ਸਤਿੰਦਰਜੀਤ ਸਿੰਘ ਗਿੱਲ
ਦੇਹਧਾਰੀ ਦੇ ਅਰਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਇਹ ਸਮਝ
ਆਉਂਦੀ ਹੈ ਕਿ ‘ਦੇਹਧਾਰੀ’ ਦਾ
ਭਾਵ ਹੈ ਜੋ ਵੀ ਜੀਵ ਇਸ ਸੰਸਾਰ ਵਿੱਚ ਸਰੀਰਿਕ ਜਾਮੇ
ਵਿੱਚ ਵਿਚਰ ਰਿਹਾ ਹੈ। ਇਸ ਸੰਸਾਰ ਵਿੱਚ ਸਰੀਰਿਕ
ਜਾਮਾ ਪਹਿਨ ਕੇ ਜਨਮ ਲੈਣਾ ਅਤੇ ਵਾਹਿਗੁਰੂ ਜੀ ਦੀ ਬਖਸ਼ਿਸ ਕੀਤੀ ਹੋਈ ਸਵਾਸਾਂ ਦੀ ਪੂੰਜੀ ਖਤਮ ਹੋਣ ਤੇ ਇਸ ਸੰਸਾਰ ਨੂੰ ਛੱਡ ਜਾਣਾ
ਭਾਵ ਮਰ ਜਾਣਾ…ਗੁਰੂ ਸ਼ਬਦ ਤੋਂ ਭਾਵ ਹੈ ਕਿ ਕੋਈ ਐਸਾ ਇਨਸਾਨ ਜੋ ਆਪ ਚਰਿਤਰਵਾਨ ਅਤੇ
ਗੁਣਵਾਨ ਹੋਵੇ ਅਤੇ ਲੋਕਾਂ ਦਾ ਸਹੀ ਮਾਰਗ-ਦਰਸ਼ਨ
ਕਰਦਾ ਹੋਇਆ ਜੀਵਨ-ਜਾਚ ਸਿਖਾਉਂਦਾ ਅਤੇ ਵਿਆਕਤੀਤਵ ਵਿੱਚ ਔਗੁਣਾਂ ਨੂੰ ਖਤਮ ਕਰਨ ਅਤੇ ਗੁਣਾਂ ਦੇ ਵਿਕਸਤ ਕਰਨ ਦਾ ਤਰੀਕਾ ਸਿਖਾਉਂਦਾ ਹੈ, ਅਤੇ ਧਾਰਮਿਕ-ਗੁਰੂ ਦਾ ਭਾਵ ਉਸ ਸੂਝਵਾਨ
ਵਿਆਕਤੀ ਤੋਂ ਹੈ ਜੋ ਸਹੀ ਜੀਵਨ-ਜਾਚ ਦੇ ਨਾਲ-ਨਾਲ
ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਜਾਂ ਇਹ ਕਹਿ ਲਈਏ ਕਿ ਵਾਹਿਗੁਰੂ ਤੱਕ ਪਹੁੰਚਣ ਦਾ ਢੰਗ ਦਸਦਾ ਹੈ।
ਉਪਰੋਕਤ
ਦੋ ਸ਼ਬਦਾਂ ਤੋਂ ਇਲਾਵਾ ਤੀਸਰਾ ਸ਼ਬਦ ‘ਆਗੂ’ ਹੇ
ਜੋ ਕਿ ਅੱਜ-ਕੱਲ੍ਹ ਆਮ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸਦਾ
ਅਰਥ ਹੈ ਇੱਕ ਐਸਾ
ਇਨਸਾਨ ਜਿਸ ਵਿੱਚ ਜ਼ਰੂਰੀ ਸਭ ਗੁਣ ਹੋਣ ਅਤੇ ਜੋ
ਦੂਸਰੇ ਮਨੁੱਖਾਂ ਵਿੱਚ ਗੁਣਾਂ ਦਾ ਵਿਕਾਸ
ਜਾਂ ਵਿਆਕਤੀਤਵ ਦਾ ਵਿਕਾਸ ਕਰਨ ਦੇ ਨਾਲ-ਨਾਲ ਮਨੁੱਖਤਾ ਦੇ ਭਲੇ ਲਈ ਆਪ ਅੱਗੇ ਹੋ ਕੇ ਪੂਰੇ ਮਨ ਨਾਲ ਕਾਰਜ ਕਰਦਾ ਹੈ…
ਇਸ
ਸੰਸਾਰ ਵਿੱਚ ਜੋ ਵੀ ਜੀਵ ਸਵਾਸ ਲੈ ਰਿਹਾ ਹੈ, ਉਸਨੂੰ ਦੇਹਧਾਰੀ ਕਿਹਾ ਜਾ ਸਕਦਾ ਹੈ। ਮਨੁੱਖ, ਪਸ਼ੂ-ਪੰਛੀ ਅਤੇ ਕੀਟ-ਪਤੰਗੇ ਸਭ ਦੇਹਧਾਰੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਪਰ ਇਹਨਾਂ ਸਭ ਜੂਨਾਂ ਵਿੱਚੋਂ ਇਨਸਾਨ ਦੀ ਜੂਨ ਇੱਕ ਐਸੀ ਜੂਨ ਹੈ ਜਿਸਨੂੰ ਵਾਹਿਗੁਰੂ ਜੀ ਨੇ
