Pages

ਕੀ ਧਰਮ ਪੁਆੜੇ ਦੀ ਜੜ੍ਹ ਹੈ...?



ਸਤਿੰਦਰਜੀਤ ਸਿੰਘ

ਧਰਮ ਦਾ ਮਤਲਬ ਉਹ ਗੁਣ ਜੋ ਧਾਰਨ ਕਰਨਯੋਗ ਹੈ, ਧਰਮ ਜੀਵਨ ਨਿਯਮਾਂ ਦਾ ਇੱਕ ਸੁਮੇਲ ਹੈ, ਇੱਕ ਨੀਤੀ ਹੈ, ਇੱਕ ਵਿਚਾਰਧਾਰਾ ਹੈ ਜਿਸ ‘ਤੇ ਚੱਲ ਕੇ ਪ੍ਰਾਣੀ ਸੁਖਮਈ ਜੀਵਨ ਬਤੀਤ ਕਰਦਾ ਹੈ, ਵਿਸ਼ਵਾਸ਼ ‘ਤੇ ਟਿਕੇ ਨਿਯਮ ਧਰਮ ਹਨ। ਧਰਮ ਦਾ ਅਰਥ ਰੀਤੀ-ਰਿਵਾਜ਼ ਜਾਂ ਕਿਸੇ ਦੇਸ਼ ਵਿੱਚ ਪ੍ਰਚੱਲਿਤ ਰਸਮਾਂ ਤੋਂ ਵੀ ਲਿਆ ਜਾਂਦਾ ਹੈ। ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਕਿਹੜੇ ਰੀਤੀ-ਰਿਵਾਜ਼ ‘ਧਰਮ’ ਵਿੱਚ ਸ਼ਾਮਿਲ ਹਨ? ਯਕੀਨਨ ਜਿਹੜੇ ਰੀਤੀ ਮਾਨਵਤਾ ਦੇ ਭਲੇ ਲਈ ਬਣੇ ਜਾਂ ਬਣਾਏ ਗਏ ਹੋਣ ਉਹ ਹੀ ਧਰਮ ਅਖਵਾਉਣ ਯੋਗ ਹੁੰਦੇ ਹਨ ਪਰ ਜਿਹੜੇ ਰੀਤੀ-ਰਿਵਾਜ਼ ਮਾਨਵਤਾ ਦਾ ਵਿਨਾਸ਼ ਕਰਦੇ ਹਨ, ਉਹ ਧਰਮ ਨਹੀਂ ਬਲਕਿ ‘ਅਧਰਮ’ ਦਾ ਹਿੱਸਾ ਹਨ। ਜਿਵੇਂ ਜਨੇਊ ਪਾਉਣ ਦੀ ਰਸਮ ਭਾਰਤ ਵਿੱਚ ਪ੍ਰਚੱਲਿਤ ਸੀ ਪਰ ਗੁਰੂ ਨਾਨਕ ਸਾਹਿਬ ਨੇ ਇਸ ਰਸਮ ਨੂੰ ਤਾਰ-ਤਾਰ ਕਰ ਸੁੱਟਿਆ, ਜਨੇਊ ਦਾ ਵਿਰੋਧ ਕਰਨ ਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਜਾਂ ਮਜ਼ਹਬ ਦਾ ਵਿਰੋਧ ਕੀਤਾ, ਬਲਕਿ ਗੁਰੂ ਨਾਨਕ ਸਾਹਿਬ ਨੇ ਧਾਰਮਿਕ ਪਹਿਰਾਵਾ ਧਾਰਨ ਕਰ ਕੇ ਵੀ ਲੋਕਾਂ ਨੂੰ ਠੱਗਣ ਵਾਲੇ ਲੋਕਾਂ ‘ਤੇ ਚੋਟ ਕੀਤੀ ਕਿ ਜੇ ਜਨੇਊ ਪਹਿਨਣ ਨਾਲ ਵੀ ਮਨੁੱਖ ਧਰਮੀ ਨਹੀਂ ਤਾਂ ਫਿਰ ਇਸਦਾ ਕੀ ਲਾਭ?ਫੋਕੀਆਂ ਰਸਮਾਂ ਅਤੇ ਕਰਮਕਾਂਡ ‘ਤੇ ਕਾਟ ਦੀ ਸ਼ੁਰੂਆਤ ਕੀਤੀ। ਸ਼ੂਦਰ ਮੰਨੇ ਜਾਂਦੇ ਲੋਕਾਂ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ ਸੀ, ਗੁਰੂ ਨਾਨਕ ਸਾਹਿਬ ਨੇ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧ਦੀ ਸੱਚਾਈ ਨੂੰ ਲੋਕਾਂ ਤੱਕ ਸਮਝਾਉਣ ਲਈ ਜਨੇਊ ਦਾ ਖੰਡਨ ਕੀਤਾ ਗਿਆ। ਸਤੀ ਦੀ ਪ੍ਰਥਾ ਵੀ ਕਿਸੇ ਸਮੇਂ ਭਾਰਤ ਵਿੱਵ ਪ੍ਰਚੱਲਿਤ ਸੀ ਪਰ ਉਸਨੂੰ ਵੀ ਗੁਰੂ ਅਮਰਦਾਸ ਜੀ ਨੇ ਬੰਦ ਕਰਵਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਮਾਨਵਤਾ ਦੇ ਭਲੇ ਲਈ ਕੀਤੇ ਜਾਂਦੇ ਕੰਮ, ਰਸਮਾਂ-ਰਿਵਾਜ਼ ਹੀ ‘ਧਰਮ’ ਦਾ ਹਿੱਸਾ ਹੋ ਸਕਦੇ ਹਨ। ਗੁਰਬਾਣੀ ਵਿੱਚ ਹਰੀ ਦਾ ਜਸ ਗਾਉਣ ਨੂੰ ਉੱਤਮ ਧਰਮ ਕਿਹਾ ਗਿਆ ਹੈ: