Pages

ਸ਼ਹੀਦ ਸ:ਕਰਤਾਰ ਸਿੰਘ ‘ਸਰਾਭਾ’



(24 ਮਈ 1896-16 ਨਵੰਬਰ 1915)
ਅੱਜ ਜਨਮ ਦਿਨ 'ਤੇ ਵਿਸ਼ੇਸ਼
ਸਤਿੰਦਰਜੀਤ ਸਿੰਘ ਗਿੱਲ

ਕੁਝ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆਂ ਵਿੱਚ ਜਨਮ  ਲੈਂਦੇ ਹਨ ਜਿੰਨ੍ਹਾਂ ਵਿੱਚ ਮਾਨਵਤਾ ਦੇ ਲਈ ਕੁਝ ਕਰ ਗੁਜ਼ਰਨ ਦੀ ਲਾਲਸਾ ਵੀ ਨਾਲ ਹੀ ਜਨਮ ਲੈਂਦੀ ਹੈ ਉਹ ਲੋਕ ਭਾਵੁਕ, ਸਨਕੀ ਜਾਂ ਪਾਗਲ ਹੁੰਦੇ ਹਨ ਇਹ ਤਾਂ ਪਤਾ ਨਹੀਂ, ਪਰ ਉਹਨਾਂ ਵਿੱਚ ਆਮ ਲੋਕਾਂ ਨਾਲੋਂ ਕੁਝ ਅਲੱਗ ਜ਼ਰੂਰ ਹੁੰਦਾ ਹੈ । ਉਹਨਾਂ ਦੁਆਰਾ ਇਸ ਸੰਸਾਰ ਦੇ ਵਿਕਾਸ ਦੇ ਰਸਤੇ ਤੇ ਪਾਈਆਂ ਪੈੜਾਂ ਕਦੇ ਵੀ ਨਾ-ਮਿਟਣ ਵਾਲੇ ਨਿਸ਼ਾਨ ਛੱਡ ਜਾਂਦੀਆਂ ਹਨ । ਉਹ ਲੋਕ ਸੰਸਾਰ ਦੇ ਇਤਿਹਾਸ ਦੇ ਆਕਾਸ਼ ਉੱਪਰ ਕਦੇ ਨਾ-ਟੁੱਟਣ ਵਾਲਾ ਅਤੇ ਸਦਾ ਰੌਸ਼ਨ ਰਹਿਣ ਵਾਲਾ ਤਾਰਾ ਬਣ ਕੇ ਚਮਕਦੇ ਹਨ, ਜਿੰਨ੍ਹਾਂ ਤੋਂ ਸੇਧ ਲੈ ਕੇ ਆਉਣ ਵਾਲੀਆਂ ਨਸਲਾਂ ਆਪਣੀ ਮੰਜ਼ਿਲ ਤਲਾਸ਼ਦੀਆਂ ਹਨ । ਇੱਕ ਇਸੇ ਹੀ ਤਰ੍ਹਾਂ ਹਮੇਸ਼ਾ ਜਗਮਗ-ਜਗਮਗ ਕਰਦਾ ਰਹਿਣ ਵਾਲਾ ਸਿਤਾਰਾ ਹੈ, ਸ਼ਹੀਦ ਸ: ਕਰਤਾਰ ਸਿੰਘ ਗਰੇਵਾਲ ਸਰਾਭਾ

ਸ਼ਹੀਦ ਸ: ਕਰਤਾਰ ਸਿੰਘ ਦਾ ਜਨਮ 24 ਮਈ, 1896 ਈ: ਨੂੰ ਸ: ਮੰਗਲ ਸਿੰਘ ਜੀ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ''ਸਰਾਭਾ" ਵਿੱਚ ਹੋਇਆ ਇਸੇ ਕਰਕੇ ਉਹਨਾਂ ਦਾ ਨਾਮ ਕਰਤਾਰ ਸਿੰਘ ਸਰਾਭਾਲਿਆ ਜਾਣ ਲੱਗ ਪਿਆ ।
ਕਰਤਾਰ ਸਿੰਘ ਆਪਣੇ ਮਾਤਾ-ਪਿਤਾ ਦਾ ਇੱਕਲੌਤਾ ਪੁੱਤਰ ਸੀ। ਆਪ ਦੇ ਪਿਤਾ ਜੀ ਦੇ ਅਕਾਲ-ਚਲਾਣਾ ਕਰ ਜਾਣ ਤੋਂ ਬਾਅਦ ਆਪ ਦਾ ਪਾਲਣ-ਪੋਸ਼ਣ ਆਪ ਦੇ ਦਾਦਾ ਸ:ਬਦਨ ਸਿੰਘ ਜੀ ਨੇ ਕੀਤਾ । ਦਸਵੀਂ ਜਮਾਤ ਦੀ ਪੜ੍ਹਾਈ ਆਪ ਨੇ ਲੁਧਿਆਣੇ ਦੇ ''ਮਾਲਵਾ ਖਾਲਸਾ ਹਾਈ ਸਕੂਲ" ਤੋਂ ਕੀਤੀ । ਇਸ ਤੋਂ ਇਲਾਵਾ ਆਪ ਨੇ ਬਰਕਲੇ ਯੂਨੀਵਰਸਿਟੀ ਕੈਲੇਫੋਰਨੀਆ (Berkeley University) ਤੋਂ ਕੈਮਿਸਟਰੀ(Chemistry) ਵਿਸ਼ੇ ਵਿੱਚ ਡਿਗਰੀ ਹਾਸਿਲ ਕੀਤੀ ।
ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਲਈ ਘਾਲੀ ਗਈ ਘਾਲਣਾ ਵਿੱਚ ਸ:ਕਰਤਾਰ ਸਿੰਘ ਦੁਆਰਾ ਪਾਇਆ ਗਿਆ ਯੋਗਦਾਨ ਅਣਮੋਲ, ਕਦੇ ਨਾ-ਭੁੱਲਣ ਵਾਲਾ ਅਤੇ ਸ਼ਲਾਂਘਾਯੋਗ ਹੈ । 1912 ਵਿੱਚ ਜਦੋਂ ਪਾਣੀ ਵਾਲੇ ਜ਼ਹਾਜ ਰਾਹੀਂ ਕਰਤਾਰ ਸਿੰਘ ਸਨਫਰਾਂਸਿਸਕੋ ਗਿਆ ਤਾਂ ਉੱਥੇ ਅਮਰੀਕੀ ਸਿਪਾਹੀਆਂ ਦੇ ਭਾਰਤੀਆਂ ਪ੍ਰਤੀ ਵਰਤੇ ਗਏ ਘਟੀਆ ਤਰੀਕੇ ਨੇ ਇਸ ਯੋਧੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਇਸ ਛੋਟੇ ਜਿਹੇ ਕਰਤਾਰ ਸਿੰਘ ਦੇ ਦਿਲ ਅਤੇ ਮਨ ਨੇ ਇਹ ਮਹਿਸੂਸ ਕੀਤਾ ਕਿ ਗੁਲਾਮੀ ਸਭ ਤੋਂ ਵੱਡਾ ਸਰਾਪ ਹੈਗੁਲਾਮੀ ਦੇ ਇਸੇ ਸਰਾਪ ਤੋਂ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਕਰਤਾਰ ਸਿੰਘ ਨੇ 21 ਅਪ੍ਰੈਲ 1913 ਈ: ਨੂੰ ਲਾਲਾ ਹਰਦਿਆਲ, ਪੰਡਿਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਆਦਿ ਨਾਲ ਮਿਲ ਕੇ ਅਮਰੀਕਾ ਵਿੱਚ ਗਦਰ ਪਾਰਟੀ ਬਣਾਈ ਅਤੇ ਲੋਕਾਂ ਵਿੱਚ ਅਜ਼ਾਦੀ ਦੀ ਪ੍ਰਾਪਤੀ ਲਈ ਜੋਸ਼ ਭਰਨ ਲਈ ਪਾਰਟੀ ਦਾ ਨਾਅਰਾ: ''ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਦਿਓ" ਰੱਖਿਆ ।  1 ਨਵੰਬਰ 1913 ਈ: ਨੂੰ ਇਸ ਪਾਰਟੀ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ ਗ਼ਦਰਨਾਮ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਅਤੇ ਅਜ਼ਾਦੀ ਦੇ ਕਾਫ਼ਲੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਅਖ਼ਬਾਰ ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ, ਗੁਜਰਾਤੀ, ਬੰਗਾਲੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਂਦਾ ਸੀ