ਸਭ ਤੋਂ ਵੱਧ ਬੁੱਧੀ ਜਾਂ ਦਿਮਾਗ ਜਾਂ ਅਕਲ ਦੀ
ਬਖ਼ਸਿਸ਼ ਕੀਤੀ ਹੈ, ਜੋ ਆਪਣੀ ਬੁੱਧੀ ਦੀ ਵਰਤੋਂ ਕਰਕੇ ਬਾਕੀ ਸਭ
ਜਾਨਵਰਾਂ ਅਤੇ
ਪਸ਼ੂ-ਪੰਛੀਆਂ ਉਪਰ ‘ਰਾਜ’ ਕਰ
ਰਿਹਾ ਹੈ ਭਾਵ ਕਿ ਉਹਨਾਂ ਨੂੰ ਆਪਣੀ ਸੁਵਿਧਾ ਅਨੁਸਾਰ ਵਰਤ ਰਿਹਾ ਹੈ। ਇਸੇ ਪ੍ਰਕਾਰ ਇਨਸਾਨਾਂ ਵਿੱਚ ਵੀ
ਕੁੱਝ ਇਨਸਾਨ ਐਸੇ ਹੁੰਦੇ ਹਨ ਜੋ ਆਪਣੇ ਦਿਮਾਗ
ਦੀ ਵਰਤੋਂ ਬਾਕੀਆਂ ਨਾਲੋਂ ਜ਼ਿਆਦਾ ਕਰਦੇ ਹਨ ਅਤੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਬਾਕੀ ਇਨਸਾਨਾਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ
ਦਿੰਦੇ ਹਨ, ਉਹਨਾਂ ਵਿੱਚ ਐਸੀ ਮੁਹਾਰਤ ਆ ਜਾਂਦੀ ਹੈ ਕਿ ਬੜੀ ਅਸਾਨੀ ਨਾਲ ਬਾਕੀ ਲੋਕਾਂ
ਦੀ ਅਕਲ `ਤੇ ਕੰਟਰੋਲ ਕਰਕੇ ਆਪਣੀਆਂ ਗੱਲਾਂ ਵਿੱਚ ਫਸਾ ਕੇ, ਗੁਮਰਾਹ ਕਰਕੇ ਆਪਣੇ ਪਿੱਛੇ ਲਾ ਲੈਂਦੇ ਹਨ… ਫਿਰ ਆਪਣੀਆਂ ਲੋੜਾਂ ਜਾਂ ਸਵਾਰਥਾਂ ਦੀ ਪੂਰਤੀ ਲਈ ਹਰ ਸਹੀ ਜਾਂ ਗਲਤ
ਤਰੀਕਾ ਅਪਣਾ ਕੇ ਬਾਕੀਆਂ ਨਾਲੋਂ ਅੱਗੇ ਨਿਕਲ ਜਾਂਦੇ
ਹਨ ਅਤੇ ਉਹਨਾਂ ਲਈ ਆਪਣੇ-ਆਪ ਹੀ ਆਗੂ ਬਣ ਜਾਂਦੇ ਹਨ ਅਤੇ ਲੋਕ ਵਿਚਾਰੇ ਉਹਨਾਂ ਦੀਆਂ ਗੱਲਾਂ ਵਿੱਚ ਫਸ ਕੇ ਉਹਨਾਂ ਨੂੰ ਆਪਣਾ
ਨੇਤਾ ਜਾਂ ਆਗੂ ਮੰਨ ਲੈਂਦੇ ਹਨ। ਫਿਰ ਇਹੀ ‘ਆਪੇ
ਬਣੇ ਆਗੂ ਜਾਂ ਨੇਤਾ ਲੋਕਾਂ ਦੀਆਂ ਵੋਟਾਂ ਲੈ ਕੇ ਸਰਕਾਰ ਵਿੱਚ ਚਲੇ ਜਾਂਦੇ ਹਨ ਅਤੇ ਉਚ-ਪਦਵੀਆਂ ਮੱਲ ਲੈਂਦੇ ਹਨ… ‘ਤੇ ਫਿਰ ਵੋਟਾਂ ਪਾਉਣ ਵਾਲਿਆਂ ਨੂੰ ਭੁੱਲਣ ਦਾ
ਸਿਲਸਿਲਾ
ਅਗਲੀਆਂ ਚੋਣਾਂ ਤੱਕ ਚਲਦਾ ਹੈ। ਰਾਜਨੀਤਿਕ
ਖੇਤਰ ਤੋਂ ਇਲਾਵਾ ਧਾਰਮਿਕ ਖੇਤਰ ਵਿੱਚ ਵੀ ਕੁੱਝ
ਲੋਕ ਆਪਣੀ ਅਕਲ ਜਾਂ ਬੁੱਧੀ ਨਾਲ ਐਸਾ ਭਰਮ ਜਾਲ ਬੁਣਦੇ ਹਨ ਕਿ ਲੋਕਾਂ ਲਈ ਧਾਰਮਿਕ ਗੁਰੂ ਜਾਂ ਆਗੂ ਬਣਨ ਦੀ ਕੋਸਿਸ਼ ਵਿੱਚ ਲੱਗ
