Pages

ਗੁਰੂ ਹਰਗੋਬਿੰਦ ਸਾਹਿਬ ਜੀ


ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਪਾਤਸ਼ਾਹ ਹੋਏ ਹਨ। 


ਜਨਮ: 19 ਜੂਨ 1595 ਯੂਲੀਅਨ (ਹਾੜ ਵਦੀ 7, 21 ਹਾੜ੍ਹ ਸੰਮਤ 1652 ਵੀਰਵਾਰ, 21 ਹਾੜ / 5 ਜੁਲਾਈ ਨਾਨਕਸ਼ਾਹੀ)
ਜਨਮ ਸਥਾਨ: ਗੁਰੂ ਕੀ ਵਡਾਲੀ, ਅੰਮ੍ਰਿਤਸਰ।
ਮਾਤਾ-ਪਿਤਾ: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਗੰਗਾ ਜੀ ਅਤੇ ਪਿਤਾ ਜੀ ਦਾ ਗੁਰੂ ਅਰਜਨ ਦੇਵ ਜੀ ਹੈ।
ਸੁਪਤਨੀ: ਮਾਤਾ ਨਾਨਕੀ ਜੀ
ਸੰਤਾਨ: ਗੁਰੂ ਹਰਗੋਬਿੰਦ ਸਾਹਿਬ ਦੇ ਘਰ ਇੱਕ ਸਪੁੱਤਰੀ ਬੀਬੀ ਵੀਰੋ ਅਤੇ ਪੰਜ ਪੁੱਤਰਾਂ ਗੁਰਦਿਤਾ ਜੀ, ਸੂਰਜ ਮੱਲ ਜੀ, ਅਨੀ ਰਾਏ ਜੀ, ਅਟੱਲ ਰਾਏ ਜੀ ਅਤੇ (ਗੁਰੂ) ਤੇਗ ਬਹਾਦਰ ਜੀ ਨੇ ਜਨਮ ਲਿਆ।
ਗੁਰਗੱਦੀ: 25 ਮਈ 1606 ਯੂਲੀਅਨ, (ਜੇਠ ਵਦੀ 14, 28 ਜੇਠ ਸੰਮਤ 1663 ਬਿਕ੍ਰਮੀ, ਐਤਵਾਰ, 28 ਜੇਠ/11 ਜੂਨ  ਨਾਨਕਸ਼ਾਹੀ)

ਗੁਰਗੱਦੀ ਸਮੇਂ ਉਮਰ: 11 ਸਾਲ
ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨਣਾਂ: ਗੁਰਿਆਈ ਦੀ ਰਸਮ ਵੇਲੇ ਆਪ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, "ਬਾਬਾ ਜੀ, ਆਹ ਚੀਜ਼ਾਂ ਸੇਲ੍ਹੀ ਟੋਪੀ ਆਦਿ ਤੋਸ਼ੇਖਾਨੇ ਵਿਚ ਰਖਵਾ ਦਿਉ, ਤੁਸੀਂ ਮੈਨੂੰ ਤਲਵਾਰ ਪਹਿਨਾਉ।" ਬਾਬਾ ਜੀ ਜਾਣਦੇ ਸਨ ਕਿ "ਬਡ ਜੋਧਾ ਬਹੁ ਪਰਉਪਕਾਰੀ" ਸ਼ਸਤਰਾਂ ਨਾਲ ਹੀ ਸੋਂਹਦਾ ਹੈ। ਉਨ੍ਹਾਂ ਨੇ ਸਾਹਿਬਜ਼ਾਦੇ ਨੂੰ ਦੋ ਤਲਵਾਰਾਂ ਮੀਰੀ ਦੀ ਅਤੇ ਪੀਰੀ ਦੀਆਂ ਪਹਿਨਾਈਆਂ। ਸੁੰਦਰ ਤਿੱਲੇਦਾਰ ਜੜ੍ਹਤ ਵਾਲੀ, ਜਰੀ ਬਾਦਲੇ ਵਾਲੀ ਪੀਲੇ ਰੰਗ ਦੀ ਪੌਸ਼ਾਕ ਅਤੇ ਕੇਸਰੀ ਰੰਗ ਦੀ ਬਹੁਤ ਸੁੰਦਰ ਤਿੱਲੇਦਾਰ ਦਸਤਾਰ ਸਜਾਈ। ਕੇਸਰੀ ਬਾਣੇ ਵਿਚ ਸੁਸ਼ੋਭਿਤ ਸਾਹਿਬਜ਼ਾਦੇ ਨੂੰ ਕਲਗੀ ਬਾਬਾ ਜੀ ਨੇ ਸਜਾਈ।
ਕਾਰਜ: ਹਰਿਮੰਦਰ ਸਾਹਿਬ ਦੇ ਐਨ ਸਾਹਮਣੇ 100 ਗਜ਼ ਦੀ ਦੂਰੀ ਤੇ ਉੱਚਾ ਥੜ੍ਹਾ ਬਣਾਇਆ ਗਿਆ ਜਿਸ ਵਿਚ ਕਿਸੇ ਰਾਜ ਮਿਸਤਰੀ ਦੇ ਹੱਥ ਨਹੀਂ ਲੱਗੇ ਸਗੋਂ ਉਸ ਦੀ ਉਸਾਰੀ ਗੁਰੂ ਸਾਹਿਬ ਨੇ ਖ਼ੁਦ ਅਤੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਆਦਿ ਗੁਰਸਿੱਖਾਂ ਨੇ ਆਪਣੇ ਹੱਥਾਂ ਨਾਲ ਕੀਤੀ:
ਕਿਸੀ ਰਾਜ ਨਹਿˆ ਹਾਥ ਲਗਾਯੋ। ਬੁੱਢਾ ਔ ਗੁਰਦਾਸ ਬਣਾਯੋ (ਗੁ: ਪਾ: 6)
ਦੀਪਮਾਲਾ ਦੇ ਮੇਲੇ ਵਾਲੇ ਦਿਨ ਗੁਰੂ ਸਾਹਿਬ ਪੂਰੀ ਸ਼ਾਨੋ-ਸ਼ੌਕਤ ਨਾਲ ਤਖ਼ਤ ਤੇ ਬਿਰਾਜਮਾਨ ਹੋਏ। ਸੰਗਤਾਂ ਨੇ ਬੇਅੰਤ ਧਨ-ਪਦਾਰਥ ਭੇਟ ਕੀਤਾ। ਗੋਇੰਦਵਾਲ ਤੋਂ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਖਡੂਰ ਸਾਹਿਬ ਤੋਂ ਭਾਈ ਦਾਤੂ ਜੀ ਅਤੇ ਕਰਤਾਰਪੁਰ ਤੋਂ ਭਾਈ ਧਰਮ ਚੰਦ ਜੀ ਵਿਸ਼ੇਸ਼ ਰੂਪ ਵਿਚ ਪੁੱਜੇ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਕਿਹਾ, "ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ, ਚੰਗਾ ਘੋੜਾ ਤੇ ਚੰਗੀ ਜਵਾਨੀ ਹੋਵੇਗੀ। ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤਾਂ ਕਰੋ, ਘੋੜੇ ਦੀ ਸਵਾਰੀ ਕਰੋ। ਮੈਂ ਤਲਵਾਰ ਇਸੇ ਲਈ ਧਾਰਨ ਕੀਤੀ ਹੈ ਕਿ ਜ਼ਾਲਮ ਜ਼ੁਲਮ ਦੀ ਤਲਵਾਰ ਬੰਦ ਕਰ ਦੇਵੇ। ਸ਼ਸਤਰ ਪਹਿਨਣ ਨਾਲ ਤੁਹਾਡਾ ਡਰ ਜਾਂਦਾ ਰਹੇਗਾ। ਤੁਸੀਂ ਸਿਰ ਉੱਚਾ ਕਰ ਕੇ ਤੁਰੋਗੇ। ਮੌਤ ਦਾ ਡਰ ਨਹੀਂ ਰਹੇਗਾ। ਆਪਣੇ ਖ਼ੂਨ ਨੂੰ ਠੰਡਾ ਨਾ ਹੋਣ ਦਿਉ ਸਗੋਂ ਇਸ ਨੂੰ ਸਦਾ ਖੌਲਦਾ ਰੱਖੋ।" (ਗੁਰੁ ਭਾਰੀ ਕ੍ਰਿਤ ਪ੍ਰਿੰ. ਸਤਿਬੀਰ ਸਿੰਘ, ਪੰਨਾ 24-25)
ਫਿਰ ਆਪ ਜੀ ਨੇ ਭਾਈ ਗੁਰਦਾਸ ਜੀ ਤੋਂ ਹੁਕਮਨਾਮੇ ਲਿਖਵਾ ਕੇ ਦੂਰ-ਦੁਰਾਡੇ ਸੰਗਤਾਂ ਨੂੰ ਭੇਜੇ ਜਿੰਨ੍ਹਾਂ ਵਿਚ ਚੰਗਾ ਘੋੜਾ, ਚੰਗਾ ਸ਼ਸਤਰ ਭੇਟਾ ਕਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਹੁਕਮ ਦਿੱਤਾ। ਹੁਣ ਵਾਲੇ ਰਾਮਸਰ ਸਾਹਿਬ ਦੇ ਸਾਹਮਣੇ ਜਿਥੇ ਬਿਬੇਕਸਰ ਸਾਹਿਬ ਹੈ, ਖਾਲੀ ਥਾਂ ਤੇ ਜੰਗੀ ਮਸ਼ਕਾਂ ਹੋਣ ਲੱਗੀਆਂ। ਬੀਰ-ਰਸੀ ਵਾਰਾਂ ਗਾਉਣ ਦੀ ਪਰੰਪਰਾ ਚੱਲੀ ਜਿਸ ਦੇ ਸਭ ਤੋਂ ਪਹਿਲੇ ਢਾਡੀ ਪਿੰਡ ਸੁਰਸਿੰਘ ਦੇ ਨੱਥਾ ਤੇ ਅਬਦੁੱਲਾ ਸਨ ਜਿਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵਾਰ ਗਾਈ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਪੱਗ ਦੀ ਸ਼ਾਨ ਅੱਗੇ ਜਹਾਂਗੀਰ ਦੀ ਪੱਗ ਕੀ ਹੈ?
ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚੋਂ ਨੌਂ ਵਾਰਾਂ ਨੂੰ ਜੰਗੀ ਧੁਨਾਂ ਉਂਤੇ ਗਾਉਣ ਦੀ ਪਰੰਪਰਾ ਤੋਰੀ ਜੋ ਆਪ ਜੀ ਦੀ ਇਕ ਅਦੁੱਤੀ ਦੇਣ ਕਹੀ ਜਾ ਸਕਦੀ ਹੈ। ਸਿੱਖ ਸੂਰਬੀਰਾਂ ਦੀ ਗਿਣਤੀ ਵਧ ਜਾਣ ਕਾਰਨ ਪੰਜ ਜਥਿਆਂ ਵਿਚ ਵੰਡ ਕਰ ਦਿੱਤੀ ਗਈ। ਪੰਜ ਜਥੇਦਾਰ ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ ਤੇ ਭਾਈ ਪੈੜਾ ਜੀ ਹੋਏ। ਆਪ ਜੀ ਕੋਲ ਇਕ ਪੈਂਦੇ ਖਾਂ ਨਾਮ ਦਾ ਬਹਾਦਰ ਪਠਾਣ ਵੀ ਸੀ ਜਿਸ ਦੀ ਆਪ ਜੀ ਨੇ ਯਤੀਮ ਜਾਣ ਕੇ ਚੰਗੀ ਪਰਵਰਿਸ਼ ਕੀਤੀ। ਉਸ ਵਿਚ ਬਹੁਤ ਸਰੀਰਕ ਬਲ ਸੀ। ਉਹ ਬੌਲਦ, ਸੰਢੇ ਨਾਲ ਘੁਲਦਾ ਹੋਇਆ ਉਨ੍ਹਾਂ ਨੂੰ ਪਛਾੜ ਦਿੰਦਾ ਸੀ। ਉਸ ਦੇ ਕਰਤੱਬ ਵੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ।
ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਕੌਲਾਂ ਜੋ ਸਾਈਂ ਮੀਆਂ ਮੀਰ ਜੀ ਦੀ ਮੁਰੀਦ ਬਣ ਗਈ ਸੀ ਅਤੇ ਰਾਤ-ਦਿਨ ਖ਼ੁਦਾ ਦੀ ਬੰਦਗੀ ਵਿਚ ਲੱਗੀ ਰਹਿੰਦੀ ਸੀ, ਨੂੰ ਕਾਫ਼ਰ ਹੋ ਗਈ ਸਮਝ ਕੇ ਪਿਤਾ ਨੇ ਸਖ਼ਤ ਨਾਰਾਜ਼ਗੀ ਦਰਸਾਈ ਅਤੇ ਕਤਲ ਕਰ ਦੇਣ ਦਾ ਡਰਾਵਾ ਵੀ ਦਿੱਤਾ। ਸਾਈਂ ਮੀਆਂ ਮੀਰ ਜੀ ਦੀ ਬੇਨਤੀ ਨੂੰ ਮੰਨ ਕੇ ਗੁਰੂ ਜੀ ਨੇ ਕੌਲਾਂ ਨੂੰ ਪਨਾਹ ਬਖਸ਼ੀ ਅਤੇ ਇਕ ਵੇਰ ਉਸ ਵੱਲੋਂ ਕਿਸੇ ਸਦੀਵੀ ਯਾਦਗਾਰ ਦੀ ਇੱਛਾ ਜ਼ਾਹਰ ਕੀਤੇ ਜਾਣ ਉਂਤੇ ਗੁਰੂ ਜੀ ਨੇ ਸੰਮਤ 1681 ਵਿਚ ਇਕ ਤਾਲ ਬਣਾਉਣਾ ਆਰੰਭਿਆ ਜੋ ਸੰਮਤ 1684 ਵਿਚ ਮੁਕੰਮਲ ਹੋਇਆ। ਇਸ ਸਰੋਵਰ ਨੂੰ ਗੁਰੂ ਸਾਹਿਬ ਨੇ ਕੌਲਸਰ ਦਾ ਨਾਮ ਦਿੱਤਾ, ਜੋ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਦੇ ਪਾਸ ਹੀ ਵਾਕਿਆ ਹੈ।
ਇੰਜ ਹੀ ਗੁਰੂ ਸਾਹਿਬ ਨੇ ਰਾਮਸਰ ਸਾਹਿਬ ਦੇ ਨਜ਼ਦੀਕ ਬਿਬੇਕਸਰ ਸਾਹਿਬ ਦੀ ਉਸਾਰੀ ਸੰਮਤ 1685 ਵਿਚ ਕਰਵਾਈ।
ਇਸ ਤਰ੍ਹਾਂ ਅੰਮ੍ਰਿਤਸਰ ਪੰਜਾਂ ਸਰੋਵਰਾਂ ਦਾ ਪਵਿੱਤਰ ਸ਼ਹਿਰ ਬਣ ਗਿਆ।
ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਇੱਕ ਕੰਧ ਦੀ ਉਸਾਰੀ ਕਰਵਾਈ ਅਤੇ ਸ਼ਹਿਰ ਤੋਂ ਬਾਹਰ ‘ਲੋਹਗੜ੍ਹ’ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ ਜਿਸ ਵਿੱਚ ਜੰਗੀ ਸਾਮਾਨ ਰੱਖਿਆ ਜਾਂਦਾ ਸੀ।
1621 ਈ. ਨੂੰ ਬਿਆਸ ਦਰਿਆ ਦੇ ਨੇੜੇ ‘ਹਰਗੋਬਿੰਦਪੁਰਾ’ ਪਿੰਡ ਦਾ ਨੀਂਹ ਪੱਥਰ ਰੱਖਿਆ।
ਗ੍ਰਿਫਤਾਰੀ: ਗੁਰੂ ਸਾਹਿਬ ਦਾ ਤਖ਼ਤ ਬਣਾਉਣਾ, ਇਨਸਾਫ਼ ਕਰਨੇ, ਫ਼ੌਜੀ ਜੰਗੀ ਸਾਮਾਨ ਇਕੱਠਾ ਕਰਨਾ ਆਦਿ ਤੋਂ ਹਕੂਮਤ ਨੂੰ ਡਰ ਲੱਗਣ ਲੱਗਾ। ਉਹ ਗੁਰੂ ਸਾਹਿਬ ਨੂੰ ਕਿਸੇ ਬਹਾਨੇ ਗ੍ਰਿਫ਼ਤਾਰ ਕਰਨ ਦੇ ਮੌਕੇ ਲੱਭਣ ਲੱਗੇ, ਇਸ ਲਈ ਤਖ਼ਤ ਬਣਾਉਣਾ ਹੀ ਬਹਾਨਾ ਕਾਫ਼ੀ ਹੋਣ ਕਾਰਨ ਗੁਰੂ ਸਾਹਿਬ ਨੂੰ ਦਿੱਲੀ ਗਿਆਂ ਹੋਇਆਂ ਨੂੰ ਵਿਸਾਹਘਾਤ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਆਪ ਜੀ ਨੂੰ ਪਹਿਲਾਂ ਆਗਰੇ ਅਤੇ ਫਿਰ ਗਵਾਲੀਅਰ ਦੇ ਕਿਲ੍ਹੇ ਵਿਚ ਪਹੁੰਚਾ ਦਿੱਤਾ ਗਿਆ, ਜਿਥੇ ਪਹਿਲਾਂ ਹੀ ਬਵੰਜਾ ਰਾਜਪੂਤ ਹਿੰਦੂ ਰਾਜੇ ਕੈਦ ਵਿਚ ਸਨ। ਗੁਰੂ ਜੀ 3 ਸਾਲ ਦੇ ਕਰੀਬ ਭਾਵ 1609 ਤੋਂ 1612 ਈ. ਤੱਕ ਨਜ਼ਰਬੰਦ ਰਹੇ।
ਰਿਹਾਈ: ਜਦੋਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਗ੍ਰਿਫ਼ਤਾਰ ਹੋਣ ਦਾ ਪਤਾ ਲੱਗਾ ਤਾਂ ਘਬਰਾਹਟ ਤੇ ਰੋਸ ਹੋਣਾ ਕੁਦਰਤੀ ਸੀ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਥਿਤੀ ਨੂੰ ਸੰਭਾਲਦਿਆਂ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ। ਕੁਝ ਚੌਂਕੀਆਂ ਪੰਜਾਬ ਦੇ ਪਿੰਡਾਂ ਵਿਚ ਭੇਜੀਆਂ ਗਈਆਂ। ਇਕ ਸਿੱਖ ਦੇ ਹੱਥ ਵਿਚ ਬਲਦੀ ਮਸ਼ਾਲ ਹੁੰਦੀ ਤੇ ਦੂਸਰੇ ਦੇ ਹੱਥ ਨਿਸ਼ਾਨ ਸਾਹਿਬ। ਬਾਬਾ ਬੁੱਢਾ ਜੀ ਆਪ ਬਿਰਧ ਅਵਸਥਾ ਵਿਚ ਚੌਂਕੀ ਕੱਢਦੇ ਰਹੇ। ਇਹ ਪਿਰਤ ਬਾਬਾ ਜੀ ਨੇ ਹੀ ਸ਼ੁਰੂ ਕੀਤੀ ਜੋ ਹੁਣ ਤਕ ਚੱਲ ਰਹੀ ਹੈ। ਵਜ਼ੀਰ ਖਾਂ, ਸਾਈਂ ਮੀਆਂ ਮੀਰ, ਨਿਜ਼ਾਮੁਦੀਨ ਔਲੀਆ ਸੁਲਾਹਕੁਲ ਜਿਹੇ ਮੁਸਲਮਾਨ ਜੋ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਸਨ, ਨੇ ਗੁਰੂ ਸਾਹਿਬ ਨੂੰ ਰਿਹਾਅ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅੰਤ 1612 ਈ. ਨੂੰ ਗੁਰੂ ਸਾਹਿਬ ਬਾਕੀ ਬਵੰਜਾ ਹਿੰਦੂ ਰਾਜਿਆਂ ਨੂੰ ਆਪਣੇ ਨਾਲ ਰਿਹਾਅ ਕਰਵਾ ਕੇ ਰਿਹਾਅ ਹੋਏ।
ਪ੍ਰਚਾਰ ਦੌਰੇ: ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪਾਸਾਰ ਲਈ ਦੇਸ਼ ਵਿੱਚ ਹਜ਼ਾਰਾਂ ਮੀਲ ਦਾ ਸਫਰ ਤੈਅ ਕੀਤਾ। ਪੰਜਾਬ ਵਿੱਚ ਉਹਨਾਂ ਕਰਤਾਰਪੁਰ ਨੂੰ ਸਿੱਖ ਰਾਜ ਦਾ ਦੁਆਬੇ ਖੇਤਰ ਦਾ ਮੁੱਖ ਧੁਰਾ ਬਣਾਇਆ।
