ਸਤਿੰਦਰਜੀਤ ਸਿੰਘ
ਮਹਾਨ ਕ੍ਰਾਂਤੀਕਾਰੀ, ਵਿਗਿਆਨੀ,
ਯੋਧੇ ਅਤੇ ਜਗਤ-ਤਾਰਕ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ
1469 ਈ. ਨੂੰ ਨਨਕਾਣਾ ਸਾਹਿਬ (ਪਹਿਲਾਂ ਰਾਇ ਭੋਇ ਦੀ ਤਲਵੰਡੀ) ਪਾਕਿਸਤਾਨ ਵਿੱਚ ਹੋਇਆ। ਗੁਰੂ
ਨਾਨਕ ਸਹਿਬ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਅਤੇ ਪਿਤਾ ਮਹਿਤਾ ਕਾਲੂ ਜੀ ਸਨ। ਧੰਨ ਹੈ ਉਹ ਮਾਂ
ਤ੍ਰਿਪਤਾ ਜਿਸਦੀ ਕੁੱਖ ਨੇ ਮਹਾਨ ਸਮਾਜ-ਸੁਧਾਰਕ ਰਹਿਬਰ ਨੂੰ ਜਨਮ ਦਿੱਤਾ।
ਗੁਰੂ ਨਾਨਕ ਸਾਹਿਬ ਦਾ ਜਨਮ ਕੋਈ ਆਮ
ਗੱਲ ਨਹੀਂ ਸੀ, ਉਹ ਇੱਕ ਕ੍ਰਾਂਤੀਕਾਰੀ ਘਟਨਾ ਸੀ ਜਿਸ ਨਾਲ ਅੰਧਵਿਸ਼ਵਾਸ਼ ਅਤੇ ਕਰਮਕਾਂਡ
ਵਿੱਚ ਫਸੀ ਮਾਨਵਤਾ ਵਿੱਚ ਚੇਤੰਨਤਾ ਦਾ ਮੁੱਢ ਬੰਨ੍ਹਿਆ ਗਿਆ।‘ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ
॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥’ ਦੀ ਲਲਕਾਰ ਨਾਲ ਗੁਰੂ ਨਾਨਕ ਸਾਹਿਬ ਨੇ ਇੱਕ ਨਿਆਰੇ,ਵਿਲੱਖਣ ਅਤੇ ਕਰਮਕਾਂਡ ਤੋਂ ਮੁਕਤ ਕੌਮ ਜਾਂ ਇੰਝ ਕਹਿ
ਲਈਏ ਕਿ ਸਮਾਜ ਦੀ ਨੀਂਹ ਰੱਖੀ। ਗੁਰੂ ਨਾਨਕ ਸਾਹਿਬ ਦੇ ਅਨੁਆਈਆਂ ਨੂੰ ‘ਸਿੱਖ’
ਦੇ ਨਾਮ ਨਾਲ ਸੱਦਿਆ ਜਾਣ ਲੱਗਾ। ਅੱਗੇ ਚੱਲ ਕੇ ਸਿੱਖ ਧਰਮ ਦਾ ਮਹਿਲ ਉਸਾਰਨ ਲਈ
ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ।
ਗੁਰੂ ਨਾਨਕ
ਸਾਹਿਬ ਨੇ ਅਗਿਆਨਤਾ ਹੰਢਾ ਰਹੀ ਅਤੇ ਕਰਮਕਾਂਡ ਵਿੱਚ ਫਸ ਕੇ ਫੋਕੀਆਂ ਰਸਮਾਂ ਨਿਭਾਉਣ ਵਿੱਚ
ਮਸ਼ਰੂਫ ਮਾਨਵਤਾ ਸਾਹਨਣੇ ਇੱਕ ਨਵਾਂ ਰਸਤਾ ਖੋਲ੍ਹਿਆ ਜੋ ਕਿ ਬੜਾ ਕ੍ਰਾਂਤੀਕਾਰੀ ਅਤੇ ਵਿਗਿਆਨਕ ਸੀ
ਅਤੇ ਜਿਸ ਉੱਪਰ ਚੱਲਣ ਲਈ ਗੁਰੂ ਨਾਨਕ ਸਾਹਿਬ ਨੇ ‘ਜਉ ਤਉ
ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ
ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥’{ਪੰਨਾ 1412} ਦਾ ਨੁਕਤਾ ਰੱਖਿਆ। ਗੁਰੂ ਨਾਨਕ ਸਾਹਿਬ ਨੇ
ਸਮਾਜ ਵਿੱਚ ਪ੍ਰਚੱਲਿਤ ਹਰ ਕਰਮਕਾਂਡ ਨੂੰ ਕਰਾਰੀ ਚੋਟ ਦੇ ਨਾਲ ਰੱਦ ਕਰਨ ਦੇ ਨਾਲ-ਨਾਲ ਲੋਕਾਂ ਨੂੰ
ਧਰਮ ਦੀ ਆੜ ਹੇਠ ਹੋ ਰਹੀ ਲੁੱਟ ਪ੍ਰਤੀ ਸੁਚੇਤ ਅਤੇ ਜਾਗਰੂਕ ਵੀ ਕੀਤਾ। ਗੁਰੂ ਨਾਨਕ ਸਾਹਿਬ ਅੱਜ
ਦੇ ਆਗੂਆਂ ਵਾਂਗ ਕੱਟੜਤਾ ਭਰੇ ਲਹਿਜ਼ੇ ਨਾਲ ਸਮਾਜ ਵਿੱਚ ਨਹੀਂ ਵਿਚਰੇ ਸਗੋਂ ਉਹਨਾਂ ਨੇ ਵਿਚਾਰ ਦੀ
ਦਲੀਲ ਨਾਲ ਹਰ ਹਿਰਦੇ ਨੂੰ ਛੋਹਿਆ ਅਤੇ ਭਟਕੇ ਹੋਏ ਲੋਕਾਂ ਨੂੰ ਮੂਲ ਨਾਲ ਜੋੜਿਆ। ਪਰ ਅਫ਼ਸੋਸ!
