ਸਤਿੰਦਰਜੀਤ ਸਿੰਘ
‘ਆਜ਼ਾਦੀ’ ਛੋਟਾ ਜਿਹਾ ਸ਼ਬਦ ਜੋ ਬਹੁਤ ਵੱਡੇ ਅਰਥ ਰੱਖਦਾ ਹੈ। ਆਪਣੇ ਅਸਲੀ ਰੂਪ
ਵਿੱਚ, ਢੁਕਵੇਂ ਅਰਥਾਂ ਵਿੱਚ ਕਿਸੇ ਦੇਸ਼ ਦੀ ਨੀਤੀ ਦਾ ਹਿੱਸਾ ਬਣੇ ਤਾਂ ਕਿਸੇ ਵੀ ਦੇਸ਼ ਦੀ
ਖੁਸ਼ਹਾਲੀ, ਤਰੱਕੀ ਦਾ ਰਾਹ ਖੋਲ੍ਹਦਾ ਹੋਇਆ ਸਮਾਜਿਕ ਅਤੇ ਭਾਈਚਾਰਿਕ ਸਾਂਝ ਨੂੰ ਗੂੜ੍ਹਾ ਕਰਦਾ ਹੈ
ਪਰ ਜੇਕਰ ਕਰੂਪ ਜਿਹਾ ਬਣ ਕੇ ਵਿਚਰੇ ਤਾਂ ਅਵਿਸ਼ਵਾਸ਼ ਪੈਦਾ ਕਰ ਕਿਸੇ ਵੀ ਦੇਸ਼ ਦੀ ਬਰਬਾਦੀ ਦਾ ਰਾਹ
ਖੋਲ੍ਹਦਾ ਹੈ।
ਭਾਰਤ ਵਿੱਚ ਇਹ ਸ਼ਬਦ ਆਪਣਾ ਮੂਲ ਗਵਾ ਚੁੱਕਾ ਹੈ। ਇਸਦੇ ਅਰਥਾਂ ਦੇ ਅਨਰਥ ਹੋ ਗਏ
ਹਨ। ਭਾਰਤ ਵਿੱਚ ‘ਆਜ਼ਾਦੀ’ ਦਾ ਅਰਥ ‘ਸਭ ਨੂੰ ਬਰਾਬਰਤਾ ਦਾ ਦਰਜਾ’ ਨਹੀਂ ਬਲਕਿ ‘ਜਿਸ ਦੀ ਸੋਟੀ,
ਉਸਦੀ ਮੱਝ’ ਹੈ। ਭਾਰਤ ਵਿੱਚ ‘ਤਕੜੇ ਦਾ ਸੱਤੀਂ-ਵੀਹੀਂ ਸੌ’ ਵਾਲੀ ਗੱਲ ਪੂਰੇ ਜ਼ੋਰਾਂ ‘ਤੇ ਹੈ।
ਲਾਲਚ ਦਾ ਸ਼ਿਕਾਰ ਹੋਏ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਕਾਨੂੰਨ-ਘਾੜਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ
ਨੇ ‘ਆਜ਼ਾਦੀ’ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਸਾਫ ਕਿਰਦਾਰ ਵਾਲੇ ਅਫਸਰ ਵੀ ਹਨ ਪਰ ਬਹੁਤ
ਵਿਰਲੇ ਹਨ, ਬੜੀ ਮੁਸ਼ਕਿਲ ਨਾਲ ਕੋਈ ਮਿਲਦਾ ਹੈ ਅਤੇ ਜੇਕਰ
ਕੋਈ ਮਿਲਦਾ ਵੀ ਹੈ ਤਾਂ ਉਸਦਾ ਵੀ ‘ਮੂੰਹ ਬੰਦ’ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਮਾਨਦਾਰ ਅਫਸਰਾਂ
ਦੇ ਤਬਾਦਲੇ ਦੂਰ ਸ਼ਹਿਰਾਂ/ਪਿੰਡਾਂ ਵਿੱਚ ਕਰ ਕੇ ਖੁਆਰ ਕੀਤਾ ਜਾਂਦਾ ਹੈ। ਭਾਰਤੀ ਤੰਤਰ ਵਿੱਚ ਹਰ
ਪੱਧਰ ‘ਤੇ ਫੈਲਿਆ ਭ੍ਰਿਸ਼ਟਾਚਾਰ ਅਤੇ ਪੱਖਪਾਤ ‘ਆਜ਼ਾਦੀ’ ਦਾ ਮੂੰਹ ਚਿੜਾ ਰਹੇ ਹਨ ਪਰ ਭਾਰਤੀ ਸਰਕਾਰਾਂ
ਅਤੇ ਸਰਕਾਰਾਂ ਦੇ ਹਾਮੀ ਹਰ ਸਾਲ 15 ਅਗਸਤ ਨੂੰ ‘ਆਜ਼ਾਦੀ’ ਦਿਵਸ ਵਜੋਂ ਮਨਾਉਂਦੇ ਹਨ, ਮਨਾਉਣ ਵੀ
ਕਿਉਂ ਨਾ ਉਹ ਆਜ਼ਾਦ ਨੇ ਆਮ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਲਈ।