਹੇ ਲੋਕਾਂ ਨੂੰ ਦੇਖ ਮੇਰੇ ਜ਼ਿਹਨ ਵਿੱਚ ਆਇਆ:
ਰਾਵਣ ਨੂੰ ਜਲਾ ਕੇ, ਵਾਤਾਵਰਨ ਨੂੰ ਗੰਧਲਾ ਕਰ ਕੇ,
ਘਰਾਂ ਨੂੰ ਚਾਈਂ-ਚਾਈਂ ਮੁੜ ਰਹੇ ਨੇ ਲੋਕ,
‘ਤੇ ਮੈਂ ਦਰਵਾਜ਼ੇ ‘ਚ ਖੜ੍ਹਾ ਸੋਚਦਾਂ ਹਾਂ ‘ਕਿੰਨਾ ਗਰਕ ਗਿਆ ਹੈ ਇਨਸਾਨ...!
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ, ਸਿੱਖੀ ਦੇ ਨਿਆਰੇਪਣ ਨੂੰ ਰਾਵਣ ਨਾਲ ਹੀ ਜਲਾ ਦਿੱਤਾ ਜਾਂਦਾ ਹੈ ਜਲ ਚੁੱਕੇ ਰਾਵਣ ਦੇ ਪੁਤਲੇ ਅਤੇ ਸਿੱਖੀ ਦੇ ਸਿਧਾਂਤ ਦੀ ਰਾਖ ਵਿੱਚੋਂ ਕੁਝ ਬਚੀਆਂ ਲੱਕੜਾਂ ਆਦਿ ਨੂੰ ਲੋਕ ਘਰ ਲੈ ਆਉਂਦੇ ਹਨ ਕੀ ਇਹੀ ਬਦੀ ‘ਤੇ ਨੇਕੀ ਦੀ ਜਿੱਤ ਹੈ?
ਅੱਜ ਦਾ ਸਿੱਖ ਐਨਾ ਵਹਿਮੀ ਹੋ ਗਿਆ ਹੈ ਕਿ ਹਿੰਦੂਆਂ ਵਾਂਗ ਹੁਣ ਇਸਨੂੰ ਵੀ ਪਰਿਵਾਰ ਦੇ ਮਰ ਚੁੱਕੇ ਵੱਡੇ-ਵਡੇਰਿਆਂ ਦੇ ਰਸਤੇ ਵਿੱਚ ਹੀ ਭਟਕਣ ਦਾ ਡਰ ਸਤਾਉਣ ਲੱਗਾ ਹੈ ਵੱਡੇ-ਵਡੇਰਿਆਂ ਨੂੰ ਗਾਂ ਦੀ ਪੂਛ ਫੜ੍ਹਾ ਕੇ ਹੁਣ ਸਿੱਖ ਵੀ ਅਣਜਾਣੇ ਅਤੇ ਅਣਦੇਖੇ ‘ਧੁਰ’ ਤੱਕ ਪਹੁੰਚਾਉਣ ਦਾ ਪ੍ਰਬੰਧ ਕਰਨ ਲੱਗੇ ਹਨ ਮਰ ਚੁੱਕੇ ਪ੍ਰਾਣੀ ਦੀ ਜੇਬ ਵਿੱਚ ਪੈਸੇ ਪਾ ਕੇ ਉਸਨੂੰ ‘ਪਤਾ ਨਹੀਂ ਕਿੱਥੇ’ ਜਾਣ ਦਾ ਕਿਰਾਇਆ ਦਿੰਦੇ ਹਨ, ਅਸਥੀਆਂ ਜਲ-ਪ੍ਰਵਾਹ ਕਰਨ ਜਾਣ ਸਮੇਂ ਉਚੇਚੇ ਤੌਰ ‘ਤੇ ਮਰ ਚੁੱਕੇ ਪ੍ਰਾਣੀ ਦੀ ਟਿਕਟ ਲਈ ਜਾਂਦੀ ਹੈ ਹੁਣ ਵੱਡੇ-ਵਡੇਰਿਆਂ ਦੇ ਸ਼ਰਾਧ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਗੁਰਬਾਣੀ ਦੇ ਰੱਬੀ ਉਪਦੇਸ਼ ਰਾਗੁ ਗਉੜੀ ਬੈਰਾਗਣਿ ਕਬੀਰ ਜੀ    ੴ ਸਤਿਗੁਰ ਪ੍ਰਸਾਦਿ ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ਮੋ ਕਉ ਕੁਸਲੁ ਬਤਾਵਹੁ ਕੋਈ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ਰਹਾਉ ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ੪੫ {ਪੰਨਾ 332} ਨੂੰ ਮਨੋਂ ਵਿਸਾਰ ਕੇ ਕੀਤੇ ਜਾਂਦੇ ਹਨ ਸਿੱਖਾਂ ਦੇ ਖੇਤਾਂ ਜਾਂ ਘਰਾਂ ਵਿੱਚ ਬਣਾਈਆਂ ਗਈਆਂ ਮੜ੍ਹੀਆਂ (ਮਟੀਆਂ) ਆਮ ਦੇਖੇ ਜਾ ਸਕਦੇ ਹਨ ਇਹਨਾਂ ਮੜ੍ਹੀਆਂ ਉੱਤੇ ਮੱਸਿਆਂ ਜਾਂ ਦਸਵੀਂ ਆਦਿ ਨੂੰ ਉਚੇਚੇ ਤੌਰ ‘ਤੇ ਰੋਟੀ ਰੱਖ ਕੇ ਜਾਂ ਪਰਿਵਾਰ ਦੇ ਮੁਖੀ ਵਿਆਕਤੀ ਨੂੰ ਖਵਾ ਕੇ ‘ਭੋਗ’ ਲਗਵਾਇਆ ਜਾਂਦਾ ਹੈ ਇਹਨਾਂ ਮੜ੍ਹੀਆਂ ਨੂੰ ਦੀਵਾਲੀ ਦੇ ਦਿਨਾਂ ਵਿੱਚ ਖਾਸ ਤੌਰ ‘ਤੇ ਰੰਗ-ਰੋਗਨ ਜਾਂ ਕਲੀ ਕਰਵਾਈ ਜਾਂਦੀ ਹੈ ਸ਼ਹਿਰਾਂ  ਵਿੱਚ ਵਸੇ ਪਰਿਵਾਰ ਵੀ ਉਚੇਚੇ ਤੌਰ ‘ਤੇ ਖਾਸ ਕਰਕੇ ਦੀਵਾਲੀ ਨੂੰ ਇਹਨਾਂ ਮੜ੍ਹੀਆਂ ‘ਤੇ ਮੱਥਾ ਟੇਕਣ ਜ਼ਰੂਰ ਆਉਂਦੇ ਹਨ ਆਪਣੇ-ਆਪ ਨੂੰ ਸਿੱਖ ਅਖਵਾਉਣ ਵਾਲੇ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ (ਪੰਨਾ 634) ਨੂੰ ਭੁੱਲ ਕੇ ਇੱਟਾਂ ‘ਤੇ ਨੱਕ ਰਗੜਦੇ ਆਮ ਦੇਖੇ ਜਾ ਸਕਦੇ ਹਨ ਸਿੱਖਾਂ ਦੀਆਂ ਇਹਨਾਂ ਹਰਕਤਾਂ ਨਾਲ ਬਿਪਰ ਦੀਆਂ ਚਾਲਾਂ ਨੂੰ ਬੂਰ ਪਿਆ ਦਿਖਾਈ ਦਿੰਦਾ ਹੈ
ਦੀਵਾਲੀ ਇੱਕ ਐਸਾ ਤਿਉਹਾਰ ਹੈ ਜਿਸਨੂੰ ਸਿੱਖ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ‘ਬੰਦੀ ਛੋੜ’ ਦਿਵਸ ਵਜੋਂ ਮਨਾਉਂਦੇ ਹਨ ਦੀਵਾਲੀ ਮਨਾਉਣ ਦਾ ਸਿੱਖਾਂ ਦਾ ਕਾਰਨ ‘ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਨਾਲ ਰਿਹਾਅ ਕਰਵਾ ਕੇ ਅੰਮ੍ਰਿਤਸਰ ਵਾਪਿਸ ਆਏ ਸਨ’ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ 52 ਰਾਜਿਆਂ ਨੂੰ ਰਿਹਾਅ ਕਰਵਾਇਆ ਅਤੇ ਉਹ ਅੰਮ੍ਰਿਤਸਰ ਵੀ ਆਏ ਸਨ ਪਰ ਕੀ ਵਾਕਈ ਹੀ ਇਸ ਦਿਨ ਆਏ ਸਨ...? ਇਹ ਸਵਾਲ ਧਿਆਨ ਮੰਗਦਾ ਹੈ ਪਰ ਅਜ ਦੇ ਰੁਝੇਵਿਆਂ ਭਰੇ ਜੀਵਨ ਵਿੱਚ ਕਿਸੇ ਕੋਲ ਐਨਾ ਸਮਾਂ ਨਹੀਂ ਕਿ ਘੋਖ ਕਰ ਸਕੇ ਗੁਰੂ ਹਰਗੋਬਿੰਦ ਸਾਹਿਬ ਦੀ ਗ੍ਰਿਫਤਾਰੀ ਅਤੇ ਰਿਹਾਈ ਦਾ ਸਮਾਂ ਕੁਝ ਮੁੱਖ ਇਤਿਹਾਸਕਾਰਾਂ ਅਨੁਸਾਰ ਇਸ ਤਰਾਂ ਹੈ- ਡਾ.ਗੰਡਾ ਸਿੰਘ ਮੁਤਾਬਕ 1612 ਈ. ਤੋਂ 1614, ਇੰਦੂ ਭੂਸਨ ਬੈਨਰਜੀ 1607 ਤੋਂ 1612, ਪ੍ਰਿ: ਤੇਜਾ ਸਿੰਘ 1614 ਤੋਂ 1616 ਤੱਕ,ਅਰਧ ਸੁਆਮੀ ਇਹ ਸਮਾਂ 12 ਸਾਲ ਦਾ ਦੱਸਦਾ ਹੈ, ਪ੍ਰਿੰ.ਸਤਬੀਰ ਸਿੰਘ 1609 ਤੋਂ 1612 ਤੱਕ ਹੈ ਮੈਕਾਲਿਫ ਅਨੁਸਾਰ 5 ਸਾਲ ਤੇ ਸਿੱਖ ਰਵਾਇਤ ਮੁਤਾਬਕ 40 ਦਿਨ ਹੁਣ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਇਤਿਹਾਸਕਾਰਾਂ ਵਿਚਕਾਰ ਐਨਾ ਵਖਰੇਵਾਂ  ਹੋਵੇ, ਉਥੇ ਇਸ ਗੱਲ ਦਾ ਕਿਸ ਤਰਾਂ ਪਤਾ ਲੱਗਾ ਕਿ ਗੁਰੂ ਜੀ ਦੀ ਰਿਹਾਈ ਦੀਵਾਲੀ ਵਾਲੇ ਦਿਨ ਹੀ ਹੋਈ ਸੀ, ਭਾਵ ਕਿ ਉਸ ਦਿਨ ਹੀ ਹੋਈ ਸੀ ਜਿਸ ਦਿਨ ਰਾਮ ਚੰਦਰ ਅਯੁੱਧਿਆ ਵਾਪਸ ਮੁੜਿਆ ਸੀ...?  
