Pages

ਦਸਮ ਗਰੰਥ: ਇੱਕ ਵਿਚਾਰ


ਸਤਿੰਦਰਜੀਤ ਸਿੰਘ ਗਿੱਲ

 
1708, ਇਤਿਹਾਸ ਦਾ ਉਹ ਸਮਾਂ ਜਦੋਂ ਸਿੱਖਾਂ ਦੇ ਦਸਮ ਗੁਰੂ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਜਾਂ ਇੰਝ ਕਿਹ ਲਈਏ ਕਿ ਸਮੁੱਚੀ ਮਨੁੱਖਤਾ ਨੂੰ ‘ਦਸ ਪਾਤਸ਼ਾਹੀਆਂ’ ਦੀ ਜੋਤ’, ‘ਧੁਰ ਕੀ ਬਾਣੀ’, ‘ਜੁੱਗੋ-ਜੁੱਗ ਅਟੱਲ’ ‘ਸ਼ਬਦ-ਗੁਰੂ’ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ‘ਲੜ ਲਗਾ’ ਕੇ ਇੱਕ ਨਵੀਂ ਸੇਧ ਬਖਸ਼ੀ ਅਤੇ ਉਪਦੇਸ਼ ਦਿੱਤਾ
“ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ
ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ...”
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ,
ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ...”
ਇਸ ਪ੍ਰਕਾਰ ਗੁਰੂ ਸਾਹਿਬ ਨੇ ਕੌਮ ਨੂੰ ਨਵਾਂ ਸਿਧਾਂਤ ਬਖਸ਼ ਕੇ ‘ਸ਼ਬਦ ਗੁਰੂ’ ਨੂੰ ਗੁਰਿਆਈ ਬਖਸ਼ ਦਿੱਤੀ। ਗੁਰੂ ਸਾਹਿਬ ਨੇ
ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਆਪਣੇ ਹੱਥੀਂ, ਆਪਣੀ ਦੇਖ-ਰੇਖ ਵਿੱਚ ਸੰਪੂਰਨ ਕਰਵਾਈ,ਹਰ ਗੁਰਸਿੱਖ ਇਹ ਗੱਲ ਭਲੀ-ਭਾਂਤ ਜਾਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗਰੰਥ’ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਦਰਜ ਕਰਵਾਈ ਗਈ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਤੱਕ ਬਾਣੀ ਸ਼ਾਮਿਲ ਕਰਕੇ ਗੁਰੂ ਗਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸਿਸ਼ ਕਰਕੇ ‘ਗੁਰੂ’ ਦਾ ਦਰਜਾ ਦਿੱਤਾ, ਪਰ ਅਫਸੋਸ ਦੀ ਗੱਲ ਹੈ ਕਿ ਅੱਜ ਕੁਝ ਕੁ ਪੰਥ ਦੋਖੀ ਲੋਕ ‘ਗੁਰੂ ਗਰੰਥ ਸਾਹਿਬ’ ਜੀ ਦਾ ‘ਨਵਾਂ ਸ਼ਰੀਕ’ ਪੈਦਾ ਕਰਕੇ ਜਿਸਦੀ ਵਿਚਾਰਧਾਰਾ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ, ਸਿਧਾਂਤ ਤੋਂ ਬਿਲਕੁਲ ਉਲਟ ਹੈ,ਉਸਨੂੰ ਵੀ ਗੁਰੂ ਦਾ ਦਰਜਾ ਦੇਣ ‘ਤੇ ਤੁਲੇ ਹੋਏ ਹਨ। ਇਸ ਤੋਂ ਵਧੇਰੇ ਸ਼ਰਮਨਾਕ ਗੱਲ ਇਹ ਕਿ ਇਸ ‘ਨਵੇਂ’ ਬਣਾਏ ਗੁਰੂ ਦੇ ਨਾਂਵ ਦੇ ਨਾਲ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਨਾਂਵ ਜੋੜ ਕੇ ਸਰਬੰਸਦਾਨੀ ਗੁਰੂ ਦੀ ਸਖ਼ਸ਼ੀਅਤ ਨੂੰ ਦਾਗ਼ ਲਾਉਣ ਵਰਗੀ ਕੋਝੀ ਹਰਕਤ ਕੀਤੀ ਜਾ ਰਹੀ ਹੈ। ਇਹ ਸਾਰਾ ਕੁਝ ਸਿੱਖ ਕੌਮ ਦੇ ਮੁਢਲੇ ਦੁਸ਼ਮਣ ਅਤੇ ਸਿੱਖਾਂ ਦੇ ਨਿਆਰੇਪਣ ਨੂੰ ਵੀ ਬੁੱਧ,ਜੈਨ ਆਦਿ ਧਰਮਾਂ ਵਾਂਗ ਨਿਗਲ ਜਾਣ ਲਈ ਉਤਾਵਲੇ ਬਿਪਰ ਸੰਘ ਦੀ ਸ਼ਹਿ ‘ਤੇ ਹੋ ਰਿਹਾ ਹੈ। ਇਹਨਾਂ ਪੰਥ ਲਈ ਘਾਤਕ ਲੋਕਾਂ ਨੂੰ ਆਪਣੇ-ਆਪ ਨੂੰ ‘ਟਕਸਾਲੀ’ ਅਤੇ ‘ਅਕਾਲੀ’ ਅਖਵਾਉਣ ਵਾਲੇ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਆਰ.ਐੱਸ.ਐੱਸ., ਭਾਜਪਾਈ ਅਤੇ ਅਖੌਤੀ ‘ਹਿੰਦੂਵਾਦ’ ਦੇ ਮੁਦੱਈ ਸੰਗਠਨ ਬਾਕੀ ਧਰਮਾਂ ਵਾਂਗ ਹੀ ਸਿੱਖ-ਪੰਥ ਦੇ ਫਲਸਫੇ ਅਤੇ ਨਿਆਰੇਪਣ ਨੂੰ ਪੱਥਰ-ਪੂਜਾ ਅਤੇ ‘ਤੇਤੀ ਕਰੋੜ’ ਦੇਵੀ-ਦੇਵਤਿਆਂ ਵਿੱਚ ਜਜ਼ਬ ਕਰ ਲੈਣ ਦੇ ਆਪਣੇ ਮਨਸੂਬੇ ਨੂੰ ਪੂਰਾ ਕਰਨ ਲਈ ਕੁਝ ਕੁ ਆਪਣੇ-ਆਪ ਨੂੰ ਅਕਾਲੀ ਅਖਵਾਉਣ ਵਾਲੇ ਲੀਡਰਾਂ,ਆਪਣੇ ਨਾਮ ਅੱਗੇ ਸੰਤਾਂ ਦੀਆਂ ਡਿਗਰੀਆਂ ਲਾਈ ਫਿਰਦੇ ਆਰਾਮ-ਪਸੰਦ, ਐਸ਼ੋ-ਇਸ਼ਰਤ ਵਿੱਚ ਫਸੇ ਸਵਾਰਥੀ ਲੋਕਾਂ ਨੂੰ ਬਾਖੂਬੀ ਵਰਤ ਰਹੀਆਂ ਹਨ, ਅਤੇ ਸਾਡੇ ਇਹ ‘ਆਗੂ’ ਆਪਣੀਆਂ ਸਿਆਸੀ ਲੋੜਾਂ ਅਤੇ ਫੋਕੇ ਸਵਾਰਥਾਂ ਦੀ ਪੂਰਤੀ ਲਈ ਕੌਮ ਨੂੰ ਢਾਹ ਲਾਉਣ ਦਾ ਕੰਮ ਪੂਰੇ ਤਨ-ਮਨ ਨਾਲ ਕਰਨ ਵਿੱਚ ਲੱਗੇ ਹੋਏ ਹਨ। ਸਾਡੇ ਜਥੇਦਾਰ ਬ੍ਰਾਹਮਣੀ ਕਰਮ-ਕਾਂਡਾਂ ਵਿੱਚ ਸ਼ਮੂਲੀਅਤ ਕਰਦੇ ਹਨ,ਅਕਾਲੀ ਲੀਡਰ ਗਣੇਸ਼ ਪੂਜਾ ਵਿੱਚ ਹਾਜ਼ਰੀਆਂ ਭਰਦੇ ਹਨ, ਟਕਸਾਲੀ ਅਖਵਾਉਣ ਵਾਲੇ ਪੰਥ-ਪ੍ਰਵਾਨਿਤ ਰਹਿਤ ਮਰਿਆਦਾ ਮੰਨਣ ਤੋਂ ਇਨਕਰੀ ਹਨ, ਖੁੰਬਾਂ ਵਾਂਗ ਉੱਗ ਰਹੇ ਡੇਰਿਆਂ ਅਤੇ ਸੰਤਾਂ ਦੀ ਸਭ ਦੀ ਆਪਣੀ-ਆਪਣੀ ਮਰਿਆਦਾ ਹੈ,ਕੌਮ ਦੇ ਪ੍ਰਚਾਰਕ ਗਲਤ-ਮਲਤ ਕਹਾਣੀਆਂ ਜੋ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਗੁਰੂ ਸਾਹਿਬਾਨ ਨੂੰ ਵੀ ਹਿੰਦੂ-ਦੇਵਤਿਆਂ ਵਾਂਗ ਚਮਤਕਾਰੀ ਬਣਾ ਕੇ ਪੇਸ਼ ਕਰ ਰਹੇ ਹਨ, ਗੁਰਬਾਣੀ ਦੇ ਸਿਧਾਂਤ ਨੂੰ ਵਿਚਾਰ ਕੇ ਜੀਵਨ ਵਿੱਚ ਢਾਲਣ ਦੀ ਥਾਂ ਮਨੋਕਾਮਨਾਵਾਂ ਦੀ ਪੂਰਤੀ ਲਈ ‘ਤੋਤਾ-ਰਟਨ’ ਪਾਠਾਂ ਦੀ ਸਲਾਹ ਦਿੱਤੀ ਜਾ ਰਹੀ ਹੈ,ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਸਿੱਖਾਂ ਨੂੰ ‘ਸਿਰ ਘੁਮਾ ਕੇ ਰੱਬ ਪਾਉਣ ਦੀ ਜੁਗਤੀ ਸੁਝਾਈ ਜਾ ਰਹੀ ਹੈ...ਨਿਤਾਪ੍ਰਤੀ ਕੌਮ ਨੂੰ ਇੱਕ ਨਵੇਂ ਮਸਲੇ ਵਿੱਚ ਉਲਝਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ,ਇਹ ਕੋਸਿਸ਼ ਕੁਝ ਬਾਹਰਲੇ ਅਤੇ ਕੁਝ ‘ਆਪਣੇ’ ਹੀ ਕਰ ਰਹੇ ਹਨ। ਸਾਰੇ ਮਸਲਿਆਂ ਨਾਲੋਂ ਜੋ ਮਸਲਾ ਗੰਭੀਰਤਾ ਦਾ ਵਿਕਰਾਲ ਰੂਪ ਧਾਰਨ ਕਰੀ ਕੌਮ ਅੱਗੇ ਖੜ੍ਹਾ ਹੈ,ਉਹ ਹੈ ‘ਦਸਮ ਗਰੰਥ’ ਨੂੰ ਗੁਰੂ ਦਾ ਦਰਜਾ ਦੇਣ ਦੀ ਚਾਲਾਕੀ ਭਰਪੂਰ ਹਰਕਤ...ਹਰ ਕੋਈ ਜਾਗਦੀ ਜ਼ਮੀਰ ਵਾਲਾ ਸਿੱਖ ਇਹ ਜਾਣਦਾ ਹੈ ਕਿ ਦਸਮ ਪਿਤਾ ਨੇ ਸਮੁੱਚੀ ਕੌਮ ਨੂੰ ਸਿਰਫ਼ ‘ਗੁਰੂ ਗਰੰਥ ਸਾਹਿਬ ਜੀ’ ਨੂੰ ਗੁਰੂ ਮੰਨਣ ਦਾ ਉਪਦੇਸ਼ ਦਿੱਤਾ ਸੀ ਅਤੇ ਆਪਣੇ ਹੱਥੀਂ ਸੰਪਾਦਨਾ (ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੱਕ) ਕਰਵਾ ਕੇ,ਆਪ ਗੁਰਗੱਦੀ ‘ਤੇ ਸੁਸ਼ੋਭਿਤ ਕੀਤਾ ਸੀ,ਪਰ ਫਿਰ ਵੀ ਆਪਣੇ-ਆਪ ਨੂੰ ‘ਵਿਦਵਾਨ’ ਸਿੱਧ ਕਰਨ ਲਈ ਕੁਝ ਕੁ ਲੋਕ ਬਿਪਰਵਾਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਗੁਰੂ ਗਰੰਥ ਸਾਹਿਬ ਜੀ ਦਾ ਨਵਾਂ ਸ਼ਰੀਕ, ਦਸਮ ਗਰੰਥ ਨੂੰ ਥਾਪਣ ਵਿੱਚ ਲੱਗੇ ਹੋਏ ਹਨ। ਭਲੀਭਾਂਤ ਇਹ ਜਾਣਦੇ ਹੋਏ ਵੀ ਕਿ ਦਸਮ ਗਰੰਥ ਨਾਂਵ ਦੀ ਇਸ ਵਿਵਾਦਿਤ ਪੁਸਤਕ ਵਿੱਚ ਅਸ਼ਲੀਲਤਾ ਪ੍ਰਧਾਨ ਹੈ ਅਤੇ ਗੁਰੂ ਸਾਹਿਬਾਨ ਦੇ ਸਿਧਾਂਤ ਤੋਂ ਉਲਟ ਰਚਨਾਵਾਂ ਇਸ ਦਸਮ ਗਰੰਥ ਵਿੱਚ ਭਰੀਆਂ ਪਈਆਂ ਹਨ,ਫਿਰ ਵੀ ਇਹਨਾਂ ਅਸ਼ਲੀਲ ਰਚਨਾਵਾਂ ਦੇ ਸਮੂਹ ਨੂੰ ‘ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਬਾਣੀ’ ਦਾ ਨਾਂਵ ਦੇ ਕੇ ਉਸ ਸਰਬੰਸਦਾਨੀ ਗੁਰੂ ਦੇ ਅਕਸ ਨੂੰ ਵਿਗਾੜਨ ਦੀ ਕੋਝੀ ਖੇਡ ਖੇਡੀ ਜਾ ਰਹੀ ਹੈ। ਸਾਡੇ ‘ਜਥੇਦਾਰ’ ‘ਦਸਮ ਗਰੰਥ’ ਸੰਬੰਧੀ ਗੋਸ਼ਟੀਆਂ ਉੱਪਰ ਜਾ ਕੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ‘ਪ੍ਰਵਾਨਿਤ ਬਾਣੀ’ ਹੋਣ ਦਾ ਸਰਟੀਫਿਕੇਟ ਜਾਰੀ ਕਰ ਰਹੇ ਹਨ,ਗੁਰੂ ਗੋਬਿੰਦ ਸਿੰਘ ਜੀ ਦੀ ਆਪ-ਬੀਤੀ ਹੋਣ ਦੀ ‘ਪੁਸ਼ਟੀ’ ਕਰ ਰਹੇ ਹਨ। ਹਰ ਕੋਈ ਇਹ ਗੱਲ ਸਮਝ ਸਕਦਾ ਹੈ ਕਿ ਐਸੀਆਂ ਅਸ਼ਲੀਲਤਾ ਭਰਪੂਰ ਰਚਨਾਵਾਂ ‘ਗੁਰੂ ਨਾਨਕ ਸਾਹਿਬ ਦੇ ਘਰ’ ਦੀਆਂ ਕਦੇ ਵੀ ਨਹੀਂ ਹੋ ਸਕਦੀਆਂ,ਫਿਰ ਵੀ ਪੰਥ ਵਿੱਚ ਦੁਬਿਦਾ ਪਾਉਣ ਲਈ ਸਾਡੇ ਆਪਣੇ ਹੀ ਜ਼ੋਰ ਲਗਾ ਰਹੇ ਹਨ। ਇਹਨਾਂ ਅਸ਼ਲੀਲ ਰਚਨਾਵਾਂ ਨੂੰ ‘ਬੀਰ-ਰਸ’ ਦਾ ਸੋਮਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ,ਪਰ ਸਿੱਖੋ ਸੋਚੋ ਕਿ:
  • ਕੀ ‘ਖਾਲਸੇ’ ਵਿੱਚ ਅਸ਼ਲੀਲ ਗੱਲਾਂ ਨਾਲ ਹੀ ਬੀਰਤਾ ਆਉਂਦੀ ਹੈ...?
  • ਜੇਕਰ ਦਸਮ ਗਰੰਥ ਪੜ੍ਹਨ ਨਾਲ ਹੀ ਬੀਰਤਾ ਆਉਂਦੀ ਹੈ ਤਾਂ ਫਿਰ ਗੁਰੂ ਨਾਨਕ ਸਹਿਬ, ਗਰੂ ਅਰਜਨ ਸਹਿਬ,ਗੁਰੂ ਹਰਗੋਬਿੰਦ ਸਹਿਬ ਨੇ ਦੁਸ਼ਮਣ ਅਤੇ ਜ਼ੁਲਮ ਦੇ ਖਿਲਾਫ ਅਵਾਜ਼ ਉਠਾਉਣ ਲਈ ਬੀਰਤਾ ਕਿੱਥੋਂ ਲਈ?
