ਸਤਿੰਦਰਜੀਤ ਸਿੰਘ ਗਿੱਲ
ਸ.ਭਗਤ ਸਿੰਘ ਦੇ ਜੀਵਨ ਬਾਰੇ ਬਹੁਤ ਸਾਰੀਆਂ ਕਿਤਾਬਾਂ ਅਤੇ ਲੇਖ ਲਿਖੇ ਜਾ ਚੁੱਕੇ ਹਨ। ਇਸ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇ ਜੋ ਸ.ਭਗਤ ਸਿੰਘ ਤੋਂ ਜਾਣੂ ਨਹੀਂ। ਇੱਕ ਦੱਬੀ ਜਵਾਲਾ ਸੀ, ਇੱਕ ਨਿਸ਼ਚਾ ਸੀ, ਦ੍ਰਿੜ੍ਹ ਵਿਸ਼ਵਾਸ ਦਾ ਨਾਂ ਸੀ ਭਗਤ ਸਿੰਘ। 28 ਸਤੰਬਰ 1907 ਨੂੰ ਜਨਮਿਆ ਬਾਲਕ ਭਗਤ ਸਿੰਘ, ਹਿੰਦੁਸਤਾਨ ਦੀ ਅਜ਼ਾਦੀ ਦੇ ਸੰਘਰਸ਼ ਦਾ ਇੱਕ ਸੁਨਿਹਰੀ ਪੰਨਾ ਸ਼ਹੀਦ ਸ.ਭਗਤ ਸਿੰਘ ਹੋ ਨਿਬੜਿਆ। ਭਗਤ ਸਿੰਘ ਦਾ ਨਾਮ ਹਰ ਖਿੱਤੇ ਵਿੱਚ ਬੜੀ ਸ਼ਿੱਦਤ ਨਾਲ ਲਿਆ ਜਾਂਦਾ ਹੈ।
ਅੰਗਰੇਜ਼ੀ ਸਾਮਰਾਜ ਦੇ ਖਿਲਾਫ ਭਾਰਤੀਆਂ ਦੀ ਜੋ ਲੜਾਈ ‘ਅੰਗਰੇਜ਼ਾਂ ਪ੍ਰਤੀ ਨਫ਼ਰਤ’ ਤੋਂ ਪ੍ਰੇਰਿਤ ਸੀ,ਉਸ ਲੜਾਈ ਨੂੰ ਸ.ਭਗਤ ਸਿੰਘ ਨੇ ਇੱਕ ਨਵਾਂ ਮੋੜ ਦਿੱਤਾ ਜਿਸਦਾ ਅਧਾਰ ‘ਆਪਣੇ ਦੇਸ਼ ਪ੍ਰਤੀ ਪਿਆਰ ਅਤੇ ਵਫਾਦਾਰੀ ਦੀ ਭਾਵਨਾ’ ਸੀ। ਆਪਣੀ ਸਾਢੇ ਤੇਈ ਸਾਲ ਦੀ ਛੋਟੀ ਉਮਰੇ ਹੀ ਸ.ਭਗਤ ਸਿੰਘ ਐਸੇ ਕਾਰਨਾਮੇ ਕਰ ਗਿਆ ਜੋ ਭਾਰਤੀ ਇਤਿਹਾਸ ਵਿੱਚ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। ਆਪਣੀ ਉਮਰ ਦੇ ਆਖ਼ਰੀ ਚਾਰ ਸਾਲਾਂ ਵਿੱਚੋਂ ਦੋ ਸਾਲ ਉਸ ਯੋਧੇ ਨੇ ਜੇਲ ਵਿੱਚ ਗੁਜ਼ਾਰੇ,ਅਤੇ ਦੋ ਦਹਾਕਿਆਂ ਦਾ ਕੰਮ ਉਹ ਇਹਨਾਂ ਦੋ ਸਾਲਾਂ ਵਿੱਚ ਹੀ ਕਰ ਗਿਆ।
ਇਸ ਦੇਸ਼ ਦੀ ਅਜ਼ਾਦੀ ਦੇ ਪ੍ਰਤੀ ਉਸਦਾ ਨਜ਼ਰੀਆ ਬਾਕੀਆਂ ਨਾਲੋਂ ਅਲੱਗ ਸੀ। ਸ.ਭਗਤ ਸਿੰਘ ‘ਸੰਪੂਰਨ ਆਜ਼ਾਦੀ’ ਭਾਵ ਐਸੀ ਅਜ਼ਾਦੀ ਜਿਸ ਵਿੱਚ ਅਮੀਰ-ਗਰੀਬ ਵਿਚਲਾ ਪਾੜਾ ਨਾ ਹੋਵੇ,ਕਿਸੇ ਦੇ ਹੱਕ ਨਾ ਖੋਹੇ ਜਾਣ ਵਾਲੀ ਅਜ਼ਾਦੀ ਦਾ ਮੁਰੀਦ ਸੀ। ਉਸ ਦੇ ਵਿਚਾਰਾਂ ਦਾ ਰੰਗ ਬਲਦੇ ਸੂਰਜ ਵਰਗਾ, ਤੇਜ਼ ਧੁੱਪ ਵਰਗਾ, ਸ਼ੁੱਧ ਲਾਲ, ਮੀਂਹ ਦੀ ਕਣੀ ਵਰਗਾ ਸਾਫ਼ ਸੀ । ਭਗਤ ਸਿੰਘ ਉਤੇ ਆਪਣੀ ਮਾਤਾ ਵਿਦਿਆਵਤੀ, ਚਾਚੀ ਹਰਨਾਮ ਕੌਰ ਤੇ ਚਾਚਾ ਅਜੀਤ ਸਿੰਘ ਦਾ ਖਾਸ ਪ੍ਰਭਾਵ ਸੀ। ਉਹ ਅਜੀਤ ਸਿੰਘ ਵੱਲੋਂ ਪ੍ਰਚੰਡ ਕੀਤੀ ਲਹਿਰ ‘ਪਗੜੀ ਸੰਭਾਲ ਜੱਟਾ’ ਦੇ ਅੰਗ-ਸੰਗ ਸੀ। ਭਾਵੇਂ ਸ. ਭਗਤ ਸਿੰਘ ਮਾਰਕਸਵਾਦ ਤੇ ਰੂਸ ਦੇ 1917 ਦੇ ਸਾਮਵਾਦੀ ਇਨਕਲਾਬ ਤੋਂ ਪ੍ਰਭਾਵਿਤ ਸੀ ਪਰ ਉਸਦੀਆਂ ਜੜ੍ਹਾਂ ਆਪਣੀ ਧਰਤੀ ਵਿੱਚ ਸਨ। ਉਹ ਬੱਬਰ ਅਕਾਲੀ ਅੰਦੋਲਨ ਅਤੇ ਸਿੰਘ ਸਭਾ ਦੇ ਸਮਾਜਿਕ ਸੁਧਾਰ ਤੋਂ ਵੀ ਪ੍ਰਭਾਵਤ ਸੀ। ਉਹ ਸਾਰੇ ਹੀਲੇ ਫੇਲ ਹੋਣ ‘ਤੇ ਹਥਿਆਰ ਉਠਾਉਣ ਨੂੰ ਜ਼ਾਇਜ਼ ਸਮਝਦਾ ਸੀ ਅਤੇ ਸਿੱਖ ਕੌਮ ਦੀ ‘ਬੰਦ-ਬੰਦ ਕਟਵਾਉਣ’ ਦੀ ਪ੍ਰੰਪਰਾ ਦਾ ਕਾਇਲ ਸੀ। 1924 ਵਿੱਚ ਚੱਲ ਰਹੇ ਜੈਤੋ ਦੇ ਮੋਰਚੇ ਦੇ ਸਿੰਘਾਂ ਨੂੰ ਪਾਣੀ ਆਦਿ ਪਿਲਾਉਣ ‘ਤੇ ਲਗਾਈ ਗਈ ਸਰਕਾਰੀ ਪਾਬੰਦੀ ਦੀ ਪਰਵਾਹ ਕੀਤੇ ਬਗੈਰ ਭਗਤ ਸਿੰਘ ਨੇ 13ਵੇਂ ਜਥੇ ਨੂੰ ਆਪਣੇ ਪਿੰਡ ਲੰਗਰ ਛਕਾਇਆ। 19 ਫਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਜਿਸ ਵਿੱਚ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਕਈ ਸਿੰਘ ਸ਼ਹੀਦ ਕਰ ਦਿੱਤੇ ਅਤੇ ਜਥੇਦਾਰ ਲਛਮਣ ਸਿੰਘ ਨੂੰ ਜੰਡ ਨਾਲ ਬੰਨ ਕੇ ਅੱਗ ਲਗਾ ਕੇ ਸਾੜ ਦਿੱਤਾ ਗਿਆ। ਭਗਤ ਸਿੰਘ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਨਕਾਣਾ ਸਾਹਿਬ ਗਿਆ ਅਤੇ ਉਸਨੇ ਰੋਸ ਵਜੋਂ ਕਾਲੀ ਪਗੜੀ ਸਜਾਈ। ਭਗਤ ਸਿੰਘ ਗੁਰੂ ਕੇ ਬਾਗ ਦੇ ਮੋਰਚਾ, ਜੈਤੋ ਦੇ ਮੋਰਚਾ ਅਤੇ ਪੰਜਾ ਸਾਹਿਬ ਦੇ ਦੁਖਾਂਤ ਤੋਂ ਅਛੂਤਾ ਨਹੀਂ ਸੀ।
ਪਰ ਅਫ਼ਸੋਸ ਕਿ ਉਸ ਮਹਾਨ ਯੋਧੇ ਦੀਆਂ ਅੱਖਾਂ ਦੇ ਸੁਪਨਿਆਂ ਨੂੰ ਸਾਡੇ ਨੇਤਾਵਾਂ ਦੀਆਂ ਅੱਖਾਂ ਨੇ ਕਦੇ ਦੇਖਿਆ ਹੀ ਨਹੀਂ। ਜਿਸ ਅਜ਼ਾਦੀ ਲਈ ਉਸ ਮਹਾਨ ਕ੍ਰਾਂਤੀਕਾਰੀ ਨੇ ਘਾਲਣਾ ਘਾਲੀ ਅਤੇ ਜਿਸ ਅਜ਼ਾਦੀ ਦੀ ਪ੍ਰਾਪਤੀ ਲਈ ਉਸਨੇ ਹੱਸ ਕੇ ਫਾਂਸੀ ਨੂੰ ਕਬੂਲ ਕੀਤਾ,ਉਹ ਅਜ਼ਾਦੀ ਤਾਂ ਸਿਆਸਤ ਅਤੇ ਸੱਤਾ ਪ੍ਰਾਪਤੀ ਦੀ ਲਾਲਸਾ ਵਿੱਚ 1947 ਵੇਲੇ ਹੀ ਦਫ਼ਨ ਹੋ ਗਈ। ਗੋਰਿਆਂ ਤੋਂ ਅਜ਼ਾਦੀ ਮਿਲਦੇ ਸਾਰ ਹੀ ‘ਕਾਲਿਆਂ’ ਦੇ ਵਿਚਾਰ ਅਤੇ ਇੱਛਾਵਾਂ ਹੀ ਬਦਲ ਗਈਆਂ। ਘੱਟ-ਗਿਣਤੀ ਕੌਮਾਂ ਅਤੇ ਮਿਹਨਤਕਸ਼ ਮਜ਼ਦੂਰ ਤਾਂ ਗੁਲਾਮ ਹੀ ਰਹਿ ਗਿਆ,ਅਜ਼ਾਦੀ ਤਾਂ ਸਿਰਫ ਬਹੁ-ਗਿਣਤੀ ਕੌਮ ਅਤੇ ਨੇਤਾਵਾਂ ਦੇ ਹਿੱਸੇ ਹੀ ਆਈ। ਅਮੀਰ ਅਤੇ ਗਰੀਬ ਵਿਚਲਾ ਫਾਸਲਾ ਤਾਂ ਪਹਿਲਾਂ ਨਾਲੋਂ ਵੀ ਤੇਜ਼ ਵੇਗ ਨਾਲ ਵਧਣ ਲੱਗ ਪਿਆ ਸੀ ਜੋ ਅਜੇ ਵੀ ਨਿਰੰਤਰ ਜਾਰੀ ਹੈ। ਸ਼ਹੀਦ ਸ. ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਦੀ ਅਸਲ ਤਸਵੀਰ ਬਿਲਕੁਲ ਹੀ ਬਦਲ ਗਈ। ਉਸ ਮਹਾਨ ਸ਼ਹੀਦ ਦੇ ਸੁਪਨਿਆਂ ਦਾ ਭਾਰਤ ਹੁਣ ਭ੍ਰਿਸ਼ਟਾਚਾਰ,ਰਿਸ਼ਵਤਖੋਰੀ, ਅਨਿਆਂ, ਲੁੱਟਾਂ-ਖੋਹਾਂ, ਬਲਾਤਕਾਰ, ਕੰਨਿਆਂ ਭਰੂਣ ਹੱਤਿਆ, ਬੇਰੁਜ਼ਗਾਰੀ, ਨਸ਼ੇ ਦੀ ਮਾਰ ਆਦਿਕ ਸਾਰੀਆਂ ਹੀ ਕੁਰੀਤੀਆਂ ਦਾ ਸ਼ਿਕਾਰ ਹੋ ਗਿਆ ਹੈ।
ਭਗਤ ਸਿੰਘ ਦੇ ਅਸਲ ਮੰਤਵ ਦੀ ਅਤੇ ਉਸਦੇ ਲੋਕ-ਅਜ਼ਾਦੀ ਲਈ ਕੀਤੇ ਗਏ ਘੋਲ ਨੂੰ ਅਤੇ ਉਸਦੇ ਵਿਚਾਰਾਂ ਨੂੰ ਗਲਤ ਤਰੀਕੇ (ਜਾਂ ਆਪਣੇ ਮਤਲਬ ਦੀ) ਦੀ ਪੇਸ਼ਕਾਰੀ ਨਾਲ ਅਜੋਕੇ ਸਮਾਜ ਵਿੱਚ ਲੋਕਾਂ ਸਾਹਮਣੇ ਪਰੋਸਿਆ ਜਾ ਰਿਹਾ ਹੈ। ਜਿਸ ਵਿੱਚ ਸਭ ਤੋਂ ਮੋਹਰੀ ਤਰਕਸ਼ੀਲ ਸਭਾ ਵਾਲੇ ਹਨ। ਭਗਤ ਸਿੰਘ ਦੇ ਜੀਵਨ ਕਾਲ, ਉਸਦੇ ਅਜ਼ਾਦੀ ਦੇ ਘੋਲ ਸਮੇਂ ਜਾਂ ਜੇਲ੍ਹ ਵਿੱਚ ਲਿਖੀਆਂ ਲਿਖਤਾਂ ਵਿੱਚੋਂ ‘ਤਰਕਸ਼ੀਲ’ ਅਖਵਾਉਣ ਵਾਲੇ ਸਿਰਫ ਉਸ ਯੋਧੇ ਨੂੰ ‘ਨਾਸਤਿਕ’ ਇਨਸਾਨ ਦਰਸਾਉਣ ਲਈ ਹੀ ਅੱਡੀ-ਚੋਟੀ ਦਾ ਜੋਰ ਲਗਾ ਰਹੇ ਹਨ। ਉਸਦੇ ਉਹਨਾਂ ਵਿਚਾਰਾਂ ਨੂੰ ਪੇਸ਼ ਕਰਦੇ ਕਿਤਾਬਚੇ ਜਾਂ ਲੇਖ ਹੀ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ ਜਿਹਨਾਂ ਵਿੱਚ ਉਸ ਕ੍ਰਾਂਤੀਕਾਰੀ ਯੋਧੇ ਨੇ ਮਾਰਕਸਵਾਦ ਦੀ ਗੱਲ ਕੀਤੀ ਹੈ। ਆਪਣੀਆਂ ਲਿਖਤਾਂ ਵਿੱਚ ਤਰਕਸ਼ੀਲਾਂ ਵੱਲੋਂ ਭਗਤ ਸਿੰਘ ਦੀ ਛਵੀ ਨੂੰ ਰੱਬ ਨੂੰ ਜਾਂ ਪਰਮਾਤਮਾ ਦੀ ਹੋਂਦ ਨੂੰ ਨਾ ਮੰਨਣ ਵਾਲੇ ਇਨਸਾਨ ਦੇ ਤੌਰ ‘ਤੇ ਹੀ ਪੇਸ਼ ਕਰਨ ਅਤੇ ਉਸਦੀ ਨਾਸਤਿਕ ਵਿਚਾਰਧਾਰਾ ਨੂੰ ਉਭਾਰਨ ਦਾ ਹੀ ਯਤਨ ਕੀਤਾ ਦਿਸਦਾ ਹੈ। ਪਾਸ਼ ਦੇ ਅਨੁਸਾਰ ਤਾਂ ਭਗਤ ਸਿੰਘ ਅਨਿਆਂ ਅਤੇ ਮਨੁੱਖੀ ਹੱਕਾਂ ਲਈ ਲੜ੍ਹਨ ਵਾਲਾ ਪਹਿਲਾ ਵਿਆਕਤੀ ਸੀ (ਜੋ ਕਿ ਅਸਲੀਅਤ ਤੋਂ ਕੋਹਾਂ ਦੂਰ ਹੈ)। ਭਗਤ ਸਿੰਘ ਨੂੰ ਨਾਸਤਿਕ ਦਰਸਾਉਣ ਵਾਲਿਆਂ ਅਨੁਸਾਰ ਨਾਸਤਿਕ ਮਨੁੱਖ ਉਹ ਹੈ ਜੋ ਮਨੁੱਖਤਾ ਨੂੰ ਪਿਆਰ ਕਰਦਾ ਹੈ ਪਰ ਸਟਾਲਿਨ ਨਾਸਤਿਕ ਸੀ ਪਰ ਉਸਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ। ਜੇ ਆਸਤਿਕ ਲੋਕਾਂ ਨੇ ਦੂਜੇ ਧਰਮਾਂ ਦੇ ਧਾਰਮਿਕ ਅਸਥਾਨ ਤਬਾਹ ਕਰ ਦਿੱਤੇ ਤਾਂ ਰੂਸ ਨੇ ਉਹੀ ਕੁੱਝ ਨਾਸਤਿਕਤਾ ਦੇ ਨਾ ‘ਤੇ ਕੀਤਾ। ਪੰਜਾਬ ਵਿੱਚ 1984 ਵਿੱਚ ਸਾਰੀ ਨਾਸਤਿਕਤਾ ਜੁਲਮ ਕਰਨ ਵਾਲਿਆਂ ਨਾਲ ਖੜੀ ਰਹੀ। ਮਨੁੱਖਤਾ ਦਾ ਘਾਣ ਹੋ ਗਿਆ, ਮਨੁੱਖਤਾ ਲਹੂ ਲੁਹਾਨ ਹੋ ਗਈ ਪਰ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਕੋਈ ਨਾਸਤਿਕ ਨਹੀ ਬੋਲਿਆ। ਭਗਤ ਸਿੰਘ ਦੀ ਸਿਧਾਂਤਕ ਸੋਚ ਦਾ ਵਿਸ਼ਲੇਸ਼ਣ ਤੰਗ-ਦਿਲੀ ਤੋਂ ਉਪਰ ਉੱਠ ਕੇ ਕਰਨਾ ਚਾਹੀਦਾ ਹੈ। ਲਗਪਗ ਪੌਣੀ ਸਦੀ ਦਾ ਸਮਾਂ ਬੀਤ ਜਾਣ ਤੇ ਭਗਤ ਸਿੰਘ ਦੀਆਂ ਸਭ ਲਿਖਤਾਂ ਜੋ ਉਸਦੀਆਂ ਹਨ ਅਤੇ ਜੋ ਉਸਦੀਆਂ ਨਹੀਂ ਹਨ ਪਰ ਉਸਦੇ ਨਾਂਵ ਨਾਲ ਮੜ੍ਹ ਦਿੱਤੀਆਂ ਗਈਆਂ ਹਨ,ਸਭ ਲੋਕਾਂ ਦੇ ਸਾਹਮਣੇ ਆ ਚੁੱਕੀਆਂ ਹਨ। ਬਹੁਤ ਸਾਰੇ ਐਸੇ ਲੇਖ ਜੋ ਉਸ ਨੂੰ ਨਾਸਤਿਕ ਸਿੱਧ ਕਰਨ ਲਈ ਹੀ ਲਿਖੇ ਗਏ,ਜੋ ਅਸਲ ਵਿੱਚ ਭਗਤ ਸਿੰਘ ਨੇ ਨਹੀਂ ਲਿਖੇ ਪਰ ਉਸਦੇ ਨਾਂਵ ਨਾਲ ਮੜ੍ਹ ਦਿੱਤੇ ਗਏ ਹਨ,ਜਿੰਨ੍ਹਾਂ ਬਾਰੇ ਇਹ ਨਹੀਂ ਪਤਾ ਕਿ ਇਹ ਕਿਵੇਂ ਪ੍ਰਾਪਤ ਹੋਇਆ ਅਤੇ ਕਿਵੇਂ ਪ੍ਰਕਾਸ਼ਿਤ ਹੋਇਆ। ਸ੍ਰ ਭਗਤ ਸਿੰਘ ਨੇ ਕਿਤਾਬ ਲਿਖੀ ਕਿ ‘ਮੈ ਨਾਸਤਿਕ ਕਿਉਂ ਹਾਂ’ ? ਬੜੀ ਹੈਰਾਨੀ ਹੁੰਦੀ ਹੈ ਕਿ ਉਸ ਪੜ੍ਹੇ ਲਿਖੇ ਨੌਜਵਾਨ ਨੂੰ ਕੀ ਲੋੜ ਪੈ ਗਈ ਦੱਸਣ ਦੀ ਕਿ ਮੈ ਨਾਸਿਤਕ ਹਾਂ! ਇਹ ਗੱਲ ਵੀ ਸੋਚਣ ਵਾਲੀ ਹੈ ਕਿ ਉਸ ਕ੍ਰਾਂਤੀਕਾਰੀ ਨੂੰ ‘ਨਾਸਤਿਕ’ ਜਾਂ ‘ਰੱਬ ਵਿੱਚ ਵਿਸ਼ਵਾਸ਼ ਨਾ ਰੱਖਣ ਵਾਲਾ’ ਇਨਸਾਨ ਬਣਾ ਕੇ ਲੋਕਾਂ ਅੱਗੇ ਲਿਆਉਣ ਦੀ ਕੀ ਜ਼ਰੂਰਤ ਪਈ?
ਜੋ ਵੀ ਲੇਖ ਜਾਂ ਚਿੱਠੀਆਂ ਜੇਲ੍ਹ ਵਿੱਚੋਂ ਅੰਤਮ ਸਮੇਂ ਮਿਲੇ ਦੱਸੇ ਜਾਂਦੇ ਹਨ ਕੋਈ ਵੀ ਜੇਲ੍ਹ ਅਧਿਕਾਰੀਆਂ ਵੱਲੋਂ ਸੈਂਸਰ ਨਹੀਂ ਹੋਇਆ ਜੋ ਕਿ ਇੱਕ ਜ਼ਰੂਰੀ ਕਾਰਵਾਈ ਹੈ।(ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਸ.ਗੁਰਤੇਜ ਸਿੰਘ I.A.S. ਦਾ ਲੇਖ ‘ਸਿੱਖ ਚੇਤਨਾ ਅਤੇ ਭਗਤ ਸਿੰਘ : ਇੱਕ ਵਿਸ਼ਲੇਸ਼ਣ’ ਪੜ੍ਹ ਸਕਦੇ ਹੋ।)
ਬੇਸ਼ੱਕ ਭਗਤ ਸਿੰਘ ਨੇ ਕਾਰਲ ਮਾਰਕਸ, ਫੈਡਰਿਕ ਐਂਗਲਜ਼, ਟਰਾਟਸਕੀ, ਪਲੈਟੋ, ਰੂਸੋ, ਅਰਸਤੂ ਪੜ੍ਹੇ। ਹੀਗਲ ਦਾ ਮਹਾਂ ਮਾਨਵ, ਬਾਕੂਨਿਨ ਦਾ ਅਰਾਜਕਤਾਵਾਦ, ਕਬੀਰ ਸਾਹਿਤ ਪੜ੍ਹਿਆ, ਵਿਚਾਰਿਆ ਪਰ ਬਾਵਜੂਦ ਇਸਦੇ ਉਹ ਆਪਣੀਆਂ ਜੜ੍ਹਾਂ ਨਾਲੋਂ ਟੁੱਟਿਆ ਨਹੀਂ ਸੀ। ਉਹ ਆਪਣੇ ਜੀਵਨ ਕਾਲ ਦੇ ਅੰਤਲੇ ਸਮੇਂ ਸਿੱਖ ਵਿਚਾਰਧਾਰਾ ਵਿੱਚ ਵਿਸ਼ਵਾਸ਼ ਕਰਨ ਲੱਗਿਆ ਸੀ,ਜਿਸਦਾ ਪ੍ਰਗਟਾਵਾ ਭਾਈ ਰਣਧੀਰ ਸਿੰਘ ਨੇ ਆਪਣੀ ਲਿਖਤ ‘ਜੇਲ੍ਹ ਚਿੱਠੀਆਂ’ ਵਿੱਚ ਕੀਤਾ ਹੈ। 23 ਮਾਰਚ 1931 ਨੂੰ ਫਾਂਸੀ ਦੇਣ ਤੋਂ ਬਾਅਦ ਭਗਤ ਸਿੰਘ ਦਾ ‘ਅੰਤਮ-ਸੰਸਕਾਰ’ ਸਿੱਖ ਰਹੁ-ਰੀਤਾਂ ਅਨੁਸਾਰ ਹੀ ਕੀਤਾ ਗਿਆਂ ਜਿਸਦੀ ਹਾਮੀ ‘ਅੰਤਮ-ਸੰਸਕਾਰ’ ਲਈ ਕਸੂਰ ਤੋਂ ਲਿਆਂਦੇ ਗ੍ਰੰਥੀ ਸਿੰਘ ਨੇ ਭਰੀ ਹੈ।
‘ਆਸਤਿਕਤਾ ‘ਤੇ ਨਾਸਤਿਕਤਾ ਦੀ ਇਹ ਬਹਿਸ ਕਦੇ ਨਾ-ਖਤਮ ਹੋਣ ਵਾਲੀ ਬਹਿਸ ਹੈ। ਜਿਵੇਂ ਆਸਤਿਕ ਵੀ ਕਹਿੰਦਾ ਹੀ ਹੈ ਕਿ ਉਹ ਰੱਬ ਨੂੰ ਮੰਨਦਾ ਹੈ ਉਵੇਂ ਹੀ ਨਾਸਤਿਕ ਵੀ ਗੱਲਾਂ ਨਾਲ ਹੀ ਕੁਦਰਤ ਨੂੰ ਮੰਨਦਾ ਹੈ। ਜੇ ਨਾਸਤਿਕ ਸੱਚਮੁਚ ਕੁਦਰਤ ਨਾਲ ਮੁੱਹਬਤ ਕਰਦਾ ਹੋਵੇ ਤਾਂ ਉਹ ਕੁਦਰਤ ਦੇ ਖਿਲਾਫ ਕਿਉਂ ਜਾਵੇ। ਨਾਸਤਿਕ ਵੀ ਕੁਦਰਤੀ ਨਿਯਮਾ ਦੇ ਉਨਾ ਹੀ ਖਿਲਾਫ ਹੈ ਜਿੰਨਾ ਆਸਤਿਕ ਰੱਬੀ ਨਿਯਮਾ ਦੇ ਖਿਲਾਫ ਚਲਦਾ ਹੈ।
ਇਸ ਲੇਖ ਦਾ ਮੰਤਵ ਉਸ ਮਹਾਨ ਕ੍ਰਾਂਤੀਕਾਰੀ ਯੋਧੇ ਦੀ ਸ਼ਹਾਦਤ ਜਾਂ ਸਖ਼ਸ਼ੀਅਤ ਨੂੰ ਛੁਟਿਆਉਣਾ ਨਹੀਂ ਬਲਕਿ ਮਕਸਦ ਹੈ ਕਿ ਉਸ ਯੋਧੇ ਦੇ ਅਜ਼ਾਦੀ ਲਈ ਕੀਤੇ ਘੋਲ ਅਤੇ ਕੁਰਬਾਨੀ ਨੂੰ ਇਸ ‘ਆਸਤਿਕ ਜਾਂ ਨਾਸਤਿਕ’ ਵਾਲੀ ਬਹਿਸ ਹੇਠ ਦਫ਼ਨ ਨਾ ਹੋਣ ਦੇਈਏ। ਉਸਦੀਆਂ ਸੰਪੂਰਨ ਆਜ਼ਾਦੀ,ਮਿਹਨਤਕਸ਼ ਲੋਕਾਂ ਦੇ ਹੱਕ ਵਿੱਚ ਕੀਤੇ ਘੋਲ ਨੂੰ ਲੋਕਾਂ ਵਿੱਚ ਪ੍ਰਚਾਰਿਆ ਜਾਵੇ ਨਾ ਕਿ ਉਸਦੇ ਰੱਬ ਨੂੰ ਮੰਨਣ ਜਾਂ ਨਾ-ਮੰਨਣ ਦੀ ਗੱਲ ਨੂੰ। ਉਸ ਯੋਧੇ ਨੂੰ ਨੌ-ਜਵਾਨਾਂ ਲਈ ਆਦਰਸ਼ ਬਣਾਉਣ ਦੇ ਯਤਨ ਹੋਣ ਤਾਂ ਜੋ ਨਸ਼ੇ ਵਰਗੀਆਂ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਚੁੱਕੀ ਦੇਸ਼ ਦੀ ਨੌ-ਜਵਾਨੀ ਨੂੰ ਸਹੀ ਸੇਧ ਮਿਲ ਸਕੇ ਅਤੇ ਉਹਨਾਂ ਦੇ ਦਿਲ ਵਿੱਚ ਵੀ ਨਰੋਏ ਸਮਾਜ ਦੀ ਸਿਰਜਣਾ ਲਈ ‘ਬਸੰਤੀ ਚੋਲੇ’ ਰੰਗਾਉਣ ਦੀ ਤਾਂਘ ਪੈਦਾ ਹੋਵੇ। ਉਸਦੇ ਨਰੋਏ ਅਤੇ ਆਜ਼ਾਦ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਤੇ ਇਸ ਦੇਸ਼ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਅਨਿਆਂ ਆਦਿ ਅਲਾਮਤਾਂ ਤੋਂ ਛੁਟਕਾਰਾ ਦਿਵਾਉਣ ਲਈ ਕਦਮ ਨਾਲ ਕਦਮ ਮਿਲਾ ਕੇ ਚੱਲਿਆ ਜਾਵੇ, ਸੰਪੂਰਨ ਅਜ਼ਾਦੀ ਦੇ ਲਈ ਸ਼ੁਰੂ ਕੀਤੇ ਉਸਦੇ ਘੋਲ ਨੂੰ ਅੱਗੇ ਤੋਰਿਆ ਜਾਵੇ ਤਾਂ ਜੋ ਅਸੀਂ ‘ਅਮਲੀ ਤੌਰ’ ‘ਤੇ ਅਜ਼ਾਦ ਹੋ ਸਕੀਏ। ਆਓ ਯਤਨ ਕਰੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਉਹ ਮਹਾਨ ਦੇਸ਼ ਭਗਤ ਯੋਧਾ ਇੱਕ ਮਹਾਨ ਕ੍ਰਾਂਤੀਕਾਰੀ ਦੇ ਤੌਰ ‘ਤੇ ਯਾਦ ਕੀਤਾ ਜਾਵੇ ਅਤੇ ਉਸ ‘ਭਾਰਤ ਦੇ ਸਪੂਤ’ ਦੀ ਸਖ਼ਸ਼ੀਅਤ ‘ਆਸਤਿਕ ਜਾਂ ਨਾਸਤਿਕ’ ਵਿੱਚ ਹੀ ਉਲਝ ਕੇ ਨਾ ਰਹਿ ਜਾਵੇ।