ਬੰਦੀ ਛੋੜ ਦਿਨ ਉਹ ਹੈ ਜਦੋ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲਿਅਰ ਦੇ ਕਿਲੇ `ਚ ਬਾਹਰ ਆਏ ਸਨ ਬਹੁਤ ਪੁਰਾਤਨ ਭੱਟਾਂ ਦੀਆਂ ਲਿਖਤਾਂ ਨੂ ਤਰਤੀਬ ਦੇ ਕੇ "ਗੁਰੂ ਕੀਆਂ ਸਾਖੀਆਂ "ਨਾਮੀ ਕਿਤਾਬ ਛਪੀ ਮਿਲਦੀ ਹੈ, ਜਿਸ ਮੁਤਾਬਕ, " ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਨ ਕੇ ਗੈਲ ਗੜ੍ਹ ਗੁਆਲਿਅਰ ਸੇ ਬੰਧਨ ਮੁਕਤ ਹੂਏ ਨਾਇਕ ਹਰੀ ਰਾਮ ਦਰੋਗਾ ਬੇਟਾ ਨਾਇਕ ਹਰਬੰਸ ਲਾਲ ਕਾ ਚੰਦ੍ਰਬੰਸੀ ਜਾਦਵ ਬਵਹਤਿਆ ਕਨਾਵਤ ਨੇ ਬੰਦੀ ਛੋੜ ਗੁਰੁ ਹਰਿਗੋਬਿੰਦ ਜੀ ਕੇ ਬੰਧਨ-ਮੁਕਤ ਹੋਨੇ ਕੀ ਖੁਸ਼ੀ ਮੇਂ ਦਿਪਮਾਲਾ ਕੀ ਏਕ ਦਿਵਸ ਨਾਇਕ ਹਰੀਰਾਮ ਕੇ ਗ੍ਰਹਿ ਮੇਂ ਬਿਵਾਸ ਰਕ ਕੇ ਗਵਾਲਿਅਰ ਸੇ ਵਿਦਾਇ ਲੀ ਰਾਸਤੇ ਕਾ ਪੰਥ ਮੁਕਾਇ ਆਗਰੇ ਆਇ ਨਿਵਾਸ ਕੀਤਾ" (ਪੰਨਾ 30)
ਇਸ ਅਨੁਸਾਰ ਗੁਰੂ ਜੀ 26 ਅਕਤੂਬਰ 1619 ( ਯੂਲੀਅਨ) ਨੂੰ ਦੀਵਾਲੀ ਦੇ ਦਿਨ ਕਿਲੇ `ਚੋਂ ਬਾਹਰ ਆਏ ਸਨ ਇਸ ਦਿਨ ਦੀਵੇ ਹਰੀ ਰਾਮ ਦਰੋਗੇ ਨੇ ਆਪਣੇ ਘਰ ਜਗਾਏ ਸਨ, ਨਾ ਕਿ ਦਰਬਾਰ ਸਾਹਿਬ ਹੋਰ ਜਾਣਕਾਰੀ ਲਈ ਪੜ੍ਹੋ ਗੁਰੂ ਕਿਆ ਸਾਖੀਆਂ

ਗੁਰੂ ਜੀ ਦੇ ਅੰਮ੍ਰਿਤਸਰ ਪਹੁੰਚਣ ਦੇ ਸੰਬੰਧ ਵਿੱਚ "ਗੁਰੂ ਕੀਆਂ ਸਾਖੀਆਂ " ਵਿੱਚ ਹੀ ਲਿਖਿਆ ਹੈ ਕੇ: ਗੁਰੂ ਹਰਗੋਬਿੰਦ ਜੀ ਮਹਲ ਸ਼ਟਾ ਬੇਟਾ ਗੁਰੂ ਅਰਜਨ ਜੀ ਕਾ, ਸਮਤ 1677 ਮਾਘ ਪ੍ਰਵਿਸਟੇ  ਪਹਿਲੀ ਦੇ ਦਿਹੁੰ  ਹੇਹਰ ਨਗਰੀ ਸੇ ਚਲ ਗਾਮ ਗੁਰੂ ਕੇ ਚਕ (ਅਮ੍ਰਿਤਸਰ ) ਪਰਗਨਾ ਨਿਝਰਿਆਲਾ ਆਏ...