ਜਾਂਦੇ ਹਨ… ਉਹ ਆਪਣੀ ‘ਕਲਾ’ ਨਾਲ ਕਾਫੀ ਹੱਦ ਤੱਕ ਸਫ਼ਲ ਵੀ ਹੋ ਜਾਂਦੇ ਹਨ, ਬਹੁਤ ਸਾਰੇ ਲੋਕ ਉਹਨਾਂ ਲੋਕਾਂ ਨੂੰ ਆਪਣਾ ‘ਰੱਬ’ ਸਮਝ ਬੈਠਦੇ ਹਨ। ਹਿੰਦੁਸਤਾਨ ਖ਼ਾਸ ਕਰਕੇ ਪੰਜਾਬ ਦੇ
ਲੋਕਾਂ ਦੀ ਇਹ ਇੱਕ ਵੱਡੀ ਕਮਜ਼ੋਰੀ ਹੈ ਕਿ ਉਹ
ਧਰਮ ਦੇ ਮਾਮਲੇ ਵਿੱਚ ਅਸਾਨੀ ਨਾਲ ਰੱਬ ਨੂੰ ਪ੍ਰਾਪਤ ਕਰਨ, ਸੁੱਖਾਂ
ਦੀ ਪ੍ਰਾਪਤੀ ਆਦਿ
ਦੀ ਲਾਲਸਾ ਵਿੱਚ ਫਸ ਕੇ, ਰੱਬ ਦੀ ਪ੍ਰਾਪਤੀ ਕਰਵਾਉਣ ਦੇ ਦਾਅਵੇ ਕਰਨ
ਵਾਲੇ ਇਨਸਾਨ ਉੱਪਰ
ਵਿਸ਼ਵਾਸ਼ ਕਰਕੇ ਉਸਨੂੰ ‘ਗੁਰੂ’ ਬਣਾ ਲੈਂਦੇ ਹਨ।
‘ਰੱਬ’ ਨੂੰ
ਪ੍ਰਾਪਤ ਕਰਨ ਦੀ ਲਾਲਸਾ ਦਾ
ਸ਼ਿਕਾਰ ਹੋ ਕੇ ਇਲਾਹੀ ਗੁਰਬਾਣੀ ਦੇ ਸਿਧਾਂਤ
ਤੋਂ ਦੂਰ
ਚਲੇ ਜਾਂਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿੱਚ
ਅੱਜ-ਕੱਲ੍ਹ ਡਾਕਟਰਾਂ ਨਾਲੋਂ ਜਿਆਦਾ ਅਖੌਤੀ ਗੁਰੂ ਅਤੇ ਹਸਪਤਾਲਾਂ ਨਾਲੋਂ ਜਿਆਦਾ ਡੇਰੇ ਸਥਾਪਿਤ ਹੋ
ਚੁੱਕੇ ਹਨ… ਜਿੰਨ੍ਹਾਂ ਵਹਿਮਾਂ-ਭਰਮਾਂ ਨੂੰ ਪਹਿਲੇ ਗੁਰੂ, ਗੁਰੂ
ਨਾਨਕ ਸਾਹਿਬ ਜੀ ਨੇ ਦੁਨੀਆਂ ਵਿੱਚੋਂ ਖਤਮ ਕਰਨ ਦੀ ਪਹਿਲ-ਕਦਮੀਂ ਕੀਤੀ ਸੀ, ਅਸੀਂ ਅੱਜ ਉਹਨਾਂ ਹੀ ਭਰਮਾਂ ਵਿੱਚ ਉਲਝਦੇ ਜਾ
ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ
ਨੂੰ ਫੋਕੇ ਕਰਮ-ਕਾਂਡਾਂ ਵਿੱਚੋਂ ਕੱਢਣ ਲਈ ਪੂਰੇ ਸੰਸਾਰ ਦੀ ਪੈਦਲ ਯਾਤਰਾ ਕੀਤੀ ਅਤੇ ਸਾਰੀ ਲੋਕਾਈ ਤੱਕ ‘ਅਕਾਲ-ਪੂਰਖ਼ ਵਾਹਿਗੁਰੂ’ ਜੀ ਦਾ ਉਪਦੇਸ਼ ਪਹੁੰਚਾਇਆ। ਉਹਨਾਂ ਨੇ ਕੇਵਲ ਗੱਦੀ ਲਗਾ ਕੇ ਲੋਕਾਂ ਨੂੰ ਉਪਦੇਸ਼ ਨਹੀਂ
ਦਿੱਤਾ ਸਗੋਂ ਮਨੁੱਖਤਾ ਦੇ ਭਲੇ ਵਾਸਤੇ ਆਪ ਉਸ
ਸੱਚ ਦੀ ਅਵਾਜ਼ ਨੂੰ ਹਰ ਮਨੁੱਖ ਤੱਕ ਪਹੁੰਚਾਉਣ ਲਈ ਅੱਗੇ ਹੋ ਕੇ ਲੋਕਾਂ ਦਾ ਮਾਰਗ-ਦਰਸ਼ਨ ਕੀਤਾ, ‘ਕਿਰਤ ਕਰੋ, ਨਾਮ
ਜਪੋ, ਵੰਡ ਛਕੋ’ ਦਾ
ਸਿਧਾਂਤ ਲਾਗੂ ਕੀਤਾ। ਗੁਰੂ
