Pages

ਸਿੱਖ ਰਹਿਤ ਮਰਿਆਦਾ


ੴ ਸਤਿਗੁਰ ਪ੍ਰਸਾਦਿ ॥

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰਕਾਸ਼ਤ ਅਤੇ
ਪੰਥ ਪ੍ਰਵਾਣਿਤ ‘ਸਿੱਖ ਰਹਿਤ ਮਰਿਆਦਾ’
ੴ ਸਤਿਗੁਰ ਪ੍ਰਸਾਦਿ
ਸਿੱਖ ਰਹਿਤ ਮਰਯਾਦਾ

ਸਿੱਖ ਦੀ ਤਾਰੀਫ:
ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ‘ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।

ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ: ਸ਼ਖਸੀ ‘ਤੇ ਪੰਥਕ
1.ਸ਼ਖਸੀ ਰਹਿਣੀ
1) ਨਾਮ ਬਾਣੀ ਦਾ ਅਭਿਆਸ।
2) ਗੁਰਮਿਤ ਦੀ ਰਹਿਣੀ।
3) ਸੇਵਾ
1. ਨਾਮ ਬਾਣੀ ਦਾ ਅਭਿਆਸ
1. ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ 'ਵਾਹਿਗੁਰੂ' ਨਾਮ ਜਪੇ ।
2. ਨਿਤਨੇਮ ਦਾ ਪਾਠ ਕਰੇ
ਨਿਤਨੇਮ ਦੀਆਂ ਬਾਣੀਆਂ ਇਹ ਹਨ:-ਜਪੁ, ਜਾਪੁ ਅਤੇ 10 ਸਵੱਯੇ ('ਸ੍ਰਾਵਗ ਸੁਧ' ਵਾਲੇ)- ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ।
ਸੋ ਦਰੁ ਰਹਿਰਾਸ- ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ:-
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌਂ ਸ਼ਬਦ (ਸੋ ਦਰੁ ਤੋਂ ਲੈ ਕੇ ਸਰਣਿ ਪਰੇ ਕੀ ਰਾਖਹੁ ਸਰਮਾ ਤੱਕ), ਬੇਨਤੀ ਚੌਪਈ ਪਾਤਸ਼ਾਹੀ 10 (ਹਮਰੀ ਕਰੋ ਹਾਥ ਦੇ ਰੱਛਾ ਤੋਂ ਲੈ ਕੇ ਦੁਸਟ ਦੋਖ ਤੇ ਲੇਹੁ ਬਚਾਈ ਤੱਕ), ਸ੍ਵੈਯਾ (ਪਾਇ ਗਹੈ ਜਬ ਤੇ ਤੁਮਰੇ) ਅਤੇ ਦੋਹਰਾ (ਸਗਲ ਦੁਆਰ ਕਉ ਛਾਡਿ ਕੈ), ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ‘ਤੇ ਅੰਤਲੀ ਇੱਕ ਪਉੜੀ, ਮੁੰਦਾਵਣੀ ‘ਤੇ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ’।
ਸੋਹਿਲਾ- ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ।
ਅੰਮ੍ਰਿਤ ਵੇਲੇ ਅਤੇ ਸੋਦਰੁ ਵੇਲੇ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ ।
3. (ੳ) ਅਰਦਾਸ ਇਹ ਹੈ:-
ੴ ਵਾਹਿਗੁਰੂ ਜੀ ਕੀ ਫ਼ਤਹਿ॥
ਸ਼੍ਰੀ ਭਗੌਤੀ ਜੀ ਸਹਾਇ॥ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ 10ਪ੍ਰਿਥਮ ਭਗੌਤੀ ਸਿਮਰਿ ਕੈ ਗੁਰੂ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰੂ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥ ਅਰਜਨ ਹਰਗੋਬਿੰਦ ਨੋ ਸਿਮਰੌ ਸ਼੍ਰੀ ਹਰਿਰਾਇ॥ ਸ਼੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਂਈ ਹੋਇ ਸਹਾਇ॥ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਂਈ ਹੋਇ ਸਹਾਇ॥ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ!
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ!
ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ!
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!!
ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ.....ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ।
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਇਸ ਤੋਂ ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਣ ਵਾਲੀ ਸਾਰੀ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕੇ ਅਤੇ ਫਿਰ ਖੜ੍ਹੇ ਹੋ ਕੇ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਬੁਲਾਵੇ। ਉਪ੍ਰੰਤ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਵੇ।
ਅ) ਅਰਦਾਸ ਹੋਣ ਸਮੇਂ ਸੰਗਤ ਚ ਹਾਜ਼ਰ ਸਾਰੇ ਇਸਤਰੀ-ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈਜੋ ਸੱਜਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੋਵੇ, ਉਹ ਭੀ ਉੱਠ ਕੇ ਚੌਰ ਕਰੇ।
ੲ) ਅਰਦਾਸ ਕਰਨ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ, ਹੱਥ ਜੋੜ ਕੇ ਅਰਦਾਸ ਕਰੇਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ।
ਸ) ਜਦੋਂ ਕੋਈ ਖਾਸ ਅਰਦਾਸ ਕਿਸੇ ਇੱਕ ਜਾਂ ਵਧੀਕ ਆਦਮੀਆਂ ਵੱਲੋਂ ਹੋਵੇ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ।
4. ਸਾਧ ਸੰਗਤ ਵਿੱਚ ਜੁੜਕੇ ਗੁਰਬਾਣੀ ਦਾ ਅਭਿਆਸ
ਗੁਰਦੁਆਰੇ
ੳ) ਗੁਰਬਾਣੀ ਦਾ ਅਸਰ ਸਾਧ ਸੰਗਤ ਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ-ਮੇਲ ਦੇ ਅਸਥਾਨਾਂ-ਗੁਰਦੁਆਰਿਆਂ ਦੇ ਦਰਸ਼ਨ ਕਰੇ ‘ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ।
ਅ) ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ-ਪ੍ਰਤੀ ਹੋਵੇ। ਬਿਨਾਂ ਖਾਸ ਕਾਰਨ ਦੇ (ਜਦ ਕਿ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ) ਰਾਤ ਨੂੰ ਪ੍ਰਕਾਸ਼ ਨਾ ਰਹੇ। ਆਮ ਤੌਰ 'ਤੇ ਰਹਰਾਸਿ ਦੇ ਪਾਠ ਮਗਰੋਂ ਸੁੱਖ-ਆਸਨ ਕੀਤਾ ਜਾਵੇ। ਜਦ ਤਕ ਗ੍ਰੰਥੀ ਜਾਂ ਸੇਵਾਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ, ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤਕ ਪ੍ਰਕਾਸ਼ ਰਹੇ। ਉਪ੍ਰੰਤ ਸੁੱਖ-ਆਸਨ ਕਰ ਦੇਣਾ ਉਚਿਤ ਹੈ, ਤਾਂ ਜੋ ਬੇਅਦਬੀ ਨਾ ਹੋਵੇ।
ੲ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ-ਸੁਥਰਾ ਹੋਵੇ। ਉਪਰ ਚਾਂਦਨੀ ਹੋਵੇ। ਪ੍ਰਕਾਸ਼ ਮੰਜੀ ਸਾਹਿਬ 'ਤੇ ਸਾਫ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਦੈਲੇ ਆਦਿ ਸਮਿਆਨ ਵਰਤੇ ਜਾਣ ਅਤੇ ਉਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ, ਤਾਂ ਉਤੇ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਭੀ ਚਾਹੀਦਾ ਹੈ।
