ਸਤਿੰਦਰਜੀਤ ਸਿੰਘ
ਪਉੜੀ-5
ਥਾਪਿਆ ਨ ਜਾਇ ਕੀਤਾ ਨ ਹੋਇ॥
ਉਹ ਪ੍ਰਮਾਤਮਾ, ਉਹ ਅੰਤਿਮ ਸੱਚ, ਆਪਣੇ ਆਪ ਤੋਂ ਹੀ ਹੈ, ਉਸਨੂੰ ਥਾਪਿਆ ਨਹੀਂ ਜਾ
ਸਕਦਾ ਅਤੇ ਨਾ ਹੀ ਬਣਾਇਆ ਜਾ ਸਕਦਾ ਹੈ ਭਾਵ ਕਿ ਉਹ ਪ੍ਰਮਾਤਮਾ ਅਤੇ ਉਸਦੇ ਗੁਣ ਆਪਣੇ
ਆਪ ਕੁਦਰਤ ਰੂਪ ਹੀ ਬਣੇ ਹਨ,
ਕਿਸੇ ਨੇ ਬਣਾਏ ਨਹੀਂ
ਆਪੇ ਆਪਿ ਨਿਰੰਜਨੁ ਸੋਇ॥
ਉਹ ਪ੍ਰਮਾਤਮਾ ਮਾਇਆ ਦੇ
ਲਾਲਚ, ਧਨ-ਦੌਲਤ ਅਤੇ ਹੋਰ ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਨਿਰਲੇਪ ਹੈ, ਜਿਹੜਾ ਵੀ ਜੀਵ ਇਹਨਾਂ
ਗੁਣਾਂ ਨੂੰ ਧਾਰ ਲੈਂਦਾ ਹੈ, ਉਹ ਵੀ ਧਨ-ਦੌਲਤ ਅਤੇ
ਹੋਰ ਦੁਨਿਆਵੀ ਪਦਾਰਥਾਂ ਦੇ ਮੋਹ ਅਤੇ ਲਾਲਚ
ਤੋਂ ਬਚ ਜਾਂਦਾ ਹੈ, ਗੁਣਾਂ ਵਾਲਾ ਹੋ ਜਾਂਦਾ
ਹੈ,
ਸਚਿਆਰਾ ਹੋ ਜਾਂਦਾ ਹੈ।
ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
ਜਿੰਨ੍ਹਾਂ ਨੇ ਉਸ ਪ੍ਰਮਾਤਮਾ ਦੇ
ਨਾਮ ਨੂੰ ਸਿਮਰਿਆ ਹੈ ਭਾਵ ਕਿ ਉਸਦੇ ਗੁਣ ਧਾਰਨ ਕੀਤੇ ਅਤੇ ਸੱਚ ਮਾਰਗ ਤੇ ਸਚਿਆਰਾ ਜੀਵਨ
ਬਣਾ ਲਿਆ, ਉਹਨਾਂ ਨੇ ਇਸ ਸੰਸਾਰ ਵਿੱਚ ਮਾਣ-ਇੱਜਤ ਅਤੇ ਵਡਿਆਈ ਖੱਟੀ ਹੈ, ਲੋਕ ਉਹਨਾਂ ਦੀ ਸੋਭਾ
ਕਰਦੇ ਹਨ
ਨਾਨਕ ਗਾਵੀਐ ਗੁਣੀ ਨਿਧਾਨੁ ॥
ਹੇ ਨਾਨਕ! ਭਾਵ ਕਿ ਹੇ ਜੀਵ!