ਨਾਨਕ ਸਾਹਿਬ ਨੇ ਜੋ ਸੱਚ ਦੀ ਅਵਾਜ਼ ਨੂੰ ਉਠਾਇਆ
ਸੀ ਉਸ ਅਵਾਜ਼ ਨੂੰ ਉਹਨਾਂ ਤੋਂ ਬਾਅਦ ਵੀ ਸਾਰੇ
ਗੁਰੂ ਸਾਹਿਬਾਨ ਨੇ ਉਸੇ ਸ਼ਿੱਦਤ ਨਾਲ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਜਾਰੀ ਰੱਖਿਆ। ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ
ਅਤੇ ਨੌਵੇਂ ਨਾਨਕ ਗੁਰੂ ਤੇਗਬਹਾਦੁਰ ਜੀ ਨੇ ਗੁਰੂ
ਨਾਨਕ ਸਾਹਿਬ ਜੀ ਦੁਆਰਾ ਦਿੱਤੇ ਸਰਬ-ਸਾਂਝੀਵਾਲਤਾ, ਏਕਤਾ, ਬਰਾਬਰਤਾ ਦੇ ਸਿਧਾਂਤ ਅਤੇ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਗੁਰੂ
ਨਾਨਕ ਸਾਹਿਬ ਦੇ ਦਿੱਤੇ ਸਿਧਾਂਤ ਦੀ ਰਾਖੀ
ਲਈ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਲਵਾਰ ਉਠਾਈ, ਗੁਰੂ
ਗੋਬਿੰਦ ਸਾਹਿਬ ਜੀ ਨੇ
ਆਪਣੇ ਪਰਿਵਾਰ ਦਾ ਬਲੀਦਾਨ ਦਿੱਤਾ ਅਤੇ ਜ਼ੁਲਮ
ਦੇ ਖਿਲਾਫ਼ ਤਲਵਾਰ ਉਠਾਉਣ ਨੂੰ ਸਹੀ ਕਰਾਰ ਦਿੱਤਾ।
ਸੰਸਾਰ ਵਿੱਚੋਂ ਜੁਲਮ ਦਾ ਖਾਤਮਾ ਕਰਨ ਲਈ ਇੱਕ ਨਿਰਾਲੇ ਪੰਥ ‘ਖਾਲਸਾ-ਪੰਥ’ ਦੀ ਸਿਰਜਣਾ ਕੀਤੀ। ਸਿੱਖ ਕੌਮ ਵਿੱਚੋਂ ਸਾਰੇ
ਕਰਮ-ਕਾਂਡਾਂ ਦੇ ਖਾਤਮੇ ਲਈ,
ਕੌਮ ਵਿੱਚ ਏਕਤਾ ਬਣਾਈ ਰੱਖਣ ਲਈ ਅਤੇ ਅਕਾਲ-ਪੁਰਖ਼ ਦੇ ਉਪਦੇਸ਼
ਨੂੰ ਦ੍ਰਿੜ ਕਰਵਾਉਣ ਲਈ ਸ਼ਬਦ-ਗੁਰੂ,
ਇਲਾਹੀ ਬਾਣੀ ਨੂੰ ਗੁਰੂ ਦੀ ਗੱਦੀ ਉਪਰ ਬਿਰਾਜਮਾਨ
ਕੀਤਾ, ਕੌਮ ਨੂੰ ‘ਸਾਹਿਬ
ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ’ ਦੇ
ਲੜ ਲਗਾਇਆ ਅਤੇ ‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’ ਦਾ ਉਪਦੇਸ਼ ਦਿੱਤਾ ਪਰ ਅਫ਼ਸੋਸ ਕਿ ਅੱਜ ਉਸ ਗੁਰੂ ਦੇ ਉਪਦੇਸ਼ ਨੂੰ
ਭੁਲਾ ਕੇ ਸਿੱਖ ‘ਕੱਚੇ-ਪਿੱਲੇ’ ਮਨੁੱਖਾਂ ਨੂੰ ਆਪਣਾ ਗੁਰੂ ਬਣਾ ਬੈਠੇ ਹਨ। ਅੱਜ
ਪੰਜਾਬ ਦੀ ਹਾਲਤ ਐਸੀ ਹੈ
ਕਿ ਅਖੌਤੀ ਸੰਤ ਅਤੇ ਡੇਰੇ ਖੁੰਬਾਂ ਵਾਂਗ ਉੱਗ
