ਸਤਿੰਦਰਜੀਤ ਸਿੰਘ ਗਿੱਲ
ਸਾਲ 1984 ਜਿਸਨੇ ਭਾਰਤਵਰਸ਼ ਦੀ ਇਤਿਹਾਸ ਦੀ ਕਿਤਾਬ ਉੱਪਰ ਕਈ ਕਾਲੇ ਪੰਨਿਆਂ ਜਾਂ ਇੰਝ
ਕਹਿ ਲਈਏ ਕਿ ਹਿੰਦੂ ਬਹੁਗਿਣਤੀ ਵੱਲੋਂ ਘੱਟ ਗਿਣਤੀ ਸਿੱਖਾਂ ਉੱਪਰ ਢਾਹੇ ਗਏ ਜ਼ੁਲਮਾਂ
ਦੀ ਦਾਸਤਾਨ ਨਾਲ ਭਰੇ ਸਫਿਆਂ ਨੂੰ ਅੰਕਿਤ ਕੀਤਾ।
ਸਿੱਖਾਂ ਪ੍ਰਤੀ ਹਿੰਦੂ ਕੌਮ ਦੀ ਨਫ਼ਰਤ ਕਿਸੇ ਤੋਂ ਲੁਕੀ ਨਹੀਂ ਹੋਈ,ਪਰ ਇਸ ਨਫ਼ਰਤ ਦਾ ਜੋ ਲਾਵਾ ’84 ਵਿੱਚ ਫਟਿਆ ਉਸਨੇ ਪੂਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਜੂਨ ’84 ਇੱਕ ਐਸਾ ਸਮਾਂ ਜਿਸ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਅਤੇ ‘ਭਾਰਤਵਰਸ਼’ ਦੇ
ਮੱਥੇ ਉਪਰ
ਇੱਕ ਐਸਾ ਬਦਨੁਮਾ ਦਾਗ ਲਗਾ ਦਿੱਤਾ ਜੋ ਰਹਿੰਦੀ ਦੁਨੀਆਂ ਤੱਕ ਇਸਨੂੰ
ਸ਼ਰਮਸ਼ਾਰ ਕਰਦਾ
ਰਹੇਗਾ ਅਤੇ ਸਿੱਖ ਕੌਮ ਨੂੰ ਇੱਕ ਐਸਾ ਜ਼ਖਮ ਦਿੱਤਾ ਜੋ ਸਦਾ ਨਾਸੂਰ ਬਣ ਕੇ ਇਸ
ਦਰਦ ਦਾ ਅਹਿਸਾਸ ਦਵਾਉਂਦਾ ਰਹੇਗਾ।
ਜੂਨ ’84 ਵਿੱਚ ਬਹੁਗਿਣਤੀ ਕੌਮ ਨੇ ਆਪਣੀ ਅਫ਼ਸਰਸ਼ਾਹੀ
ਅਤੇ ਰਾਜਸੀ ਤਾਕਤ ਦੀ ਸ਼ਰੇਆਮ ਨਾਜਾਇਜ਼ ਵਰਤੋਂ
ਕਰਦਿਆਂ ਸਿੱਖਾਂ ਵਿੱਚ ਆ ਰਹੀ ਜਾਗ੍ਰਿਤੀ ਨੂੰ ‘ਦੇਸ਼
ਲਈ ਖ਼ਤਰਾ’ ਗਰਦਾਨਦਿਆਂ,ਸਿੱਖਾਂ ਦੀ ਸ਼ਰਧਾ ਦੇ ਕੇਂਦਰ ਦਰਬਾਰ ਸਾਹਿਬ
ਉੱਪਰ ਫੌਜੀ ਹਮਲਾ ਕਰ
ਦਿੱਤਾ,ਜਿਸ