ਉੱਪਰ ਲਿਖਤ ਸਮਤ ਦਾ ਅਨੁਵਾਦ ਕਰਦਿਆਂ ਤਾਰੀਖ਼ 28 ਦਸੰਬਰ 1620 ਯੂਲੀਅਨ ਪੋਹ ਸੁਦੀ 14, ਮਾਘ ਪ੍ਰਵਿਸਟਾ 1 ਦਿਨ ਵੀਰਵਾਰ (ਕੁਝ ਲਿਖਾਰੀਆਂ ਮੁਤਾਬਕ 28 ਫਰਵਰੀ 1621) ਬਣਦੀ ਹੈ ਗੁਰੂ ਜੀ ਦੀ ਰਿਹਾਈ ਅਤੇ ਅੰਮ੍ਰਿਤਸਰ ਪਹੁੰਚਣ ਦੇ ਦਿਨ ਅਲੱਗ-ਅਲੱਗ ਹਨ ਅਸੀਂ ਕਿਸਨੂੰ ਮੰਨਣਾ ਹੈ ਇਸ ਬਾਰੇ ਵਿਦਵਾਨਾਂ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਕਿਸੇ ਵੀ ਤਰਾਂ ਸਤਿਗੁਰੁ ਜੀ ਦਾ ਦੀਵਾਲੀ ਵਾਲੇ ਦਿਨ ਅਮ੍ਰਿਤਸਰ ਪਹੁੰਚਣਾ ਨਹੀਂ ਬਣਦਾ ਕਿਓਂਕਿ ਦੀਵਾਲੀ ਅਕਤੂਬਰ ਜਾਂ ਨਵੰਬਰ ਵਿਚ ਆਉਂਦੀ ਹੈ  ਦੀਵਾਲੀ ਵਾਲੇ ਦਿਨ ਜੋ ਵਾਤਾਵਰਨ ਨਾਲ ਖਿਲਵਾੜ੍ਹ ਕੀਤਾ ਜਾਂਦਾ ਹੈ ਗੁਰੂ ਸਾਹਿਬ ਕਦੇ ਵੀ ਇਸਦੀ ਇਜ਼ਾਜ਼ਤ ਨਹੀਂ ਦੇਣਗੇ, ਚੰਗਾ ਹੋਵੇ ਜੇ ਗੁਰੂ ਸਾਹਿਬ ਨਾਲ ਜੁੜੇ ਦਿਨਾਂ ਦੀ ਮਹੱਤਤਾ ਲਈ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੋਈ ਉਪਰਾਲਾ ਕੀਤਾ ਜਾਵੇ ਪਟਾਕਿਆਂ ਦੇ ਰੂਪ ਵਿੱਚ ਸੜਨ ਵਾਲੇ ਪੈਸੇ ਨੂੰ ਸਿੱਖੀ ਦੇ ਭਲੇ ਲਈ ਵਰਤਿਆ ਜਾਵੇ ਸਿੱਖਾਂ ਨੂੰ ਇਸ ਤਰ੍ਹਾਂ ਦੇ ਤਿਉਹਾਰ ਵਿੱਚ ਉਲਝਾਉਣ ਪਿੱਛੇ ਇਹ ਸਭ ਬਿਪਰ ਚਾਲਾਂ ਹਨ ਜਿਨਹਾਂ ਦਾ ਮਕਸਦ ਸਿੱਖਾਂ ਨੂੰ ਹਿੰਦੂਵਾਦ ਵਿੱਚ ਜ਼ਜ਼ਬ ਕਰ ਲੈਣਾ ਹੈ ਤਿਉਹਾਰਾਂ ਜ਼ਰੀਏ ਸਿੱਖ ਅਤੇ ਹਿੰਦੂ ਨੂੰ ਰਲਗੱਡ ਕਰਨ ਪਿੱਛੇ, ਸਿੱਖ ਧਰਮ ਦਾ ਹਾਲ ਵੀ ਬੁੱਧ,ਜੈਨੀਆਂ ਵਾਲਾ ਕਰਨ ਦੀ ਇੱਛਾ ਸ਼ਕਤੀ ਕੰਮ ਕਰ ਰਹੀ ਹੈ
ਦੀਵਾਲੀ ਦੇ ਤਿਉਹਾਰ ਨੂੰ ਸਿੱਖਾਂ ਦਾ ਤਿਉਹਾਰ ਸਿੱਧ ਕਰਨ ਲਈ ਭਾਈ ਗੁਦਾਸ ਜੀ ਦੀ ਵਾਰ ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ਦਾ ਸਹਾਰਾ ਲਿਆ ਜਾਂਦਾ ਹੈ ਦਰਬਾਰ ਸਾਹਿਬ ਤੋਂ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ
ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ
ਵਾਰ ਦਾ ਕੀਰਤਨ ਖਾਸ ਤੌਰ ‘ਤੇ ਚੱਲ ਰਿਹਾ ਹੁੰਦਾ ਹੈ ਅਤੇ ਉਸੇ ਸਮੇਂ ਆਤਿਸ਼ਬਾਜ਼ੀ ਵੀ ਹੋਣ ਲੱਗਦੀ ਹੈ ਆਤਿਸ਼ਬਾਜ਼ੀ ਅਤੇ ਹੋਰ ਪਟਾਕੇ ਆਦਿ ਚਲਾਉਣ ਨਾਲ ਦਰਬਾਰ ਸਾਹਿਬ ਦੀ ਇਮਾਰਤ ਅਤੇ ਹੋਰ ਆਲੇ-ਦੁਆਲੇ ‘ਤੇ ਪੈ ਰਹੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਇਸ ਵਾਰ ਜਥੇਦਾਰ ਅਵਤਾਰ ਸਿੰਘ ਮੱਕੜ ਹੁਣਾਂ ਨੂੰ ਆਤਿਸ਼ਬਾਜ਼ੀ ਆਦਿ ਨਾ ਕਰਨ ਦੀ ਅਤੇ ਕੋਈ ਬਦਲਵਾਂ ਹੱਲ ਲੱਭਣ ਦੀ ਬੇਨਤੀ ਕੀਤੀ ਗਈ ਸੀ ਜੋ ਕਿ ਉਹਨਾਂ ਨੇ ਨਾ-ਮਨਜ਼ੂਰ ਕਰ ਦਿੱਤੀ ਇਹ ਹੁਣ ਸਿੱਖਾਂ ਨੇ ਸੋਚਣਾ ਹੈ ਕਿ ਕੀ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਪਟਾਕੇ ਚਲਾ ਕੇ ਵਾਤਾਵਰਨ ਵਿੱਚ ਪਾਇਆ ਗਿਆ ਗੰਦ, ਗੁਰੂ ਨੂੰ ਕਦੇ ਵੀ ਮਨਜ਼ੂਰ ਹੋ ਸਕਦਾ ਹੈ...?