ਰਹੇ ਹਨ ਪਰ ਐਨੇ ਸੰਤ ਜਾਂ ਗੁਰੂ ਹੋਣ ਦੇ ਬਾਵਜੂਦ ਵੀ ਸਿੱਖ ਨੌਜੁਆਨੀ ਪਤਿਤ ਹੁੰਦੀ
ਜਾ ਰਹੀ ਹੈ, ਨਸ਼ੇ ਪੰਜਾਬ ਨੂੰ ਆਪਣੀ ਪਕੜ ਵਿੱਚ ਲੈ ਚੁੱਕੇ ਹਨ, ਲੋਕ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ
ਕੋਹਾਂ ਪਿੱਛੇ ਛੱਡ
ਚੁੱਕੇ ਹਨ, ਪੱਛਮੀ
ਸੱਭਿਆਚਾਰ ‘ਸੋਨੇ ਦੀ ਚਿੜ੍ਹੀ’ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਹੈ। ਪੰਜਾਬ ਦੀ ਨੌਜਵਾਨੀ ਨੂੰ ਕੌਮ ਲਈ ਕੁਰਬਾਨ
ਹੋਏ ਸ਼ਹੀਦ-ਸਿੰਘਾਂ ਦੇ ਨਾਮ ਭੁੱਲਦੇ ਜਾ ਰਹੇ
ਹਨ, ਉਹਨਾਂ ਦੀ ਥਾਂ ਫ਼ਿਲਮੀ ਹੀਰੋ ਲੈ ਰਹੇ ਹਨ, ਪੱਗਾਂ ਦੀ ਗਿਣਤੀ ਦਿਨੋਂ-ਦਿਨ ਘਟਦੀ ਜਾ ਰਹੀ ਹੈ…ਇਹ ਸਭ ਹੋਣ ਦੇ ਬਾਵਜੂਦ ਵੀ ਅਖ਼ੌਤੀ ਸੰਤ ਜਾਂ
ਗੁਰੂ ‘ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ’ ਦੇ ਦਾਅਵੇ ਕਰ ਰਹੇ ਹਨ, ਹਜ਼ਾਰਾਂ ਲੋਕਾਂ ਨੂੰ ਗੁਰੂ ਵਾਲੇ ਬਣਾਉਣ ਦੇ ਦਮਗ਼ਜੇ ਮਾਰ ਰਹੇ ਹਨ। ਕੌਮ ਦੇ ਲਈ ਸ਼ਹੀਦ
ਹੋਣ ਵਾਲੇ ਸਿੰਘਾਂ ਦੇ ਪਰਿਵਾਰ ਗਰੀਬੀ ਵਿੱਚ ਰੁਲ
ਰਹੇ ਹਨ, ‘84 ਦੇ ਦੰਗਾ ਪੀੜਤ ਪਰਿਵਾਰ ਇਨਸਾਫ਼ ਉੜੀਕਦਿਆਂ-2 ਥੱਕ ਚੁੱਕੇ ਹਨ, ਸਿੱਖ ਕੌਮ ਵਿੱਚ ਪਤਿਤਪੁਣਾ ਦਿਨੋ-ਦਿਨ ਵਧਦਾ ਜਾ
ਰਿਹਾ ਹੈ
ਪਰ ਇਹਨਾਂ ਅਖ਼ੌਤੀ ਗੁਰੂਆਂ ਜਾਂ ਸੰਤਾਂ ਨੂੰ ਇਹ ਸਭ ਦਿਖਾਈ ਨਹੀਂ ਦੇ ਰਿਹਾ।
ਅਜੋਕੇ ਸੰਤਾਂ ਦੀ ਗਿਣਤੀ ਤਾਂ ਮਹਿੰਗਾਈ ਵਾਂਗ
ਵਧ ਰਹੀ ਹੈ
ਪਰ ਕੌਮ ਫਿਰ ਵੀ ਨਿਘਾਰ ਵਲ ਜਾ ਰਹੀ ਹੈ… ਅਜੋਕੇ ਸੰਤਾਂ ਨੂੰ ਆਪਣੇ ਐਸ਼ੋ-ਇਸ਼ਰਤ ਦੇ ਇਲਾਵਾ ਕਿਸੇ ਵੀ ਕੌਮੀ ਮਸਲੇ ਦੀ
ਫ਼ਿਕਰ ਨਹੀਂ ਹੈ। ਵਰਤਮਾਨ ਦੇ ਤਕਰੀਬਨ ਹਰ ਸੰਤ
ਜਾਂ ਬਾਬੇ ਉੱਪਰ ਕੋਈ ਨਾ ਕੋਈ ਦੋਸ਼ ਜ਼ਰੂਰ ਲੱਗਿਆ ਹੈ, ਜਿੰਨ੍ਹਾਂ
ਨਾਲ ਉਹਨਾਂ ਦਾ
ਕਿਰਦਾਰ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ ਅਤੇ
ਦੂਸਰੀਆਂ ਕੌਮਾਂ ਉੱਪਰ ਇਸ ਨਾਲ ਕਾਫੀ ਗਲਤ ਪ੍ਰਭਾਵ