ਵਿੱਚ ਅਕਾਲ ਤਖਤ ਸਾਹਿਬ ਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ। ਇਸ ਘਿਨਾਉਣੇ ਵਰਤਾਰੇ ਲਈ ਸਮਾਂ ਵੀ ਉਹ ਚੁਣਿਆ ਗਿਆ ਜਦੋਂ
ਸਿੱਖ ਕੌਮ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ
ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਕਾਫੀ ਸੰਖਿਆ ਵਿੱਚ ਇਕੱਤਰ ਹੋਈ ਸੀ,ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਹਮਲੇ ਦਾ ਮਨੋਰਥ ਅਤੇ
ਉਦੇਸ਼ ਸਿਰਫ਼ ਸਿੱਖ ਕੌਮ ਦੀ ਨਸਲਕੁਸ਼ੀ ਕਰਨਾ
ਸੀ ਨਾ ਕਿ ਕਿਸੇ ‘ਦੇਸ਼ ਲਈ ਖ਼ਤਰੇ’ ਨੂੰ ਦਬਾਉਣਾ। ਸਿੱਖਾਂ ਨੇ ਇਸ ਦਿਨ ਆਪਣੇ-ਆਪ ਨੂੰ ਘਰੋਂ ਬੇਘਰ ਹੋਏ ਮਹਿਸੂਸ ਕੀਤਾ।
ਜੋ
ਕੁਝ ਵੀ ਉਸ ਸਮੇਂ ਹੋਇਆ,
ਕੋਈ ਅਚਨਚੇਤ ਵਾਪਰਿਆ ਵਰਤਾਰਾ ਨਹੀਂ ਸੀ,ਉਸ ਸਭ ਦੇ ਪਿੱਛੇ ਇੱਕ ਸੋਚੀ-ਸਮਝੀ ਸਾਜਿਸ਼ ਕੰਮ ਕਰ ਰਹੀ ਸੀ, ਇਸ ਸਾਰੇ ਘਟਨਾਕ੍ਰਮ ਪਿੱਛੇ ‘ਹਿੰਦੂਤਵ’ ਦੀ
ਗਲਤ ਧਾਰਨਾ ਦਾ ਸ਼ਿਕਾਰ ਹੋਏ
ਬਿਮਾਰ-ਮਾਨਸਿਕਤਾ ਵਾਲੇ ਲੋਕਾਂ ਦੀ ਸੌੜੀ ਸੋਚ
ਕੰਮ ਕਰ ਰਹੀ ਸੀ । ਇਹ ਸੌੜੀ ਸੋਚ ਸੀ ਇਸ ‘ਦੇਸ਼
ਵਿੱਚ ‘ਹਿੰਦੂਵਾਦ’ ਦਾ
ਪਸਾਰਾ ਕਰਨਾ ਅਤੇ ਅਜ਼ਾਦੀ ਪਸੰਦ ਕੌਮਾਂ ਨੂੰ, ਸਦੀਆਂ
ਦੀ ਗੁਲਾਮੀ ਹੰਢਾਉਣ ਤੋਂ ਬਾਅਦ ‘ਦੂਸਰਿਆਂ’ ਦੀ
ਲੈ ਕੇ ਦਿੱਤੀ ਅਜ਼ਾਦੀ ਉਪਰ ਐਸ਼ ਕਰਨ ਵਾਲੀ ਹਿੰਦੂ
ਕੌਮ ਦਾ ਗੁਲਾਮ ਬਣਾਉਣਾ,
ਇਸ ਵਾਸਤੇ ਭਾਵੇਂ ਉਹਨਾਂ ਦੀ ਨਸਲਕੁਸ਼ੀ ਹੀ