ਅੱਜ ਅਸੀਂ ਉਹਨਾਂ ਦੇ ਪੈਰੋਕਾਰ ਕਹਾਉਣ ਵਾਲੇ ਲੋਕ ਫਿਰ ਉਸੇ ਕਰਮਕਾਂਡ ਅਤੇ ਮਨਮਤਿ ਦੀ ਦਲਦਲ ਵਿੱਚ
ਧਸ ਗਏ ਹਾਂ ਜਿਸ ਵਿੱਚੋਂ ਬਾਹਰ ਕੱਢਣ ਲਈ ਗੁਰੂ ਨਾਨਕ ਸਾਹਿਬ ਨੇ ਘਾਲਣਾ-ਘਾਲੀ ਸੀ। ਸਿੱਖਾਂ ਵਿੱਚ ਧਾਗੇ, ਮੌਲੀਆਂ,ਵਰ-ਸ਼ਰਾਪ,ਕਬਰਾਂ,ਮੜ੍ਹੀਆਂ,ਵਰਤ ਆਦਿ ਵਰਗੀਆਂ ਅਨੇਕਾਂ ਹੀ ਕਰਮਕਾਂਡੀ ਰਸਮਾਂ ਘਰ ਕਰ ਚੁੱਕੀਆਂ ਹਨ। ਹੁਣ ਨਿੰਬੂ ਗਰਮੀ
ਤੋਂ ਰਾਹਤ ਦੇਣ ਦੇ ਨਾਲ-ਨਾਲ ਮਿਰਚਾਂ ਦੀ ਸਹਾਇਤਾ ਨਾਲ‘ਬੁਰੀ ਨਜ਼ਰ’ ਤੋਂ ਬਚਾਉਣ ਦਾ ਕੰਮ ਵੀ ਕਰਨ ਲੱਗ ਪਿਆ ਹੈ। ਹੁਣ ਅਖਬਾਰ ਅਤੇ ਟੀ.ਵੀ. ਸਿਰਫ਼ ਖਬਰਾਂ ਹੀ
ਨਹੀਂ ਰਾਸ਼ੀਫਲ ਵੀ ਦੱਸਦੇ ਹਨ। ਗੁਰੂ ਨਾਨਕ ਸਾਹਿਬ ਨੇ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ
ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’ ਦਾ ਉਪਦੇਸ਼ ਦਿੰਦੇ ਹੋਏ ਇੱਕੋ-ਇੱਕ ਸਰਬ-ਸ਼ਕਤੀਮਾਨ ਪਰਮਾਤਮਾ ਨਾਲ ਜੁੜਨ ਦਾ ਸੁਨੇਹਾ ਸਾਰੀ ਮਾਨਵਤਾ ਦਿੱਤਾ ‘ਮਾਰੂ ਮਹਲਾ ੧ ॥ ਸਾਚੈ ਮੇਲੇ ਸਬਦਿ ਮਿਲਾਏ ॥
ਜਾ ਤਿਸੁ ਭਾਣਾ ਸਹਜਿ ਸਮਾਏ ॥ ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥’ ਅਤੇ ਇਸੇ ਪ੍ਰਚਾਰ ਹਿੱਤ ਉਹਨਾਂ ਤਕਰੀਬਨ ਸਾਰੀ
ਦੁਨੀਆਂ ਦੀ ਪੈਦਲ ਯਾਤਰਾ ਕੀਤੀ। ਸਿੱਧਾਂ ਨਾਲ ਗੋਸ਼ਟੀ ਸਮੇਂ ਸਿੱਧਾਂ ਨੇ ਜਦੋਂ ਗੁਰੂ ਨਾਨਕ
ਸਾਹਿਬ ਨੂੰ ਸਵਾਲ ਕੀਤਾ ‘ਕਵਣ
ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ
ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ
ਸਬਦਿ ਲੰਘਾਵਣਹਾਰੁ ॥੪੩॥’ {ਪੰਨਾ 942} ਤਾਂ ਹਜ਼ੂਰ ਨੇ ਸ਼ਬਦ ਨੂੰ ਅਸਲ ਅਤੇ ਸੱਚਾ ਗੁਰੂ
ਕਹਿੰਦੇ ਹੋਏ ਫੁਰਮਾਇਆ ‘ਪਵਨ
ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥
ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ॥੪੪॥’{ਪੰਨਾ 943} ਅਤੇ ਜਿਸਦੀ ਪ੍ਰੋੜਤਾ ਗੁਰੂ ਨਾਨਕ ਜੋਤ ਦੇ
ਦਸਵੇਂ ਪ੍ਰਕਾਸ਼ ਸਾਹੁਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਅਤੇ ਸ਼ਬਦ ਗੁਰੂ ਸਾਹਿਬ ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਗੁਰੂ ਹੋਣ ਦਾ ਦਰਜਾ ਦੇ ਕੇ ‘ਸਭ ਸਿੱਖਨ ਕੋ ਹੁਕਮ ਹੈ ਗੁਰੂ
ਮਾਨਿਉ ਗ੍ਰੰਥ’ ਦਾ ਸੰਕਲਪ ਦ੍ਰਿੜ ਕਰਵਾਇਆ ਪਰ ਅੱਜ ਦੇ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸਾਏ ਸ਼ਬਦ
ਦੀ ਵਿਚਾਰ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਦਿੱਤੀ ਹੈ ਅਤੇ ਦੇਹਾਂ ਦਾ ਪੁਜਾਰੀ ਬਣ ਗਿਆ ਹੈ। ‘ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ
ਮਸਾਣਿ ਨ ਜਾਈ ॥’ {ਪੰਨਾ 634} ਦੇ ਉਪਦੇਸ਼ ਨੂੰ ਭੁਲਾ ਕੇ ਅੱਜ
ਦਾ ਸਿੱਖ ਕਬਰਾਂ,ਮੜੀਆਂ-ਮਸਾਣਾਂ, ਪੀਰਾਂ
ਅਤੇ ਹੋਰ ਪਤਾ ਨਹੀਂ ਕਿਸ-ਕਿਸ ਤੋਂ ਸੁੱਖ ਮੰਗ ਰਿਹਾ ਹੈ। ਜਿੱਥੇ ਪਹਿਲੇ ਸਿੱਖਾਂ ਦਾ ਦਿਨ ਇਲਾਹੀ ਬਾਣੀ ਦੇ ਪ੍ਰਕਾਸ਼
ਨਾਲ ਸ਼ੁਰੂ ਹੁੰਦਾ ਸੀ ਉੱਥੇ ਹੀ ਅੱਜ ਦੇ ਸਿੱਖਾਂ ਦਾ ਦਿਨ
ਰਾਸ਼ੀ-ਫਲ ਦੇਖਣ ਨਾਲ ਸ਼ੁਰੂ ਹੁੰਦਾ ਹੈ। ਸਿੱਖ ਧਰਮ ਵਿੱਚ ਬਾਬਾਵਾਦ ਘਰ ਕਰ ਗਿਆ ਹੈ, ਹੁਣ 22 ਮੰਜੀਆਂ ਨਾਲੋਂ ਵੀ ਕਿਤੇ ਵੱਧ ਗੱਦੀਆਂ
ਹਨ। ਹਰ ਸੰਤ-ਬਾਬੇ ਦੀ ਪੰਥਕ ਰਹਿਤ ਮਰਿਆਦਾ ਤੋਂ ਵੱਖਰੀ ਮਰਿਆਦਾ ਹੈ। ਸੰਤਾਂ ਨੇ ਧਰਮ ਨੂੰ ‘ਖਾਣ ਦਾ ਢੰਗ’ ਬਣਾ ਲਿਆ ਹੈ। ਕੱਚੀਆਂ ਧਾਰਨਾਵਾਂ ਗਾ-ਗਾ ਕੇ ਹੀ
ਲੋਕਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈ, ਅਣਦੇਖੇ ਸਵਰਗ ਦੇ ਹਸੀਨ ਸੁਪਨੇ ਦਿਖਾ ਕੇ ਆਪਣੇ ਮੰਨਣ ਵਾਲਿਆਂ ਦੀ ਗਿਣਤੀ ਵਧਾਈ ਜਾ ਰਹੀ
ਹੈ। ਸਟੇਜਾਂ ਉੱਪਰ ਜ਼ਿਆਦਾਤਰ ਸੰਤ ਇਲਾਹੀ ਬਾਣੀ ਦੇ ਸ਼ਬਦ ਦੀ ਵਿਆਖਿਆ ਸਹਿਤ ਵਿਚਾਰ ਨਾਲੋਂ