ਸ) ਉਪਰ ਦੱਸੇ ਸਾਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ,ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।
ਹ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ(ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ,ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।
ਕ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ 'ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।
ਖ) ਇੱਕ ਤੋਂ ਦੂਜੀ ਥਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਏ। ਜਿਸ ਨੇ ਸਿਰ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ, ਉਹ ਨੰਗੇ ਪੈਰੀਂ ਚੱਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤਿ ਲੋੜ ਪੈ ਜਾਵੇ, ਤਾਂ ਭਰਮ ਨਹੀਂ ਕਰਨਾ।
ਗ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਸ਼ਬਦ ਦਾ ਵਾਕ ਲਿਆ ਜਾਵੇ।
ਘ) ਜਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ ਤਾਂ ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ, ਹਰ ਇੱਕ ਸਿੱਖ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਏ।
ਙ) ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾਹ ਕੇ, ਸੁਥਰਾ ਹੋ ਕੇ ਜਾਣਾ ਚਾਹੀਏ, ਜੇ ਪੈਰ ਮੇਲੇ ਜਾਂ ਗੰਦੇ ਹੋਣ, ਤਾਂ ਜਲ ਨਾਲ ਧੋ ਲੈਣੇ ਚਾਹੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪ੍ਰਕਰਮਾ ਕਰਨੀ ਚਾਹੀਏ।
ਚ) ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼,ਮਜ਼੍ਹਬ, ਜਾਤਿ ਵਾਲੇ ਨੂੰ ਮਨਾਹੀ ਨਹੀਂ, ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਜਿਤ,ਤਮਾਕੂ ਆਦਿ ਕੋਈ ਚੀਜ਼ ਨਹੀ ਹੋਣੀ ਚਾਹੀਦੀ।
ਛ) ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਉਪ੍ਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਬੁਲਾਈ ਜਾਵੇ।
ਜ) ਸੰਗਤ ਵਿੱਚ ਬੈਠਣ ਲਈ ਭੀ ਸਿੱਖ-ਅਸਿੱਖ ਛੂਤ-ਛਾਤ, ਜਾਤ-ਪਾਤ, ਊਚ-ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ।
ਝ) ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੇਲਾ, ਆਸਣ, ਕੁਰਸੀ, ਚੌਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ।
ਞ) ਸਸੰਗਤ ਵਿੱਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤਿ ਵਿਰੁੱਧ ਹੈ।
ਟ) ਤਖਤ ਪੰਜ ਹਨ:-
1) ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ।
2) ਤਖ਼ਤ ਸ਼੍ਰੀ ਪਟਨਾ ਸਾਹਿਬ।
3) ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ।
4) ਤਖ਼ਤ ਸ਼੍ਰੀ ਹਜ਼ੂਰ ਸਾਹਿਬ,ਨੰਦੇੜ।
5) ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬ੍ਹੋ)
ਠ) ਤਖ਼ਤਾਂ ਦੇ ਖਾਸ ਅਸਥਾਨ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ (ਸਿੰਘ ਜਾਂ ਸਿੰਘਣੀ)ਹੀ ਚੜ੍ਹ ਸਕਦੇ ਹਨ। (ਤਖ਼ਤਾ ਉਤੇ ਪਤਿਤ ਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ, ਸਿੱਖ ਗੈਰ-ਸਿੱਖ ਦੀ ਅਰਦਾਸ ਹੋ ਸਕਦੀ ਹੈ।)
ਡ) ਹਰ ਇਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ 'ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ।
ਢ) ਗੁਰਦੁਆਰੇ ਵਿੱਚ ਨਗਾਰਾ ਹੋਵੇ, ਜੋ ਸਮੇਂ ਸਿਰ ਵਜਾਇਆ ਜਾਵੇ।
ਕੀਰਤਨ
ੳ) ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।
ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ।
ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।
ਸ) ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ-ਘੜ੍ਹਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ।
ਹੁਕਮ ਲੈਣਾ
ੳ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ-ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਅਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਦੇ 'ਦਰਸ਼ਨ' ਹਨ। ਵਾਕ ਲੈਣ ਤੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮੱਤ ਹੈ।
ਅ) ਸੰਗਤ ਵਿੱਚ ਇਕ ਵਕਤ ਇਕੋ ਗੱਲ ਹੋਣੀ ਚਾਹੀਏ-ਕੀਰਤਨ ਜਾਂ ਕਥਾ, ਵਖਿਆਨ ਜਾਂ ਪਾਠ।
ੲ) ਦੀਵਾਨ ਸਮੇਂ ਸੰਗਤ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ (ਮਰਦ ਜਾਂ ਤੀਵੀਂ) ਹੀ ਬੈਠਣ ਦਾ ਅਧਿਕਾਰੀ ਹੈ।
ਸ) ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰ ਕੇ ਸੁਣਾਵੇ। ਆਪਣੇ ਆਪ ਲਈ ਪਾਠ ਕੋਈ ਗੈਰ-ਸਿੱਖ ਭੀ ਕਰ ਸਕਦਾ ਹੈ।
ਹ) ਹੁਕਮ ਲੈਣ ਲੱਗਿਆ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜਨ੍ਹਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜਨ੍ਹਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ ਪੜਨ੍ਹੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿਥੇ 'ਨਾਨਕ' ਨਾਮ ਆ ਜਾਵੇ, ਉਸ ਤੁਕ ਤੇ ਭੋਗ ਪਾਇਆ ਜਾਵੇ।
ਕ) ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਵੇ।