ਕਿਉਂ ਨਾ
ਕਰਨੀ ਪਵੇ।’ ਬਿਨਾਂ ਸ਼ੱਕ ਦਰਬਾਰ ਸਾਹਿਬ ਉਪਰ ਫ਼ੌਜੀ ਹਮਲੇ ਦਾ
ਉਦੇਸ਼ ਕੇਵਲ ਸੰਤ ਜਰਨੈਲ
ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ‘ਮੁੱਠੀ ਭਰ’ ਸਾਥੀਆਂ
ਜਾਂ ਸਮਰਥਕਾਂ ਨੂੰ ਫੜਨ ਤੱਕ
ਹੀ ਸੀਮਤ ਨਹੀਂ ਸੀ, ਜੇਕਰ ਅਜਿਹਾ ਹੁੰਦਾ ਤਾਂ ‘ਮੁੱਠੀ ਭਰ’ ਸਿੰਘਾਂ
ਨੂੰ ਫੜਨ ਲਈ ‘ਹਿੰਦੁਸਤਾਨ’ ਨੂੰ ਆਪਣੀ ਪੂਰੀ ਸੈਨਿਕ ਸ਼ਕਤੀ ਦੀ ਵਰਤੋਂ ਕਰਨ
ਦੀ ਜਰੂਰਤ ਨਹੀਂ ਸੀ। ਫ਼ੌਜ
ਦੁਆਰਾ ਸ਼੍ਰੀ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ
ਦੇ ਚਾਰ ਦਰਜਨ ਦੇ ਕਰੀਬ ਹੋਰਨਾਂ ਇਤਿਹਾਸਕ
ਗੁਰਧਾਮਾਂ ਦੀ ਵੀ ਘੋਰ ਬੇਅਦਬੀ ਕੀਤੀ ਗਈ। ਪੈਟੀਗਰਿਉ ਅਨੁਸਾਰ “ਭਾਰਤੀ ਫ਼ੌਜ ਦਰਬਾਰ ਸਾਹਿਬ ਦੇ ਅੰਦਰ ਕਿਸੇ ਰਾਜਨੀਤਕ ਹਸਤੀ ਜਾਂ ਕਿਸੇ ਰਾਜਸੀ ਲਹਿਰ ਨੂੰ ਕੁਚਲਣ ਵਾਸਤੇ ਦਾਖ਼ਲ ਨਹੀਂ ਸੀ
ਹੋਈ, ਮੰਤਵ ਇੱਕ ਕੌਮ ਦੇ ਸੱਭਿਆਚਾਰ ਨੂੰ ਕੁਚਲਣਾਂ,ਉਹਨਾਂ ਦੇ ਦਿਲ ਉਪਰ ਸੱਟ ਮਾਰਨਾ
ਅਤੇ ਉਹਨਾਂ ਦੀ ਸਪਿਰਿਟ ‘ਤੇ ਸਵੈ-ਵਿਸ਼ਵਾਸ ‘ਤੇ ਸੱਟ ਮਾਰਨਾ ਸੀ।” ਬ੍ਰਿਟਿਸ਼
ਕੋਲੰਬੀਆ ਅਤੇ ਉਨਟਾਰੀਓ ਵਿੱਚ ਸਿੱਖ ਭਾਈਚਾਰੇ ਨਾਲ ਨੇੜਤਾ ਰੱਖਣ ਵਾਲੇ ਲਿਬਰਲ ਆਗੂ ਬੌਬ ਰੇਅ ਦੇ ਲਫਜ਼ ਕਿ,“ਸਿੱਖਾਂ ਨੂੰ ਸਿਰਫ ਸਿੱਖ ਹੋਣ
ਕਰਕੇ ਹੀ ਮਾਰਿਆ ਗਿਆ।”
ਬੜੇ ਅਹਿਮ ਹਨ। ਇਸ ਹਮਲੇ ਦਾ ਮਤਲਬ ਸਿੱਖ ਕੌਮ