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ਇਹ ਪੰਗਤੀ ਭਾਈ ਗੁਰਦਾਸ ਜੀ ਨੇ 19ਵੀਂ ਵਾਰ ਦੀ 6ਵੀਂ ਪਉੜੀ ਵਿੱਚ ਸਿਰਫ ਇੱਕ ਉਦਾਹਰਨ (ਮਿਸਾਲ) ਵਜੋਂ ਵਰਤੀ ਸੀ ਜਦੋਂ ਕਿ ਪਾਉੜੀ ਦੇ ਕੇਂਦਰੀ ਭਾਵ ਦਾ ਦੀਵਾਲੀ ਨਾਲ ਕੋਈ ਸਬੰਧ ਨਹੀਂ ਵਾਰਾਂ ਨੂੰ ਲਿਖਤਬੰਦ ਕਰਨ ਦੀ ਜੁਗਤ ਅਨੁਸਾਰ ਪਾਉੜੀ ਦੀਆਂ ਪਹਿਲੀਆਂ ਪੰਜ ਲਾਇਨਾਂ ਵਿੱਚ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਅਤੇ ਅਖਰੀ ਪੰਕਤੀ ਵਿੱਚ ਵਿੱਚ ਤੱਤ ਕੱਢ ਦਿੱਤਾ ਜਾਂਦਾ ਹੈ, ਜਿਵੇਂ ਕਿ ਇਸ ਪਾਉੜੀ ਵਿੱਚ ਵੀ ਕੀਤਾ ਗਿਆ ਹੈ
ਉਪਰੋਕਤ ਵਾਰ ਦੇ ਅਰਥ: ਦੀਵਾਲੀ ਦੀ ਰਾਤ ਨੂੰ ਹਰ ਘਰ ਵਿੱਚ (ਖੁਸ਼ੀ ਨਾਲ) ਦੀਵੇ ਬਾਲੇ ਜਾਂਦੇ ਹਨ, ਜੋ ਕੁਝ ਸਮੇਂ ਬਾਅਦ ਬੁਝ ਜਾਂਦੇ ਹਨ ਇਸੇ ਤਰ੍ਹਾਂ ਰਾਤ ਦੇ ਸਮੇਂ ਛੋਟੇ ਤਾਰੇ ਅਸਮਾਨ ਦੇ ਵਿੱਚ ਨਿਕਲ ਕੇ ਚਮਕਾਂ ਮਾਰਦੇ ਅਤੇ ਲਿਸ਼ਕਦੇ ਹਨ ਪਰ ਦਿਨ ਚੜ੍ਹਦੇ ਹੀ ਖਤਮ ਹੋ ਜਾਂਦੇ ਹਨ ਬਾਗਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜ੍ਹਦੇ ਹਨ ਪਰ ਕੁਝ ਸਮੇਂ ਬਾਅਦ ਖਤਮ ਹੋ ਜਾਂਦੇ ਹਨ ਤੀਰਥਾਂ ‘ਤੇ ਲੋਕ ਜਾਂਦੇ ਹਨ ਪਰ ਕੁਝ ਸਮੇਂ ਵਿੱਚ ਹੀ ਮੁੜ ਜਾਂਦੇ ਹਨ,ਉੱਥੇ ਕੋਈ ਠਹਿਰਦਾ ਨਹੀਂ ਹਰਚੰਦਉਰੀ (ਇਹ ਅਸਲ ਵਿੱਚ ਕੋਈ ਵਸਤੂ ਨਹੀਂ ਮਿਰਗ ਤ੍ਰਿਸ਼ਨਾਂ ਵਾਂਗ ਧੁੰਦ ਵਿੱਚ ਇੱਕ ਖਿਆਲੀ ਰਚਨਾ ਹੈ---ਮਹਾਨ ਕੋਸ਼) ਵਾਂਗ ਸੰਸਾਰ ਵਿੱਚ ਅਨੇਕਾਂ ਅਜਿਹੀਆਂ ਨਗਰੀਆਂ ਦੀ ਝਾਤੀ ਦਿਖਾਵੇ ਮਾਤਰ ਦਿਸਦੀ ਹੈ ‘ਤੇ ਖਤਮ ਹੋ ਜਾਂਦੀ ਹੈ ਪਰ ਅਸਲ ਵਿੱਚ ਜੋ ਜੀਵਨ ਦਾ ਸੁੱਖ-ਫਲ ਸ਼ਬਦ ਦੀ ਦਾਤ ਗੁਰਮਤਿ ਹੈ ਉਹ ਗੁਰੂ ਦੇ ਵਰੋਸਾਏ ਗੁਰਮੁੱਖ ਹੀ ਸੰਭਾਲਦੇ ਹਨ
ਇਸ ਤਰ੍ਹਾਂ ਸ਼ਬਦ ਪੜ੍ਹਨ ਅਤੇ ਸਮਝਣ ਨਾਲ ਪਤਾ ਚਲ ਦਾ ਹੈ ਕਿ ਦੀਵਾਲੀ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਸਗੋਂ ਭਾਈ ਗੁਰਦਾਸ ਜੀ ਮਨੁੱਖ ਨੂੰ ਦੀਵਾਲੀ ਦੇ ਨਾਸ ਹੋ ਜਾਣ ਵਾਲੇ ਸੁਭਾਅ ਨੂੰ ਉਦਾਹਰਨਾਂ ਸਹਿਤ ਦੱਸਿਆ ਹੈ