1914 ਦੀ ਪਹਿਲੀ ਸੰਸਾਰ ਜੰਗ ਦੇ ਸਮੇਂ ਦਾ ਅੰਗਰੇਜਾਂ ਖਿਲਾਫ ਵਿਦਰੋਹ ਲਈ ਸਹੀ ਉਯੋਗ ਕਰਨ ਲਈ 15 ਸਤੰਬਰ 1914 ਨੂੰ ਕਰਤਾਰ ਸਿੰਘ ਸ਼੍ਰੀ ਲੰਕਾ ਹੁੰਦਾ ਹੋਇਆ ਭਾਰਤ ਪੁੱਜਾ । ਪੰਜਾਬ ਵਿੱਚ ਬੰਬ ਤਿਆਰ ਕਰਨ ਲਈ ਝਾਬੇਵਲ ਅਤੇ ਲੋਹਟਬੱਧੀ ਪਿੰਡ ਵਿੱਚ ਇੱਕ ਫੈਕਟਰੀ ਵੀ ਲਗਾਈ 25 ਜਨਵਰੀ 1915 ਈ: ਨੂੰ ਰਾਸ ਬਿਹਾਰੀ ਬੋਸ ਦੇ ਅੰਮ੍ਰਿਤਸਰ ਪੁੱਜਣ 'ਤੇ ਗ਼ਦਰ ਪਾਰਟੀ ਦੀ ਇੱਕ ਮੀਟਿੰਗ ਹੋਈ ਅਤੇ ਉਸ ਮੀਟਿੰਗ ਵਿੱਚ 21 ਫਰਵਰੀ 1915 ਈ: ਦੇ ਦਿਨ ਨੂੰ ਵਿਦਰੋਹ ਦੀ ਸ਼ੁਰੂਆਤ ਵਾਲੇ ਦਿਨ ਵਜੋਂ ਐਲਾਨਿਆ ਗਿਆ, ਪਰ ਗਦਰ ਪਾਰਟੀ ਵਿੱਚ ਇੱਕ ਸਰਕਾਰੀ ਮੁਖਬ਼ਰ ਕਿਰਪਾਲ ਸਿੰਘ ਨੇ ਇਸ ਘਟਨਾ ਦੀ ਖਬ਼ਰ ਅੰਗਰੇਜ਼ ਸਰਕਾਰ ਨੂੰ ਦੇ ਦਿੱਤੀ ਕਰਤਾਰ ਸਿੰਘ ਨੂੰ ਕਿਰਪਾਲ ਸਿੰਘ ਦੀ ਗੱਦਾਰੀ ਦਾ ਪਤਾ ਚਲ ਗਿਆ ਅਤੇ ਫਿਰ ਵਿਦਰੋਹ ਦੀ ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ ਗਈ, ਪਰ ਕਿਸੇ ਤਰਾਂ ਇਹ ਖਬ਼ਰ ਵੀ ਅੰਗਰੇਜ਼ਾਂ ਤੱਕ ਪਹੁੰਚ ਗਈ ਅਤੇ ਬਹੁਤ ਸਾਰੇ ਗਦਰੀਆਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ । ਅਖ਼ੀਰ 2 ਮਾਰਚ 1915 ਈ: ਨੂੰ ਪੁਲਿਸ ਨੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ. 5 ਤੋਂ ਰਿਸਾਲਦਾਰ ਗੰਡਾ ਸਿੰਘ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਵਰਗੇ ਗ਼ਦਰੀਆਂ ਸਮੇਤ ਕਰਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਹਨਾਂ ਵਿਰੁਧ ''ਲਾਹੌਰ ਬਗ਼ਾਵਤ" ਦਾ ਕੇਸ ਪਾਇਆ ਗਿਆ ਮੁਕੱਦਮੇ ਦੇ ਦੌਰਾਨ ਅਦਾਲਤ ਨੇ ਇਸ ਛੋਟੀ ਜਿਹੀ ਉਮਰ ਦੇ ਕਰਤਾਰ ਨੂੰ ਸਾਰੇ ਗ਼ਦਰੀਆਂ ਤੋਂ ਵੱਧ ਖ਼ਤਰਨਾਕ ਮੰਨਿਆ ਅਤੇ ਇਸੇ ਲਈ ਕਰਤਾਰ ਸਿੰਘ ਨੂੰ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਪ੍ਰਤੀ ਦਿਖਾਏ ਪਿਆਰ ਅਤੇ ਵਿਸ਼ਵਾਸ਼ ਦੇ ਇਨਾਮਵਜੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਅਖੀਰ 16 ਨਵੰਬਰ 1915 ਈ: ਨੂੰ ਦੇਸ਼ ਦੇ ਇਸ ਨਿਧੜਕ ਅਤੇ ਮਹਾਨ ਸਪੂਤ ਨੂੰ ਲਾਹੌਰ ਦੀ ਸੈਂਟਰਲ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ
ਕਰਤਾਰ ਸਿੰਘ ਤੋਂ ਸ਼ਹੀਦ ਸ. ਕਰਤਾਰ ਸਿੰਘਦੇ ਖਿਤਾਬ ਨਾਲ ਸਨਮਾਨਿਤਹੋਣ ਵਾਲੇ ਅਜ਼ਾਦੀ ਦੇ ਇਸ ਜਾਂਬਾਜ਼ ਸਿਪਾਹੀ ਦੀ ਸ਼ਹਾਦਤ ਨੇ ਲੋਕ ਮਨਾਂ ਵਿੱਚ ਜਿੱਥੇ ਅਥਾਹ ਸ਼ਰਧਾ ਅਤੇ ਸਤਿਕਾਰ ਕਾਇਮ ਕੀਤਾ ਉੱਥੇ ਹੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਜਾਨ ਤਲੀ ਤੇ ਧਰ ਕੇ ਇਸ ਜੰਗ-ਏ-ਅਜ਼ਾਦੀ ਵਿੱਚ ਜੂਝਣ ਲਈ ਵੀ ਤਿਆਰ ਕੀਤਾ । ਕਰਤਾਰ ਸਿੰਘ ਦੀ ਸ਼ਹਾਦਤ ਨੇ ਲੋਕਾਂ ਦੇ ਦਿਲਾਂ ਵਿੱਚ ਅੰਗਰੇਜ਼ੀ ਸਾਮਰਾਜ ਪ੍ਰਤੀ ਨਫਰਤ ਦਾ ਵਿਕਾਸ ਕੀਤਾ ਅਤੇ ਸ਼ਹੀਦ ਸ;ਕਰਤਾਰ ਸਿੰਘ ਸਰਾਭਾ ਨੌਜੁਆਨਾਂ ਲਈ ਇੱਕ ਪ੍ਰੇਰਨਾ-ਸ੍ਰੋਤ ਬਣ ਗਿਆ । ਇਹਨਾਂ ਹੀ ਨੌਜੁਆਨਾਂ ਵਿੱਚੋਂ ਇੱਕ ਨੌਜੁਆਨ ਸੀ ਸ਼ਹੀਦ ਸ. ਭਗਤ ਸਿੰਘ, ਜੋ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ ਅਤੇ ਸਰਾਭੇਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਹੁੰਦਾ ਸੀ । ਸ.ਭਗਤ ਸਿੰਘ ਸਰਾਭੇਦੀ ਫੋਟੋ ਵੱਲ ਵੇਖ ਕੇ ਕਹਿੰਦਾ ਹੁੰਦਾ ਸੀ  ਕਿ ਸਰਾਭਾ ਮੈਨੂੰ, ਮੇਰਾ ਵੱਡਾ ਵੀਰ ਲਗਦਾ।
