ਸਤਿੰਦਰਜੀਤ
ਸਿੰਘ
ਸਿੱਖ ਧਰਮ, ਇੱਕ ਨਿਆਰਾ ਅਤੇ
ਵਿਗਿਆਨਿਕ ਧਰਮ ਹੈ, ਜਿਸਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਉਪਦੇਸ਼ ਉਚਾਰ ਕੇ ਕੀਤੀ। ਗੁਰੂ
ਨਾਨਕ ਸਾਹਿਬ ਦੇ ਜਨਮ ਸਮੇਂ (ਅਤੇ ਉਸਤੋਂ ਬਾਅਦ ਵੀ) ਉਸ ਸਮੇਂ ਦੇ ਪੁਜਾਰੀ ਨੇ ਲੋਕਾਂ ਨੂੰ ਧਰਮ
ਦੀ ਆੜ ਹੇਠ ਡਰਾਇਆ ਅਤੇ ਅੰਧਵਿਸ਼ਵਾਸ਼ ਵਿੱਚ ਫਸਾਇਆ ਹੋਇਆ ਸੀ। ਮਨੂੰ ਸਮ੍ਰਿਤੀ ਅਨੁਸਾਰ ਲੋਕਾਂ ਨੂੰ
ਚਾਰ ਜਮਾਤਾਂ ਵਿੱਚ ਵੰਡਿਆ ਹੋਇਆ ਸੀ ਅਤੇ ਬ੍ਰਾਹਮਣ ਨੂੰ ਉੱਚ ਦਰਜਾ ਪ੍ਰਾਪਤ ਸੀ ਅਤੇ ਸਾਰਾ
ਕੰਟਰੋਲ ਉਸਦੇ ਅਧੀਨ ਸੀ। ਉਸਨੇ ਲੋਕਾਂ ਨੂੰ ਤਕਰੀਬਨ ਹਰ ਚੀਜ਼ ਤੋਂ ਡਰਾਇਆ, ਲੋਕਾਂ ਨੂੰ
ਅੱਗ,ਪਾਣੀ, ਸੂਰਜ,ਸ਼ਨੀ ਆਦਿ ਤਕਰੀਬਨ ਹਰ ਚੀਜ਼ ਦੀ ਪੂਜਾ ਕਰਨ ਲਾ ਦਿੱਤਾ। ਗੁਰੂ ਨਾਨਕ ਸਾਹਿਬ ਦਾ
ਜਨਮ, ਅੰਧਵਿਸ਼ਵਾਸ਼ ਦੇ ਹਨੇਰੇ ਵਿੱਚ ਫਸੀ ਮਨੁੱਖਤਾ ਲਈ ਤੇਜ਼ ਚਮਕਦੇ ਸੂਰਜ ਵਾਂਗ ਸੀ। ਗੁਰੂ ਸਾਹਿਬ
ਨੇ ਹਰ ਫੋਕੀ ਰਸਮ, ਕਰਮ-ਕਾਂਡ, ਪੂਜਾ ਅਤੇ ਦੇਵੀ-ਦੇਵਤੇ ਦਾ ਖੰਡਨ ਕੀਤਾ ਅਤੇ ‘ਇੱਕੋ-ਇੱਕ’
ਪ੍ਰਮਾਤਮਾ ਦੇ ਨਾਲ ਸਾਂਝ ਪਾਉਣ, ਉਸਨੂੰ ਪੂਜਣ-ਸਿਮਰਨ ਦਾ ਸਿਧਾਂਤ ਸਮਾਜ ਵਿੱਚ ਪੇਸ਼ ਕੀਤਾ।
ਅਨੇਕਾਂ ਦੇਵੀ-ਦੇਵਤਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਖੁਸ਼ ਕਰਨ ਵਿੱਚ ਲੱਗੇ ਸਮਾਜ ਅੱਗੇ ਗੁਰੂ ਨਾਨਕ
ਸਾਹਿਬ ਨੇ ‘ੴ’ ਆਖ, ਸਾਰੇ ਮਨੋਕਲਪਿਤ ਦੇਵੀ-ਦੇਵਤਿਆਂ ਦਾ ਖੰਡਨ ਕਰ, ਸਾਰੇ ਜੀਵਾਂ ਨੂੰ ਸਮਝਾਇਆ
ਕਿ ਇੱਕੋ ਇੱਕ ‘ਅਕਾਲ ਪੁਰਖ’ ਸਭ ‘ਦਾਤਾਂ’ ਦੇਣ ਵਾਲਾ ਹੈ, ਉਸਨੂੰ ਨਾ ਭੁੱਲੋ:
ਸਭਨਾ ਜੀਆ ਕਾ ਇਕੁ ਦਾਤਾ ਸੋ
ਮੈ ਵਿਸਰਿ ਨ ਜਾਈ॥੫॥ {ਪੰਨਾ 2}