ਪਾਉੜੀ ਦਾ ਕੇਂਦਰੀ ਭਾਵ ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ਹੈ ਪਰ ਅਜੋਕੇ ਗੁਰਮੁਖ ਸੁਖ ਫਲ ਸ਼ਬਦ ਚੋਂ ਨਹੀਂ ਸਗੋਂ ਸ਼ੁਰਲੀਆਂ ਪਟਾਕਿਆਂ ਚੋਂ ਲੱਭ ਰਹੇ ਹਨ 
ਕੀ ਸਿੱਖ ਇਸ ਵਾਰ ਦਾ ਸਿਰਫ ਕੀਰਤਨ ਕਰਨ ਜਾਂ ਸੁਣਨ ਤੱਕ ਹੀ ਸੀਮਤ ਹੋ ਗਿਆ ਹੈ...?
ਕੀ ਸਿੱਖ ਦੀ ਇਸ ਵਾਰ ਦੀ ਅੰਤਿਮ ਸਤਰ ਵਿਚਲੀ ਗੁਰਮਤਿ ਨਾਲ ਕੋਈ ਸਾਂਝ ਨਹੀਂ...?
ਦੀਵਾਲੀ ਦੇ ਅਗਲੇ ਦਿਨ ਹੀ ਕਾਲਪਿਤ ਹਿੰਦੂ ਦੇਵਤੇ ‘ਵਿਸ਼ਕਰਮਾ’ ਦੀ ਪੂਜਾ ਦਾ ਦਿਨ ਸਾਰੇ ਕਾਰੀਗਰ ਪਰਿਵਾਰਾਂ ਵੱਲੋਂ ਮਨਾਇਆ ਜਾਂਦਾ ਹੈ ਵਿਸ਼ਕਰਮਾ ਦੀ ਪੂਜਾ ਕਾਰੋਬਾਰ ਵਿੱਚ ਵਾਧੇ ਲਈ ਕੀਤੀ ਜਾਂਦੀ ਹੈ ਮੰਨਿਆ ਜਾਂਦਾ ਹੈ ਕਿ ਵਿਸ਼ਕਰਮਾ ਨੇ ਔਜ਼ਾਰਾਂ ਦਾ ਨਿਰਮਾਣ ਕੀਤਾ ਸੀ ਵਿਸ਼ਕਰਮਾ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਪਰ ਫਿਰ ਵੀ ਸਿੱਖ ਪਰਿਵਾਰ ਇਸ ਦੇਵਤੇ ਦੀ ਮਨਘੜ੍ਹਤ ਤਸਵੀਰ ਦੀ ਪੂਜਾ ਜੋ ਪਾਥਰ ਕਉ ਕਹਤੇ ਦੇਵ ਤਾ ਕੀ ਬਿਰਥਾ ਹੋਵੈ ਸੇਵ ਦੇ ਉਪਦੇਸ਼ ਤੋਂ ਉਲਟ ਜਾ ਕੇ ਕਰਦੇ ਹਨ ਹਿੰਦੂ ਧਰਮ ਅਨੁਸਾਰ ਵਿਸ਼ਕਰਮਾ ਬ੍ਰਹਮਾ ਦਾ ਪੁੱਤਰ ਸੀ ਜਿਸਨੇ ਸੋਨੇ ਦੀ ਲੰਕਾ ਬਣਾਈ ਸੀ ਅਤੇ ਸੂਰਜ ਨੂੰ ਵੀ ਆਪਣੇ ਖਰਾਦ ‘ਤੇ ਲਗਾ ਕੇ ਉਸਦਾ ਅੱਠਵਾਂ ਹਿੱਸਾ ਛਿੱਲ ਦਿੱਤਾ ਸੀ ਸੂਰਜ ਦਾ ਵਿਆਸ ਤਕਰੀਬਨ 1,391,980 km ਹੈ, ਹੁਣ ਸਮਝਣ ਵਾਲੀ ਗੱਲ ਹੈ ਕਿ ਧਰਤੀ ਨਾਲੋਂ ਤਕਰੀਬਨ 109 ਗੁਣਾਂ ਵੱਡੇ ਸੂਰਜ ਨੂੰ ਛਿੱਲਣ ਲਈ ਖਰਾਦ ਕਿੱਥੇ ਰੱਖਿਆ ਹੋਵੇਗਾ ਹੀਂ? ਅੱਗ ਵਾਂਗ ਤਪ ਰਹੇ ਸੂਰਜ ਨੂੰ ਛਿੱਲਣਾ ਮੁਸ਼ਕਿਲ ਹੀ ਨਹੀਂ ਅਸੰਭਵ ਹੈ ਕਿਉਂਕਿ ਅਸਲ ਵਿੱਚ ਸੂਰਜ ਕੋਈ ਠੋਸ ਪਦਾਰਥ ਨਹੀਂ ਸਗੋਂ ਗਰਮ ਗੈਸਾਂ ਦਾ ਇੱਕ ਗੋਲਾ ਹੈ ਹੈਰਾਨੀ ਦੀ ਗੱਲ ਹੈ ਕਿ ਲੋਹੇ ਦੇ ਕਾਰਖਿਨਆਂ ਵਿੱਚ ਕੰਮ ਕਰਨ ਵਾਲਿਆਂ ਤੋਂ ਇਲਾਵਾ ਕਾਰਖਾਨਿਆਂ ਦੇ ਮਾਲਕ ਇਹ ਭਲੀਭਾਂਤ ਜਾਣਦੇ ਹੋਏ ਕਿ ਲੋਹਾ ਵੀ ਗਰਮ ਹੋ ਕੇ ਪਿਘਲ ਜਾਂਦਾ ਹੈ ਇਹ ਕਿਉਂ ਨਹੀਂ ਸੋਚਦੇ ਕਿ ਵਿਸ਼ਕਰਮਾ ਦਾ ਖਰਾਦ ਕਿਸ ਧਾਤ ਤੋਂ ਬਣਿਆ ਸੀ ਜਿਹੜਾ ਸੂਰਜ ਦੀ ਗਰਮੀ {ਸੂਰਜ ਦਾ ਤਾਪਮਾਨ ਤਕਰੀਬਨ 5778 K (5505 °C)ਹੈ} ਨਾਲ ਵੀ ਨਹੀਂ ਪਿਘਲਿਆ? ਹੁਣ ਤਾਂ ਗੁਰਦੁਆਰਿਆਂ ਵਿੱਚ ਵੀ ਇਸ ਦਿਨ ਇਸ ਦੇਵਤੇ ਦੇ ਸੰਬੰਧ ਵਿੱਚ ਅਖੰਡ ਪਾਠ ਕਰਵਾ ਕੇ ਭੋਗ ਪਾਏ ਜਾਂਦੇ ਹਨ ਗੁਰਬਾਣੀ ਦਾ ਫੁਰਮਾਨ ਹੈ:
ਬ੍ਰਹਮਾ ਬਿਸਨੁ ਮਹੇਸੁ ਨ ਕੋਈ ਅਵਰੁ ਨ ਦੀਸੈ ਏਕੋ ਸੋਈ  (ਪੰਨਾ 1035)
ਅਰਥ: ਸ੍ਰਿਸ਼ਟੀ ਦੀ ਉਤਪਤੀ ਤੋਂ ਪਹਿਲਾਂ ਨਾ ਤਾਂ ਕੋਈ ਬ੍ਰਹਮਾ, ਵਿਸ਼ਨੂੰ ਜਾਂ ਸ਼ਿਵ ਨਹੀਂ ਸੀ ਕੇਵਲ ਇਕ ਪਰਮਾਤਮਾ ਹੀ ਸੀ
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ਬਾਝੁ ਕਲਾ ਆਡਾਣੁ ਰਹਾਇਆ
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ੧੪ (ਪੰਨਾ 1035)
ਅਰਥ: ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ ਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ, (ਜਗਤ ਵਿਚ) ਮਾਇਆ ਦਾ ਮੋਹ ਭੀ ਵਧਾ ਦਿੱਤਾ 14
ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ
ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ (ਪੰਨਾ 1153)
ਅਰਥ: (ਸਾਧਾਰਨ ਜੀਵਾਂ ਦੀ ਗੱਲ ਹੀ ਕੀਹ ਹੈ? ਵੱਡੇ ਵੱਡੇ ਅਖਵਾਣ ਵਾਲੇ ਦੇਵਤੇ) ਬ੍ਰਹਮਾ, ਵਿਸ਼ਨੂ ਤੇ ਸ਼ਿਵ ਭੀ ਹਉਮੈ ਦੇ ਰੋਗ ਵਿਚ ਹਨ, ਸਾਰਾ ਸੰਸਾਰ ਹੀ ਇਸ ਰੋਗ ਵਿਚ ਗ੍ਰਸਿਆ ਹੋਇਆ ਹੈ ਇਸ ਰੋਗ ਤੋਂ ਉਹੀ ਸੁਤੰਤਰ ਹੁੰਦੇ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਮਿਲਾਪ-ਅਵਸਥਾ ਦੀ ਕਦਰ ਪਛਾਣ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ 4