ਪੈ ਰਿਹਾ ਹੈ। ਹਾਲਾਂਕਿ ਇਹਨਾਂ ਦੋਸ਼ਾਂ ਦਾ ਖੰਡਨ ਹਰ ਬਾਬਾ, ਰਾਜ-ਨੇਤਾਵਾਂ ਵਾਂਗ ‘ਵਿਰੋਧੀਆਂ ਦੀ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼’ ਕਹਿ ਕੇ ਕਰਦਾ ਹੈ। ਇਹਨਾਂ ਬਾਬਿਆਂ ਉੱਪਰ ਜ਼ਮੀਨ ਹੜੱਪਣ, ਕਤਲ ਅਤੇ ਇੱਥੋਂ ਤੱਕ ਕਿ ਬਲਾਤਕਾਰ ਜਿਹੇ
ਸ਼ਰਮਨਾਕ ਦੋਸ਼ ਲੱਗ ਰਹੇ ਹਨ,
ਮੀਡੀਆ ਵਿੱਚ ਕਾਫੀ ਸਬੂਤ ਪੇਸ਼ ਹੋਣ ਦੇ ਬਾਵਜੂਦ
ਵੀ ਇਹ ਬਾਬੇ ਸ਼ਰੇਆਮ ਅਜ਼ਾਦ ਘੁੰਮ ਰਹੇ ਹਨ, ਸਰਕਾਰਾਂ ਵੋਟਾਂ ਦੀ ਲਾਲਸਾ ਕਾਰਨ ਇਹਨਾਂ
ਸਾਧਾਂ ਨੂੰ ਸ਼ੈਅ ਦੇ ਰਹੀਆਂ ਹਨ `ਤੇ ਇਹ ਬਾਬੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਫਿਰਦੇ
ਹਨ ਅਤੇ ਆਪਣੇ ਉਪਰ ਦੋਸ਼ ਲਗਾਉਣ ਵਾਲਿਆਂ ਨੂੰ
ਆਪਣੇ ‘ਖ਼ਾਸ’ ਆਦਮੀਆਂ
ਦੁਆਰਾ ਕਤਲ ਤੱਕ ਕਰਵਾ ਦਿੰਦੇ ਹਨ,
ਉਹਨਾਂ ਦੇ ਮੂੰਹਾਂ ਉਪਰ ਤੇਜ਼ਾਬ ਸੁੱਟਿਆ ਜਾਂਦਾ ਹੈ, ਬੇਕਸੂਰ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ
ਜਾਂਦੀਆਂ ਹਨ।
ਅੱਜ ਦੇ ਸਾਧ-ਬਾਬੇ ਗੁਰੂ ਦੀ ਗੋਲਕ ਦੀ ਲੁੱਟ
ਕਰਕੇ ਆਯਾਸ਼ੀ ਵਾਲਾ ਜੀਵਨ ਬਤੀਤ ਕਰ ਰਹੇ ਹਨ।
ਅੱਜ ਦੇ ਸਾਧ-ਬਾਬੇ ਧਰਮ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੀ ਦੁਕਾਨਦਾਰੀ ਚਲਾ ਰਹੇ ਹਨ। ਅੱਜ ਦੇ ਸੰਤਾਂ ਦਾ ਬਾਬੇ ਨਾਨਕ
ਦੇ ਫ਼ਲਸਫੇ ਨਾਲ ਰਿਸ਼ਤਾ ਸਿਰਫ਼ ਆਪਣੇ ਸਵਾਰਥਾਂ
ਦੀ ਪੂਰਤੀ ਕਰਨ ਤੱਕ ਹੀ ਰਹਿ ਗਿਆ ਹੈ। ਇਹ ਸੰਤ ਜਾਂ ਧਾਰਮਿਕ ਗੁਰੂ ਗੁਰਬਾਣੀ ਦੇ ਆਪਣੀ ਮਰਜ਼ੀ ਨਾਲ ਗਲਤ ਅਰਥ ਕਰਕੇ
ਭੋਲ਼ੇ-ਭਾਲ਼ੇ ਸਿੱਖਾਂ ਨੂੰ ਮੂਰਖ ਬਣਾ ਕੇ ਆਪਣੇ ਸਵਾਰਥਾਂ
ਦੀ ਪੂਰਤੀ ਲਈ ਉਹਨਾਂ ਦੀ ਹੱਕ-ਹਲਾਲ ਦੀ ਭੇਟਾ ਦੀ ਨਾਜ਼ਾਇਜ ਵਰਤੋਂ ਕਰ ਰਹੇ ਹਨ। ਜਿੰਨ੍ਹਾਂ ਨੇ ਆਪ ਵੀ ਇੱਕ ਦਿਨ ਸਵਾਸ ਪੂਰੇ
ਹੋਣ `ਤੇ ਇਸ ਸੰਸਾਰ ਨੂੰ ਅਲਵਿਦਾ ਆਖ਼ ਦੇਣਾ ਹੈ, ਉਹ