ਦਾ ਖਾਤਮਾ ਸੀ। ਇਸ ਮਕਸਦ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਉਪਰ ਹਮਲੇ
ਤੋਂ ਬਾਅਦ ਵੀ ਸਿੱਖ ਕੌਮ ਉਪਰ ਹਮਲੇ ਸਿੱਧੇ
ਜਾਂ ਅਸਿੱਧੇ ਰੂਪ ਵਿੱਚ ਲਗਾਤਾਰ ਜਾਰੀ ਰੱਖੇ। ਵਿਉਂਤਬੱਧ ਤਰੀਕੇ ਨਾਲ ਸਿੱਖਾਂ ਦਾ ਸ਼ਿਕਾਰ ਕਰਨ ਦੀ ਖ਼ੂਨੀ ਖੇਡ ਖੇਡੀ ਗਈ (ਜਾਂ ਜਾ
ਰਹੀ ਹੈ)। ਅੱਤਵਾਦ ਦੇ ਖ਼ਾਤਮੇ ਦੇ ਨਾਂਮ ਹੇਠ ਚੁਣ-ਚੁਣ ਕੇ ਸਿੱਖ ਸਰੂਪ ਵਾਲੇ ਗੱਭਰੂਆਂ
ਨੂੰ ਝੂਠੇ ਮੁਕਾਬਲੇ ਬਣਾ ਕੇ
ਮਾਰਿਆ ਗਿਆ। ਦਰਬਾਰ ਸਾਹਿਬ ਉਪਰ ਹਮਲੇ ਨੇ ਹਰ ਸਿੱਖ ਹਿਰਦੇ
ਵਿੱਚ ਇਸ ਰਾਸ਼ਟਰ ਅਤੇ
ਇਸਨੂੰ ਚਲਾਉਣ ਵਾਲੇ ਨੇਤਾਵਾਂ ਪ੍ਰਤੀ ਗੁੱਸੇ, ਨਫ਼ਰਤ ਅਤੇ ਰੋਹ ਦੀ ਲਹਿਰ ਨੂੰ ਪ੍ਰਚੰਡ ਕਰ ਦਿੱਤਾ। ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਦਾ ਬਦਲਾ
ਲੈਂਦਿਆਂ 31 ਅਕਤੂਬਰ,1984 ਨੂੰ (ਸ਼ਹੀਦ) ਸ.ਬੇਅੰਤ ਸਿਘ ਅਤੇ (ਸ਼ਹੀਦ) ਸ. ਸਤਵੰਤ ਸਿੰਘ
ਨੇ ਇੰਦਰਾ ਗਾਂਧੀ ਦਾ ਉਸ ਸਮੇਂ ਕਤਲ
ਕਰ ਦਿੱਤਾ ਜਦੋਂ ਉਹ ਆਪਣੇ ਘਰ ਤੋਂ ਨਿਕਲ ਰਹੀ ਸੀ।
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਿਉਂਤਬੱਧ ਤਰੀਕੇ ਨਾਲ ਸਿੱਖਾਂ ਨੂੰ ਕੋਹ-ਕੋਹ
ਕੇ, ਗਲਾਂ ਵਿੱਚ ਟਾਇਰ ਪਾ ਕੇ, ਤੇਲ ਪਾ ਕੇ ਦਿਨ-ਦਿਹਾੜੇ ਬੇਰਹਿਮੀ ਨਾਲ ਸਾੜਿਆ ਗਿਆ, ਜਿਸ ਨਾਲ ਇਸ ਅਖ਼ੌਤੀ ਰਾਸ਼ਟਰਵਾਦ ਦਾ ਢੰਡੋਰਾ ਪਿੱਟਣ ਵਾਲੇ ‘ਆਗੂਆਂ’ ਦਾ