ਫਿਰ ਵੀ ਪਤਾ ਨਹੀਂ ਸਿੱਖ ਅਖਵਾਉਣ  ਵਾਲੇ ਸ਼ਬਦ ਗੁਰੂ ਨੂੰ ਛੱਡ ਇਹਨਾਂ ਦੇਵਤਿਆਂ ਪਿੱਛੇ ਕਿਉਂ ਭੱਜੇ ਫਿਰਦੇ ਹਨ?  ਇਹ ਜਾਣਦੇ ਹੋਏ ਵੀ ਕਿ ਸਭ ਕੁਝ ਕਰਨ-ਕਰਾਵਣ ਵਾਲਾ ਉਹ ਪਰਮਤਾਮਾ ਆਪ ਹੈ ਫਿਰ ਵੀ ਲੋਕ ਭਟਕ ਗਏ ਹਨ
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਨਮਤਿ ਅਤੇ ਕਰਮਕਾਂਡ ਭਰਪੂਰ ਰਸਮਾਂ ਹਨ ਜਿੰਨ੍ਹਾਂ ਨੂੰ ਸਿੱਖ ਅਪਣਾ ਚੁੱਕਿਆ ਹੈ ਉਹ ਇਹਨਾਂ ਰਸਮਾਂ ਨੂੰ ਨਿਭਾਉਣ ਵਿੱਚ ਕੋਈ ਸੰਕੋਚ ਨਹੀਂ ਕਰਦਾ ਕੋਈ ਸ਼ੱਕ ਨਹੀਂ ਕਿ ਸਿੱਖ ਨਿਗਲਿਆ ਜਾ ਚੁੱਕਾ ਹੈ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦੇ ਸਿਧਾਂਤ ਨੂੰ ਪਿੱਛਾ ਦੇ ਕੇ ਸਿੱਖੀ ਵਿੱਚ ਵਧ ਰਿਹਾ ਡੇਰਾਵਾਦ ਅਤੇ ਬਾਬਾਵਾਦ ਵੀ ਲੋਕਾਂ ਨੂੰ ਕਰਮਕਾਂਡ ਵੱਲ ਧੱਕਣ ਦਾ ਹੀ ਕੰਮ ਕਰ ਰਿਹਾ ਹੈ ਸਿੱਖੀ ਵੇਸ ਵਿੱਚ ਸੰਤ ਬਣ ਕੇ ਵਿਚਰ ਰਹੇ ਲੋਕ ਤੱਤ ਗੁਰਮਤਿ ਦਾ ਪਰਚਾਰ ਕਰਨ ਦੀ ਥਾਂ ਲੋਕਾਂ ਨੂੰ ਕਰਾਮਾਤੀ ਕਹਾਣੀਆਂ ਸੁਣਾ ਕੇ ਗੁਰੂ ਨਾਨਕ ਦੇ ਸਿਧਾਂਤ ਨੂੰ ਸੰਨ੍ਹ ਲਗਾ ਰਹੇ ਹਨ
ਸਾਰੀਆਂ ਜਾਗਰੂਕ ਅਤੇ ਪਰਚਾਰਕ ਧਿਰਾਂ ਨੂੰ ਬੇਨਤੀ ਹੈ ਉਹ ਲੋਕਾਂ ਵਿੱਚ ਵੱਧ ਤੋਂ ਵੱਧ ਤੱਤ ਗੁਰਮਤਿ ਦਾ ਪ੍ਰਚਾਰ ਕਰਨ, ਅਰਥਾਂ ਸਹਿਤ ਗੁਰਬਾਣੀ ਲੋਕਾਂ ਨੂੰ ਸਮਝਾਉਣ ਤਾਂ ਕਿ ਲੋਕ ਝੂਠ ਦਾ ਪੱਲਾ ਛੱਡ ਕੇ ਸੱਚ ਦੇ ਲੜ ਲੱਗਣ ਅਤੇ ਗੁਰਬਾਣੀ ਦੇ ਫੁਰਮਾਨ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
 {ਪੰਨਾ 953} ਨੂੰ ਸਮਝ ਕੇ ਅਤੇ ਅਮਲ ਕਰਕੇ ਸਿੱਖੀ ਦੇ ਨਿਆਰੇਪਨ ਨੂੰ ਬਚਾ ਕੇ ਰੱਖ ਸਕਣ ਹਰ ਸਿੱਖ ਪਰਚਾਰਕ ਬਣੇ ਅਤੇ ਆਪਣੇ ਘਰ, ਗੁਆਂਢ ਜਾਂ ਦੋਸਤਾਂ ਤੋਂ ਸ਼ੁਰੂ ਕਰਕੇ ਪੂਰੇ ਸਮਾਜ ਦੀ, ਪੂਰੀ ਕੌਮ ਦੀ ‘ਸਫਾਈ’ ਦਾ ਕੰਮ ਨੇਪਰੇ ਚਾੜ੍ਹਨ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਵੇ ਤਾਂ ਜੋ ਕੌਮ ਵਿੱਚ ‘ਇਕਾ ਬਾਣੀ ਇਕ ਗੁਰ ਇਕੋ ਸ਼ਬਦੁ ਵੀਚਾਰਿ’ ਦੇ ਸਿਧਾਂਤ ਦੀ ਸਥਾਪਨਾ ਹੋ ਸਕੇ