  • ਗੁਰੂ ਹਰਗੋਬਿੰਦ ਸਹਿਬ ਦੇ ਸਮੇਂ ਜੰਗ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਬੀਰਤਾ ਕਿਵੇਂ ਆਈ, ਉਸ ਵੇਲੇ ਤਾਂ ‘ਇਹਨਾਂ ਅਸ਼ਲੀਲ ਰਚਨਾਵਾਂ’ ਦੀ ਕੋਈ ਹੋਂਦ ਹੀ ਨਹੀਂ ਸੀ?
  • ਕੀ ਗੁਰੂ ਗੋਬਿੰਦ ਸਿੰਘ ਜੀ ਕੋਲ ਐਨਾ ਸਮਾਂ ਸੀ ਕਿ ਉਹ ਇਹਨਾਂ ਅਸ਼ਲੀਲ ਗੱਲਾਂ ਦੀ ਰਚਨਾ ਕਰ ਸਕਦੇ...?
  • ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ‘ਇਸ ਅਸ਼ਲੀਲ ਅਤੇ ਵਿਵਾਦਿਤ ਪੁਸਤਕ’ ਦੇ ‘ਸਿਧਾਂਤ’ ਦਾ ਉਪਦੇਸ਼ ਕਿਸੇ ਸਿੱਖ ਨੂੰ ਕਿਉਂ ਨਹੀਂ ਦਿੱਤਾ?
  • ਗੁਰੂ ਸਹਿਬ ਦੇ ਸਮੇਂ ਦੇ ਕਿਸੇ ਗੁਰਸਿੱਖ ਦੀ ਲਿਖਤ ਵਿੱਚ ਇਸ ਪੁਸਤਕ ਦਾ ਕੋਈ ਹਵਾਲਾ ਕਿਉਂ ਨਹੀਂ ਮਿਲਦਾ?
  • ਦਸਮੇਸ਼ ਪਿਤਾ ਜੀ ਨੂੰ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਤੋਂ ਉਲਟ ਕਿਸੇ ਪੁਸਤਕ ਦੀ ਰਚਨਾ ਕਿਉਂ ਕਰਨੀ ਪਈ?
  • ਕੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਅਤੇ ਸਿਧਾਂਤ ਤੋਂ ਜਾਣੂ ਨਹੀਂ ਸਨ?
  • ਕੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗਰੰਥ ਸਾਹਿਬ ਜੀ ਨੂੰ ‘ਪੂਰਾ ਗੁਰੂ’ ਨਹੀਂ ਮੰਨਦੇ ਸਨ?
ਸਭ ਕੁਝ ਸਮਝਦੇ ਹੋਏ ਵੀ ਕਬੂਤਰ ਵਾਂਗ ਅੱਖਾਂ ਮੀਚ ਲੈਣਾ ਬੇਵਕੂਫੀ ਅਤੇ ਨਾ-ਸਮਝੀ ਹੀ ਅਖਵਾਉਂਦੀ ਹੈ,ਇਹ ਸਭ ‘ਸਿਆਸੀ’ ਲੋੜਾਂ ਦੀ ਪੂਰਤੀ ਅਤੇ ‘ਕੁਰਸੀ ਬਣੀ ਰਹੇ’ ਵਾਲੀ ਸੋਚ ਦੇ ਧਾਰਨੀ ਲੋਕ ਆਪਣੀ ‘ਦੁਨਿਆਵੀ ਕਾਮਯਾਬੀ’ ਨੂੰ ਬਣਾਈ ਰੱਖਣ ਲਈ ਕਰ ਰਹੇ ਹਨ,ਇਹ ਸਭ ਲਾਲਚੀ ਕਿਸਮ ਦੇ ਲੋਕਾਂ ਦੀ ਪੰਥ ਲਈ ਇੱਕ ਘਾਤਕ ਚਾਲ ਹੈ ਜੋ ਕਿ ਸਿੱਖ ਕੌਮ ਨੂੰ ਬਿਪਰਵਾਦ ਦੇ ਖਾਰੇ ਸਮੁੰਦਰ ਵਿੱਚ ਰੋੜ੍ਹਨ ਲਈ ਚੱਲੀ ਜਾ ਰਹੀ ਹੈ। ਇਹਨਾਂ ਅਖੌਤੀ ਜਥੇਦਾਰਾਂ ਦੀ ਇਸ ਚਾਲ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਕੁਝ ਜਾਗਦੀ ਜ਼ਮੀਰ ਵਾਲੇ ਗੁਰਸਿੱਖਾਂ ਨੂੰ ਇਹ ਅਖੌਤੀ ਜਥੇਦਾਰ ਆਪਣੀ ਪਦਵੀ ਦਾ ਗਲਤ ਇਸਤੇਮਾਲ ਕਰਕੇ ‘ਪੰਥ ਵਿੱਚੋਂ ਛੇਕ ਦਿੱਤਾ ਗਿਆ’ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਸੰਗਤ ਨੂੰ ਗੁੰਮਰਾਹ ਕਰਦੇ ਹਨ ਅਤੇ ਆਪਣੇ ਕੁਝ ਪਿੱਛਲੱਗੂ ਲੋਕਾਂ ਰਾਹੀਂ, ਸੱਚ-ਧਰਮ ਲਈ ਉੱਠੀ ਆਵਾਜ਼ ਨੂੰ ‘ਬੰਦ’ ਕਰਨ ਲਈ ਯਤਨ ਕਰਨੇ ਸ਼ੁਰੂ ਕਰ ਦਿੰਦੇ ਹਨ। ਹੋਰ ਤਾਂ ਹੋਰ ਗੁਰੂਘਰ ਉੱਪਰ ਇੱਟਾਂ-ਪੱਥਰ ਸੁੱਟਣ ਤੋਂ ਵੀ ਇਹ ਪਿੱਛਲੱਗੂ ਲੋਕ ਜ਼ਰਾ ਸੰਕੋਚ ਨਹੀਂ ਕਰਦੇ।
ਹਰ ਜਾਗਦੀ ਜ਼ਮੀਰ ਵਾਲਾ ਸਿੱਖ ਇਹ ਭਲੀਭਾਂਤ ਜਾਣਦਾ ਅਤੇ ਸਮਝਦਾ ਹੈ ਕਿ ‘ਗੁਰੂ ਨਾਨਕ ਦੇ ਘਰ’ ‘ਚੋਂ ਜੋ ਵੀ ਆਵਾਜ਼ ਆਈ ਸਿਰਫ ਤੇ ਸਿਰਫ ਮਨੁੱਖਤਾ ਦੇ ਭਲੇ,ਫੋਕੇ ਕਰਮ-ਕਾਂਡਾਂ ਨੂੰ ਖਤਮ ਕਰਨ, ਅਗਿਆਨ ਦੇ ਹਨੇਰੇ ਵਿੱਚ ਭਟਕ ਰਹੇ ਲੋਕਾਂ ਦਾ ਰਾਹ ਰੁਸ਼ਨਾਉਣ ਅਤੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਹੀ ਆਈ, ਇਹ ਅਸ਼ਲੀਲ ਰਚਨਾਵਾਂ ਕਦੇ ਵੀ ਗੁਰੂ ਨਾਨਕ ਦੇ ਘਰ ਦੀ ‘ਸੋਚ’ ਨਹੀਂ ਹੋ ਸਕਦੀਆਂ। ਆਪਣੀ ਅਕਲ ਨੂੰ ਜੰਦਰੇ ਲਾ ਕੇ ਅਤੇ ਅੱਖਾਂ ਬੰਦ ਕਰਕੇ ਬਿਪਰਵਾਦ ਦੀ ਸੋਚ ਉੱਪਰ ਪਹਿਰਾ ਦੇਣ ਵਾਲੇ ਲੋਕਾਂ ਦੀ ਜਮਾਤ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਜੇ ਵੀ ਕੌਮ ਵਿੱਚ ਗੈਰਤ ਬਾਕੀ ਹੈ, ਗੁਰਸਿੱਖ ਆਪਣੇ ਗੁਰੂ ਉੱਪਰ ‘ਧੱਬਾ’ ਲਗਾਉਣ ਵਾਲੇ ਲੋਕਾਂ ਦੀ ਹਰ ਚਾਲ ਅਤੇ ਸੋਚ ਦਾ ਤਰਕ ਦੇ ਨਾਲ ਢੁਕਵਾਂ ਜਵਾਬ ਦੇਣ ਦੀ ਸਮਰੱਥਾ ਰੱਖਦੇ ਹਨ।