ਬਾਬੇ ਲੋਕਾਂ ਨੂੰ ਜਨਮ-ਮਰਨ ਦੇ ਗੇੜ ਵਿੱਚੋਂ ਕੱਢਣ ਦਾ ਸ਼ਰੇਆਮ ਕੁਫ਼ਰ ਤੋਲ ਰਹੇ ਹਨ। ਕੁੱਝ ਕੁ ਬਾਬੇ ਤਾਂ ‘ਕੰਨ ਵਿੱਚ ਫੂਕ’ ਮਾਰ ਕੇ ਮੁਕਤੀ ਦਾ ‘ਮੰਤਰ’ ਦੱਸਦੇ
ਹਨ ਤੇ ਨਾਲ ਹੀ ਇਹ ਮੰਤਰ ਕਿਸੇ ਦੂਸਰੇ ਨੂੰ ਨਾ ਦੱਸਣ
ਦੀ ਸਖ਼ਤ ਹਦਾਇਤ ਵੀ ਕਰਦੇ ਹਨ,
ਅਜੋਕੇ ਸਾਧ ਗੁਰਬਾਣੀ ਦੇ ਅਸਲ ਸਿਧਾਂਤ ਦੇ ਪ੍ਰਚਾਰ ਨੂੰ
ਛੱਡ ਕੇ ‘ਮੁੰਡੇ ਵੰਡਣ’ ਦਾ ਕੰਮ ਕਰ ਰਹੇ ਹਨ, ਗੁਰੂ
ਸਾਹਿਬਾਨ ਦਾ ਸਵਾਂਗ ਰਚਾ ਕੇ ਆਪਣੇ-ਆਪ ਨੂੰ ਉਹਨਾਂ ਦੇ ਬਰਾਬਰ ਦਰਸਾਉਣ ਦੀ ਨਾ-ਸਮਝੀ ਵਾਲੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ, ਗੁਰਬਾਣੀ ਦੇ ਅਸਲ ਸਿਧਾਂਤ ਨਾਲੋਂ ਤੋੜ ਕੇ ਲੋਕਾਂ ਨੂੰ ਗਿਣਤੀ-ਮਿਣਤੀ ਦੇ ਪਾਠ ਕਰ ਕੇ
ਸੁਖ ਪ੍ਰਾਪਤ ਕਰਨ ਦੇ ਲਾਲਚ ਦਿੱਤੇ ਜਾ ਰਹੇ
ਹਨ। ਪਿੱਛੇ ਜਿਹੇ ਇੱਕ ‘ਸਿਆਣੇ ਬਾਬੇ’ ਨੇ ਤਾਂ ਕਮਾਲ ਹੀ ਕਰ ਦਿੱਤੀ ਜਦੋਂ ਉਸਨੇ ਆਪਣੇ ਡੇਰੇ `ਤੇ ਸਿੱਖਾਂ ਨੂੰ ਗੁਰ-ਮੰਤਰ ਦਾ ਜਾਪ ਕਰਨ ਲਈ
ਅਨੋਖੀ ਵਿਧੀ ਦੱਸ ਕੇ ਆਪਣੀ
ਅਕਲ ਦਾ ਜਨਾਜ਼ਾ ਕੱਢਿਆ, ਉਸ ਅਨੁਸਾਰ ਗੁਰ-ਮੰਤਰ ਦਾ ਜਾਪ ਕਰਨ ਲਈ
ਪਾਗਲਾਂ ਵਾਂਗ ਸਿਰ
ਘੁਮਾਉਣਾ ਬੜਾ ਲਾਭਕਾਰੀ ਹੈ…ਇਸ ਪ੍ਰਕਾਰ ਜਾਪ ਕਰ ਰਹੇ ਲੋਕ ‘ਭੂਤਾਂ ਕੱਢਣ’ ਵਾਲਿਆਂ ਵਾਂਗ ਸਿਰ ਘੁਮਾਉਂਦੇ ਹਨ `ਤੇ ਉਹਨਾਂ ਦੀਆਂ ਦਸਤਾਰਾਂ ਗੁਰੂ ਦੀ ਹਜ਼ੂਰੀ
ਵਿੱਚ ਹੀ ਡਿੱਗਦੀਆਂ
ਜਾਂਦੀਆਂ ਹਨ, ਵਾਲ ਖੁੱਲ ਕੇ ਗਲਾਂ ਵਿੱਚ ਪੈਂਦੇ ਹਨ, ਇਸ ਦੀ ਵੀਡਿਓ ਨੂੰ ‘ਯੂਟਿਊਬ. ਕਾਮ’ ਉੱਪਰ
ਦੇਖਿਆ ਜਾ ਸਕਦਾ ਹੈ…ਸਿੱਖਾਂ ਦੀ ਇਸ ਦਸ਼ਾ ਉੱਪਰ ਹਾਸਾ ਵੀ ਆਉਂਦਾ ਹੈ
ਅਤੇ ਦੁੱਖ
ਵੀ ਹੁੰਦਾ ਹੈ ਕਿ ਬਾਬੇ ਨਾਨਕ ਦੇ ਸਿੱਖ
ਅਖਵਾਉਣ ਵਾਲੇ, ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨ੍ਹਾਂ ਨੂੰ ਪੁੱਤਰ ਬਣਾਇਆ…ਉਹ ਕਿਸ ਰਸਤੇ ਉੱਪਰ ਜਾ ਰਹੇ ਹਨ…?
