ਸਤਿੰਦਰਜੀਤ ਸਿੰਘ
ਪੰਜਾਬ ਦੇ ਲੋਕਾਂ ਜਿੰਨਾਂ ਨਾ-ਸਮਝ, ਬੇਵਕੂਫ ਅਤੇ ਭੋਲਾ ਕੋਈ ਨਹੀਂ। ਡਾਂਗਾਂ ਦੀ ਸੱਟ ਸਹਾਰ ਵੀ ਨਹੀਂ ਹੁੰਦੀ ਫਿਰ ਵੀ ਕੁੱਟਣ ਵਾਲਿਆਂ ਨੂੰ ਮੁੜ ਹਾਕ ਮਾਰ ਲਈ, ਇਹ ਲੋਕ ਤਾਂ ਧੀ ਦੇ ਵੱਜਾ ਥੱਪੜ ਵੀ ਭੁੱਲ ਗਏ, ਭੁੱਲਣਾ ਹੀ ਸੀ ਬੇਗਾਨੀ ਜੋ ਹੋਈ...! ਪਰ ਗੁਲਾਮੀ ਅਤੇ ਭ੍ਰਿਸ਼ਟਾਚਾਰ ਦੀ ਲੱਤ ਖਾਣ ਦਾ ਸ਼ੌਕ ਫਿਰ ਪੰਜਾਬ ਵਾਲਿਆਂ ਦੇ ਸਿਰ ਚੜ੍ਹ ਬੋਲਿਆ। ਸੰਘ ਦੀ ਔਲਾਦ ਭਾਜਪਾ 12 ਸੀਟਾਂ ਜਿੱਤ ਗਈ ਪੰਜਾਬ ਵਾਲਿਆਂ ਸਿਰੋਂ। ਹੁਣ ਕਿਸਨੂੰ ਗਲਤ ਅਤੇ ਸਹੀ ਕਹਾਂਗੇ...? ਅਗਲੇ ਲੋਕ-ਤਾਕਤ ਨਾਲ ਮੁੜ ਰਾਜੇ ਬਣੇ ਆ, ਉਹਨਾਂ ਨੂੰ ਭ੍ਰਿਸ਼ਟ ਕਹਿਣ ਵਾਲੇ ਤਾਂ ਬੱਸ ਰੌਲਾ ਪਾਉਂਦੇ ਰਹੇ ਪਰ ਅਗਲੇ ਨੇ ਸਿੱਧ ਕਰ ਦਿੱਤਾ ਕਿ 'ਸਾਡੇ ਜਿੰਨਾ ਵਿਕਾਸ ਕਿਸੇ ਨੇ ਨਹੀਂ ਕੀਤਾ ਅਤੇ ਨਾ ਹੀ ਕੋਈ ਕਰ ਸਕਦਾ', ਵਾਕਈ ਵਿਕਾਸ ਤਾਂ ਬਹੁਤ ਕੀਤਾ ਬਾਦਲ ਦਲ ਨੇ, ਇਸ ਵਾਰ ਸੁਖਬੀਰ 50,000 ਤੋਂ ਵੀ ਵੱਧ ਵੋਟਾਂ ਨਾਲ ਜਿੱਤ ਗਿਆ, ਇਹ ਵਿਕਾਸ ਨਹੀਂ ਤਾਂ ਹੋਰ ਕੀ ਆ...?