ਸਿੱਖ ਵਿਰੋਧੀ ਚਿਹਰਾ ਹੋਰ
ਵੀ ਨੰਗਾ ਹੋ ਗਿਆ। ਇਸ ਕਤਲੇਆਮ ਨੂੰ ਅੰਜ਼ਾਮ ਦੇਣ ਲਈ ਬਕਾਇਦਾ ਸਿੱਖਾਂ ਦੇ ਘਰਾਂ
ਦੀ ਨਿਸ਼ਾਨਦੇਹੀ ਕੀਤੀ ਗਈ। ਸਿੱਖ ਕਤਲੇਆਮ ਦੌਰਾਨ ਵਿਸ਼ਵ ਦੀਆਂ ਨਜ਼ਰਾਂ ਵਿਚ ਭਾਰਤੀ
ਲੋਕਤੰਤਰ
ਦਾ ਜਨਾਜ਼ਾ ਖੁਲੇਆਮ ਨਿਕਲ ਦਾ ਰਿਹਾ। ਸਿੱਖ ਕਤਲੇਆਮ ਲਈ ਜ਼ਿਮੇਵਾਰ ਵਿਆਕਤੀਆਂ ਦੀ ਗ੍ਰਿਫਤਾਰੀ ਜਾਂ ਭਾਲ਼ ਤਾਂ ਦੂਰ,ਕਿਸੇ ਵੀ ਪੁਲਿਸ ਠਾਣੇ ਵਿੱਚ ਸਿੱਖਾਂ ਦੀ ਸ਼ਿਕਾਇਤ ਤੱਕ ਦਰਜ ਨਹੀਂ ਕੀਤੀ ਗਈ। ਇਸ ਪੂਰੇ ਕਤਲੇਆਮ ਵਿੱਚ ਪੁਲਿਸ ਨੇ ਇੱਕ ਮੂਕ-ਦਰਸ਼ਕ ਦੀ ਭੂਮਿਕਾ ਨਿਭਾਉਂਦਿਆਂ ਕਾਤਲਾਂ ਦਾ ਭਰਪੂਰ ਸਾਥ ਦਿੱਤਾ। ਇਹ ਇੱਕ ਐਸੀ ਹਰਕਤ ਅਤੇ ਘਟਨਾ ਸੀ
ਜਿਸਨੇ ਹਰ ਸਿੱਖ ਹਿਰਦੇ ਨੂੰ ਵਲੂੰਧਰ ਸੁੱਟਿਆ, ਹਰ
ਸਿੱਖ ਨੂੰ ਆਪਣੀ ਹੀ ਕੌਮ ਵੱਲੋਂ ਸਿਰ ਦੇ ਕੇ
ਅਜ਼ਾਦ ਕਰਵਾਏ ਦੇਸ਼ ਵਿੱਚ
ਬੇਗਾਨਗੀ ਦਾ ਅਹਿਸਾਸ ਕਰਵਾਉਣ ਵਿੱਚ ਕੋਈ ਕਸਰ
ਨਹੀਂ ਛੱਡੀ
ਅਤੇ ਹਰ ਸਿੱਖ ਹਿਰਦੇ ਨੇ ਆਪਣੇ ਆਪ ਨੂੰ ਇੱਕ ‘ਧਰਮ-ਨਿਰਪੱਖ’ ਅਜ਼ਾਦ ਦੇਸ਼ ਵਿੱਚ ਗੁਲਾਮ ਮਹਿਸੂਸ ਕੀਤਾ। ਕਿੰਨੀ ਹੈਰਾਨੀ ਦੀ ਗੱਲ ਹੈ ਜਿਸ ਦੇਸ਼ ਵਿੱਚ ਹਿਰਨ ਦਾ
ਸ਼ਿਕਾਰ ਕਰਨ ਵਾਲੇ
ਨੂੰ ਸਜ਼ਾ ਸੁਣਾਈ ਜਾਂਦੀ ਹੈ, ਉਸ
ਦੀਆਂ ਸਰਕਾਰਾਂ ਨੂੰ ਅੱਜ 26
ਸਾਲ ਬੀਤ ਜਾਣ ਤੋਂ ਬਾਅਦ ਵੀ ਹਜ਼ਾਰਾਂ ਬੇਕਸੂਰ ਸਿੱਖਾਂ ਦਾ ਇੱਕ ਵੀ ਕਾਤਲ ਨਹੀਂ ਲੱਭਿਆ…!
