Pages

ਭਾਈ ਮਰਦਾਨਾ ਜੀ


ਭਾਈ ਮਰਦਾਨਾ ਗੁਰੂ ਨਾਨਕ ਦੇ ਉਹ ਸਾਥੀ ਸਨ ਜਿੰਨ੍ਹਾਂ ਉਨ੍ਹਾਂ ਦਾ ਸਾਥ ਪੂਰੇ ਸੰਤਾਲੀ (47) ਸਾਲ ਦਿੱਤਾ। ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ- ਸਤ, ਸੰਤੋਖ, ਸਬਰ, ਦਇਆ ਅਤੇ ਧਰਮ ਉਸ ਵਿੱਚ ਭਰ ਦਿੱਤੇ ਸਨ। ਉਸਨੂੰ ਇੱਕ ਸੰਤ ਅਤੇ ਸਾਰਿਆਂ ਦਾ ਭਰਾ ਹੋਣ ਦਾ ਮਾਣ ਬਖਸ਼ ਦਿੱਤਾ ਸੀ।

ਭਾਈ ਮਰਦਾਨੇ ਦਾ ਜਨਮ 1459 ਨੂੰ ਰਾਇ-ਭੋਇ ਦੀ ਤਲਵੰਡੀ ਵਿਖੇ ਪਿਤਾ ਬਦਰਾ ਅਤੇ ਮਾਤਾ ਲੱਖੋ ਦੇ ਗ੍ਰਹਿ ਵਿਖੇ ਹੋਇਆ। ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿੱਚ ਨੌਂ ਸਾਲ ਵੱਡਾ ਸੀ। ਉਸ ਦਾ ਪਿਤਾ, ਮੀਰ ਬਾਦਰੇ ਪਿੰਡ ਦਾ ਮਰਾਸੀ ਸੀ। ਉਨ੍ਹਾਂ ਦਿਨਾਂ ਵਿੱਚ ਕੋਈ ਚਿੱਠੀ ਪੱਤਰ ਭੇਜਣ ਦਾ ਸਾਧਨ ਨਹੀਂ ਸੀ, ਮਰਾਸੀ ਇਹ ਕੰਮ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਨੇਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਨ੍ਹਾਂ ਨੂੰ ਸਭ ਜ਼ਬਾਨੀ ਯਾਦ ਰੱਖਣਾ ਪੈਂਦਾ ਸੀ। ਉਨ੍ਹਾਂ ਦੀ ਜ਼ਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਰ ਇੱਕ ਦੇ ਘਰ ਰਹਿ ਸਕਦੇ ਸਨ ਅਤੇ ਹਰ ਇੱਕ ਦੇ ਘਰ ਦਾ ਖਾ-ਪੀ ਸਕਦੇ ਸਨ। ਜਮਾਨਾਂ ਨੂੰ ਆਪਣੀ ਇੱਜ਼ਤ ਖਾਤਰ ਉਨ੍ਹਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ। ਉਹ ਜਾਂਦੇ-ਆਂਉਂਦੇ ਰਹਿੰਦੇ ਸਨ, ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਨ੍ਹਾਂ ਦੀ ਆਦਤ ਬਣ ਚੁੱਕੀ ਸੀ। ਰਸਤੇ ਵਿੱਚ ਇੱਕਲੇ ਹੋਣ ਕਾਰਣ ਆਪਣਾ-ਆਪ ਬਹਿਲਾਉਣ ਲਈ  ਗਾਉਣਾ ਅਤੇ ਵਜਾਉਣਾ ਉਨ੍ਹਾਂ ਦਾ ਇੱਕ ਸ਼ੁਗਲ ਸੀ। ਉਨ੍ਹਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ।
ਰਤਨ ਸਿੰਘ ਭੰਗੂਪ੍ਰਾਚੀਨ ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ ਕਿ ‘ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਇੱਕ ਤਾਰਾਂ ਵਾਲਾ ਸਾਜ਼ ਦਿੱਤਾ ਤਾਂ ਜੋ ਉਹਨਾਂ (ਗੁਰੂ ਨਾਨਕ ਸਾਹਿਬ) ਦੇ ਬਾਣੀ ਉਚਾਰਨ ਸਮੇਂ ਭਾਈ ਮਰਦਾਨਾ ਇਸ ਸਾਜ਼ ਨੂੰ ਵਜਾਵੇ।’ ਜਦੋਂ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਗਏ ਤਾਂ ਭਾਈ ਮਰਦਾਨੇ ਦਾ ਵਿਆਹ ਹੋ ਗਿਆ। ਉਹਨਾਂ ਦੇ ਘਰ ਦੋ ਪੁੱਤਰ ਅਤੇ ਇੱਕ ਧੀ ਦਾ ਜਨਮ ਹੋਇਆ। ਮਹਿਤਾ ਕਾਲੂ ਜੀ (ਗੁਰੂ ਨਾਨਕ ਸਾਹਿਬ ਦੇ ਪਿਤਾ) ਨੇ ਭਾਈ ਮਰਦਾਨੇ ਨੂੰ ਸੁਲਤਾਨਪੁਰ ਜਾ ਕੇ ਗੁਰੂ ਨਾਨਕ ਸਾਹਿਬ ਦੀ ਖ਼ਬਰ ਲਿਆਉਣ ਲਈ ਭੇਜਿਆ ‘ਤੇ ਭਾਈ ਮਰਦਾਨਾ ਜੀ ਸਦਾ ਲਈ ਗੁਰੂ ਨਾਨਕ ਸਾਹਿਬ ਨਾਲ ਟਿਕ ਗਏ ‘ਤੇ ਵਾਪਿਸ ਨਹੀਂ ਆਏ। ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ ਰਬਾਬ ਵਜਾਉਣ ਦਾ ਖਾਸ ਗੁਣ ਸੀ ਜਿਸ ਨਾਲ ਉਸ ਨੇ ਗੁਰੂ ਜੀ ਦੀ ਰਚੀ ਬਾਣੀ ਉੱਨ੍ਹੀਂ (19) ਰਾਗਾਂ ਵਿੱਚ ਗਾਇਨ ਕੀਤੀ।
153ਈ: ਨੂੰ ਭਾਈ ਮਰਦਾਨਾ ਜੀ ਇੱਕ ਦਿਨ ਬੀਮਾਰ ਹੋ ਗਏ ਅਤੇ ਬਿਮਾਰੀ ਕਾਰਨ ਹੀ ਕਰਤਾਰਪੁਰ ਵਿਖੇ ਸੰਸਾਰ ਨੂੰ ਅਲਵਿਦਾ ਆਖ ਗਏ।


{ਨੋਟ: ਇਹ ਲੇਖ ‘ਸਿੱਖ ਇਤਿਹਾਸ’ ਦੇ ਸ਼ਾਨਦਾਰ ਪੰਨਿਆਂ ‘ਤੇ ਅੰਕਿਤ ਸਖਸ਼ੀਅਤਾਂ ਵਿੱਚੋਂ ਇੱਕ ਭਾਈ ਮਰਦਾਨਾ ਜੀ ਦੇ ਜੀਵਨ ‘ਤੇ ਇੱਕ ਝਲਕ ਹੈ, ਜੇ ਕਿਸੇ ਕੋਲ ਬਿਹਤਰ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰੇ ਤਾਂ ਜੋ ਇਸ ਲੇਖ ਵਿੱਚ ਰਹਿੰਦੀਆਂ ਕਮੀਆਂ ਨੂੰ ਸਹੀ ਕੀਤਾ ਜਾ ਸਕੇ।}