ਸਤਿੰਦਰਜੀਤ ਸਿੰਘ
ਸਿੱਖ ਕੌਮ ਦਾ ਇਤਿਹਾਸ ਵੈਸੇ ਤਾਂ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਆਕਾਸ਼ ਦੇ ਤਾਰਿਆਂ ਵਾਂਗ ਸਿੱਖ ਕੌਮ ਦੇ ਸ਼ਹੀਦਾਂ ਦੀ ਗਿਣਤੀ ਵੀ ਅਣਗਿਣਤ ਹੈ। ਗੁਰੂ ਨਾਨਕ ਸਾਹਿਬ ਨੇ ਸੱਚ-ਮਾਰਗ ‘ਤੇ ਜਿਸ ਬੇਖੌਫ ਅੰਦਾਜ਼ ਨਾਲ ਚੱਲਦਿਆਂ ਮਾਨਵਤਾ ਨੂੰ ‘ਪਰਮ-ਸੱਚ’ ਨਾਲ ਜੋੜਿਆ ਉਸੇ ਬੇਖੌਫ ਅਤੇ ਅਡੋਲ ਨਿਸ਼ਚੇ ਨੂੰ ਬਾਕੀ ਗੁਰੂ ਸਾਹਿਬਾਨ ਨੇ ਪੂਰੀ ਸ਼ਿੱਦਤ ਨਾਲ ਅੱਗੇ ਤੋਰਿਆ। ਗੁਰੂ ਨਾਨਕ ਸਾਹਿਬ ਦੇ ਇਸੇ ਸਿਧਾਂਤ ਉੱਪਰ ਚੱਲਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਵਤਾ ਦੇ ਭਲੇ ਅਤੇ ਅਣਖ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ। ਚਮਕੌਰ ਦੀ ਗੜ੍ਹੀ ਅੱਜ ਵੀ ਗਵਾਹੀ ਭਰਦੀ ਹੈ ਛੋਟੇ ਜਿਹੇ ਬੁਲੰਦ ਹੌਸਲਿਆਂ ਅਤੇ ਪਹਾੜ ਜਿੱਡੇ ਦਿਲ ਦੀ ਕੁਰਬਾਨੀ ਦੀ, ਉਹ ਕੁਰਬਾਨੀ ਜੋ ਨਾ ਕਦੇ ਕਿਸੇ ਨੇ ਕੀਤੀ ਹੈ ਅਤੇ ਨਾ ਹੀ ਕਰਨੀ ਹੈ, ਉਹ ਕੁਰਬਾਨੀ ਜਿਸ ਬਾਰੇ ਅਸੀਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੇ, ਸਬਰ ਦੀ ਇੰਤਹਾ ਕਰਦੀ ਉਹ ਮਹਾਨ ਕੁਰਬਾਨੀ ਜਿਸ ਵਿੱਚ ਆਪਣੇ ਹੱਥੀਂ ਆਪਣੇ ਮਹਾਨ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜ਼ੁਲਮ ਦਾ ਮੂੰਹ ਮੋੜਨ ਲਈ ਚਾਂਦਨੀ ਚੌਂਕ,ਦਿੱਲੀ ਵਿੱਚ ਸ਼ਹਾਦਤ ਦੇਣ ਲਈ ਤੋਰਨਾ ਅਤੇ ਫਿਰ ‘ਜਿਗਰ ਦੇ ਟੋਟਿਆਂ’ ਨੂੰ ਸ਼ਹਾਦਤ ਦਾ ਜਾਮ ਪੀਣ ਲਈ ਭੇਜਣਾ ਸੀ।
ਇਹ ਕੁਰਬਾਨੀ ਕਰਨ ਦਾ ਹੌਸਲਾ ਮਰਦ-ਅਗੰਮੜੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਹੌਸਲੇ ਪਿੱਛੇ ਗੁਰੂ ਨਾਨਕ ਦੇ ਘਰ ਦੀ ਆਵਾਜ਼ ‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥’ {ਪੰਨਾ 1412}ਦੇ ਪ੍ਰਤੀ ਵਚਨਬੱਧਤਾ ਸੀ। ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਜਿਨ੍ਹਾਂ ਸਿੱਖ-ਸਿਧਾਂਤਾ ਦੀ ਗੁੜ੍ਹਤੀ ਮਿਲੀ ਸੀ, ਉਹਨਾਂ ਨੇ ਉਹਨਾਂ ਗੁਣਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਇਮਾਨਦਾਰੀ ਨਾਲ ਅਪਣਾਇਆ। ਅਣਖ ਅਤੇ ਸੱਚ-ਮਾਰਗ ‘ਤੇ ਚੱਲਦਿਆਂ ਉਹਨਾਂ ਸ਼ਹਾਦਤ ਨੂੰ ਗਲੇ ਲਗਾਇਆ। ਚਮਕੌਰ ਦੀ ਗੜ੍ਹੀ ਵਿੱਚ ਗੁਰੂ ਦੇ ਲਾਲਾਂ ਨੇ ਐਸੀ ਤਲਵਾਰ ਵਾਹੀ ਕਿ ਵੈਰੀ ਨੂੰ ਹੋਸ਼ ਹੀ ਭੁੱਲ ਗਈ। ਸਾਹਿਬਜ਼ਾਦਾ ਅਜੀਤ ਸਿੰਘ ਨੇ ਮੈਦਾਨੇ ਜੰਗ ਵਿੱਚ ਲੜਦਿਆਂ, ਵੈਰੀ ਨੂੰ ਮੁਕਾਉਂਦਿਆਂ, ਸੂਰਬੀਰਤਾ ਨਾਲ ਮੌਤ ਨੂੰ ਗਲੇ ਲਗਾਇਆ। ਸਾਹਿਬਜ਼ਾਦਾ ਅਜੀਤ ਸਿੰਘ ਤੋਂ ਬਾਅਦ ਗੁਰੂ ਜੀ ਨੇ ਹੱਥੀਂ ਤਿਆਰ ਕਰ ਦੂਸਰੇ ਲਖਤੇ-ਜਿਗਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਵੈਰੀ ਦਾ ਟਾਕਰਾ ਕਰਨ ਲਈ ਭੇਜਿਆ। ਵੱਡੇ ਵੀਰ ਦੇ ਰਸਤੇ ‘ਤੇ ਚਲਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ। ਦਸਮੇਸ਼ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਜਿਸ ਤਰ੍ਹਾਂ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ ਹਰ ਕਿਸੇ ਲਈ ਕਰਨਾ ਮੁਮਕਿਨ ਨਹੀਂ। ਚਮਕੌਰ ਦੀ ਗੜ੍ਹੀ ਵਿੱਚ ਦਸਮੇਸ਼ ਪਿਤਾ ਦੇ ਆਸ਼ੀਰਵਾਦ ਨਾਲ ਜੋ ਕਮਾਲ 40 ਸਿੰਘਾਂ ਨੇ ਕਰ ਦਿਖਾਇਆ ਉਹ ਇਤਿਹਾਸ ਬਣ ਗਿਆ ਜੋ ਕਿ ਕਿਸੇ ਵੀ ਹੋਰ ਫੌਜ ਨੇ ਨਹੀਂ ਕੀਤਾ ਅਤੇ ਯਕੀਨਨ ਆਉਣ ਵਾਲੇ ਸਮੇਂ ਵਿੱਚ ਵੀ ਸੰਭਵ ਨਹੀਂ। ਉਹ ਦਸਮੇਸ਼ ਦੇ ਦੁਲਾਰੇ ਹੀ ਸਨ ਜਿੰਨ੍ਹਾਂ ਇੱਕ-ਇੱਕ ਨੇ ਲੱਖ-ਲੱਖ ਨਾਲ ਲੜ ਕੇ ਦੁਨੀਆਂ ਸਾਹਮਣੇ ਬਹਾਦਰੀ ਦੀ ਨਵੀਂ ਮਿਸਾਲ ਕਾਇਮ ਕੀਤੀ। ਸਬਰ, ਕੁਰਬਾਨੀ ਅਤੇ ਸ਼ਹਾਦਤ ਦਾ ਇਹ ਦੌਰ ਆਨੰਦਪੁਰ ਦੇ ਕਿਲ੍ਹੇ ਤੱਕ ਹੀ ਸੀਮਤ ਨਹੀਂ ਸੀ, ਇਹ ਹੋਰ ਵੀ ਵਧੇਰੇ ਸੀ,ਇਸਦਾ ਰਸਤਾ ਚਮਕੌਰ ਦੀ ਗੜ੍ਹੀ ਤੋਂ ਹੁੰਦਾ ਹੋਇਆ ਸਰਹਿੰਦ ਦੇ ਠੰਡੇ ਬੁਰਜ ਰਾਹੀਂ ਦੀਵਾਰਾਂ ਤੱਕ ਪਹੁੰਚਦਾ ਸੀ। ਸਰਸਾ ਨਦੀ ‘ਤੇ ਵਿਛੜੇ ਮਾਤਾ ਗੁਜ਼ਰੀ ਜੀ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨਾਲ ਗੰਗੂ ਨੂੰ ਮਿਲੇ। ਗੰਗੂ ਜੋ ਕਿ ਗੁਰੂ-ਘਰ ਦਾ ਰਸੋਈਆ ਸੀ, ਪੁਰਾਣੀ ਵਾਕਫੀਅਤ ਕਰਕੇ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਗੰਗੂ ਨਾਲ ਉਸ ਦੇ ਘਰ ਆ ਗਏ। ਫਿਰ ਗੰਗੂ ਦੇ ਅੰਦਰਲਾ ਚੋਰ ਉੱਠ ਖੜ੍ਹਾ ਹੋਇਆ, ਉਸਦੇ ਲਾਲਚ ਨੇ ਉਸਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਸੂਬਾ ਸਰਹਿੰਦ ਵਜ਼ੀਰ ਖਾਨ ਤੱਕ ਪਹੁੰਚਾਉਣ ਲਈ ਸਰਹਿੰਦ ਸੂਬੇ ਦੇ ਦਰਬਾਰ ਤੱਕ ਭੇਜ ਦਿੱਤਾ। ਅੰਤ ਗੰਗੂ ਦੀ ਨਮਕ-ਹਰਾਮੀ ਕਾਰਨ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲ ਫੌਜਾਂ ਗ੍ਰਿਫਤਾਰ ਕਰਕੇ ਸੂਬੇ ਦੀ ਕਚਿਹਰੀ ਲੈ ਗਈਆਂ। ਸੂਬਾ ਸਰਹਿੰਦ ਵਜ਼ੀਰ ਖਾਨ ਦੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਨੇ ਜਿਸ ਬਹਾਦਰੀ ਅਤੇ ਸਿਦਕ ਦਾ ਪ੍ਰਮਾਣ ਦਿੱਤਾ ਉਹ ਲਾ-ਜਵਾਬ ਸੀ। ਛੋਟੇ-ਛੋਟੇ ‘ਬੱਚਿਆਂ’ ਦੇ ਮੂੰਹੋਂ ‘ਵੱਡੇ-ਵੱਡੇ’ ਜਵਾਬ ਸੁਣ ਕੇ ਸੂਬੇ ਨੂੰ ਆਪਣਾ-ਆਪ ਖੁੱਸਦਾ ਪ੍ਰਤੀਤ ਹੋਣਾ ਲਾਜ਼ਮੀ ਸੀ। ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੇ ਸੂਬੇ ਦੀ ਹਰ ਗੱਲ ਦਾ ਜਵਾਬ ਪੂਰੀ ਚੇਤੰਨਤਾ ਅਤੇ ਦ੍ਰਿੜ੍ਹਤਾ ਨਾਲ ਦਿੱਤਾ, ਸੂਬੇ ਦੇ ਹਰ ਲਾਲਚ ਨੂੰ ਅਣਖ ਅਤੇ ਸਿਦਕ ਦੀ ਠੋਕਰ ਮਾਰ ਹਵਾ ਵਿੱਚ ਉਡਾ ਦਿੱਤਾ। ਮੁਗਲ ਦਰਬਾਰ ਇਸ ਬਹਾਦਰੀ ਅਤੇ ਜਾਗਦੀ ਜ਼ਮੀਰ ਦੀ ਰੌਸ਼ਨੀ ਦੀ ਚਕਾਚੌਂਧ ਤੋਂ ਹੈਰਾਨ ਸੀ ਅਤੇ ਨਾਲ ਦੀ ਨਾਲ ਡਰ ਨਾਲ ਉਹਨਾਂ ਦਾ ‘ਅੰਦਰ’ ਕੰਬ ਰਿਹਾ ਸੀ। ਹਕੂਮਤ ਦੇ ਨਸ਼ੇ ਵਿੱਚ ਆਪਣੇ ਸਭ ਯਤਨ ਫੇਲ੍ਹ ਹੋਣ ‘ਤੇ ਆਖਿਰ ਸੂਬਾ ਸਰਹਿੰਦ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ। ਫਤਵਾ ਜਾਰੀ ਹੋਇਆ ਕਿ ਇਹਨਾਂ ਨੂੰ ਜ਼ਿੰਦਾ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਇਸ ਫਤਵੇ ਦਾ ਵੀ ਨਿੱਕੇ-ਨਿੱਕੇ ਬੁਲੰਦ ਹੌਸਲਿਆਂ ‘ਤੇ ਕੋਈ ਅਸਰ ਨਾ ਹੋਇਆ ਅਤੇ ਗੁਰੂ ਦੇ ਲਾਲਾਂ ਨੇ ਅਣਖ, ਸੱਚ ਅਤੇ ਕੌਮ ਦੇ ਸਿਰ ਨੂੰ ਉੱਚਾ ਰੱਖਣ ਲਈ ਜ਼ੁਲਮ ਦੇ ਖਿਲਾਫ ਸ਼ਹਾਦਤ ਨੂੰ ਕਬੂਲ ਕੀਤਾ।
