Pages

ਕੀ ਸੱਚਮੁੱਚ ‘ਗਣਤੰਤਰ’ ਹੈ?



ਸਤਿੰਦਰਜੀਤ ਸਿੰਘ

26 ਜਨਵਰੀ 1950 , ਉਹ ਦਿਨ ਜਿਸ ਦਿਨ 2 ਸਾਲ 11 ਮਹੀਨੇ ਅਤੇ 18 ਦਿਨ ਚੱਲੀ ਦਿਮਾਗੀ ਜੱਦੋ-ਜਹਿਦ ਨੂੰ ਹਕੀਕੀ ਰੂਪ ਦੇਣ ਦੀ ਸ਼ੁਰੂਆਤ ਕੀਤੀ ਗਈ। ਆਜ਼ਾਦ ਭਾਰਤ ਲਈ ਕੁਝ ਨਵੇਂ ਨਿਯਮ ਅਤੇ ਕਾਨੂੰਨ ਬਣਾ ਕੇ ਲਾਗੂ ਕੀਤੇ ਗਏ ਅਤੇ ਇਸ ਪੂਰੇ ‘ਸਿਸਟਮ’ ਨੂੰ ‘ਸੰਵਿਧਾਨ’ ਦਾ ਨਾਮ ਦਿੱਤਾ ਗਿਆ। ਸੰਵਿਧਾਨ ਅਸਲ ਵਿੱਚ ਲਾਗੂ ਹੀ ਨਹੀਂ ਕਰਨ ਹੁੰਦਾ, ਮੰਨਣਾ ਵੀ ਹੁੰਦਾ ਹੈ। ਇਸ ਦੀ ਪਾਲਣਾ ਕਰਨਾ ਜਿੰਨਾ ਆਮ ਨਾਗਰਿਕਾਂ ਲਈ ਜ਼ਰੂਰੀ ਹੈ ਉਨਾ ਹੀ ਇਸ ਨੂੰ ਬਣਾਉਣ ਅਤੇ ਲਾਗੂ ਕਰਨ ਵਾਲਿਆਂ ਲਈ ਵੀ ਲਾਜ਼ਮੀ ਹੈ। ਇਸਨੂੰ ‘ਅਪਨਾਉਣ’ ਨਾਲ ਹੀ ਸੋਚੀ ਗਈ ਖੁਸ਼ਹਾਲੀ ਅਤੇ ਤਰੱਕੀ ਦਾ ਮੁੱਢ ਬੱਝਦਾ ਹੈ ਪਰ ਅਫਸੋਸ ਭਾਰਤ ਦੇਸ਼ ਇਸੇ ਗੱਲ ਤੋਂ ਉੱਕ ਗਿਆ। ‘ਸੰਵਿਧਾਨ’ ਨੂੰ ਲਾਗੂ ਕਰਨ ‘ਵਾਲਿਆਂ’ ਨੇ ਇਸਨੂੰ ਅਪਣਾਇਆ ਹੀ ਨਹੀਂ, ਇਹ ਸਿਰਫ ਆਮ ਨਾਗਰਿਕਾਂ ਦੇ ਅਪਨਾਉਣ ਲਈ ਛੱਡ ਦਿੱਤਾ ਗਿਆ। ਸਮੇਂ-ਸਮੇਂ ‘ਤੇ ਇਸ ਸੰਵਿਧਾਨ ਵਿੱਚ ਸਰਕਾਰਾਂ ਨੇ ਆਪਣੀ-ਆਪਣੀ ਸਹੂਲਤ ਅਨੁਸਾਰ ਸੋਧਾਂ ਵੀ ਕੀਤੀਆਂ। ਅਸਲ ਵਿੱਚ ਇਹ ‘ਸੋਧਾਂ’ ਦੇ ਨਾਮ ਹੇਠ ਪਾਇਆ ਗਿਆ ‘ਵਿਗਾੜ’  ਸੀ ਜਿਸਨੇ ਭਾਰਤ ਦੀ ਦਸ਼ਾ ਹੀ ਬਦਲ ਦਿੱਤੀ। ਇਹ ‘ਸੋਧਾਂ’ ਭਾਰਤ ਵਿਚਲੀਆਂ ਘੱਟ-ਗਿਣਤੀ ਕੌਮਾਂ ਨਾਲ ਕੀਤਾ ਗਿਆ ਖਿਲਵਾੜ ਸੀ। ਇਸ ਵਿਗਾੜ ਨੇ ਹੀ ‘ਸੋਨੇ ਦੀ ਚਿੜੀ’ ਪੰਜਾਬ ਨੂੰ ਕੱਖੋਂ ਹੌਲਾ ਕਰਕੇ ਮਿੱਟੀ ਦੇ ਭਾਅ ਲਿਆ ਧਰਿਆ ਹੈ। ਇਸ ‘ਸੋਨੇ ਦੀ ਚਿੜੀ’ ਨੂੰ ਬਚਾਉਣਾ ਜਿੰਨ੍ਹਾਂ ਦੀ ਜ਼ਿੰਮੇਵਾਰੀ ਸੀ ਉਹ ਇਸ ਦੇ ‘ਲੁੱਟੇ’ ਜਾਣ ‘ਤੇ ਵੀ ਖੁਸ਼ ਹਨ ਕਿਉਂਕਿ ਉਹਨਾਂ ਦੀਆਂ ਲਾਲਸਾਵਾਂ ਅਤੇ ਇੱਛਾਵਾਂ ਦੀ ਪੂਰਤੀ ਹੋ ਰਹੀ ਹੈ, ਉਹਨਾਂ ਦੀਆਂ ਪੀੜ੍ਹੀਆਂ ਤੱਕ ਦਾ ਇੰਤਜ਼ਾਮ ਹੋ ਗਿਆ ਹੈ।