ਮਨਘੜਤ ਕਹਾਣੀਆਂ ਸੁਣਾ-ਸੁਣਾ ਕੇ ਹੀ ਸਮਾਂ ਲੰਘਾ ਰਹੇ ਹਨ। ਗੁਰੂ
ਸਾਹਿਬਾਨ ਦੇ ਨਾਲ ਵੀ ਚਮਤਕਾਰੀ ਕਹਾਣੀਆਂ ਜੋੜ ਦਿੱਤੀਆਂ ਗਈਆਂ ਹਨ,
ਸਿਰਫ ਸਿੱਖਾਂ ਦੇ ਹੱਥਾਂ ਵਿੱਚ ਹੀ
ਮਾਲਾ ਨਹੀਂ ਆਈ ਸਗੋਂ ਮਾਲਾ ਫੇਰਨ ਵਰਗੇ ਮਨਮਤੀ ਕੰਮ ਦਾ ਵਿਰੋਧ ਕਰਨ ਵਾਲੇ ਜਗਤ ਗੁਰੂ,
ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾ
ਕਿ ਹੱਥ ਵਿੱਚ ਅਤੇ ਸਿਰ ਉੱਪਰ ਮਾਲਾ ਦਿਖਾ ਦਿੱਤੀ ਹੈ,ਫੋਟੋ ਉੱਪਰ ਗੁਰੂ ਨਾਨਕ ਵੀ ਰੱਖੜੀ ਬੰਨਵਾ ਰਹੇ ਹਨ। ਸਿੱਖ ਕਿਸ ਪਾਸੇ ਵਧ ਰਹੇ ਹਨ ਕੋਈ
ਨਹੀਂ ਸੋਚਦਾ ਬੱਸ ਸਭ ਨੂੰ ਆਪੋ-ਧਾਪੀ ਪਈ ਹੈ, ਮਾਇਆ ਇਕੱਠੀ ਕਰਕੇ ਸਮਾਜ ਵਿੱਚ ਅਮੀਰੀ ਦਾ ਰੋਅਬ ਪਾਉਣ ਦੀ ਤਾਂਘ ਉਛਾਲੇ ਮਾਰ ਰਹੀ ਹੈ।
ਸਮਾਜਿਕ ਕਦਰਾਂ-ਕੀਮਤਾਂ ਖੰਭ ਲਗਾ ਕੇ ਉੱਡ ਗਈਆਂ ਹਨ,ਖੂਨ ਦੇ ਰਿਸ਼ਤੇ ਹੀ ‘ਖੂਨ ਨਾਲ ਹੱਥ ਰੰਗੀ’ ਬੈਠੇ ਹਨ,ਭ੍ਰਿਸ਼ਟਾਚਾਰ,ਬੇਰੁਜ਼ਗਾਰੀ,ਨਸ਼ੇ,ਰਿਸ਼ਵਤਖੋਰੀ, ਕੰਨਿਆ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਸਮਾਜ ਨੂੰ
ਜਕੜ ਕੇ ਨਿਗਲ ਰਹੀਆਂ ਹਨ।
ਕੁੜੀ-ਮਾਰਾਂ ਦਾ ਰੂਪ ਧਾਰਨ ਕਰ ਰਹੇ ਇਸ ਸਮਾਜ
ਵਿੱਚ ਗੁਰੂ ਨਾਨਕ ਸਾਹਿਬ ਨੇ ਸਮਾਜ ਵਿੱਚ ‘ਪੈਰ ਦੀ ਜੁੱਤੀ’ ਸਮਝੀ ਜਾਂਦੀ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਔਰਤਾਂ ਉੱਪਰ ਹੋ ਰਹੇ
ਜ਼ੁਲਮਾਂ ਨੂੰ ਰੋਕਣ ਲਈ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਕਿ ‘ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ
ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ
॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ
ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ
ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥’ {ਮ ੧ ॥} {ਪੰਨਾ 473} ਪਰ ਅੱਜ ਦਾ ਸਿੱਖ ਕੁੜੀ ਮਾਰਾਂ ਵਿੱਚ ਮੋਹਰੀ
ਹੁੰਦਾ ਜਾ ਰਿਹਾ ਹੈ। ਪੁੱਤਰ ਪ੍ਰਾਪਤੀ ਦੀ ਲਾਲਸਾ ਵਿੱਚ ਸਿੱਖ ਹਰ ਕੱਚੀ-ਪਿੱਲੀ ਥਾਂ ਨੱਕ ਰਗੜ
ਰਿਹਾ ਹੈ ਅਤੇ ਸਾਡੇ ਸੰਤ-ਬਾਬੇ ਵੀ ਸਿੱਖੀ ਸਿਧਾਂਤ ਨੂੰ ਛਿੱਕੇ ‘ਤੇ ਟੰਗ ਕੇ ‘ਮੁੰਡਾ ਹੋਣ’ ਦਾ ਵਰ ਦੇ ਰਹੇ ਹਨ। ਕਦੇ ਨਹੀਂ ਸੁਣਿਆ ਕਿ ਕਿਸੇ
ਬਾਬੇ ਨੇ ਕਿਸੇ ਅਜਿਹੇ ਪਰਿਵਾਰ ਨੂੰ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਮਝਾਇਆ ਹੋਵੇ ਅਤੇ ਲੜਕੀ
ਪੈਦਾ ਹੋਣ ਦਾ ਵਰ ਦਿੱਤਾ ਹੋਵੇ ਅਤੇ ਨਾ ਹੀ ਕਦੇ ਕਿਸੇ ਸਿੱਖ ਪਰਿਵਾਰ ਵੱਲੋਂ ਕਿਸੇ ਅਖੌਤੀ ਸਾਧ
ਕੋਲੋਂ ਲੜਕੀ ਦੇ ਪੈਦਾ ਹੋਣ ਲਈ ‘ਫਲ’ ਝੋਲੀ ਪਵਾਇਆ ਸੁਣਿਆ ਹੈ।
S.C., B.C. ਅਤੇ ਜਨਰਲ ਸ਼੍ਰੇਣੀਆਂ ਵਿੱਚ ਵੰਡੇ ਹੋਏ ਸਮਾਜ ਨੂੰ ਗੁਰੂ ਨਾਨਕ ਸਾਹਿਬ ਨੇ ਇਸ ਜ਼ਾਤ-ਪਾਤ
‘ਚੋਂ ਬਾਹਰ ਕੱਢਣ ਲਈ ਇਲਾਹੀ ਉਪਦੇਸ਼ ਕੀਤਾ। ਸਮਾਜ
ਵਿੱਚ ਫੁੱਟ ਪਾਉਣ ਵਾਲੀ ਵਰਣ-ਜਾਤ ਪ੍ਰਣਾਲੀ ਉੱਪਰ ਚੋਟ ਕੀਤੀ, ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਬਰਾਬਰੀ ਦਾ ਦਰਜਾ ਦਿੰਦਿਆਂ
ਹੀ ‘ਪੰਗਤ’ ਦੀ ਪ੍ਰਥਾ ਦੀ ਸ਼ੁਰੂਆਤ
ਕੀਤੀ। ਉੱਚ ਜਾਤੀ ਅਖਵਾਉਣ
ਵਾਲਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਇਲਾਹੀ ਬਾਣੀ ਦਾ ਉਪਦੇਸ਼ ਹੈ ‘ਜਾਤਿ
ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ
ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ॥’ {ਪੰਨਾ 1127-1128} ਕੀ ਅਸੀਂ ਇਸਨੂੰ ਅਮਲੀ
ਰੂਪ ਵਿੱਚ ਅਪਣਾਇਆ ਹੈ? ਗੁਰਦੁਆਰਿਆਂ ਵਿੱਚ
ਨੀਵੀਂ ਜਾਤ ਸਮਝੇ ਜਾਂਦੇ ਲੋਕਾਂ ਨਾਲ ਵਿਤਕਰਿਆਂ ਦੀਆਂ ਅਨੇਕਾਂ ਹੀ ਘਟਨਾਵਾਂ ਮਿਲ ਜਾਣਗੀਆਂ, ਬਹੁਤ ਸਾਰੇ ਦਲਿੱਤ ਸ਼੍ਰੇਣੀ ਸਮਝੇ ਜਾਂਦੇ ਲੋਕ ਇਸੇ ਵਿਤਕਰੇ
ਤੋਂ ਦੁਖੀ ਹੋ ਕੇ ਇਸਾਈ ਧਰਮ ਅਪਣਾ ਚੁੱਕੇ ਹਨ ਅਤੇ ਕੁਝ ਤਿਆਰੀ ਵਿੱਚ ਹਨ। ਇੱਥੋਂ ਤੱਕ ਕਿ
ਗੁਰਦੁਆਰਿਆਂ ਵਿੱਚ ਜਾਤੀਵਾਦ ਦੇ ਨਾਮ ਹੇਠ ਲੜਾਈਆਂ ਤੱਕ ਹੋ ਚੁੱਕੀਆਂ ਹਨ ਪਰ ਗੁਰੂ ਨਾਨਕ ਸਾਹਿਬ
ਦੇ ਘਰ ਤੋਂ ਸਦਾ ਹੀ ਇਹ ਆਵਾਜ਼ ਆਉਂਦੀ ਹੈ ‘ਪ੍ਰਭਾਤੀ
॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ
ਮੰਦੇ ॥੧॥’ {ਪੰਨਾ 1349-1350}
ਗੁਰੂ ਨਾਨਕ ਸਾਹਿਬ ਨੇ ਫੋਕੀਆਂ ਵਿਚਾਰਾਂ ਵਿੱਚ
ਗਲਤਾਨ ਸਮਾਜ ਨੂੰ ਸੇਧ ਦਿੰਦੇ ਹੋਏ ਫੁਰਮਾਇਆ ਸੀ ‘ਥਿਤੀ ਵਾਰ
ਸਭਿ ਸਬਦਿ ਸੁਹਾਏ ॥ ਸਤਿਗੁਰੁ ਸੇਵੇ ਤਾ ਫਲੁ ਪਾਏ ॥ ਥਿਤੀ ਵਾਰ ਸਭਿ ਆਵਹਿ ਜਾਹਿ ॥ ਗੁਰ ਸਬਦੁ
ਨਿਹਚਲੁ ਸਦਾ ਸਚਿ ਸਮਾਹਿ ॥ ਥਿਤੀ ਵਾਰ ਤਾ ਜਾ ਸਚਿ ਰਾਤੇ ॥ ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥’ {ਪੰਨਾ 842} ਪਰ ਅੱਜ ਜਿੰਨ੍ਹੀ ਸਮੇਂ ਦੀ ਵਿਚਾਰ ਸਿੱਖ ਕਰ ਰਹੇ
ਹਨ ਸ਼ਾਇਦ ਕੋਈ ਨਹੀਂ ਕਰਦਾ ਹੋਣਾ। ਸ਼ਰਾਧਾਂ ਦੀ ਵਿਚਾਰ, ਪੈਂਚਕਾਂ ਦੀ ਵਿਚਾਰ, ਦਿਨਾਂ ਦੀ ਵਿਚਾਰ, ਇੱਥੋਂ ਤੱਕ ਕਿ ਹੱਥਾਂ-ਪੈਰਾਂ ਵਿੱਚ ਖੁਰਕ ਹੋਣ
ਤੱਕ ਦੀ ਵਿਚਾਰ ਅਤੇ ਹੋਰ ਪਤਾ ਨਹੀਂ ਕਿੰਨੀਆਂ ਹੀ ਵਿਚਾਰਾਂ ਸਿੱਖਾਂ ਵਿੱਚ ਆ ਚੁੱਕੀਆਂ ਹਨ।
ਖੁਸ਼ੀ-ਗਮੀ ਦੇ ਸਮਾਗਮ ਤੋਂ ਪਹਿਲਾਂ, ਕੋਈ ਨਵੀਂ ਮਸ਼ੀਨਰੀ ਆਦਿ ਖਰੀਦਣ ਤੋਂ ਪਹਿਲਾਂ ਚੰਗੇ-ਮਾੜੇ ਦਿਨ ਲੱਭੇ ਜਾਂਦੇ ਹਨ। ਵੈਸੇ
ਗੁਰੂ ਗ੍ਰੰਥ ਸਾਹਿਬ ਗੁਰੂ ਹਨ ਪਰ ਇਹਨਾਂ ਸਮਿਆਂ ‘ਤੇ ਜੰਤਰੀਆਂ ਫੜ੍ਹ ਕੇ ਸ਼ੁੱਭ ਸਮਾਂ ਭਾਲਿਆ ਜਾਂਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ ‘ਆਪੇ
ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ
ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥’ {ਪੰਨਾ 842-843} ਪਰ ਮਾਇਆ ਦਾ ਗੁਲਾਮ ਹੋ ਚੁੱਕੇ ਸਿੱਖਾਂ ਕੋਲ ਐਨਾ
ਸਮਾਂ ਨਹੀਂ ਕਿ ਇਸ ਦੀ ਵਿਚਾਰ ਕਰਕੇ ਸਮਝ ਸਕੇ। ਸਾਡੇ
ਧਰਮ ਪਰਚਾਰਕ ਸੰਤ ਵੀ ਸਟੇਜਾਂ ਉਪਰ ਹਿੰਦੂ ਧਰਮ ਨਾਲ ਸੰਬੰਧਿਤ ਕਹਾਣੀਆਂ ਸੁਣਾ ਕੇ ਸਿੱਖਾਂ ਨੂੰ
ਕਰਾਮਾਤਾਂ ਵਿੱਚ ਫਸਾ ਰਹੇ ਹਨ। ਸਟੇਜ ‘ਤੇ ਧਰਮ ਦੀਆਂ ਗੂੰਜਾਂ ਪਵਾਉਣ ਵਾਲੇ ਸੱਚ ਤੋਂ ਦੂਰ ਹੋ ਕੇ ਝੂਠੀਆਂ ਲਾਲਸਾਵਾਂ ਵਿੱਚ ਕੈਦ
ਹਨ। ਸਿੱਖੀ ਵਿੱਚ ਆ ਰਹੇ ਨਿਘਾਰ ਦੀ ਕਿਸੇ ਨੂੰ ਫਿਕਰ ਨਹੀਂ ਬੱਸ ਆਪਣੇ ‘ਪੈਰੋਕਾਰਾਂ’ ਦੀ ਗਿਣਤੀ ਦੇ ਘਟਣ ਦਾ ਫਿਕਰ ਹੈ। ਅੱਜ ਜ਼ਰੂਰਤ
ਹੈ:
· ਸਿੱਖ ਫਲਸਫੇ ਨੂੰ ਘਰ-ਘਰ
ਪਹੁੰਚਾਉਣ ਦੀ, ਗੁਰੂ ਨਾਨਕ ਦਾ ਉਪਦੇਸ਼ ਸਿੱਖ ਹਿਰਦਿਆਂ ਉੱਪਰ ਛਾਪਣ ਦੀ।
· ਸਿੱਖ ਸਿਰਫ਼ ਬਾਣੀ ਪੜ੍ਹੇ ਨਾ
ਬਲਕਿ ਉਸਨੂੰ ਵਿਚਾਰੇ,ਸਮਝੇ ਅਤੇ ਅਮਲੀ ਰੂਪ ਵਿੱਚ
ਮੰਨੇ।
· ਬਿਨ੍ਹਾਂ ਸ਼ੱਕ ਸਿੱਖੀ ਸਿਧਾਂਤ
ਅਨੁਸਾਰ ਕੇਸ-ਦਾਹੜੀ ਆਦਿ ਵੀ ਜ਼ਰੂਰੀ ਹਨ ਪਰ ਫਿਰ ਵੀ ਪਤਿਤ ਦੀ ਪ੍ਰੀਭਾਸ਼ਾ ਨੂੰ ਸਿਰਫ
ਕੇਸ-ਦਾਹੜੀ ਨਾਲ ਜੋੜ ਕੇ ਇਹਨਾਂ ‘ਤੇ ਹੀ ਸੀਮਤ ਨਾ ਕੀਤਾ ਜਾਵੇ,ਕਿਰਦਾਰ
ਦੇ ਬਾਕੀ ਗੁਣਾਂ ਅਤੇ ਔਗੁਣਾਂ ਵੱਲ ਵੀ ਧਿਆਨ ਦਿੱਤਾ ਜਾਵੇ। ਔਗੁਣਾਂ ਨੂੰ ਦੂਰ ਕਰਨ ਦਾ ਯਤਨ
ਗੁਰਮਤਿ ਦੀ ਰੌਸ਼ਨੀ ਵਿੱਚ ਕੀਤਾ ਜਾਵੇ।
· ਕੇਸ-ਦਾਹੜੀ ਕਟਵਾ ਕੇ ਪਤਿਤ ਹੋ
ਚੁੱਕੀ ਨੌ-ਜਵਾਨੀ ਨੂੰ ਮਿਹਣੇ ਮਾਰਨ ਦੀ ਬਜਾਏ ਗੁਰਮਤਿ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਹਰ ‘ਜਾਗਦੀ
ਜ਼ਮੀਰ’ ਵਾਲਾ
ਇਨਸਾਨ ਕਰੇ ਤਾਂ ਜੋ ਉਹ ਮਨ ਕਰਕੇ ਸਿੱਖੀ ਨੂੰ ਅਪਨਾਉਣ ।
· ਹਰ ਸਿੱਖ ਬਾਹਰੀ ਦਿਖ ਨਾਲੋਂ
ਅੰਦਰੂਨੀ ਦਿੱਖ ਨੂੰ ‘ਸਾਫ’ ਕਰਨ ‘ਤੇ
ਧਿਆਨ ਦੇਵੇ। ਜੇਕਰ ਅੰਦਰ ਸਿੱਖੀ ਸਿਧਾਂਤ ਦ੍ਰਿੜ ਹੋ ਗਿਆ ਤਾਂ ਫਿਰ ਬਾਹਰ ਤਾਂ ਸਹਿਜੇ ਹੀ ਹੋ
ਜਾਵੇਗਾ।