ਦਸਮੇਸ਼ ਪਿਤਾ ਜੀ ਨੇ ‘ਸ਼ਬਦ ਗੁਰੂ’ ਦੇ
ਲੜ ਲਗਾ ਕੇ ਕੌਮ ਵਿੱਚੋਂ ਦੇਹਧਾਰੀ ਗੁਰੂਵਾਦ ਦਾ ਖਾਤਮਾ ਕੀਤਾ ਸੀ, ਅਸੀਂ
ਅੱਜ ਉਸੇ ਦੇਹਧਾਰੀ ਗੁਰੂ-ਡੰਮ੍ਹ ਵਿੱਚ ਧੱਸਦੇ ਜਾ ਰਹੇ ਹਾਂ ਜਾਂ ਧਸ ਚੁੱਕੇ ਹਾਂ। ਗੁਰੂ
ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਗੁਰੂ ਸਾਹਿਬਾਨ ਨੇ ਆਪਣੇ-ਆਪ ਨੂੰ
ਸੰਤ ਜਾਂ ਗੁਰੂ ਨਹੀਂ ਅਖਵਾਇਆ ਅਤੇ ਨਾ ਹੀ ਉਸ ਸਮੇਂ ਦੇ ਕਿਸੇ ਹੋਰ ਸਿੰਘ ਦੇ ਨਾਮ ਨਾਲ
ਸੰਤ ਜਾਂ ਗੁਰੂ ਵਰਗੇ ਵਿਸ਼ੇਸ਼ਣ ਲੱਗੇ ਨਹੀਂ ਮਿਲਦੇ, ਪ੍ਰੰਤੂ ਅੱਜ ਦੇ ਸਮੇਂ ਵਿੱਚ ਤਾਂ ਸੰਤ ਜਾਂ ਗੁਰੂ ਦੀਆਂ ਡਿਗਰੀਆਂ ਰਿਉੜੀਆਂ ਵਾਂਗ ਵੰਡੀਆਂ ਜਾ ਰਹੀਆਂ ਹਨ, ਹਰ ਕੋਈ ਆਪਣੇ ਨਾਮ ਅੱਗੇ ‘ਸੰਤ’ ਸ਼ਬਦ ਦੀ (ਦੁਰ) ਵਰਤੋਂ ਕਰ ਰਿਹਾ ਹੈ। ਦੇਹਧਾਰੀ ਗੁਰੂ ਅੱਜ ਪੂਰੀ ਤਰ੍ਹਾਂ ਹਾਵੀ ਹੋ
ਚੁੱਕੇ ਹਨ। ਲੋਕਾਂ ਨੂੰ ਇਹ ਸਮਝ ਨਹੀਂ
ਪੈਂਦੀ ਕਿ ਜੋ ਇਨਸਾਨ ਆਪਣਾ ਜਨਮ-ਮਰਨ ਨਹੀਂ ਕੱਟ ਸਕਿਆ ਉਹ ਕਿਸੇ ਹੋਰ ਦਾ ਕੀ ਕੱਟੇਗਾ…? ਜੋ
ਆਪ ਵਿਕਾਰਾਂ ਵਿੱਚ ਫਸਿਆ ਹੋਇਆ ਹੈ,
ਕਿਸੇ ਹੋਰ ਦੀ ਮੁਕਤੀ ਕਿਵੇਂ ਕਰਵਾਏਗਾ…? ਇਹਨਾਂ
ਦੇਹਧਾਰੀ ਗੁਰੂਆਂ ਦਾ ਫ਼ਸਤਾ ਵੱਢਣ ਲਈ ਸਿੱਖ ਕੌਮ ਨੂੰ ਇੱਕ-ਜੁਟ ਹੋਣ ਦੀ ਜ਼ਰੂਰਤ ਹੈ, ਇਹਨਾਂ ਦੀਆਂ ਚਾਲਾਂ ਨੂੰ ਸਮਝਣ ਦੀ ਜ਼ਰੂਰਤ ਹੈ…ਜ਼ਰੂਰਤ ਹੈ ਗੁਰੂ ਨਾਨਾਕ ਸਾਹਿਬ ਦੇ ਫ਼ਲਸਫੇ ਨੂੰ ਸਮਝਣ ਦੀ, ਗੁਰਬਾਣੀ ਨੂੰ ਵਿਚਾਰਨ ਦੀ, ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ `ਤੇ ਚੱਲਣ ਦੀ…ਫ਼ਿਰ ਅਸੀਂ ਇਹਨਾਂ ਵਿਕਾਰਾਂ ਤੋਂ ਮੁਕਤ ਹੋ
ਸਕਾਂਗੇ।
ਅੰਤ
ਵਿੱਚ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਸਾਨੂੰ ਸਭ ਨੂੰ ਸੁਮੱਤ ਬਖ਼ਸ਼ਣ ਅਤੇ ਇਸ ਦੇਹਧਾਰੀ
ਗੁਰੂ-ਡੰਮ੍ਹ ਵਿਚੋਂ ਨਿਕਲਣ ਦਾ ਬਲ ਬਖ਼ਸ਼ਣ।