ਪੀ.ਟੀ.ਸੀ. ਚੈਨਲ ਵਾਲਿਆਂ ਨੇ ‘ਬਾਪੂ’ ਦੇ ਜਿੱਤਣ ਦੀ ਖੁਸ਼ੀ ਵਿਰੋਧੀਆਂ ਨੂੰ ਬੇਇੱਜ਼ਤ ਕਰਨ ਵਾਲੇ ਸ਼ਬਦਾਂ ਨਾਲ ਮਨਾਈ, ਖਾਸ ਤੌਰ 'ਤੇ ਭਗਵੰਤ ਮਾਨ ਦੇ 'ਮਾਣ-ਇੱਜ਼ਤ' ਨੂੰ ਖਾਸ ਤੌਰ 'ਤੇ ਤਾਰ-ਤਾਰ ਕੀਤਾ, ਮਨਪ੍ਰੀਤ ਨੂੰ ਤਾਂ ਇਹ ਪਹਿਲਾਂ ਹੀ ਅਮਰੂਦਾਂ ਦੀ ਰੇਹੜੀ ਵਾਂਗ ਖਿੱਚੀ ਫਿਰਦੇ ਸੀ ਪਰ ਹੁਣ ਇਸ ਰੇਹੜੀ ਵਿੱਚ ਭਗਵੰਤ ਮਾਨ ਨੂੰ ਵੀ ਬਿਠਾ ਲਿਆ। ਪੰਜਾਬ ਵਾਸੀਆਂ ਦੀ ਨਾ-ਸਮਝੀ ਨੇ ਬਾਦਲ ਵਿਰੋਧੀਆਂ ਦੀ 'ਫੂਕ' ਇਸ ਤਰੀਕੇ ਕੱਢੀ ਕਿ ਫੂਕ ਨਿਕਲਣ ਵਾਲੇ ਨੂੰ ਵੀ ਸ਼ੂੰ ਨਹੀਂ ਸੁਣਿਆ...ਬਹੁਤ ਸਮਝਦਾਰ ਨੇ ਪੰਜਾਬ ਵਾਲੇ, ਆਪਣੀ ਸਿਆਣਪ ਨਾਲ ਫਿਰ ਪੰਜ ਸਾਲ ਟੋਲ ਟੈਕਸਾਂ 'ਤੇ ਜੇਬ ਲੁਟਾ ਕੇ ਪੱਕੀ ਸੜਕ ਅਤੇ ਫਲਾਈ ਓਵਰ ਦਾ ਆਨੰਦ ਮਾਨਣਗੇ। ਕਰਜ਼ੇ ਦੀ ਕੋਈ ਗੱਲ ਨਹੀਂ ਪਰ ਰਿਸ਼ਵਤ ਦੇ ਕੇ ਕੰਮ ਤਾਂ ਹੋ ਜਾਊ। ਹੁਣ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਨਵੀਆਂ ਏ.ਸੀ. ਬੱਸਾਂ ਚੱਲਣਗੀਆਂ ਜੋ ਸਰਕਾਰੀ ਬੱਸਾਂ ਨੂੰ ਤਾਂ ਖੂੰਜੇ ਲਾਉਣਗੀਆਂ ਹੀ ਨਾਲ ਦੀ ਨਾਲ ਮਨ-ਮਰਜ਼ੀ ਵਸੂਲ ਕੇ ਝੂਟੇ ਦੇਣਗੀਆਂ। ਜਿੰਨ੍ਹਾਂ ਨੂੰ ਚਾਅ ਚੜ੍ਹਿਆ ਸੀ ਕਿ ਬਈ ਹੁਣ ਕੇਲ ਟੀ.ਵੀ. 'ਤੇ ਵੀ ਗੁਰਮਤਿ ਪ੍ਰਚਾਰ ਦਾ ਚੈਨਲ ‘ਚੜ੍ਹਦੀ ਕਲਾ ਟਾਇਮ ਟੀ.ਵੀ.’ ਮੁੜ ਦੇਖਾਂਗੇ, ਉਹ ਜਾ ਕੇ ਕਿਸੇ ਵਧੀਆਂ ਡਿਸ਼ ਦਾ ਪ੍ਰਬੰਧ ਕਰ ਲਉ ਕਿਉਂਕਿ ਕੇਵਲ ਤਾਂ ਅਗਲੇ ਪੰਜ ਸਾਲ ਲਈ ਬੁੱਕ ਆ...