27 ਸਾਲ ਬਾਅਦ ਵੀ ਭਾਰਤੀ ਨਿਆਂ ਪ੍ਰਣਾਲੀ ਆਪਣੇ ਦਾਮਨ ’ਤੇ ਲੱਗੇ ਦਾਗ ਨੂੰ ਧੋ ਨਹੀਂ ਸਕੀ। ਇਨਸਾਫ ਮੰਗਦੀ ਕੌਮ ਨਾਲ ਦਹਾਕਿਆਂ ਬੱਧੀ ਕੀਤਾ ਗਿਆ ਅਜਿਹਾ
ਨਾਕਾਰਾਤਮਕ ਵਰਤਾਰਾ ਦੇਸ਼
ਦੇ ਸੰਵਿਧਾਨ ਦੇ ਨਾਂ ’ਤੇ
ਇਕ ਬਦਨੁਮਾ ਧੱਬਾ ਹੈ ਜਿਸ ਨੂੰ ਸਦੀਆਂ ਤੱਕ ਨਹੀਂ ਮਿਟਾਇਆ ਜਾ ਸਕੇਗਾ। ਇਨਸਾਫ ਨਾ ਦੇ ਕੇ ਸਿੱਖ ਭਾਈਚਾਰੇ ਅੰਦਰ ਅਲਹਿਦਗੀ, ਬੇਗਾਨਗੀ ਤੇ ਭੈਅ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸੀ.ਬੀ.ਆਈ ਸਮੇਤ ਸਾਰੀ ਸਰਕਾਰੀ
ਮਸ਼ੀਨਰੀ ਸਿੱਖ ਕਤਲੇਆਮ
ਦੇ ਦੋਸ਼ੀ ਜਗਦੀਸ਼ ਟਾਈਟਲਰ,ਕਮਲ
ਨਾਥ ਅਤੇ ਸੱਜਣ ਕੁਮਾਰ ਵਰਗੇ ਕਾਂਗਰਸੀ ਆਗੂਆਂ ਨੂੰ ਸਾਜ਼ਿਸ਼ੀ
ਰੂਪ ਵਿਚ ਬਚਾਉਣ ’ਚ ਮਸ਼ਰੂਫ ਹਨ। ਦੰਗਿਆਂ ਸੰਬੰਧੀ ਜਾਂਚ ਲਈ ਬਣੀਆਂ
ਦਰਜਨਾਂ ਕਮੇਟੀਆਂ ਅਤੇ ਕਮਿਸ਼ਨਾਂ ਨੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਸਿੱਧੇ ਤੌਰ ’ਤੇ ਕਤਲੇਆਮ ਲਈ ਦੋਸ਼ੀ ਵੀ ਠਹਿਰਾਇਆ ਅਤੇ ਅਗਸਤ 2005 ਵਿਚ
ਨਾਨਾਵਤੀ ਕਮਿਸ਼ਨ ਦੀ ਰਿਪੋਰਟ ਲੋਕ ਸਭਾ ਵਿਚ
ਰੱਖੀ ਗਈ ਤਾਂ ਉਸ ਸਮੇਂ
ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਤਿੰਨੇ
ਸਤੰਭ ਹਿਲਦੇ ਨਜ਼ਰ ਆਏ, ਜਦੋਂ ਕਮਿਸ਼ਨ ਵਲੋਂ ਦੋਸ਼ੀ ਠਹਿਰਾਏ ਕਾਂਗਰਸੀ ਆਗੂਆਂ ਵਿਰੁੱਧ
ਕਾਰਵਾਈ ਕਰਨ ਤੋਂ ਹੀ ਨਿਆਂ ਪ੍ਰਣਾਲੀ ਨੇ ਇਨਕਾਰੀ ਹੁੰਦਿਆਂ ਆਗੂਆਂ ਨੂੰ ਕਲੀਨ ਚਿੱਟ ਦੇ
ਦਿੱਤੀ ਗਈ। ਇਹ ਕਾਤਲ ਆਪਣੇ ਖਿਲਾਫ ਭੁਗਤ ਰਹੇ ਗਵਾਹਾਂ ਨੂੰ ਡਰਾ-ਧਮਕਾ ਕੇ ਚੁੱਪ ਕਰਵਾਉਣ
ਲਈ ਪੂਰਾ ਤਾਣ ਲਗਾ ਰਹੇ ਹਨ। ਹੁਣੇ ਹੀ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਬੀਬੀ ਜਗਦੀਸ਼
ਕੌਰ ਦੇ ਅੰਮ੍ਰਿਤਸਰ ਸਥਿਤ ਘਰ ਵਿੱਚ ਅਣਪਛਾਤੇ ਵਿਆਕਤੀਆਂ ਨੇ ਦਾਖਿਲ ਹੋਣ ਦੀ ਕੋਸਿਸ਼
ਕੀਤੀ।
ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਸਿੱਖ ਕੌਮ ਦੇ ਆਗੂ ਕੌਮ ਦੇ
ਦਰਦ ਨੂੰ ਭੁੱਲ ਕੇ ਸਿਰਫ ਕੁਰਸੀ ਦੀ
ਯਾਦ ਵਿੱਚ ਹੀ ਜ਼ਿੰਦਗੀ ਲੰਘਾ ਰਹੇ ਹਨ। ਅੱਜ ਵੀ
ਸਾਡੇ ਆਗੂਆਂ ਨੂੰ ਇਹਨਾਂ ਦੋ
ਘਟਨਾਵਾਂ ਦੀ ਯਾਦ ਹਰ ਸਾਲ ਜੂਨ ਜਾਂ ਨਵੰਬਰ ਵਿੱਚ ਹੀ ਆਉਂਦੀ
ਹੈ, ਉਹ ਵੀ ਸਿਰਫ ਆਪਣੀਆਂ-ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ। ਹਰ ਪਾਰਟੀ ਇਨਸਾਫ
ਲਈ ਸੰਘਰਸ਼ ਕਰਨ ਦਾ
ਵਾਅਦਾ ਤਾਂ ਕਰਦੀ ਹੈ ਪਰ ਉਸ ਨੂੰ ਪੂਰਾ ਕਰਨਾ ਭੁੱਲ ਜਾਂਦੀ ਹੈ…। ਐਸੀ ਗੱਲ ਵੀ ਨਹੀਂ ਕਿ ਇਨਸਾਫ ਲਈ ਸਿੱਖ ਕੌਮ ਨੇ ਕੋਈ ਉੱਦਮ ਨਹੀਂ ਕੀਤਾ, ਬਹੁਤ ਉੱਦਮ ਹੋਏ ਪਰ ਅਫਸੋਸ ਕਿ ਹਰ ਯਤਨ ਅਸਫਲ ਰਿਹਾ। ਅੱਜ ਦੇ ਸਮੇਂ ਵਿੱਚ ਸਿੱਖਾਂ ਦੀਆਂ ਐਨੀਆਂ ਪਾਰਟੀਆਂ
ਬਣ ਚੁੱਕੀਆਂ
ਹਨ ਕਿ ਆਮ ਸਿੱਖ ਨੂੰ ਸਮਝ ਹੀ ਨਹੀਂ ਆਉਂਦੀ ਕਿ ਕਿਹੜੀ ਪਾਰਟੀ ਵਾਕਈ ਕੌਮ
ਦੇ ਭਲੇ ਲਈ
ਯਤਨਸ਼ੀਲ ਹੈ। ਸ਼ੁਰੂ ਵਿੱਚ ਹਰ ਕੋਈ ‘ਚੰਗੀ’ ਸ਼ੁਰੂਆਤ ਕਰਦਾ ਹੈ, ਪਰ ਉਸ ਸ਼ੁਰੂਆਤ ਨੂੰ ਬਣਾਈ ਰੱਖਣ ਵਿੱਚ ਅਸਫਲ ਹੋ ਜਾਂਦਾ ਹੈ। ਹਰ ਕੋਈ ਆਪਣੇ ਵੋਟ-ਬੈਂਕ ਨੂੰ ਪੱਕਾ ਕਰਨ