ਸਾਧਾਰਨ ਪਾਠ
ੳ) ਹਰ ਇਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ।
ਅ) ਹਰ ਇਕ ਸਿੱਖ ਸਿੱਖਣੀ, ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਏ।
ੲ) ਹਰ ਇਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇਜੇ ਇਸ ਵਿੱਚ ਉਕਾਈ ਹੋ ਜਾਵੇ, ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਸਫਰ ਆਦਿ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।
ਸ) ਚੰਗਾ ਤਾਂ ਇਹ ਹੈ ਕਿ ਹਰ ਇਕ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ ਦੋ ਮਹੀਨੇ ਮਗਰੋਂ (ਜਾਂ ਜਿਤਨੇ ਸਮੇਂ ਵਿੱਚ ਹੋ ਸਕੇ) ਭੋਗ ਪਾਵੇ।
ਹ) ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ(ਪਹਿਲੀਆਂ ਪੰਜ ਪਉੜੀਆਂ ਤੇ ਇਕ ਅੰਤਲੀ ਪਉੜੀ) ਦੇ ਪਾਠ ਮਗਰੋਂ ਅਰਦਾਸਾ ਕਰ ਕੇ ਹੁਕਮ ਲੈਣਾ ਚਾਹੀਏ। ਫੇਰ ਜਪੁਜੀ ਸਾਹਿਬ ਦਾ ਪਾਠ ਕਰਨਾ ਚਾਹੀਏ।
ਅਖੰਡ ਪਾਠ
ੳ) ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਏ, ਭਾਵੇਂ ਸਮਾਂ ਕੁਝ ਵਧੀਕ ਲੱਗ ਜਾਵੇ।
ਅ) ਅਖੰਡ ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ।ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ-ਸ਼ਕਤਿ ਭੋਜਨ ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।
ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
ਸਾਧਾਰਨ ਪਾਠ / ਅਖੰਡ ਪਾਠ ਦਾ ਅਰੰਭ
ਸਾਧਾਰਨ ਪਾਠ ਦੇ ਅਰੰਭ ਵੇਲੇ ਪ੍ਰਸ਼ਾਦਿ ਲਿਆ ਕੇ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸ ਮਗਰੋਂ 'ਹੁਕਮ' ਲਿਆ ਜਾਵੇ। ਅਖੰਡ ਪਾਠ ਵੇਲੇ ਕੜਾਹ ਪ੍ਰਸ਼ਾਦਿ ਹੋਵੇ, ਫੇਰ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰਨ ਮਗਰੋਂ ਅਰਦਾਸ ਕਰ ਕੇ ਹੁਕਮ ਲੈ ਕੇ ਪਾਠ ਦਾ ਆਰੰਭ ਕੀਤਾ ਜਾਵੇ।
ਭੋਗ
ੳ) ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
ਅ) ਭੋਗ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲ, ਚੌਰ,ਚਾਨਣੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ-ਸ਼ਕਤਿ 'ਅਰਦਾਸ' ਕਰਾਈ ਜਾਵੇ।
ਕੜਾਹ ਪ੍ਰਸ਼ਾਦਿ
ੳ) ਕੜਾਹ ਪ੍ਰਸ਼ਾਦਿ ਜੋ ਵਿਧੀ ਅਨੁਸਾਰ ਤਿਆਰ ਕਰ ਕੇ ਜਾਂ ਕਰਾ ਕੇ ਲਿਆਂਦਾ ਜਾਵੇ, ਸੰਗਤ ਵਿੱਚ ਪ੍ਰਵਾਨ ਹੋਵੇਗਾ।
ਅ) ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿਧੀ ਇਹ ਹੈ- ਸੁਅੱਛ ਭਾਂਡੇ 'ਚ ਤ੍ਰਿਭਾਵਲੀ (ਆਟਾ,ਉਤਮ ਮਿੱਠਾ ਤੇ ਘੀ ਇਕੋ ਜਿਹੇ ਪਾ ਕੇ) ਗੁਰਬਾਣੀ ਦਾ ਪਾਠ ਕਰਦੇ ਹੋਏ ਕੀਤਾ ਜਾਵੇ। ਫਿਰ ਸੁਅੱਛ ਬਸਤਰ ਨਾਲ ਢੱਕ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੁਅੱਛ ਚੌਂਕੀ ਉਪੱਰ ਰਖਿਆ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤ ਨੂੰ ਉੱਚੀ ਅਵਾਜ 'ਚ ਸੁਣਾ ਕੇ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ ਦਾ ਪਾਠ ਕੀਤਾ ਜਾਵੇ ਅਤੇ ਅਰਦਾਸਾ ਸੋਧਿਆ ਜਾਵੇ ਤੇ ਪਰਵਾਨਗੀ ਲਈ ਕਿਰਪਾਨ ਭੇਟ ਹੋਵੇ।
ੲ) ਇਸ ਦੇ ਉਪਰੰਤ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦਿ ਵਿਚੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ। ਉਪ੍ਰੰਤ ਸੰਗਤ ਵਿੱਚ ਵਰਤਾਉਣ ਲੱਗਿਆਂ ਪਹਿਲਾਂ ਤਾਬਿਆ ਬੈਠੇ ਸਿੰਘਾਂ ਨੂੰ ਕਟੋਰੇ ਜਾਂ ਕੌਲ ਵਿੱਚ ਪਾ ਕੇ ਦੇਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਏ। ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ।ਸਭ ਸਿੱਖ, ਗੈਰ ਸਿੱਖ, ਨੀਚ-ਉਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜ਼ਾਤ-ਪਾਤ, ਛੂਤ-ਛਾਤ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।
ਸ) ਕੜਾਹ ਪ੍ਰਸ਼ਾਦਿ ਭੇਟਾ ਕਰਨ ਵੇਲੇ ਘੱਟ ਤੋਂ ਘੱਟ ਇਕ ਟਕਾ ਨਕਦ ਅਰਦਾਸ ਭੀ ਹੋਵੇ।
5. ਗੁਰਬਾਣੀ ਦੀ ਕਥਾ
ੳ) ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ।
ਅ) ਕਥਾ ਦਾ ਮਨੋਰਥ ਗੁਰਮਿਤ ਦ੍ਰਿੜ੍ਹਾਉਣਾ ਹੀ ਹੋਵੇ।
ੲ) ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨੁਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿਖਿਆ ਦਾ ਲਿਆ ਜਾ ਸਕਦਾ ਹੈ।
ਸ) ਵਖਿਆਨ-ਗੁਰਦੁਆਰੇ ਵਿੱਚ ਗੁਰਮਿਤ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ।
ਹ) ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਉਂ ਹੁੰਦਾ ਹੈ:-
ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ, ਕਥਾ, ਵਖਿਆਨ, ਅਨੰਦ ਸਾਹਿਬ, ਅਰਦਾਸ, ਫ਼ਤਿਹ, ਸਤਿ ਸ਼੍ਰੀ ਅਕਾਲ ਦਾ ਜੈਕਾਰਾ ਤੇ ਹੁਕਮ।
2. ਗੁਰਮਿਤ ਦੀ ਰਹਿਣੀ
ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਿਤ ਅਨੁਸਾਰ ਹੋਵੇ। ਗੁਰਮਿਤ ਇਹ ਹੈ:-
ੳ) ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
ਅ) ਆਪਣੀ, ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।
ੲ) ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ।
ਸ) ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸ਼ਰਾਧ, ਪਿੱਤਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਞੂ,ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉਤੇ ਨਿਸਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ,ਗੀਤਾ, ਕੁਰਾਨ, ਅੰਜੀਲ ਆਦਿ ਉਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫੀ ਲਈ ਅਨਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ, ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ।
ਕ) ਹਰ ਇਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੇ।
ਖ) ਸਿੱਖ ਲਈ ਗੁਰਮੁਖੀ ਦੀ ਵਿਦਿਆ ਪੜ੍ਹਨੀ ਜ਼ਰੂਰੀ ਹੈ। ਹੋਰ ਵਿਦਿਆ ਭੀ ਪੜ੍ਹੋ।
ਗ) ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖ ਦਾ ਫ਼ਰਜ਼ ਹੈ।
ਘ) ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾ ਮੰਗੇ, ਕੇਸ ਉਹੀ ਰੱਖੇ, ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ।
ਙ) ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ।ਅਮਲ ਪ੍ਰਸ਼ਾਦੇ ਦਾ ਹੀ ਰੱਖੇ।
ਚ) ਸਿੱਖ ਮਰਦ ਅਥਵਾ ਇਸਤ੍ਰੀ ਨੂੰ ਨੱਕ, ਕੰਨ, ਛੇਦਨਾ ਮਨ੍ਹਾਂ ਹੈ।
ਛ) ਗੁਰੂ ਕਾ ਸਿੱਖ ਕੰਨਿਆਂ ਨਾ ਮਾਰੇ, ਕੁੜੀ-ਮਾਰ ਨਾਲ ਨਾ ਵਰਤੇ।
ਜ) ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰ ਕੇ ਨਿਰਬਾਹ ਕਰੇ।
ਝ) ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ।
ਞ) ਚੋਰੀ ਯਾਰੀ ਨਾ ਕਰੇ, ਜੂਆ ਨ ਖੇਡੇ।
ਟ) ਪਰ ਬੇਟੀ ਕੋ ਬੇਟੀ ਜਾਨੈ। ਪਰ ਇਸਤ੍ਰੀ ਕੋ ਮਾਤ ਬਖਾਨੈ।
ਅਪਨਿ ਇਸਤ੍ਰੀ ਸੋਂ ਰਤਿ ਹੋਈ। ਰਹਿਤਵੰਤ ਸਿੰਘ ਹੈ ਸੋਈ।
ਇਸੇ ਤਰ੍ਹਾਂ ਸਿੱਖ ਇਸਤ੍ਰੀ ਆਪਣੇ ਪਤੀਬਰਤ ਧਰਮ 'ਚ ਰਹੇ।
ਠ) ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦੇਹਾਂਤ ਤਕ ਗੁਰ ਮਰਯਾਦਾ ਕਰੇ।
ਡ) ਸਿੱਖ, ਸਿੱਖ ਨੂੰ ਮਿਲਣ ਸਮੇਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਬੁਲਾਵੇ। ਮਰਦ ਇਸਤਰੀ ਦੋਹਾਂ ਲਈ ਇਹੋ ਹੁਕਮ ਹੈ।
ਢ) ਸਿੱਖ ਇਸਤਰੀਆਂ ਲਈ ਪਰਦਾ ਜਾਂ ਘੁੰਡ ਕਰਨਾ ਉੱਚਿਤ ਨਹੀਂ।
ਣ) ਸਿੱਖ ਲਈ ਕਛਹਿਰੇ ਤੇ ਦਸਤਾਰ ਤੋਂ ਛੁਟ ਪੁਸ਼ਾਕ ਸੰਬੰਧੀ ਬਾਕੀ ਕੋਈ ਪਾਬੰਦੀ ਨਹੀਂ। ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ, ਦੋਵੇਂ ਠੀਕ ਹਨ।
1. ਜਨਮ ‘ਤੇ ਨਾਮ-ਸੰਸਕਾਰ
ੳ) ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ (ਦਿਨਾਂ ਦੀ ਕੋਈ ਗਿਣਤੀ ਮੁਕੱਰਰ ਨਹੀਂ) ਟੱਬਰ ਤੇ ਸੰਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦਿ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਜੀ ਦੇ ਹਜ਼ੂਰ 'ਪਰਮੇਸਰਿ ਦਿਤਾ ਬੰਨਾ' (ਸੋਰਠਿ ਮ: 5) 'ਸਤਿਗੁਰੂ ਸਾਚੈ ਦੀਆ ਭੇਜਿ' (ਆਸਾ ਮ:5) ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ, ਉਪ੍ਰੰਤ, ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ, ਫਿਰ ਵਾਕ ਲਿਆ ਜਾਵੇ। ਵਾਕ ਦੇ ਅਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ, ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਲੜਕੇ ਦੇ ਨਾਉਂ ਪਿੱਛੇ 'ਸਿੰਘ' ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ 'ਕੌਰ' ਸ਼ਬਦ ਲਗਾਇਆ ਜਾਵੇ। ਉਪ੍ਰੰਤ, ਅਨੰਦ ਸਾਹਿਬ (ਛੇ ਪਉੜੀਆਂ) ਮਗਰੋਂ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿੱਚ ਅਰਦਾਸਾ ਕਰ ਕੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
ਅ) ਜਨਮ ਦੇ ਸੰਬੰਧ ਵਿੱਚ ਖਾਣ-ਪੀਣ ਵਿੱਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਂਕਿ:
"ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥"
ੲ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲ ਤੋਂ ਚੋਲਾ ਬਣਾ ਕੇ ਪਾਉਣਾ ਆਦਿ ਮਨਮੱਤ ਹੈ।
2. ਅਨੰਦ ਸੰਸਕਾਰ
ੳ) ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜ਼ਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ।
ਅ) ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
ੲ) ਸਿੱਖ ਦਾ ਵਿਆਹ 'ਅਨੰਦ' ਰੀਤੀ ਨਾਲ ਕਰਨਾ ਚਾਹੀਏ।
ਸ) ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ।
ਹ) ਜਦ ਲੜਕੀ ਸ਼ਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ, ਤਾਂ ਕਿਸੇ ਯੋਗ ਸਿੱਖ ਨਾਲ ਅਨੰਦ ਪੜ੍ਹਾਇਆ ਜਾਵੇ।
ਕ) ਅਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕ੍ਰਿਪਾਨ, ਕੜਾ, ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।
ਖ) ਅਨੰਦਦਾ ਦਿਨ ਮੁਕਰੱਰ ਕਰਨ ਲੱਗਿਆਂ ਕੋਈ ਥਿਤਿ-ਵਾਰ, ਚੰਗੇ-ਮੰਦੇ ਦਿਨ ਦੀ ਖੋਜ ਕਰਨ ਲਈ ਪੱਤ੍ਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰ ਕੇ ਚੰਗਾ ਦਿੱਸੇ, ਨਿਯਤ ਕਰ ਲੈਣਾ ਚਾਹੀਏ।
ਗ) ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਡਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ।
ਘ) ਜਿਤਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ, ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ, ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ 'ਫ਼ਤਿਹ' ਗਜਾਈ ਜਾਵੇ।