ਤੂੰ ਹਮੇਸ਼ਾ ਉਸ ਗੁਣਾਂ ਦੇ ਖਜਾਨੇ, ਪ੍ਰਮਾਤਮਾ ਦੀ
ਸਿਫਤ-ਸਲਾਹ ਕਰ, ਗੁਣ ਗਾ, ਉਸਦੀਆਂ ਸਿੱਖਿਆਵਾਂ ਤੇ
ਜੀਵਨ ਜਿਉਣਾ ਸਿੱਖ, ਜਿਸ ਸਕਦਾ
ਤੈਨੂੰ ਸੰਸਾਰ ਵਿੱਚ ਸੋਭਾ ਮਿਲਦੀ ਹੈ।
ਗਾਵੀਐ ਸੁਣੀਐ ਮਨਿ ਰਖੀਐ ਭਾਉ ॥
ਉਸ ਪ੍ਰਮਾਤਮਾ ਨੂੰ, ਉਸਦੇ ਗੁਣਾਂ ਅਤੇ
ਸਿੱਖਿਆਵਾਂ ਦਾ ਗੁਣਗਾਨ ਕਰੀਏ, ਉਸਦੇ ਗੁਣਾਂ ਵੱਲ
ਧਿਆਨ ਕਰੀਏ, ਮਨ ਲਗਾ ਕੇ ਉਸਦੀਆਂ
ਸਿੱਖਿਆਵਾਂ ਨੂੰ ਸੁਣੀਏ, ਉਸਦੇ ਗੁਣਾਂ ਦੇ ਧਾਰਨੀ
ਲੋਕਾਂ ਦੀ ਸੰਗਤ ਕਰੀਏ ਅਤੇ ਪ੍ਰਮਾਤਮਾ ਦੇ
ਗੁਣਾਂ ਬਾਰੇ ਸੁਣੀਏ, ਅਤੇ ਫਿਰ ਮਨ ਵਿੱਚ
ਉਹਨਾਂ ਗੁਣਾਂ ਨਾਲ ਪਿਆਰ ਕਰੀਏ, ਜੀਵਨ ਨੂੰ ਸਚਿਆਰਾ
ਬਣਾਈਏ
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਇਸ ਤਰ੍ਹਾਂ ਕਰਨ ਨਾਲ ਜੀਵਨ
ਵਿੱਚ ਵਿਕਾਰਾਂ ਕਰ ਕੇ ਜਿਹੜੇ ਦੁੱਖ ਅਤੇ ਤਕਲੀਫਾਂ ਹਨ,
ਉਹ ਦੂਰ ਹੋ ਜਾਣਗੀਆਂ ਅਤੇ
ਜੀਵਨ ਵਿੱਚ ਸੁੱਖ, ਸਹਿਜ ਅਤੇ ਟਿਕਾਉ ਆ ਜਾਵੇਗਾ,
ਧਨ-ਦੌਲਤ ਦੀ ਭਟਕਣਾ ਮੁੱਕ ਜਾਵੇਗੀ।!
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
ਗੁਰੂ ਵੱਲ ਮੂੰਹ ਕੀਤਿਆਂ ਭਾਵ
ਕਿ ਉਸਦੀ ਸਿੱਖਿਆ ਤੇ ਚੱਲਦਿਆਂ, ਬੋਲੀ ਨਿਮਰਤਾ ਵਾਲੀ ਹੋ
ਜਾਂਦੀ ਹੈ ਅਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ
ਹੈ, ਗੁਰੂ ਦੀ ਸਿੱਖਿਆ ਤੇ ਚੱਲਦਿਆਂ ਮਨੁੱਖ ਇਸ ਸੰਸਾਰ ਵਿੱਚ
ਸੋਭਾ ਖੱਟਦਾ ਹੈ, ਸਭ ਦੇ ਦਿਲਾਂ ਵਿੱਚ ਸਮਾ ਜਾਂਦਾ ਹੈ,
ਆਪਣੀ ਚੰਗੀ ਥਾਂ ਬਣਾ ਲੈਂਦਾ
ਹੈ