ਪਰ ਅਫਸੋਸ ਹੈ ਕਿ ਸਾਡੇ ਦੇਸ਼ ਦੇ ਭ੍ਰਿਸ਼ਟ ਲੀਡਰਾਂ ਨੇ ਸੱਤਾ ਹੱਥ ਆਉਣ ਤੋਂ ਬਾਅਦ ਇਹਨਾਂ ਸ਼ਹੀਦਾ ਦੀ ਸ਼ਹਾਦਤ ਨੂੰ ਰੋਲ ਕੇ ਰੱਖ ਦਿੱਤਾ ਹੈ । ਸਾਰੀਆਂ ਪਾਰਟੀਆਂ ਸ਼ਹੀਦਾਂ ਦੇ ਜਨਮ ਅਤੇ ਸ਼ਹਾਦਤ ਦੇ ਦਿਨਾਂ ਨੂੰ ਉਹਨਾਂ ਦੇ ਸਤਿਕਾਰ ਵਜੋਂ ਨਹੀਂ ਬਲਕਿ ਆਪਣੀ ਕੁਰਸੀ ਬਚਾਉਣ ਲਈ ਵੋਟ ਬੈਂਕ ਮਜ਼ਬੂਤ ਕਰਨ ਲਈ ਮਨਾਉਂਦੀਆਂ ਹਨ । ਯੋਧਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਬਲਕਿ ਸਿਆਸੀ ਰੋਟੀਆਂ ਸੇਕਣ ਅਤੇ ਕਾਨਫਰੰਸਾਂ ਕਰਕੇ ਇੱਕ-ਦੂਸਰੇ ਉੱਪਰ ਚਿੱਕੜ ਸੁੱਟਣ ਲਈ ਮਨਾਉਂਦੀਆਂ ਹਨ ਇਸ ਤੋਂ ਇਲਾਵਾ ਇੱਕ ਹੋਰ ਅਫਸੋਸ ਅਤੇ ਤ੍ਰਾਸਦੀ ਦੀ ਗੱਲ ਇਹ ਵੀ ਹੈ ਕਿ ਜ਼ਿਆਦਾਤਰ ਪਾਰਟੀਆਂ, ਨੇਤਾਵਾਂ ਜਾਂ ਲੋਕਾਂ ਲਈ ਸਿਰਫ ਭਗਤ ਸਿੰਘ ਹੀ ਸ਼ਹੀਦ ਰਹਿ ਗਿਆ ਹੈ, ਬਾਕੀ ਸ਼ਹੀਦਾਂ ਦਾ ਨਾਮ ਲੋਕ ਮਨਾਂ ਤੋਂ ਹੌਲੀ-ਹੌਲੀ ਉੱਤਰਦਾ ਜਾ ਰਿਹਾ ਹੈ । ਉਪਰੋਕਤ ਗੱਲ ਕਹਿਣ ਦਾ ਮੇਰਾ ਭਾਵ ਭਗਤ ਸਿੰਘ ਦੀ ਸ਼ਹਾਦਤ ਨੂੰ ਘਟਾਉਣਾ ਜਾਂ ਧੁੰਦਲਾ ਕਰਨਾ ਨਹੀਂ, ਬੇਸ਼ੱਕ ਭਗਤ ਸਿੰਘ ਦੀ ਆਪਣੇ ਦੇਸ਼ ਲਈ ਕੀਤੀ ਕੁਰਬਾਨੀ ਲਾ-ਮਿਸਾਲ ਹੈ,ਪਰ ਜਿਸ ਸ਼ਹੀਦ ਨੂੰ ਭਗਤ ਸਿੰਘ ਆਪਣਾ ਪ੍ਰੇਰਨਾ-ਸ੍ਰੋਤ ਅਤੇ ਗੁਰੂ ਮੰਨਦਾ ਸੀ ਉਸ ਯੋਧੇ ਦਾ ਜਨਮ ਜਾਂ ਸ਼ਹੀਦੀ ਦਿਨ ਉਸੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਿਉਂ ਨਹੀਂ ਮਨਾਇਆ ਜਾਂਦਾ...? ਸ.ਭਗਤ ਸਿੰਘ ਦੇ ਨਾਮ ਤੋਂ ਬੱਚਾ-ਬੱਚਾ ਜਾਣੂ ਹੈ ਅਤੇ ਸ.ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਅਨੇਕਾਂ ਪੁਸਤਕਾਂ ਬਾਜ਼ਾਰ ਵਿੱਚ ਮਿਲ ਜਾਂਦੀਆਂ ਹਨ ਪਰ ਜਿਸ ਮਹਾਨ ਸ਼ਹੀਦ ਨੂੰ ਭਗਤ ਸਿੰਘ ਆਂਪਣਾ ਵੱਡਾ ਵੀਰ ਸਮਝਦਾ ਸੀ ਦੇ ਬਾਰੇ ਕਿਤਾਬਾਂ ਆਮ ਕਿਉਂ ਨਹੀਂ ਮਿਲਦੀਆਂ...? ਕਿਉਂ ਸ.ਭਗਤ ਸਿੰਘ ਵਾਂਗ ਸ.