ਙ) ਵਿਆਹ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲਗੇ। ਸੰਗਤ ਜਾਂ ਰਾਗੀ ਕੀਰਤਨ ਕਰਨਫਿਰ ਲੜਕੀ ਤੇ ਲੜਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ। ਲੜਕੀ, ਲੜਕੇ ਦੇ ਖੱਬੇ ਪਾਸੇ ਬੈਠੇ। ਸੰਗਤ ਦੀ ਆਗਿਆ ਲੈ ਕੇ 'ਅਨੰਦ' ਪੜ੍ਹਾਉਣ ਵਾਲਾ ਸਿੱਖ (ਮਰਦ ਜਾਂ ਇਸਤਰੀ) ਲੜਕੇ ਲੜਕੀ ਤੇ ਉਨ੍ਹਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜ੍ਹਾ ਕਰ ਕੇ 'ਅਨੰਦ' ਦੇ ਅਰੰਭ ਦਾ ਅਰਦਾਸਾ ਸੋਧੇ। ਫਿਰ ਉਹ ਲੜਕੇ ਲੜਕੀ ਨੂੰ ਗੁਰਮਿਤ ਅਨੁਸਾਰ ਗ੍ਰਹਿਸਤ ਧਰਮ ਦੇ ਫ਼ਰਜ਼ਾਂ ਦਾ ਉਪਦੇਸ਼ ਕਰੇ।ਪਹਿਲੇ, ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ। ਇਸ ਵਿੱਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ-ਪਤਨੀ ਦੇ ਸਬੰਧ ਨੂੰ ਜੀਵ ਤੇ ਪ੍ਰਮਾਤਮਾ ਦੇ ਪਿਆਰ ਦੇ ਨਮੂਨੇ ਉਤੇ ਢਾਲਣ ਦੀ ਵਿਧੀ ਦੱਸੇ।ਆਪਸ ਵਿੱਚ ਪ੍ਰੇਮ ਦਾਰਾ "ਏਕ ਜੋਤਿ ਦੁਇ ਮੂਰਤੀ" ਹੋਣਾ ਦੱਸੇ ਤੇ ਇਕੁਰ ਗ੍ਰਹਿਸਤ ਧਰਮ ਨਿਬਾਹੁੰਦੇ ਹੋਏ ਆਪਣੇ ਸਾਂਝੇ ਭਰਤਾ 'ਅਕਾਲ ਪੁਰਖ' ਨਾਲ ਇਕਮਿਕ ਹੋਣਾ ਦ੍ਰਿੜ੍ਹਾਵੇ। ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਬਾਹੁਣ ਦਾ ਸਾਧਨ ਬਨਾਉਣਾ ਹੈ।ਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈ।ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵਖੋ-ਵਖਰੇ, ਗ੍ਰਹਿਸਤ ਧਰਮ ਦੇ ਫ਼ਰਜ਼ ਦੱਸੇ ਜਾਣਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਹੀ ਸਭ ਤੋਂ ਵਧੀਕ ਯੋਗ ਜਾਣ ਕੇ ਵਰ ਚੁਣਿਆ ਹੈ। ਆਪ ਨੇ ਆਪਣੀ ਪਤਨੀ ਨੂੰ ਅਰਧੰਗੀ ਜਾਣ ਕੇ ਸਾਰੀਆਂ ਅਵਸਥਾਂ ਵਿੱਚ ਇਕੋ ਜਿਹਾ ਪਿਆਰ ਕਰਨਾ ਹੈ ਤੇ ਵੰਡ ਛਕਣਾ ਹੈ। ਏਸ ਦੇ ਸਰੀਰ ਤੇ ਇੱਜ਼ਤ ਦੇ ਰਾਖੇ ਤੁਸੀਂ ਹੋ। ਇਸਤਰੀ-ਬਰਤ ਧਰਮ ਵਿੱਚ ਪੱਕੇ ਰਹਿਣਾ। ਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ-ਪਿਤਾ ਤੇ ਸੰਬੰਧੀਆਂ ਤੁੱਲ ਆਦਰ ਦੇਣਾਕੰਨਿਆਂ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ। ਆਪ ਇਨ੍ਹਾਂ ਦੇ 'ਨਿਰਮਲ ਭਉ' ਵਿੱਚ ਰਹਿੰਦੇ ਹੋਏ ਇਨ੍ਹਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ, ਦੁਖ ਸੁਖ, ਦੇਸ ਪਰਦੇਸ ਵਿੱਚ ਆਪਣੇ ਪਤੀ-ਬਰਤ ਧਰਮ ਵਿੱਚ ਪੱਕੇ ਰਹਿਣਾ, ਸੇਵਾ ਕਰਨੀ। ਇਨ੍ਹਾਂ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਂਗ ਜਾਣਨਾ।ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆਂ ਦੋਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹਲਾ 4 ਵਿੱਚ ਦਿਤੀਆਂ ਲਾਵਾਂ ਦਾ ਪਾਠ ਸੁਣਾਵੇ। ਹਰੇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆਂ, ਵਰ ਦਾ ਪੱਲਾ ਫੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪ੍ਰਕਰਮਾਂ ਕਰਨ। ਪ੍ਰਕਰਮਾਂ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆਂ ਹਰ ਇਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਖੜ੍ਹੇ ਹੋ ਜਾਣ। ਉਪਰੰਤ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਪਉੜੀ ਦਾ ਪਾਠ ਕਰੇ। ਫਿਰ 'ਅਨੰਦ' ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
ਚ) ਅਨਮਤ ਵਾਲਿਆਂ ਦਾ ਵਿਆਹ 'ਅਨੰਦ' ਰੀਤੀ ਨਾਲ ਨਹੀਂ ਹੋ ਸਕਦਾ।
ਛ) ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੋ।
ਜ) ਜੇ ਬਾਲਕੀ ਦੇ ਮਾਪੇ ਕਦਾਂਚ ਸੱਬਬ ਪਾਇ ਕੈ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉਥੇ ਪ੍ਰਸ਼ਾਦਿ ਤਿਆਰ ਹੋਵੇ, ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ। ਖਾਲਸੇ ਨੂੰ, ਖਾਣਾ ਖਲਾਵਣਾ ਸ਼੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਵਿੱਚ ਖਾਂਦੇ ਰਹਿਣ, ਇਸੇ ਵਾਸਤੇ, ਜੋ ਗੁਰੂ ਨੇ ਦੋਵੇਂ ਸਾਕ ਇਕ ਕੀਤੇ ਹਨ।
ਝ) ਜਿਸ ਇਸਤਰੀ ਦਾ ਭਰਤਾ ਕਾਲ-ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਜੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ।
ਙ) ਪੁਨਰ ਵਿਆਹ ਦੀ ਵੀ ਇਹੋ ਰੀਤ ਹੈ, ਜੋ 'ਆਨੰਦ' ਲਈ ਉਤੇ ਦੱਸੀ ਹੈ।
ਟ) ਆਮ ਹਾਲਤਾਂ ਵਿੱਚ ਸਿੱਖ ਨੂੰ ਇਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ।
ਠ) ਅੰਮ੍ਰਿਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਭੀ ਅੰਮ੍ਰਿਤ ਛਕਾ ਲਵੇ।
3.  ਮਿਰਤਕ ਸੰਸਕਾਰ
ੳ) ਪ੍ਰਾਣੀ ਨੂੰ ਮਰਨ ਵੇਲੇ- ਜੋ ਮੰਜੇ ਤੇ ਹੋਵੇ ਤਾਂ - ਹੇਠ ਨਹੀਂ ਉਤਾਰਨਾ, ਦੀਵਾ-ਵੱਟੀ, ਗਉ ਮਣਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ 'ਵਾਹਿਗੁਰੂ''ਵਾਹਿਗੁਰੂ' ਕਰਨਾ।
ਅ) ਪ੍ਰਾਣੀ ਦੇ ਦੇਹ ਤਿਆਗਣ 'ਤੇ ਧਾਹ ਨਹੀਂ ਮਾਰਨੀ, ਪਿੱਟਣਾ, ਜਾਂ ਸਿਆਪਾ ਨਹੀਂ ਕਰਨਾ,ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ।
ੲ) ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਭੀ ਸਸਕਾਰਨਾ ਚਾਹੀਏ।ਜਿਥੇ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ ਉਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ।
ਸ) ਸਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ।
ਹ) ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸੁਅੱਸ਼ ਬਸਤ੍ਰ ਪਾਏ ਜਾਣ ਤੇ ਕਕਾਰ ਜੁਦਾ ਨ ਕੀਤੇ ਜਾਣ।ਫਿਰ ਤਖ਼ਤੇ ਉਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸਸਕਾਰ ਦੀ ਥਾਂ 'ਤੇ ਪਹੁੰਚ ਕੇ ਚਿਖਾ ਰਚੀ ਜਾਵੇ।ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਫਿਰ ਪ੍ਰਾਣੀ ਨੂੰ ਅੰਗੀਠੇ ਉਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿੱਥ ਤੇ ਬਹਿ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉਠੇ ਤਾਂ ( ਕਪਾਲਿ ਕਿਰਿਆ ਆਦਿ ਕਰਨਾ ਮਨਮਤ ਹੈ), ਕੀਰਤਨ ਸੋਹਿਲੇ ਦਾ ਪਾਠ ਕਰ ਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ। ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿੱਚ ਪ੍ਰਾਣੀ ਨਮਿੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਤੇ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰ ਕੇ ਅਰਦਾਸਾ ਦਸਵੇਂ ਦਿਨ ਹੋਵੇ। ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁਖ ਰੱਖ ਕੇ ਨਿਯਤ ਕੀਤਾ ਜਾਵੇਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਤੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਭੀ ਹੋਵੇ। 'ਦੁਸਿਹਰੇ' ਦੇ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ।
ਕ) ਮਿਰਤਕ ਪ੍ਰਾਣੀ ਦਾ 'ਅੰਗੀਠਾ' ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ।
ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ,ਪਿੰਡ, ਕਿਰਿਆ, ਸਰਾਧ, ਬੁਢਾ,ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ।
4. ਹੋਰ ਰੀਤੀਆਂ
ਇਨ੍ਹਾਂ ਸੰਸਕਾਰਾਂ ਤੋਂ ਛੁੱਟ ਸਮੇਂ ਸਮੇਂ ਜੋ ਭੀ ਖੁਸ਼ੀ ਗ਼ਮੀ ਦਾ ਮੌਕਾ ਆ ਬਣੇ (ਜਿਵੇਂ ਨਵੇਂ ਮਕਾਨ ਵਿੱਚ ਪ੍ਰਵੇਸ਼ ਕਰਨਾ, ਨਵੀਂ ਦੁਕਾਨ ਖੋਲ੍ਹਣਾ, ਬਾਲਕ ਨੂੰ ਮਦਰੱਸੇ ਪਾਉਣਾ ਆਦਿ) ਤਾਂ ਸਿੱਖ ਨੂੰ ਚਾਹੀਏ ਕਿ ਵਾਹਿਗੁਰੂ ਦੀ ਸਹਾਇਤਾ ਲਈ ਅਰਦਾਸਾ ਸੋਧੇ। ਸਿੱਖੀ ਵਿੱਚ ਸਾਰੇ ਸੰਸਕਾਰਾਂ ਦਾ ਜ਼ਰੂਰੀ ਅੰਗ ਬਾਣੀ ਦਾ ਪਾਠ ਤੇ ਅਰਦਾਸਾ ਹੈ।
3. ਸੇਵਾ
ਸੇਵਾ ਸਿੱਖ ਧਰਮ ਦਾ ਇਕ ਉੱਘਾ ਅੰਗ ਹੈ। ਇਸ ਨੂੰ ਨਮੂਨੇ ਮਾਤ੍ਰ ਸਿਖਾਉਣ ਲਈ ਗੁਰਦੁਆਰਿਆਂ 'ਚ ਹੀ ਪ੍ਰਬੰਧ ਕੀਤਾ ਹੁੰਦਾ ਹੈ। ਸਾਧਾਰਨ ਰੂਪ ਇਸ ਦੇ ਇਹ ਹਨ ਗੁਰਦੁਆਰੇ ਦਾ ਝਾੜੂ,ਲੇਪਣ,ਸੰਗਤਾਂ ਦੀ ਪਾਣੀ ਪੱਖੇ ਦੀ ਸੇਵਾ,ਲੰਗਰ ਦੀ ਸੇਵਾ,ਜੋੜੇ ਝਾੜਨਾ ਆਦਿ।
ੳ) ਗੁਰੂ ਕਾ ਲੰਗਰ- ਇਸ ਦੇ ਦੋ ਭਾਵ ਹਨ, ਇਕ ਸਿੱਖਾਂ ਨੂੰ ਸੇਵਾ ਸਿਖਾਉਣਾ, ਦੂਜਾ, ਊਚ ਨੀਚ, ਛੂਤ- ਛਾਤ ਦਾ ਭਰਮ ਮਿਟਾਉਣਾ
ਅ) ਗੁਰੂ ਕੇ ਲੰਗਰ ਵਿੱਚ ਬੈਠ ਕੇ ਊਚ-ਨੀਚ, ਕਿਸੇ ਜ਼ਾਤ ਜਾਂ ਵਰਣ ਦਾ ਪ੍ਰਾਣੀ ਪ੍ਰਸ਼ਾਦ ਛਕ ਸਕਦਾ ਹੈਪੰਗਤ ਵਿੱਚ ਬਿਠਾਣ ਲੱਗਿਆਂ ਕਿਸੇ ਦੇਸ਼, ਵਰਣ, ਜ਼ਾਤ ਜਾਂ ਮਜ੍ਹਬ ਦਾ ਵਿਤਕਰਾ ਨਹੀਂ ਕਰਨਾ। ਹਾਂ, ਇਕ ਥਾਲੀ ਵਿੱਚ ਕੇਵਲ ਅੰਮ੍ਰਿਧਾਰੀ ਸਿੱਖ ਹੀ ਛਕ ਸਕਦੇ ਹਨ।
ਪੰਥਕ ਰਹਿਣੀ
1. ਗੁਰੂ ਪੰਥ
2. ਅੰਮ੍ਰਿਤ ਸੰਸਕਾਰ
3. ਤਨਖਾਹ ਲਾਉਣ ਦੀ ਵਿਧੀ
4. ਗੁਰਮਤਾ ਕਰਨ ਦੀ ਵਿਧੀ
5. ਸਥਾਨਕ ਫ਼ੈਸਲਿਆਂ ਦੀ ਅਪੀਲ
1.ਗੁਰੂ ਪੰਥ
ਸੇਵਾ,ਕੇਵਲ ਪੱਖੇ ਲੰਗਰ ਆਦਿ 'ਤੇ ਹੀ ਨਹੀਂ ਮੁਕ ਜਾਂਦੀ, ਸਿੱਖ ਦੀ ਸਾਰੀ ਜ਼ਿੰਦਗੀ ਪਰਉਪਕਾਰ ਵਾਲੀ ਹੈਸੇਵਾ,ਸਫਲ ਉਹ ਹੈ ਜੋ ਥੋੜ੍ਹੇ ਜਤਨ ਨਾਲ ਵਧੀਕ ਤੋਂ ਵਧੀਕ ਹੋ ਸਕੇ। ਇਹ ਗੱਲ ਜਥੇਬੰਦੀ ਦੇ ਰਾਹੀਂ ਹੋ ਸਕਦੀ ਹੈ। ਸਿੱਖ ਨੇ ਇਸ ਲਈ ਸ਼ਖਸੀ ਧਰਮ ਪੂਰਾ ਕਰਦਿਆਂ ਹੋਇਆਂ ਨਾਲ ਹੀ ਪੰਥਕ ਫਰਜ਼ ਭੀ ਪੂਰੇ ਕਰਨੇ ਹਨ। ਇਸ ਜਥੇਬੰਦੀ ਦਾ ਨਾਂ ਪੰਥ ਹੈ। ਹਰ ਇਕ ਸਿੱਖ ਨੇ 'ਪੰਥ' ਦਾ ਇਕ ਅੰਗ ਹੋ ਕੇ ਭੀ ਆਪਣਾ ਧਰਮ ਨਿਭਾਉਣਾ ਹੈ।
ੳ) 'ਗੁਰੂ ਪੰਥ': ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ 'ਗੁਰੂ ਪੰਥ' ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ।
2.ਅੰਮ੍ਰਿਤ ਸੰਸਕਾਰ
ੳ) ਅੰਮ੍ਰਿਤ ਛਕਾਣ ਲਈ ਇਕ ਖਾਸ ਅਸਥਾਨ 'ਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ।
ਅ) ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ 'ਚੋ' ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿੱਚ ਸਿੰਘਣੀਆਂ ਭੀ ਹੋ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ।
ੲ) ਇਨ੍ਹਾਂ ਪੰਜਾਂ ਪਿਆਰਿਆਂ ਵਿੱਚ ਕੋਈ ਅੰਗ-ਹੀਣ (ਅੰਨ੍ਹਾਂ,ਕਾਣਾ,ਲੰਙਾ,ਲੂਲ੍ਹਾ ਜਾਂ ਦੀਰਘ ਰੋਗ ਵਾਲਾ) ਨਾ ਹੋਵੇ। ਕੋਈ ਤਨਖਾਹੀਆ ਨਾ ਹੋਵੇ। ਸਾਰੇ ਤਿਆਰ-ਬਰ-ਤਿਆਰ ਹੋਣ।
ਸ) ਹਰ ਦੇਸ਼,ਹਰ ਮਜ਼੍ਹਬ ਤੇ ਜਾਤੀ ਦੇ ਹਰ ਇਸਤ੍ਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ 'ਤੇ ਉਸ ਦੇ ਅਸੂਲਾਂ ਉਪਰ ਚੱਲਣ ਦਾ ਪ੍ਰਣ ਕਰੇ। ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ, ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ ਅਤੇ ਹਰ ਇਕ ਪੰਜ ਕਕਾਰ (ਕੇਸ, ਕ੍ਰਿਪਾਨ ਗਾਤਰੇ ਵਾਲੀ, ਕਛਹਿਰਾ,ਕੰਘਾ,ਕੜਾ) ਦਾ ਧਾਰਨੀ ਹੋਵੇ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਛੇਦਕ ਗਹਿਣੇ ਕੋਈ ਨਾ ਹੋਣ। ਅਦਬ ਨਾਲ ਹੱਥ ਜੋੜ ਕੇ ਸ਼੍ਰੀ ਗੁਰੂ ਜੀ ਦੇ ਹਜ਼ੂਰ ਖੜ੍ਹੇ ਹੋਣ।
ਹ) ਜੇ ਕਿਸੇ ਨੇ ਕੁਰਹਿਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿੱਚ ਪੰਜ ਪਿਆਰੇ ਤਨਖਾਹ ਲਾ ਲੈਣ।
ਕ) ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ 'ਚੋਂ ਕੋਈ ਇਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇਸਿੱਖ ਧਰਮ ਵਿੱਚ ਕਿਰਤਮ ਦੀ ਪੂਜਾ ਤਿਆਗ ਕੇ ਇਕ ਕਰਤਾਰ ਦੀ ਪ੍ਰੇਮਾ-ਭਗਤੀ ਤੇ ਉਪਾਸ਼ਨਾ ਦੱਸੀ ਹੈਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ,ਸਾਧ ਸੰਗਤ ਤੇ ਪੰਥ ਦੀ ਸੇਵਾ,ਉਪਕਾਰ,ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ-ਬਹਿਤ ਰੱਖਣਾ ਮੁੱਖ ਸਾਧਨ ਹਨ, ਆਦਿ, ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ?