· ਪੰਥਕ ਰਹਿਤ-ਮਰਿਆਦਾ ਜ਼ਿਆਦਾਤਰ
ਸਿੱਖਾਂ ਨੇ ਸਿਰਫ ਸੁਣੀ ਹੈ ਕਿ ‘ਕੁਝ ਹੈ’ ਪਰ ਅਸਲ
ਵਿੱਚ ਉਹ ਕੀ ਹੈ ਜ਼ਿਆਦਾਤਰ ਸਿੱਖਾਂ ਨੂੰ ਨਹੀਂ ਪਤਾ,ਪੰਥਕ ਏਕਤਾ ਲਈ ਜ਼ਰੂਰੀ ਹੈ ਕਿ
ਆਮ ਸਿੱਖਾਂ ਨੂੰ ਪੰਥਕ-ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਕੀਤੇ ਜਾਣ।
· ਨਵੀਂ ਪੀੜ੍ਹੀ ਨੂੰ ਗੁਰੂ ਨਾਨਕ
ਸਾਹਿਬ ਨਾਲ ਸੰਬੰਧਿਤ ਗੁਰਮਤਿ ਅਨੁਸਾਰ ਸਾਖੀਆਂ ਸੁਣਾ ਕੇ ਉਹਨਾਂ ਦੇ ਉਪਦੇਸ਼ ਨਾਲ ਜੋੜਿਆ ਜਾਵੇ
ਨਾ ਕਿ ਚਮਤਕਾਰੀ ਕਹਾਣੀਆਂ ਸੁਣ ਕੇ ਲੁਭਾਇਆ ਜਾਵੇ।
· ਸਕੂਲ ਦੇ ਸਿਲੇਬਸ ਵਿੱਚ
ਸੱਸੀ-ਪੁਨੂੰ, ਹੀਰ-ਰਾਂਝਾਂ ਆਦਿ ਕਿੱਸਿਆਂ ਦੀ ਬਜਾਏ ਗੁਰੂ ਸਾਹਿਬਾਨ ਅਤੇ
ਸਿੱਖ ਸੂਰਮਿਆਂ ਦੀਆਂ ਜੀਵਨੀਆਂ ਨੂੰ ਸ਼ਾਮਿਲ ਕੀਤਾ ਜਾਵੇ।
· ਹਰ ਪਿੰਡ ਅਤੇ ਸ਼ਹਿਰ ਵਿੱਚ
ਗੁਰਬਾਣੀ ਵਿਚਾਰ ਨਾਲ ਸੰਬੰਧਿਤ ਕਿਤਾਬਾਂ ਮੁਫਤ ਵੰਡੀਆਂ ਜਾਣ ਤਾਂ ਜੋ ਗਰੀਬ ਪਰਿਵਾਰ ਵੀ ਪੜ੍ਹ
ਸਕਣ।
· ਗੁਰਦੁਆਰਿਆਂ ਵਿੱਚ ਜ਼ਾਤੀਵਾਦ
ਅਧਾਰਿਤ ਵਿਤਕਰਿਆਂ ਨੂੰ ਰੋਕਣ ਲਈ ਪਿੰਡ ਦੀਆਂ ਪੰਚਾਇਤਾਂ ਅੱਗੇ ਹੋ ਕੇ ਕੰਮ ਕਰਨ।
ਜ਼ਰੂਰਤ ਹੈ ਸ਼ਬਦ ਗੁਰੂ ਨਾਲ ਸੁਰਤ ਕਰਕੇ ਜੁੜਨ
ਦੀ ਨਾ ਕਿ ਵਿਖਾਵਾ ਮਾਤਰ। ਪੂਰਾ ਸਿੱਖ ਜਗਤ 10 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ
ਪ੍ਰਕਾਸ਼-ਪੁਰਬ ਮਨਾਉਣ ਜਾ ਰਿਹਾ ਹੈ,ਗੁਰੂ ਦੀਆਂ ਖੁਸ਼ੀਆਂ ਲੈਣ ਲਈ ਇਸ ਮੌਕੇ ‘ਤੇ ਆਓ ਸੰਕਲਪ ਕਰੀਏ ਕਿ ‘ਸਾਡੇ ਗੁਰੂ ਸਿਰਫ ‘ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ’, ਦੇਹਧਾਰੀਆਂ ਨੂੰ ਕੌਮ ਦੇ ਗਲੋਂ ਲਾਹੁਣ ਲਈ ਅਤੇ ਸਿੱਖ ਸਿਧਾਂਤ ਅਤੇ ਫਲਸਫੇ ਨੂੰ ਜ਼ਿੰਦਾ ਰੱਖਣ ਲਈ ਦੇਹਾਂ ਨੂੰ ਛੱਡ ਸ਼ਬਦ
ਦੇ ਪੁਜਾਰੀ ਬਣੀਏ, ਆਓ ਗੁਰੂ ਗ੍ਰੰਥ ਸਾਹਿਬ
ਦੇ ਲੜ ਲੱਗੀਏ।
ਭੁੱਲ-ਚੁੱਕ ਦੀ ਖਿਮਾਂ ਕਰਨਾ ਜੀ,
ਸਤਿੰਦਰਜੀਤ ਸਿੰਘ ।
ਮਿਤੀ:06/11/2011