ਲਈ ਯਤਨਸ਼ੀਲ ਹੈ ਨਾਂ ਕਿ ਕੌਮ ਦੇ ਭਲੇ ਦੇ ਕਾਰਜਾਂ ਨੂੰ ਪੂਰਾ ਕਰਨ ਲਈ। ਸਿੱਖ ਕੌਮ ਵੱਲੋਂ ਦਰਜ ਕਰਵਾਏ ਕੇਸਾਂ ਦੀ ਪੈਰਵਈ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਐਡਵੋਕੇਟ
ਐਚ.ਐਸ. ਫੂਲਕਾ ਵੱਲੋਂ ਨਿਭਾਏ ਰੋਲ ਸ਼ਲਾਘਾਯੋਗ ਹਨ। ਸ.ਫੂਲਕਾ ਨੇ ਦਿੱਲੀ ਕਮੇਟੀ ਦੀ ਮੱਦਦ ਨਾਲ ‘ਸਿੱਖ ਵਿਰੋਧੀ ਕਤਲੇਆਮ’ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਉਜੜੇ ਸਿੱਖਾਂ ਨੂੰ ਇਨਸਾਫ਼
ਦਿਵਾਉਣ ਲਈ ਸ਼ਲਾਘਾਯੋਗ ਯਤਨ ਕੀਤੇ ਹਨ,ਜਿਸ ਸਦਕਾ ਅੱਜ ਸੱਜਣ ਕੁਮਾਰ ਖਿਲਾਫ ਸ਼ਿਕੰਜਾ ਕਸਦਾ
ਜਾ ਰਿਹਾ ਹੈ,ਪਰ
ਇਸ ਨਾਲ ਇਹ ਵੀ ਅਫਸੋਸ
ਦੀ ਗੱਲ ਹੈ ਕਿ ਦਿੱਲੀ ਕਮੇਟੀ ਅਤੇ ਸ.ਫੂਲਕਾ ਵਿਚਕਾਰ ਪਈ ਦਰਾੜ ਨੇ ਕੌਮੀ ਏਕਤਾ ਨੂੰ ਹੋਰ ਕਮਜ਼ੋਰ ਕੀਤਾ ਹੈ। ਅੱਜ ਦੇ ਸਮੇਂ ਵਿੱਚ
ਕੌਮੀ ਹੱਕਾਂ ਦੀ ਅਤੇ ਇਨਸਾਫ਼ ਦੀ ਪ੍ਰਾਪਤੀ ਲਈ ਜ਼ਰੂਰਤ ਹੈ ਇੱਕ ਸਾਂਝੇ ਯਤਨ ਦੀ ਕਿਉਂਕਿ
ਜਿੱਥੇ ਅਪੀਲ,ਦਲੀਲ
ਅਤੇ ਵਕੀਲ ਸਭ ਕਾਤਲਾਂ,
ਬਹੁਗਿਣਤੀ ਜਾਂ ਰਾਜ ਕਰਨ ਵਾਲਿਆਂ ਦਾ ਪੱਖ ਪੂਰ ਰਹੇ ਹੋਣ ਉਥੇ ਇਨਸਾਫ਼ ਕਾਨੂੰਨ ਦੀਆਂ ਕਿਤਾਬਾਂ ਵਿੱਚ ਹੀ ਦਮ ਤੋੜ ਦਿੰਦਾ ਹੈ,ਪਰ ਜੇਕਰ ਸਾਰੀ ਕੌਮ ‘ਇੱਕ’ ਹੋ
ਕੇ ਚੱਲੇ ਤਾਂ
ਨਿਸ਼ਚਤ ਹੀ ਜਿੱਤ ਪ੍ਰਾਪਤ ਹੋਵੇਗੀ।
ਅੰਤ
ਵਿੱਚ ਵਾਹਿਗੁਰੂ ਅੱਗੇ ਬੇਨਤੀ ਹੈ ਕਿ ਉਹ ਸਾਡੇ ਆਗੂਆਂ ਨੂੰ ਸੁਮੱਤ ਅਤੇ ਕੌਮ ਵਿੱਚ ਏਕਤਾ ਬਖ਼ਸ਼ਣ।