ਖ) ‘ਹਾਂ’ ਦਾ ਜਵਾਬ ਆਉਣ 'ਤੇ ਪਿਆਰਿਆਂ 'ਚੋਂ ਇਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਣ।
ਗ) ਬਾਟਾ ਸਰਬ-ਲੋਹ ਦਾ ਹੋਵੇ ਤੇ ਚੌਕੀ, ਸੁਨਹਿਰੇ ਆਦਿ ਕਿਸੇ ਸਵੱਛ ਚੀਜ਼ 'ਪੁਰ ਰਖਿਆ ਹੋਵੇ।
ਘ) ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ ਗਿਰਦ ਬੀਰ ਆਸਨ ਹੋ ਕੇ ਬੈਠ ਜਾਣ।
ਙ) ਤੇ ਇਹਨਾਂ ਬਾਣੀਆਂ ਦਾ ਪਾਠ ਕਰਨ:- ਜਪੁ, ਜਾਪੁ, 10 ਸਵੱਯੇ (‘ਸ੍ਰਾਵਗ ਸੁਧ ਵਾਲੇ), ਬੇਨਤੀ ਚੌਪਈ ('ਹਮਰੀ ਕਰੋ ਹਾਥ ਦੇ ਰੱਛਾ' ਤੋਂ ਲੈ ਕੇ 'ਦੁਸਟ ਦੋਖ ਤੇ ਲੋਹੁ ਬਚਾਈ' ਤੱਕ), ਅਨੰਦ ਸਾਹਿਬ।
ਚ) ਹਰ ਇਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ 'ਤੇ ਧਰੇ ਤੇ ਸੱਜੇ ਹੱਥ ਨਾਲ ਖੰਡਾ ਜਲ ਵਿੱਚ ਫੇਰੀ ਜਾਵੇ। ਸੁਰਤ ਇਕਾਗਰ ਹੋਵੇਬਾਕੀਦਿਆਂ ਦੇ ਦੋਵੇਂ ਹੱਥ ਬਾਟੇ ਦੇ ਕੰਢੇ 'ਤੇ ਅਤੇ ਧਿਆਨ ਅੰਮ੍ਰਿਤ ਵੱਲ ਟਿਕੇ।
ਛ) ਪਾਠ ਹੋਣ ਮਗਰੋਂ ਪਿਆਰਿਆਂ ਵਿਚੋਂ ਕੋਈ ਇਕ ਅਰਦਾਸ ਕਰੇ।
ਜ) ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ 'ਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਲ ਹੋ ਸਕਦਾ ਹੈ। ਅਧਵਾਟੇ ਆਉਣ ਵਾਲਾ ਨਹੀਂ ਹੋ ਸਕਦਾ।
ਝ) ਹੁਣ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਦਾ ਧਿਆਨ ਧਰ ਕੇ ਹਰ ਇਕ ਅੰਮ੍ਰਿਤ ਛਕਣ ਵਾਲੇ ਨੂੰ ਬੀਰ-ਆਸਨ ਕਰਾ ਕੇ ਉਸ ਦੇ ਖੱਬੇ ਹੱਥ ਉਪਰ ਸੱਜਾ ਹੱਥ ਰਖਾ ਕੇ ਪੰਜ ਚੁਲੇ ਅੰਮ੍ਰਿਤ ਦੇ ਛਕਾਏ ਜਾਣ ਅਤੇ ਹਰ ਚੂਲੇ ਨਾਲ ਇਹ ਕਿਹਾ ਜਾਵੇ:- ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ  ਛਕਣ ਵਾਲਾ ਛਕ ਕੇ ਕਹੇ: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਫੇਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ ਪਰ ਲਾਏ ਜਾਣ। ਫੇਰ ਪੰਜ ਛੱਟੇ ਕੇਸਾਂ ਵਿੱਚ ਪਾਏ ਜਾਣ।ਹਰ ਇੱਕ ਛੱਟੇ ਨਾਲ ਛਕਣ ਵਾਲਾ ਛਕਾਉਣ ਵਾਲੇ ਦੇ ਪਿੱਛੇ ਪਿੱਛੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।'ਗਜਾਈ ਜਾਵੇ। ਜੋ ਅੰਮ੍ਰਿਤ ਬਾਕੀ ਰਹੇ, ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ (ਸਿੱਖ ਤੇ ਸਿੱਖਣੀਆਂ) ਰਲ ਕੇ ਛਕਣ।
ਞ) ਉਪ੍ਰੰਤ ਪੰਜੇ ਪਿਆਰੇ ਰਲ ਕੇ ਇਕੋ ਅਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤ੍ਰ ਸੁਨਾਉਣ ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਾਉਣ:-
ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਟ) ਫਿਰ ਪੰਜਾਂ ਪਿਆਰਿਆਂ 'ਚੋਂ ਕੋਈ ਸੱਜਣ ਰਹਿਤ ਦੱਸੇ-ਅੱਜ ਤੋਂ ਤੁਸੀਂ 'ਸਤਿਗੁਰ ਕੈ ਜਨਮੇ ਗਵਨ ਮਿਟਾਇਆ' ਹੈ ਅਤੇ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿੱਚ ਤੇ ਹੋਰ ਸਾਰੇ ਅੰਮ੍ਰਿਤ-ਧਾਰੀਆਂ ਦੇ ਧਾਰਮਿਕ ਭਰਾਤਾ ਹੋ। ਤੁਸੀਂ ਪਿਛਲੀ ਜ਼ਾਤ-ਪਾਤ, ਜਨਮ,ਦੇਸ਼, ਮਜ੍ਹਬ ਦਾ ਖਿਆਲ ਤਕ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ।ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ,ਦੇਵਤੇ,ਅਵਤਾਰ,ਪੈਗੰਬਰ ਦੀ ਉਪਾਸ਼ਨਾ ਨਹੀਂ ਕਰਨੀ। ਦਸੋਂ ਗੁਰੂ ਸਾਹਿਬਾਨ ਨੂੰ ਤੇ ਉਨ੍ਹਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ। ਤੁਸੀਂ ਗੁਰਮੁਖੀ ਜਾਣਦੇ ਹੋ (ਜੇ ਨਹੀਂ ਜਾਣਦੇ ਤਾਂ ਸਿਖ ਲਓ) ਅਤੇ ਹਰ ਰੋਜ਼ ਘੱਟ ਤੋਂ ਘੱਟ ਇਹਨਾਂ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ, ਜਾਂ ਸੁਣਨਾ: ਜਪੁ,ਜਾਪੁ,10 ਸਵੱਯੇ ('ਸ੍ਰਾਵਗ ਸੁਧ'ਵਾਲੇ), ਸੋ ਦਰੁ ਰਹਰਾਸਿ ਤੇ ਸੋਹਿਲਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ, ਪੰਜਾਂ ਕੱਕਿਆਂ-ਕੇਸ, ਕ੍ਰਿਪਾਨ,ਕਛਹਿਰਾ,ਕੰਘਾ, ਕੜਾ ਨੂੰ ਹਰ ਵੇਲੇ ਅੰਗ-ਸੰਗ ਰੱਖਣਾ।
ਇਹ ਚਾਰ ਕੁਰਹਿਤਾਂ ਨਹੀਂ ਕਰਨੀਆਂ:-
1) ਕੇਸਾਂ ਦੀ ਬੇ-ਅਦਬੀ
2) ਕੁੱਠਾ ਖਾਣਾ।
3) ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)।
4) ਤੰਮਾਕੂ ਦਾ ਵਰਤਣਾ।
ਇਨ੍ਹਾਂ ਵਿੱਚੋਂ ਕੋਈ ਕੁਰਹਿਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁੱਧ ਅਨਭੋਲ ਹੀ ਕੋਈ ਕੁਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀਂ।