ਕਰਤਾਰ ਸਿੰਘ ਸਰਾਭੇ ਦੇ ਜੀਵਨ ਤੇ ਅਧਾਰਿਤ ਫਿਲਮਾਂ ਨਹੀਂ ਬਣਦੀਆਂ...? ਤਰਕਸ਼ੀਲ ਸਭਾ ਨੇ ਭਗਤ ਸਿੰਘ ਦੀ ਸੋਚ ਦਾ ਜਿੰਨਾਂ ਪ੍ਰਚਾਰ ਕੀਤਾ ਹੈ ਸ਼ਾਇਦ ਕਿਸੇ ਨੇ ਨਹੀਂ ਕੀਤਾ, ਪਰ ਤਰਕਸ਼ੀਲ ਸਭਾ ਵਾਲੇ ਵੀਰ ਭਗਤ ਸਿੰਘ ਦੇ ਪ੍ਰੇਰਨਾਸ੍ਰੋਤ ਸਰਾਭੇ ਦੀ ਸੋਚ ਨੂੰ ਕਿਉਂ ਭੁੱਲ ਗਏ...? ਸ਼ਾਇਦ ਇਸ ਲਈ ਕਿ ਸਰਾਭੇ ਨੇ ਕਦੇ ਭਗਤ ਸਿੰਘ ਵਾਂਗ ਨਾਸਤਿਕਹੋਣ ਦੀ ਗੱਲ ਨਹੀਂ ਕਹੀ । ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਿੱਚ ਮੋਹਰੀ ਬਣਦਾ ਜਾ ਰਿਹਾ ਸਾਡਾ ਦੇਸ਼ ਸ਼ਹੀਦਾਂ ਨੂੰ ਭੁੱਲਣ ਵਿੱਚ ਵੀ ਮੋਹਰੀ ਹੁੰਦਾ ਜਾ ਰਿਹਾ ਹੈ। ਕਿਸੇ ਸਮੇਂ ਸਰਾਭੇ ਨੇ ਆਖਿਆ ਸੀ ਕਿ:

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ

ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਲੱਖਾਂ ਮੁਸੀਬਤਾਂ ਝੱਲ ਕੇ ਦੇਸ਼ ਦੀ ਅਜ਼ਾਦੀ ਦੇ ਰਾਹ ਨੂੰ ਆਪਣੀ ਸ਼ਹਾਦਤ ਨਾਲ ਪੱਧਰਾ ਕਰਨ ਵਾਲੇ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਭੁੱਲਣ ਵਾਲੇ ਲੋਕੋ ਜ਼ਰਾ ਸੋਚੋ ਕਿ ਕੀ ਅੱਜ ਵਾਲੇ ਭਾਰਤ ਦੀ ਕਲਪਣਾ ਕਰਕੇ ਹੀ ਸ਼ਹੀਦਾਂ ਨੇ ਫਾਂਸੀ ਦਾ ਰਸਤਾ ਚੁਣਿਆ ਸੀ...? ਇਸ ਪਦਾਰਥਵਾਦੀ ਯੁੱਗ ਵਿੱਚ ਕਰਤਾਰ ਸਿੰਘ ਸਰਾਭੇ ਵਾਂਗ ਜੰਗ-ਏ-ਅਜ਼ਾਦੀ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਭੁਲਾ ਕੇ ਕਿਤੇ ਅਸੀਂ ਅਕ੍ਰਿਤਘਣ ਤਾਂ ਨਹੀਂ ਬਣਦੇ ਜਾ ਰਹੇ...?
ਆਓ ਕੁਝ ਹੋਸ਼ ਕਰੀਏ, ਸਾਰੇ ਸ਼ਹੀਦਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦੇਈਏ । ਸ. ਭਗਤ ਸਿੰਘ ਵਾਂਗ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸੋਚ ਨੂੰ ਅਪਣਾਈਏ ਅਤੇ ਰਿਸ਼ਵਤਖੋਰ ਅਤੇ ਭ੍ਰਿਸ਼ਟ ਲੋਕਾਂ ਦੀ ਜਮਾਤ ਤੋਂ ਫਿਰ ਅਜ਼ਾਦੀ ਵੱਲ ਚੱਲੀਏ ।