ਸਤਿੰਦਰਜੀਤ ਸਿੰਘ
ਸਰਾਧ ਦਾ ਮਤਲਬ ਕਿ ‘ਮਰ ਚੁੱਕੇ ਪ੍ਰਾਣੀ ਦੀ ਯਾਦ ਵਿੱਚ ਹਰ ਸਾਲ ਕੁਝ ਨਾ ਕੁਝ ਦਾਨ
ਕਰਨਾ ਤਾਂ ਜੋ ਉਸਦੀ ਮੁਕਤੀ ਹੋ ਸਕੇ, ਉਸਦਾ ਸਵਰਗ ਵਿੱਚ ਟਿਕਾਣਾ ਹੋ ਸਕੇ ਅਤੇ ਘਰ ਵਿੱਚ
ਸੁੱਖ-ਸ਼ਾਂਤੀ ਬਣੀ ਰਹੇ’। ਸਰਾਧ ਵੇਲੇ ਲੰਗਰ ਲਾ ਕੇ ਬ੍ਰਾਹਮਣ ਨੂੰ ਦਾਨ ਦੇਣਾ ‘ਤੇ ਲੋਕਾਂ ਨੂੰ ਭੋਜਨ ਛਕਾਉਣਾ ਮੁੱਖ ਰੂਪ ਵਿੱਚ ਹੁੰਦਾ ਹੈ। ਇਹ ਹਿੰਦੂ ਧਰਮ ਦੀ
ਰੀਤ ਹੈ ਜੋ ਕਿ ਲੋਕਾਂ ਦੀ ਨਾ-ਸਮਝੀ ਕਾਰਨ ਲੁੱਟ ਦਾ ਕਾਰਨ ਬਣੀ ਹੋਈ ਹੈ ‘ਤੇ ਪੁਜਾਰੀ ਜਮਾਤ ਐਸ਼ਾਂ
ਲੁੱਟਦੀ ਹੈ। ਅੱਜ ਦੇ ਹਾਲਾਤ ਇਹ ਹਨ ਕਿ ‘ਸਿੱਖ ਵੀ ਨਿਗਲਿਆ ਗਿਆ’ ਹੈ ਇਸ ਲਈ ‘ਤਾਏ ਦੀ ਧੀ ਚੱਲੀ,
ਮੈਂ ਕਿਉਂ ਰਹਾਂ ‘ਕੱਲੀ?’ ਵਾਂਗ ਸਿੱਖ ਧਰਮ ਵਿੱਚ ਵੀ ਡੇਰੇਦਾਰ ਲੋਕ ਵੀ ਪੁਜਾਰੀ ਜਮਾਤ ਵਾਂਗ
ਸ਼ਰਾਧਾਂ ਤੋਂ ਕਮਾਈ ਕਰਨ ਲੱਗੇ ਹਨ ਪਰ ਇਹ ਚਲਾਕ ਬਿਰਤੀ ਦੇ ਧਾਰਨੀ ਜੋ ਹੋਏ, ਇਸ ਲਈ ਇਹਨਾਂ ਨੇ
ਸ਼ਰਾਧਾਂ ਦਾ ਨਾਮ ਬਦਲ ਕੇ ‘ਬਰਸੀ’ ਰੱਖ ਲਿਆ। ਹੁਣ ‘ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵੰਨ ਐਂਡ ਦਾ
ਸੇਮ ਥਿੰਗ’ ਵਾਂਗ ਗੱਲ ਤਾਂ ਉਹੀ ਰਹੀ, ਮਕਸਦ ਉਹੀ ਰਿਹਾ ਪਰ ‘ਨਾਮ ਬਦਲੀ’ ਕਰ ਲਿਆ ਅਤੇ ਇਸ ਨਾਮ
ਬਦਲੀ ਲਈ ਕਿਸੇ ‘ਅਖ਼ਬਾਰ’ ਵਿੱਚ ਇਸ਼ਤਿਹਾਰ ਦੇਣ ਦੀ ਜ਼ਰੂਰਤ ਵੀ ਨਹੀਂ ਪਈ ‘ਤੇ ਨਾ ਹੀ ਕਿਸੇ ਹੋਰ
ਸਰਟੀਫਿਕੇਟ ਦੀ ਜ਼ਰੂਰਤ ਹੈ। ਸ਼ਰਾਧਾਂ ਵਰਗੀਆਂ ਰਸਮਾਂ ‘ਤੇ ਕਰਾਰੀ ਚੋਟ ਕਰਦੇ ਹੋਏ ਭਗਤ ਕਬੀਰ ਜੀ
ਫੁਰਮਾਉਂਦੇ ਹਨ:
ੴ ਸਤਿਗੁਰ ਪ੍ਰਸਾਦਿ ॥
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