ਸਿਰਗੁੰਮ, ਨੜੀ ਮਾਰ(ਜੋ ਸਿੱਖ ਹੋ ਕੇ ਇਹ ਕੰਮ ਕਰਨ) ਦਾ ਸੰਗ ਨਹੀਂ ਕਰਨਾ। ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤਤਪਰ ਰਹਿਣਾ, ਆਪਣੀ ਕਮਾਈ ਵਿਚੋਂ ਗੁਰੂ ਕਾ ਦਸਵੰਧ ਦੇਣਾ ਆਦਿ ਸਾਰੇ ਕੰਮ ਗੁਰਮਿਤ ਅਨੁਸਾਰ ਕਰਨੇ।
ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿੱਚ ਇਕ ਸੂਤ ਪਰੋਏ ਰਹਿਣਾ, ਰਹਿਤ ਵਿੱਚ ਕੋਈ ਭੁਲ ਜੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕਰ ਕੇ ਤਨਖਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ।
ਠ) ਤਨਖਾਹੀਏ ਇਹ ਹਨ:-
1. ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ।
2. ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ।
3. ਦਾਹੜਾ ਰੰਗਣ ਵਾਲਾ।
4. ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ।
5. ਕੋਈ ਨਸ਼ਾ(ਭੰਗ,ਅਫੀਮ,ਸ਼ਰਾਬ,ਪੋਸਤ,ਕੁਕੀਨ ਆਦਿ) ਵਰਤਣ ਵਾਲਾ।
6. ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ।
7. ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ।
ਡ) ਇਹ ਸਿਖਿਆ ਦੇਣ ਤੋਂ ਉਪ੍ਰੰਤ ਪੰਜਾਂ ਪਿਆਰਿਆਂ ਵਿਚੋਂ ਕੋਈ ਸੱਜਣ ਅਰਦਾਸਾ ਕਰੇ।
ਢ) ਫਿਰ ਤਾਬਿਆ ਬੈਠਾ ਸਿੰਘ 'ਹੁਕਮ' ਲਵੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਉਹਨਾਂ ਵਿਚੋਂ ਜੇ ਕਿਸੇ ਦਾ ਨਾਮ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸੀ ਰਖਿਆ ਹੋਇਆ, ਉਸ ਦਾ ਨਾਮ ਹੁਣ ਬਦਲਾ ਕੇ ਰੱਖਿਆ ਜਾਵੇ।
ਣ) ਅੰਤ ਕੜਾਹ ਪ੍ਰਸ਼ਾਦਿ ਵਰਤੇ। ਜਹਾਜ਼ ਚੜ੍ਹੇ ਸਾਰੇ ਸਿੰਘ ਤੇ ਸਿੰਘਣੀਆਂ ਇਕੋ ਬਾਟੇ ਵਿਚੋਂ ਕੜਾਹ ਪ੍ਰਸ਼ਾਦਿ ਰਲ ਕੇ ਛਕਣ।
3. ਤਨਖਾਹ ਲਾਉਣ ਦੀ ਵਿਧੀ
ੳ) ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜ੍ਹੋ ਕੇ ਆਪਣੀ ਭੁੱਲ ਮੰਨੇ।
ਅ) ਗੁਰ-ਸੰਗਤ 'ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰ-ਸੰਗਤ ਪਾਸ ਤਨਖਾਹ (ਦੰਡ) ਤਜਵੀਜ਼ ਕਰਨ।
ੲ) ਸੰਗਤ ਨੂੰ ਬਖਸ਼ਣ ਵੇਲੇ ਹਠ ਨਹੀਂ ਕਰਨਾ ਚਾਹੀਦਾ। ਨਾ ਹੀ ਤਨਖਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਦੀ ਹੈ।
ਸ) ਅੰਤ ਸੋਧ ਦੀ ਅਰਦਾਸ ਹੋਵੇ।
4.ਗੁਰਮਤਾ ਕਰਨ ਦੀ ਵਿਧੀ
ੳ) ਗੁਰਮਤਾ ਕੇਵਲ ਉਨ੍ਹਾਂ ਸਵਾਲਾਂ ਤੇ ਹੀ ਹੋ ਸਕਦਾ ਹੈ, ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ। ਹੋਰ ਕਿਸੇ ਕਿਸਮ ਦੇ ਸਾਧਾਰਨ (ਧਾਰਮਿਕ, ਵਿਦਿਅਕ, ਸਮਾਜਕ, ਪੁਲੀਟੀਕਲ) ਸਵਾਲ ਉਤੇ ਕੇਵਲ ਮਤਾ ਹੋ ਸਕਦਾ ਹੈ ।
ਅ) ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ-ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ।
5. ਸਥਾਨਕ ਫੈਸਲਿਆਂ ਦੀ ਅਪੀਲ
ਸਥਾਨਕ ਗੁਰ-ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ਼੍ਰੀ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ।
ਸਿੱਖ ਰਹਿਤ ਮਰਯਾਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹੁ-ਰੀਤ ਸਬ-ਕਮੇਟੀ ਵਲੋਂ ਰਹੁ-ਰੀਤ ਦੇ ਖਰੜੇ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣੇ ਮਤਾ ਨੰਬਰ 1, ਮਿਤੀ 1-8-1936 ਰਾਹੀਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਾ ਨੰਬਰ 149, ਮਿਤੀ 12-10-1936 ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 7-1-1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਕੁੱਝ ਵਾਧੇ-ਘਾਟੇ ਕਰਨ ਦੀ ਸਿਫਾਰਿਸ਼ ਕੀਤੀ। ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਸ਼ ਅਨੁਸਾਰ ਇਸ ਵਿੱਚ ਵਾਧਾ-ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ 3-2-1945 ਦੇ ਮਤਾ ਨੰਬਰ 97 ਰਾਹੀਂ ਦਿਤੀ ।
ਨੋਟ: ਉਪਰੋਕਤ ‘ਸਿੱਖ ਰਹਿਤ ਮਰਯਾਦਾ’ ਦੀ ਸਮੱਗਰੀ, ਧਰਮ ਪ੍ਰਚਾਰ ਕਮੇਟੀ(ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ਼੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਪੁਸਤਕ (ਭੇਟਾ ਰਹਿਤ) ਸਿੱਖ ਰਹਿਤ ਮਰਯਾਦਾ ਵਿੱਚੋਂ ਲਈ ਗਈ ਹੈ ।