ਨਾਲੇ ਅਗਲੇ ਨੇ ਕਬੱਡੀ ਦੇ ਵਿਸ਼ਵ ਕੱਪ ਦਾ ਪ੍ਰਭੰਧ ਵੀ ਕਰਨਾ ਪਿਛਲੇ ਬਕਾਏ ਲਾਹ ਕੇ। ਮਨਪ੍ਰੀਤ ਤਾਂ ਪਾਗਲ ਸੀ ਜਿਹੜਾ ਨਮ-ਅੱਖਾਂ ਨਾਲ ਲੋਕਾਂ ਦਾ ਦਰਦ ਵੰਡਾਉਣ ਤੁਰ ਪਿਆ, ਉਹਨੂੰ ਕੀ ਪਤਾ ਸੀ ਕਿ ਲੋਕ ਇਸ ਦਰਦ ਨੂੰ ਪਾਲ ਰਹੇ ਹਨ। ਪੰਜਾਬ ਦੇ ਲੋਕਾਂ ਨੇ ਦਿਖਾ ਦਿੱਤਾ ਕਿ ਉਹ ਕਿਸ ਕਦਰ ਬਾਦਲ ਪ੍ਰਤੀ ਵਫਾਦਾਰ ਨੇ, ਬਾਗੀ ਹੋਏ ਮਨਪ੍ਰੀਤ ਦੇ ਸਾਂਝੇ ਮੋਰਚੇ ਨੂੰ ਖਾਤਾ ਵੀ ਨਹੀਂ ਖੋਲਣ ਦਿੱਤਾ। ਮਨਪ੍ਰੀਤ ਤੋਂ ਵੀ ਹਲਕਾ ਖੋਹ ਲਿਆ ਉਹਦਾ। ਹੁਣ 5 ਸਾਲ ਬਾਦਲ ਤੋਂ ਆਕੀ ਹੋਣ ਦੀ ਸਜ਼ਾ ਭੁਗਤਣੀ ਪਊ। ਉਹਨੂੰ ਨਹੀਂ ਸੀ ਪਤਾ ਕਿ ਪੰਜਾਬ ਦੇ ਲੋਕਾਂ ਲਈ ਭਗਤ ਸਿੰਘ ਦੀ ਸੋਚ ਅਪਣਾਉਣੀ ਬਹੁਤ ਔਖੀ ਹੈ, ਉਹ ਚਾਹੁੰਦੇ ਨੇ ਕਿ ‘ਸਾਡੇ ਘਰ ਭਗਤ ਸਿੰਘ ਜੰਮੇ ਪਰ ਸ਼ਹੀਦ ਭਗਤ ਸਿੰਘ ਗੁਆਂਢੀਆਂ ਦੇ ਜੰਮੇ’। ਮਨਪ੍ਰੀਤ ਸਮਝ ਨਹੀਂ ਸਕਿਆ ਕਿ ਲੋਕਾਂ ਦਾ ਮਨ ਜਿੱਤਣ ਲਈ ਸਿਰਫ ਬਸੰਤੀ ਰੰਗ ਦੇ ਪਰਨੇ ਹੀ ਨਹੀਂ ਚਾਹੀਦੇ ਸਗੋਂ ਵਿਕਾਸਮਈ ਦ੍ਰਿਸ਼ ਲੋਕਾਂ ਦੀਆਂ ਅੱਖਾਂ ਵਿੱਚ ਵਸਾਉਣੇ ਪੈਂਦੇ ਹਨ, ਲੋਕਾਂ ਨੂੰ ਲਾਰਿਆਂ ਦਾ ਜਾਲ ਸੁੱਟ ਕੇ ਫਸਾਉਣ ਦੀ ਕਲਾ ਸਿੱਖਣੀ ਜ਼ਰੂਰੀ ਸੀ ਪਹਿਲਾਂ।
ਕੈਪਟਨ ਦਾ 70 ਸੀਟਾਂ ਜਿੱਤਣ ਦਾ ਦਾਅਵਾ ਵੀ ਰੂੰ ਦੇ ਫੰਬੇ ਵਾਂਗ ਉੱਡ ਗਿਆ, ਹਾਈ ਕਮਾਂਡ ਨੇ ਬਥੇਰਾ ਕਿਹਾ ਕਿ ਠੀਕ-ਠੀਕ ਦਾਅਵਾ ਕਰ ਪਰ ਮਾਂ ਦਾ ਪੁੱਤ ਟੱਸ ਤੋਂ ਮੱਸ ਨਾ ਹੋਇਆ। ਅਗਲਿਆਂ ਨੇ ਮੋਤੀ ਮਹਿਲ ਦੇ ਵਾਰਸ ਦੀ ਵੀ ਢੂਹੀ ਲਵਾ 'ਤੀ।
ਹੁਣ ਕਿਸੇ ਨੂੰ ਕੋਈ ਹੱਕ ਨਹੀਂ ਬਾਦਲ ਸਰਕਾਰ ਨੂੰ ਭ੍ਰਿਸ਼ਟ ਕਹਿਣ ਦਾ, ਅਗਲੇ ਦਾ ਲੋਕਾਂ ਪ੍ਰਤੀ ਪਿਆਰ, ਵਿਕਾਸ ਅਤੇ ਸਾਫ-ਸੁਥਰੇ ਰਾਜ ਦਾ ਵਾਅਦਾ ਲੋਕ ਫਤਵੇ ਨੇ ਸਪੱਸ਼ਟ ਕਰ ਦਿੱਤਾ। ਪੰਜਾਬ ਵਾਸੀਆਂ ਨੇ ਸਿੱਧ ਕਰ ਦਿੱਤਾ ਕਿ ਬਾਦਲ ਪਰਿਵਾਰ ਅਤੇ ਸਰਕਾਰ ਜਿੰਨਾਂ ਪੰਜਾਬ ਅਤੇ ਲੋਕਾਂ ਦਾ ਹਿਤੈਸ਼ੀ ਹੋਰ ਕੋਈ ਨਹੀਂ। ਹੁਣ ਬਾਹਰਲੇ ਮੁਲਕਾਂ ਵਿੱਚ ਬੈਠੇ ਪੰਜਾਬੀਉ, ਆਪਣੀ ਜ਼ੁਬਾਨ ਨੂੰ ਸੰਭਾਲ ਕੇ ਰੱਖਣਾ, ਬਾਦਲ ਨੂੰ ਗਲਤ ਕਹਿਣ ਤੋਂ ਪਹਿਲਾਂ ਲੱਖਾਂ ਵਾਰ ਸੋਚਣਾ। ਸਿਰਫ ਗੱਲਾਂ ਨਾਲ ਹੀ ਵਿਕਾਸ ਨਹੀਂ ਹੁੰਦਾ, ਵਿਕਾਸ ਕਰਨ ਲਈ ਸੰਗਤ-ਦਰਸ਼ਨਾਂ 'ਚ ਪੈਸੇ ਅਤੇ ਲਾਰੇ ਵੰਡਣੇ ਪੈਂਦੇ ਨੇ, ਵਿਰੋਧੀਆਂ ਨੂੰ ਨੀਵਾਂ ਕਹਿਣਾ ਹੀ ਨਹੀਂ ਦਿਖਾਉਣਾ ਵੀ ਪੈਂਦਾ ਹੈ। ਜਿੱਥੇ ਅੱਜ ਪੰਜਾਬ ਦੇ ਲੋਕ ਜਿੱਤ ਮਹਿਸੂਸ ਕਰ ਰਹੇ ਨੇ ਉੱਥੇ ਹੀ ਚੋਣ-ਸਰਵੇਖਣਾਂ ਵਾਲੇ ਵੀ ਆਪਣੇ-ਆਪ ਨੂੰ ਲੁੱਟਿਆ ਗਿਆ ਮਹਿਸੂਸ ਕਰ ਰਹੇ ਹੋਣਗੇ। ਸੁਖਬੀਰ ਦੀ ਚੋਣ-ਸਰਵੇਖਣਾਂ ਨੂੰ ਗਲਤ ਸਾਬਤ ਕਰਨ ਵਾਲੀ ਭਵਿੱਖਬਾਣੀ 'ਤੇ ਮਾਣ ਕਰ ਰਹੇ ਪ੍ਰਕਾਸ਼ ਸਿੰਘ ਬਾਦਲ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਹੋਣੇ। ਖੁਸ਼ੀ ਹੋਵੇ ਵੀ ਕਿਉਂ ਨਾ ਅਗਲੇ ਨੇ ਕਹਿੰਦੇ-ਕਹਾਉਂਦੇ ਵਿਰੋਧੀਆਂ ਨੂੰ ਚਾਰੋਂ-ਖਾਨੇ ਚਿੱਤ ਕਰ ਦਿੱਤਾ। ਇਹ ਸਿਹਰਾ ਕਿਸ ਜਾਂਦਾ...ਸਿਰਫ 'ਤੇ ਸਿਰਫ ਵਿਕਾਸ ਦੇ ਸਿਰ।
ਹੁਣ ਸਰਕਾਰ ਬਣਨ 'ਤੇ ਜਿਹੜਾ ਵੀ ਕੋਈ ਭ੍ਰਿਸ਼ਟਾਚਾਰ ਨੂੰ ਕੋਸੂ ਉਹ ਦੁਨੀਆਂ ਦਾ ਸਭ ਤੋਂ ਵੱਡਾ ਬੇਵਕੂਫ ਹੋਊ। ਜਿਹੜਾ ਵੀ ਸਰਕਾਰੀ ਦਫਤਰਾਂ ਦੇ ਗੇੜਿਆਂ ਤੋਂ ਮੂੰਹ ਮੋੜੂ ਬੇ-ਸ਼ਰਮ ਹੋਊ 'ਤੇ ਉਹ ਵੀ ਸਭ ਤੋਂ ਵੱਡਾ।
ਪੰਜਾਬ ਵਾਲਿਉ ਇਸ ਵਾਰ ਪੂਰੀ ਉਮੀਦ ਸੀ ਕਿ ਤੁਸੀਂ ਅਕਲ ਅਤੇ ਸਮਝ ਤੋਂ ਕੰਮ ਲਵੋਂਗੇ ਪਰ ਇਹ ਵੀ ਮੇਰੀ ਸੋਚ ਦੇ ਇੱਕ ਵਹਿਮ ਤੋਂ ਵੱਧ ਕੁਝ ਨਹੀਂ ਨਿਕਲਿਆ...ਚਲੋ ਪੰਜਾਬ ਵਾਲਿਉ ਗੱਲ ਰੱਸਾ ਤਾਂ ਪਾ ਈ ਲਿਆ, ਬੱਸ ਮੱਲੋ ਹੁਣ ਝੂਟ ਜਾਉ ਬਿਨਾਂ ਹਾਏ ਜਾਂ ਸੀ ਕਿਹਾਂ...ਰੱਬ ਰਾਖਾ...!
ਮਿਤੀ: 06/03/2012