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਉਸ ਪ੍ਰਮਾਤਮਾ ਦਾ ਗਿਆਨ ਹੀ
ਮਨੁੱਖ ਲਈ ਈਸ਼ਵਰ (ਈਸਰੁ), ਧਰਤੀ ਨੂੰ ਰੱਖਣ ਵਾਲਾ (ਗੋਰਖੁ,
ਗੋ = ਧਰਤੀ) ਅਤੇ ਬਰਮਾ ਹੈ, ਗੁਰੂ ਦਾ ਗਿਆਨ ਹੀ
ਵਿਕਾਰਾਂ ਤੋਂ ਛੁਟਕਾਰਾ ਪਾਉਣ ਵਾਲੀ
ਬਿਬੇਕ ਬੁੱਧ (ਪਾਰਬਤੀ ਮਾਈ) ਹੈ।
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
ਜੇ ਮੈਂ ਹਉਮੈ ਨੂੰ ਜਾਣ
ਲਵਾਂ, ਆਪਣੇ ਅੰਦਰ ਦੇ ਹੰਕਾਰ ਨੂੰ ਪਹਿਚਾਣ ਲਵਾਂ ਅਤੇ ਫਿਰ ਉਸ ਹੰਕਾਰ ਨੂੰ ਆਪਣੀ ਬੋਲੀ
ਅਤੇ ਜੀਵਨ ਵਿੱਚੋਂ ਖਤਮ ਕਰ ਦਵਾਂ ਤਾਂ ਫਿਰ ਗੁਣਾਂ ਦੇ ਖਜਾਨੇ, ਪ੍ਰਮਾਤਮਾ ਦੀ ਮਿਹਰ ਦਾ
ਪਾਤਰ ਬਣ ਸਕਦਾਂ ਹਾਂ, ਉਹ ਮਿਹਰ ਜਿਸ ਨੂੰ ਸ਼ਬਦਾਂ ਨਾਲ ਬਿਆਨ ਕਰਨਾ ਔਖਾ ਹੈ, ਉਸ ਗੁਣਾਂ ਨੂੰ ਬਿਆਨ
ਕਰਨ ਲਈ ਸ਼ਬਦ ਵੀ ਘੱਟ ਲੱਗਦੇ ਹਨ, ਉਹ ਗੁਣ ਮੇਰੇ
ਜੀਵਨ ਦਾ ਹਿੱਸਾ ਬਣ ਜਾਣਗੇ
ਗੁਰਾ ਇਕ ਦੇਹਿ ਬੁਝਾਈ॥
ਸਤਿਗੁਰੂ,
ਉਸ ਪ੍ਰਮਾਤਮਾ ਨੇ ਇਹ ਗੱਲ ਮੈਨੂੰ ਸਮਝਾ
(ਬੁਝਾਈ) ਦਿੱਤੀ ਹੈ (ਦੇਹੁ) ਕਿ ਹਉਮੈਂ ਨੂੰ ਖਤਮ ਕਰਨ ਲਈ ਗੁਣਾਂ ਨੂੰ ਧਾਰਨ ਕਰਨਾ ਪੈਣਾ ਹੈ
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥੫॥
ਸਾਰੇ
ਜੀਵਾਂ ਨੂੰ ਵਡਿਆਈ ਦੇ ਪਾਤਰ ਬਣਾਉਣ ਵਾਲੇ ਗੁਣਾਂ ਦੀ ਬਖਸ਼ਿਸ਼ ਕਰਨ ਵਾਲਾ ਉਹ ਪ੍ਰਮਾਤਮਾ ਹੀ ਹੈ, ਉਸਦੇ ਗੁਣਾਂ ਨੂੰ ਭੁੱਲਣਾ ਨਹੀਂ ਚਹੀਦਾ ॥5॥
{ਨੋਟ: ‘ਜਪੁ ਜੀ’ ਸਾਹਿਬ ਦੇ ਇਹ
ਅਰਥ, ਆਪਣੀ ਸਮਝ ਅਨੁਸਾਰ ਕੀਤੇ
ਗਏ ਹਨ, ਕੋਈ ਆਖਰੀ ਨਿਰਣਾ ਨਹੀਂ, ਸਾਰੇ ਪਾਠਕਾਂ ਦੇ
ਸੁਝਾਵਾਂ ਦਾ ਸੁਆਗਤ ਹੈ}