ਮਾਲਵਾ ਖੇਤਰ ਵਿੱਚ ਸਿੱਖ ਧਰਮ ਦੇ ਪ੍ਰਚਾਰ ਹਿੱਤ ਗੁਰੂ ਜੀ ਜ਼ੀਰਾ, ਸਿੱਧਵਾਂ, ਸੁਧਾਰ, ਲੋਪੋ, ਖਟੜਾ, ਗਿੱਲਾਂ, ਡਰੌਲੀ, ਮਹਿਰਾਜ, ਡੱਬਵਾਲੀ ਵਰਗੇ ਕਈ ਪਿੰਡਾਂ ਵਿੱਚ ਗਏ।
ਗੁਰੂ ਨਾਨਕ ਸਾਹਿਬ ਦੁਆਰਾ ਵਸਾਏ ਨਾਨਕਮੱਤੇ (ਗੋਰਖਮੱਤਾ) ਜੋ ਕਿ ਯੂ.ਪੀ. ਦੇ ਪੀਲੀ-ਭੀਤ ਇਲਾਕੇ ਵਿੱਚ ਹੈ, ਵੀ ਗੁਰੂ ਹਰਗੋਬਿੰਦ ਸਾਹਿਬ ਗਏ।
1620 ਦੇ ਸਮੇਂ ਗੁਰੂ ਸਾਹਿਬ ਨੇ ਕਸ਼ਮੀਰ ਦਾ ਦੌਰਾ ਕੀਤਾ। ਸ਼੍ਰੀ ਨਗਰ ਦੇ ਗੜ੍ਹਵਾਲ ਦੇ ਇਲਾਕੇ ਵਿੱਚ ਇੱਕ ਮਰਾਠੇ ਸੰਤ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਵਿਸਥਾਰ ਵਿੱਚ ਧਰਮ ਦੇ ਵਿਸ਼ੇ ‘ਤੇ ਵੀਚਾਰ-ਵਿਟਾਂਦਰਾ ਕੀਤਾ। ਬਾਰਾਮੂਲਾ ਰਾਹੀਂ ਵਾਪਸੀ ਸਮੇਂ ਗੁਰੂ ਸਾਹਿਬ ਗੁਜਰਾਤ ਦੇ ਦੌਰੇ ‘ਤੇ ਚਲੇ ਗਏ।
ਗੁਰੂ ਹਰਗੋਬਿੰਦ ਸਾਹਿਬ ਰਾਇ-ਭੋਇ ਦੀ ਤਲਵੰਡੀ ਵੀ ਗਏ।
ਕਰੂਕਸ਼ੇਤਰ ਦੇ ਦੌਰੇ ਸਮੇਂ ਉੱਥੇ ਸਿੱਖ ਧਰਮ ਪ੍ਰਚਾਰ ਸੈਂਰ ਦੀ ਸਥਾਪਨਾ ਕੀਤੀ।
ਲੜਾਈਆਂ: ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਿੱਖਾਂ ਦੀਆਂ ਮੁਗਲਾਂ ਨਾਲ ਚਾਰ ਲੜਾਈਆਂ ਹੋਈਆਂ, ਜਿੰਨ੍ਹਾਂ ਵਿੱਚ ਸਿੱਖ ਜੇਤੂ ਰਹੇ।
ਪਹਿਲੀ ਲੜਾਈ: ਨਵੇਂ ਵਸਾਏ ਨਗਰ ਹਰਗੋਬਿੰਦਪੁਰ ਦੇ ਨੇੜੇ ਭਗਵਾਨ ਦਾਸ ਨਾਮ ਦੇ ਖੱਤਰੀ ਨੇ ਇਸ ਜ਼ਮੀਨ ਉੱਪਰ ਆਪਣਾ ਹੱਕ ਜਤਾ ਕੇ ਕੁਝ ਕਿਰਾਏ ਦੇ ਗੁੰਡਿਆਂ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਿੱਖਾਂ ਨੂੰ ਉੱਥੋਂ ਭਜਾਉਣ ਦਾ ਯਤਨ ਕੀਤਾ। ਇਸ ਲੜਾਈ ਵਿੱਚ ਭਗਵਾਨ ਦਾਸ ਅਤੇ ਉਸਦੇ ਗੁੰਡੇ ਮਾਰੇ ਗਏ। ਇਸ ਘਟਨਾ ਤੋਂ ਬਾਅਦ ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਅਤੇ ਚੰਦੂ ਦੇ ਪੁੱਤਰ ਮਰਮ ਚੰਦ ਨੇ ਜਲੰਧਰ ਦੇ ਫੌਜਦਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਜਲੰਧਰ ਦੇ ਫੌਜਦਾਰ ਅਬਦੁੱਲਾ ਖਾਨ ਨੇ ਦਸ ਹਜ਼ਾਰ ਮੁਗਲ ਸਿਪਾਹੀਆਂ ਦੀ ਫੌਜ ਨਾਲ ਸਿੱਖਾਂ ‘ਤੇ ਹਮਲਾ ਕਰ ਦਿੱਤਾ। ਦਰਿਆ ਬਿਆਸ ਦੇ ਕਿਨਾਰ ਰੋਹੀਲਾ ਘਾਟ ‘ਤੇ ਇਸ ਫੌਜ ਅਤੇ ਸਿੱਖਾਂ ਦੀ ਜੰਗ ਹੋਈ। ਭਾਵੇਂ ਕਿ ਇਸ ਲੜਾਈ ਵਿੱਚ ਮੁਗਲਾਂ ਦੀ ਹਾਰ ਹੋਈ ਪਰ ਦੋਵੇਂ ਪਾਸੇ ਜਾਨੀ-ਮਾਲੀ ਨੁਕਸਾਨ ਕਾਫੀ ਹੋਇਆ। ਰਤਨ ਚੰਦ, ਕਰਮ ਚੰਦ, ਅਬਦੁੱਲਾ ਖਾਨ, ਅਬਦੁੱਲਾ ਖਾਨ ਦੇ ਦੋ ਪੁੱਤਰ ਅਤੇ 5 ਸੈਨਾਪਤੀ ਇਸ ਲੜਾਈ ਵਿੱਚ ਮਾਰੇ ਗਏ। ਗੁਰੂ ਸਾਹਿਬ ਦੇ ਪਿਆਰੇ ਸਿੱਖਾਂ ਵਿੱਚੋਂ ਭੱਟ ਮਥੁਰਾ ਜੀ (ਜੋ ਕਿ ਬਾਬਾ ਭੀਖਣ ਜੀ ਦੇ ਪੁੱਤਰ ਸਨ) ਭਾਈ ਨਾਨੂ ਜੀ, ਭਾਈ ਸਕਤੂ ਜੀ, ਭਾਈ ਜੱਟੂ ਜੀ, ਭਾਈ ਪਿਰਾਨਾ ਜੀ, ਭਾਈ ਪਾਰਸ ਰਾਮ ਜੀ, ਭਾਈ ਜਗਨ ਨਾਥ ਜੀ ਅਤੇ ਭਾਈ ਕਲਿਆਣਾ ਜੀ ਸ਼ਹੀਦ ਹੋ ਗਏ।
 ਦੂਸਰੀ ਲੜਾਈ: ਮੁਗਲਾਂ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਕਾਰ ਦੂਸਰੀ ਜੰਗ ਅਪ੍ਰੈਲ 1634 ਵਿੱਚ ਹੋਈ। ਇਸ ਲੜਾਈ ਦੀ ਸ਼ੁਰੂਆਤ ਸਿੱਖਾਂ ਵੱਲੋਂ ਸ਼ਾਹ ਜਹਾਨ ਦੀ ਮੁਗਲ ਫੌਜ ਦੇ ਸ਼ਾਹੀ ਬਾਜ਼ ਨੂੰ ਚੁੱਕਣ ‘ਤੇ ਸ਼ੁਰੂ ਹੋਈ। ਸਿੱਖ ਵੀ ਅੰਮ੍ਰਿਤਸਰ ਨੇੜੇ ਗੁੰਮਟਾਲਾ ਪਿੰਡ ਵਿੱਚ ਸ਼ਿਕਾਰ ਕਰ ਰਹੇ ਸੀ ‘ਤੇ ਮੁਗਲ ਫੌਜ ਵੀ ਉਸੇ ਇਲਾਕੇ ਵਿੱਚ ਸੀ। ਇਸ ਘਟਨ ਨਾਲ ਦੋਨਾਂ ਧਿਰਾਂ ਵਿਚਕਾਰ ਲੜਾਈ ਹੋਈ। ਇਸ ਲੜਾਈ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਧੇ ਰੂਪ ਵਿੱਚ ਸ਼ਾਮਿਲ ਨਹੀਂ ਸਨ।
ਇਸ ਘਟਨਾ ਨਾਲ ਸ਼ਾਹ ਜਹਾਨ ਨੂੰ ਬਹੁਤ ਗੁੱਸਾ ਆਇਆ ‘ਤੇ ਉਸਨੇ ਮੁਖਲਿਸ ਖਾਨ ਨੂੰ 7000 ਸਿਪਾਹੀਆਂ ਦੀ ਫੌਜ ਦੇ ਕੇ ਸਿੱਖਾਂ ਨੂੰ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ‘ਸਬਕ ਸਿਖਾਉਣ’ ਲਈ ਭੇਜਿਆ। ਲੋਹਗੜ੍ਹ ਦੇ ਕਿਲੇ ‘ਤੇ ਹਮਲਾ ਹੋਇਆ। ਸਿੱਖ ਭਾਵੇਂ ਥੋੜ੍ਹੀ ਗਿਣਤੀ ਵਿੱਚ ਸਨ ਪਰ ਉਹਨਾਂ ਮੁਗਲ ਫੌਜ ਨੂੰ ਚੋਖੀ ਟੱਕਰ ਦਿੱਤੀ। ਗੁਰੂ ਸਾਹਿਬ ਨੂੰ ਬੀਬੀ ਬੀਰੋ ਦੇ ਵਿਆਹ ਕਾਰਨ ਪਰਿਵਾਰ ਸਮੇਤ ਝਬਾਲ ਪਿੰਡ ਵੱਲ ਜਾਣਾ ਪਿਆ। ਪਹਿਲੇ ਦਿਨ ਮੁਗਲ ਫੌਜ ਭਾਰੀ ਰਹੀ ‘ਤੇ ਉਸਨੇ ਰੱਜ਼ ਕੇ ਲੁੱਟ ਕੀਤੀਦੂਸਰੇ ਦਿਨ ਸਵੇਰੇ ਸਿੱਖਾਂ ਨੇ ਪੂਰੀ ਇੱਕਜੁੱਟਤਾ ਨਾਲ ਸੁੱਤੇ ਹੋਏ ਮੁਗਲ ਸਿਪਾਹੀਆਂ ‘ਤੇ ਜ਼ੋਰਦਾਰ ਹਮਲਾ ਕੀਤਾਮੁਖਲਸ ਖਾਨ ਸਮੇਤ ਬਹੁਤ ਸਾਰੇ ਸਿਪਾਹੀ ਅਤੇ ਸੈਨਾਪਤੀ ਮਾਰੇ ਗਏ। ਸਿੱਖ ਫੌਜ ਦਾ ਵੀ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਹ ਮੁਗਲਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਹਥਿਆਰਬੰਦ ਲੜਾਈ ਸੀ।
ਤੀਸਰੀ ਲੜਾਈ: ਲੋਹਗੜ੍ਹ ਦੀ ਜੰਗ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਬਠਿੰਡੇ ਵੱਲ ਨੂੰ ਚੱਲ ਪਏ। ਅੰਮ੍ਰਤਿਸਰ ਤੋਂ ਮਾਲਵੇ ਵੱਲ ਚੱਲਣ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਨੂੰ ਆਪਣੇ ਨਾਲ ਲੈ ਗਏ ਸਨ ਪਰ ਰਸਤੇ ਵਿੱਚ ਕੁਝ ਸਮੇਂ ਬਾਅਦ ਡਰੌਲੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਰਿਵਾਰ ਸਮੇਤ ਕਰਤਾਰਪੁਰ ਵਾਪਿਸ ਭੇਜ ਦਿੱਤੇ। ਇਸ ਤੋਂ ਕੁਝ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਰਧਾਲੂਆਂ ਵੱਲੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਆਂਦੇ ਜਾ ਰਹੇ ਦੋ ਘੋੜੀਆਂ ਨੂੰ ਮੁਗਲ ਫੌਜਾਂ ਵੱਲੋਂ ਖੋਹ ਲੈਣ ਕਾਰਨ ਗੁਰੂ ਸਾਹਿਬ ਅਤੇ ਲਾਹੌਰ ਦੇ ਸੂਬੇਦਾਰ ਵਿਚਕਾਰ ਖਿੱਚੋਤਾਣ ਸ਼ੁਰੂ ਹੋ ਗਈ। ਗੁਰੂ ਜੀ ਦੇ ਆਗਿਆਕਾਰੀ ਯੋਧੇ ਭਾਈ ਬਿਧੀ ਚੰਦ ਨੇ ਇਹ ਘੋੜੇ ਬੜੀ ਚਲਾਕੀ ਅਤੇ ਦਲੇਰੀ ਨਾਲ ਇੱਕ-ਇੱਕ ਕਰਕੇ ਵਾਪਿਸ ਲਿਆਂਦੇ। ਇਸ ਘਟਨਾ ਨੂੰ ਮੁਗਲ ਹਕੂਮਤ ਲਈ ਸਿੱਧੀ ਚੁਣੌਤੀ ਦੇ ਰੂਪ ਵਿੱਚ ਦੇਖਿਆ ਗਿਆ। ਕਮਰ ਬੇਗ ਅਤੇ ਲੱਲਾ ਬੇਗ ਦੀ ਅਗਵਾਈ ਵਿੱਚ ਤਕਰੀਬਨ 22000 ਮੁਗਲ ਸਿਪਾਹੀਆਂ ਦੀ ਫੌਜ ਨੂੰ ਲੱਖੀ ਜੰਗਲ ਵੱਲ ਭੇਜਿਆ ਗਿਆ। ਗੁਰੂ ਹਰਗੋਬਿੰਦ ਸਹਿਬ ਕੋਲ ਇਸ ਸਮੇਂ ਤਿੰਨ ਤੋਂ ਚਾਰ ਹਜ਼ਾਰ ਤੱਕ ਸਿਪਾਹੀ ਹੀ ਸਨ। ਰਾਇ ਜੋਧ ਅਤੇ ਭੱਟ ਕੀਰਤ ਦੀ ਅਗਵਾਈ ਹੇਠ ਸਿੱਖ ਫੌਜ ਨੇ ਇੱਕ ਪਾਣੀ ਦੀ ਢਾਬ ਕੋਲ ਡੇਰਾ ਲਾ ਲਿਆ। ਇਹ ਘਟਨਾ ਮਹਿਰਾਜ ਅਤੇ ਲਹਿਰਾ ਪਿੰਡਾਂ ਕੋਲ ਦੀ ਹੈ। ਕੁਝ ਤੱਥਾਂ ਅਨੁਸਾਰ 16 ਦਸੰਬਰ 1634 ਨੂੰ ਸਿੱਖਾਂ ਨੇ ਰਾਤ ਨੂੰ ਮੁਗਲ ਫੌਜ ‘ਤੇ ਗੁਰਿੱਲਾ ਨੀਤੀ ਨਾਲ ਹਮਲਾ ਕੀਤਾ ਜਿਸ ਨਾਲ ਮੁਗਲ ਫੌਜ ਦਾ ਕਾਫੀ ਨੁਕਸਾਨ ਹੋਇਆ। ਗੁਰੂ ਸਾਹਿਬ ਦੀ ਫੌਜ ਵਿੱਚੋਂ ਤਕਰੀਬਨ 1200 ਦੇ ਕਰੀਬ ਸਿੱਖ ਸ਼ਹੀਦ ਹੋ ਗਏ ਜਿਸ ਵਿੱਚ ਭੱਟ ਕੀਰਤ ਜੀ ਅਤੇ ਭਾਈ ਜੇਠਾ ਜੀ ਵੀ ਸ਼ਾਮਿਲ ਸਨ। ਦੂਸਰੇ ਪਾਸੇ ਸ਼ਮੀਰ ਬੇਗ ਅਤੇ ਉਸਦੇ ਦੋ ਪੁੱਤਰ ਸ਼ਮਸ ਬੇਗ ਅਤੇ ਕਾਸਿਮ ਬੇਗ ਵੀ ਮਾਰੇ ਗਏ। ਮੁਗਲ ਫੌਜ ਲਾਸ਼ਾਂ ਅਤੇ ਜ਼ਖਮੀ ਸਿਪਾਹੀਆਂ ਨੂੰ ਛੱਡ ਕੇ ਲਾਹੌਰ ਵੱਲ ਭੱਜ ਗਈ। ਸਿੱਖਾਂ ਨੇ ਪਿੱਠ ਦਿਖਾ ਕੇ ਭੱਜੇ ਦੁਸ਼ਮਣ ‘ਤੇ ਹਮਲਾ ਨਹੀਂ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਜਿਤ ਦੀ ਯਾਦਗਾਰ ਵਜੋਂ ‘ਗੁਰੂਸਰ’ ਤਲਾਬ ਦਾ ਨਿਰਮਾਣ ਕਰਵਾਇਆ। ਨਥਾਣੇ ਪਿੰਡ ਕੋਲ ਗੁਰੂ ਸਾਹਿਬ ਦਾ ਮੁੜ ਮੁਗਲ ਫੌਜ ਨਾਲ ਸਾਹਮਣਾ ਹੋਇਆ ਜਿਸ ਵਿੱਚ ਵੀ ਗੁਰੂ ਸਾਹਿਬ ਜੇਤੂ ਰਹੇ।
