ਸਤਿੰਦਰਜੀਤ ਸਿੰਘ
ਮਹਿੰਗੇ ਕੱਪੜੇ ਦੇ ਖੁੱਲ੍ਹੇ ਹਵਾਦਾਰ ਚੋਲਿਆਂ ਦੀਆਂ ਬਾਹਵਾਂ 'ਤੇ ਮੋਟਾ ਜਿਹਾ ਬੁਕਰਮ ਦਾ ਪੀਸ ਟਿਕਾ ਕੇ ਸਲਵਾਰ ਵਾਂਗ ਡਿਜ਼ਾਇਨ ਬਣਾਉਣ ਨਾਲ ਕੋਈ ਸੰਤ ਨਹੀਂ ਬਣ ਜਾਂਦਾ, ਸੰਤ ਬਣਨ ਲਈ ਮਨ ਦਾ ਟਿਕਾਉ ਅਕਾਲ-ਪੁਰਖ ਵਾਹਿਗੁਰੂ ਦੇ ਉਪਦੇਸ਼ 'ਤੇ ਟਿਕਿਆ ਹੋਣਾ ਚਾਹੀਦਾ ਹੈ। ਭੇਡ ਰੂਪੀ ਚੇਲਿਆਂ ਦੀ ਜੇਬ ਦਾ ਭਾਰ ਮਾਪਦੇ ਮਨ ਨਾਲ ਸੰਤ ਨਹੀਂ ਬਣਿਆ ਜਾ ਸਕਦਾ। ਚਿੱਟਾ ਰੰਗ ਸਾਦਗੀ ਦੀ ਨਿਸ਼ਾਨੀ ਹੁੰਦਾ ਹੈ ਪਰ ਇਹਨਾਂ ਵਿਹਲੜ ਸਾਧਾਂ ਦੀਆਂ ਗੋਗੜਾਂ ਨੂੰ ਢਕਣ ਦੀ ਕੋਸ਼ਿਸ਼ ਕਰਦਾ ਚਮਕਦਾਰ ਚਿੱਟਾ ਚੋਲਾ ਫੈਸ਼ਨ ਬਣ ਗਿਆ ਹੈ। ਜ਼ਿਆਦਾਤਰ ਸਾਧਾਂ ਦੇ ਗਲ ਵਿੱਚ ਪਾਇਆ ਤਹਿਦਾਰ ਪਰਨਾ ਕਿਸੇ ਗਰੀਬ ਦੀ ਅਲਮਾਰੀ ਵਿੱਚ ਥਾਂ ਦੀ ਭਾਲ ਵਿੱਚ ਭਟਕ ਰਹੇ ਕੱਪੜਿਆਂ ਨੂੰ ਮੂੰਹ ਚਿੜਾਉਂਦਾ ਪ੍ਰਤੀਤ ਹੁੰਦਾ ਹੈ।