Pages

ਜਪੁ ਜੀ ਸਾਹਿਬ- 3


ਸਤਿੰਦਰਜੀਤ ਸਿੰਘ
ਪਉੜੀ-2
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਗੁਰੂ ਨਾਨਕ ਸਾਹਿਬ ਸਮਝਾ ਰਹੇਬਹਨ ਕਿ ਇਹ ਸਾਰੀ ਕਾਇਨਾਤ (ਆਕਾਰ), ਸਾਰੇ ਸਰੀਰ (ਆਕਾਰ) ਅਤੇ ਸਰੂਪ, ਉਸ ਅਕਾਲ ਪੁਰਖ ਦੇ ਨਿਯਮ (ਹੁਕਮੀ) ਅਨੁਸਾਰ ਹੀ ਹਨ ਅਤੇ ਇਸ ਨਿਯਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਉਸ ਅਕਾਲ ਪੁਰਖ ਦੇ ਨਿਯਮ, ਕਿਰਪਾ ਸਦਕਾ ਹੀ ਸਰੀਰ ਵਿੱਚ ਜਾਨ ਪੈਂਦੀ ਹੈ ਅਤੇ ਉਸਦੇ ਗੁਣਾਂ (ਹੁਕਮਿ) ਨੂੰ ਇਸ ਸਰੀਰ ਰਾਹੀਂ ਮੰਨਣ ਅਤੇ ਧਾਰਨ ਨਾਲ ਹੀ ਸੰਸਾਰ ਵਿੱਚ ਉਸਤਤ (ਵਡਿਆਈ) ਅਤੇ ਸੋਭਾ ਹੁੰਦੀ ਹੈ
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਗੁਣਾਂ ਅਨੁਸਾਰ ਹੀ ਮਨੁੱਖ ਚੰਗਾ, ਵੱਡਾ(ਉਤਮੁ) ਜਾਂ ਮਾੜਾ, ਛੋਟਾ (ਨੀਚੁ) ਹੁੰਦਾ ਹੈ ਅਤੇ ਮਨੁੱਖ ਆਪਣੇ ਗੁਣਾਂ (ਹੁਕਮਿ) ਅਤੇ ਕੀਤੇ ਕਰਮਾਂ ਅਨੁਸਾਰ ਹੀ ਦੁੱਖ ਜਾਂ ਸੁਣਖ ਪਾਉਂਦੇ ਹਨ
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥
ਕਈ ਮਨੁੱਖਾਂ ਨੂੰ ਇਹ ਗੁਣਾਂ ਦੀ ਬਖਸ਼ੀਸ਼ ਪ੍ਰਾਪਤ ਹੋ ਗਈ ਭਾਵ ਕਿ ਉਹਨਾਂ ਨੇ ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰ ਲਿਆ ਅਤੇ ਕਈ ਮਨੁੱਖ ਗੁਣਾਂ ਅਤੇ ਔਗੁਣਾਂ ਵਿੱਚ ਵਾਰ-ਵਾਰ ਜੰਮਦੇ ਅਤੇ ਮਰਦੇ ਰਹਿੰਦੇ ਹਨ
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਜੀਵਨ ਦਾ ਸਾਰਾ ਤੱਤਸਾਰ ਉਸ ਪ੍ਰਮਾਤਮਾ ਦੇ ਗੁਣਾਂ, ਉਸਦੇ ਹੁਕਮ, ਨਿਯਮ ਵਿੱਚ ਹੀ ਹੈ, ਉਸਤੋਂ ਬਾਹਰ ਜਾਂ ਵੱਖ ਕੁੱਝ ਵੀ ਨਹੀਂ
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥੨॥
ਹੇ ਨਾਨਕ! ਜਿਸ ਕਿਸੇ ਵੀ ਮਨੁੱਖ ਨੇ ਇਹਨਾਂ ਗੁਣਾਂ ਨੂੰ ਪਾ ਲਿਆ, ਜੀਵਨ ਵਿੱਚ ਅਪਣਾ ਲਿਆ ਤਾਂ ਫਿਰ ਉਸਨੂੰ ਹਉਮੈ ਦੀ ਮਾਰ ਨਹੀਂ ਪੈਂਦੀ, ਉਹ ਹਉਮੈ ਵਿੱਚ ਨਹੀਂ ਆਉਂਦਾ, ਕਿਸੇ ਗੱਲ ਦਾ ਵਿਖਾਵਾ ਜਾਂ ਹੰਕਾਰ ਨਹੀਂ ਕਰਦਾ 2



{ਨੋਟ: ‘ਜਪੁ ਜੀ’ ਸਾਹਿਬ ਦੇ ਇਹ ਅਰਥ, ਆਪਣੀ ਸਮਝ ਅਨੁਸਾਰ ਕੀਤੇ ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ}

{ਦੂਸਰੀ ਕਿਸ਼ਤ ਪੜ੍ਹਨ ਲਈ ਇੱਥੇ ਕਲਿੱਕ ਕਰੋ}