ਚੌਥੀ ਲੜਾਈ: ਲੱਖੀ ਜੰਗਲ ਅਤੇ ਨਥਾਣੇ ਦੀਆਂ ਲੜਾਈਆਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ, ਸਿੱਖ ਸਿਪਾਹੀਆਂ ਸਮੇਤ ਸਾਹਿਬ ਕਰਤਾਰਪੁਰ (ਜਲੰਧਰ) ਆ ਗਏ। ਗੁਰੂ ਜੀ ਦੀ ਫੌਜ ਦਾ ਪਠਾਨ ਕਮਾਂਡਰ ਪੈਂਦੇ ਖਾਨ ਸਿੱਖਾਂ ਅਤੇ ਗੁਰੂ ਸਾਹਿਬਾ ਨਾਲ ਮਾਮੂਲੀ ਗੱਲਾਂ ‘ਤੇ ਤਕਰਾਰ ਕਾਰਨ ਗੱਦਾਰੀ ਕਰ ਮੁਗਲ ਫੌਜ ਨਾਲ ਜਾ ਮਿਲਿਆ। ਪੈਂਦੇ ਖਾਨ ਅਤੇ ਕਾਲੇ ਖਾਨ (ਜੋ ਕਿ ਮੁਖਲਸ ਖਾਨ ਦਾ ਭਰਾ ਸੀ) ਨੇ ਮੁਗਲ ਫੌਜ ਨਾਲ ਮਿਲ ਕੇ 26 ਅਪ੍ਰੈਲ 1635 ਨੂੰ ਕਰਤਾਰਪੁਰ ਵਿਖੇ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ। ਸਿੱਖਾਂ ਦੀ ਗਿਣਤੀ 5000 ਦੇ ਕਰੀਬ ਸੀ, ਜੋ ਕਿ ਬਹੁਤ ਹੀ ਜੋਸ਼ ਅਤੇ ਬਹਾਦਰੀ ਨਾਲ ਲੜੇ। (ਗੁਰੂ) ਤੇਗ ਬਹਾਦਰ ਜੀ, ਗੁਦਿੱਤਾ ਜੀ ਅਤੇ ਭਾਈ ਬਿਧੀ ਚੰਦ ਜੀ ਨੇਬਹਾਦਰੀ ਦੇ ਨਵੇਂ ਕਾਰਨਾਮੇ ਦਿਖਾਏ। ਪੈਂਦੇ ਖਾਨ ਅਤੇ ਕਾਲੇ ਖਾਨ ਮਾਰੇ ਗਏ। ਬਹੁਤ ਸਾਰੇ ਸਿੱਖ ਸਿਪਾਹੀ ਵੀ ਇਸ ਲੜਾਈ ਵਿੱਚ ਸ਼ਹੀਦੀ ਪਾ ਗਏ।
ਕਰਤਾਰਪੁਰ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਕੀਰਤਪੁਰ ਜੋ ਕਿ ਰਾਜਾ ਤਾਰਾ ਚੰਦ ਦੇ ਰਾਜ ਅਧੀਨ ਸੀ, ਵੱਲ ਨੂੰ ਚਲੇ ਗਏ। 29 ਅਪ੍ਰੈਲ 1635 ਨੂੰ ਇੱਕ ਵਾਰ ਫਿਰ ਫਗਵਾੜੇ ਵਿਖੇ ਗੁਰੂ ਸਾਹਿਬ ਅਤੇ ਮੁਗਲ ਸੈਨਾ ਦੀ ਟੱਕਰ ਹੋਈ। ਇਸ ਲੜਾਈ ਵਿੱਚ ਗੁਰੂ ਜੀ ਦੇ ਕਾਫੀ ਸਿੱਖ ਸ਼ਹੀਦ ਹੋ ਗਏ ਜਿੰਨ੍ਹਾਂ ਵਿੱਚ ਭਾਈ ਦਾਸਾ ਜੀ ਅਤੇ ਭਾਈ ਸੋਹਿਲਾ ਜੀ (ਭੱਟ ਬੱਲੂ ਦੇ ਪੁੱਤਰ ਅਤੇ ਭੱਟ ਮੁੱਲਾ ਦੇ ਪੋਤਰੇ) ਸ਼ਾਮਿਲ ਸਨ।
ਬਾਣੀ ਰਚਨਾ: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਣੀ ਦੀ ਰਚਨਾ ਨਹੀਂ ਕੀਤੀ, ਉਹਨਾਂ ਗੁਰੂ ਅਰਜਨ ਸਾਹਿਬ ਤੱਕ ਇਕੱਤਰ ਹੋਈ ਬਾਣੀ ਦੀ ਸੰਭਾਲ ਕੀਤੀ ਅਤੇ ਸਿਧਾਂਤ ਨੂੰ ਪ੍ਰਚਾਰਿਆ।
ਜੋਤੀ ਜੋਤ: ਗੁਰੂ ਜੀ ਸਤਲੁਜ ਦਰਿਆ ਨੂੰ ਪਾਰ ਕਰ ਕੀਰਤਪੁਰ ਪਹੁੰਚ ਗਏ, ਜਿੱਥੇ ਉਹਨਾਂ ਸਿੱਖ ਧਰਮ ਦਾ ਇੱਕ ਹੋਰ ਪ੍ਰਚਾਰ ਸੈਂਟਰ ਖੋਲ੍ਹਿਆ। ਗੁਰੂ ਜੀ ਇੱਥੇ 10 ਸਾਲ ਦੇ ਕਰੀਬ ਰਹੇ। ਅੰਤ ਆਪਣੇ ਪੋਤਰੇ (ਗੁਰੂ) ਹਰ ਰਇ ਸਾਹਿਬ (ਬਾਬਾ ਗੁਰਦਿੱਤਾ ਜੀ ਦੇ ਪੁੱਤਰ) ਨੂੰ ਗੁਰੂਗੱਦੀ ਬਖਸ਼ ਗੁਰੂ ਹਰਗੋਬਿੰਦ ਸਾਹਿਬ ਜੀ 3 ਮਾਰਚ 1644 ਯੂਲੀਅਨ, (ਚੇਤ ਸੁਦੀ 5, 6 ਚੇਤ ਸੰਮਤ 1701, ਐਤਵਾਰ, 6 ਚੇਤ/ 19 ਮਾਰਚ ਨਾਨਕਸ਼ਾਹੀ) ਨੂੰ ਜੋਤੀ-ਜੋਤ ਸਮਾ ਗਏ