ਮਹਾਨ ਪਿਤਾ ਦੇ ਪੁੱਤਰ ਅਤੇ ਮਹਾਨ ਪੁੱਤਰਾਂ ਦੇ ਪਿਤਾ, ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਦੇ ਸੰਬੰਧ ਵਿੱਚ ਕਿਸੇ ਸ਼ਾਇਰ ਨੇ ਖੂਬ ਕਿਹਾ ਹੈ:
ਜਾਗੇ ਅਣਖ਼ ਚਮਕੌਰ ਨੂੰ ਵੇਖਦਿਆਂ ਹੀ,
ਸੁੱਤਾ ਜਿੱਥੇ 'ਅਜੀਤ', 'ਜੁਝਾਰ ਤੇਰਾ,
ਢੱਠੇ ਹੋਏ ਸਭ ਦਿਲ ਖਲੋ ਜਾਂਦੇ,
ਚਿਣਿਆ ਕੰਧਾਂ ਵਿੱਚ ਵੇਖ ਪਰਿਵਾਰ ਤੇਰਾ...!
ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਨੂੰ ਜ਼ਿੰਦਾ ਰੱਖਣ ਦੇ ਲਈ ਜੋ ਕੁਰਬਾਨੀਆਂ ਕੀਤੀਆਂ ਹਨ ਉਹ ਸੱਚ ਹੀ ਲਾ-ਮਿਸਾਲ ਹਨ। ਆਪਣੇ ‘ਜ਼ਿਗਰ ਦੇ ਟੁਕੜਿਆਂ’ ਨੂੰ ਹੱਥੀਂ ਤਿਆਰ ਕਰ ਸ਼ਹਾਦਤ ਲਈ ਭੇਜਣਾ, ‘ਲਖਤੇ-ਜਿਗਰਾਂ’ ਦੀ ਦੀਵਾਰਾਂ ਵਿੱਚ ਚਿਣ ਕੇ ਹੋਈ ਸ਼ਹਾਦਤ ਦੀ ਖਬਰ ਸੁਣ ‘ਭਾਣਾ ਮੰਨ’ ਅਕਾਲ-ਪੁਰਖ ਦਾ ਸ਼ੁਕਰਾਨਾ ਕਰਨਾ ਇਹ ਸਭ ਕੌਮ ਦਾ ਸਿੱਰ ਉੱਚਾ ਰੱਖਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਹਨ। ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਸ਼ਬਦਾਂ ਰਾਹੀਂ ਗੁਰੂ ਜੀ ਦੀ ਕੌਮ ਲਈ ਦੇਣ ਦਾ ਵਰਣਨ ਕੀਤਾ ਹੈ:
ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ,
ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ,
ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ,
ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ,
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ,
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ...!
ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ,
ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ,
ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ,
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ,
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ...!
ਜੋ ਕੁਰਬਾਨੀ ਗੁਰੂ ਜੀ ਨੇ ਕੀਤੀ ਇਸਨੂੰ ਕਰਨ ਦਾ ਇਹ ਹੌਸਲਾ ਆਮ ਮਨੁੱਖ ਕਦੇ ਵੀ ਨਹੀਂ ਦਿਖਾ ਸਕਦਾ। ਅਸੀਂ ਰੱਬ ਕੋਲੋਂ ਪੁੱਤਰ ਮੰਗਣ ਵਾਲੇ ਲੋਕ ਉਸ ਮਹਾਨ ਗੁਰੂ ਦੀ ਕੁਰਬਾਨੀ ਨੂੰ ਭੁਲਾ ਬੈਠੇ ਹਾਂ। ਜੋ ਵਚਨ-ਬੱਧਤਾ ਦਸਮੇਸ਼ ਪਿਤਾ ਨੇ ਦਿਖਾਈ ਅਸੀਂ ਉਸ ਬਰਾਬਰ ਪਹੁੰਚ ਨਹੀਂ ਸਕਦੇ, ਸਾਨੂੰ ਝੂਠੀਆਂ ਲਾਲਸਾਵਾਂ ਦਾ ਸੰਗਲ ਜਕੜੀ ਬੈਠਾ ਹੈ। ਗੁਰਮਤਿ-ਗਿਆਨ ਨਾਲੋਂ ਟੁੱਟ ਕੇ ਸਿੱਖਾਂ ਵਿੱਚ ਨਸ਼ਾਖੋਰੀ ਵਰਗੀਆਂ ਅਲਾਮਤਾਂ ਭਾਰੂ ਹੋ ਚੁੱਕੀਆਂ ਹਨ। ਆਮ ਸਿੱਖ ਦੀ ਗੱਲ ਤਾਂ ਦੂਰ, ਬ੍ਰਹਮਗਿਆਨ ਦੀਆਂ ਡਿਗਰੀਆਂ ਲਈ ਫਿਰਦੇ ਅਖੌਤੀ ਸੰਤ ਵੀ ਝੂਠੀਆਂ ਲਾਲਸਾਵਾਂ ਦਾ ਸ਼ਿਕਾਰ ਹਨ। ਅੱਜ ਦੇ ਵਿਹਲੜ ਸਾਧ ਮੁੰਡੇ ਤਾਂ ਵੰਡ ਰਹੇ ਹਨ ਪਰ ਸਿੱਖ ਨੌ-ਜੁਆਨੀ ਨੂੰ ਸੱਚ ਦਾ ਪਾਠ ਪੜ੍ਹਾਉਣ ਤੋਂ ਕਤਰਾ ਰਹੇ ਹਨ। ਗੁਰਮਤਿ ਗਿਆਨ ਦੀ ਸੱਚਾਈ ਨੂੰ ਲੁਕੋਇਆ ਜਾ ਰਿਹਾ ਹੈ, ਲੋਕਾਂ ਤੱਕ ਝੂਠ ਅਤੇ ਕਰਮਕਾਂਡ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿੱਖ ਜੋ ਕਿ ਅੱਜ ਇਲਾਹੀ ਬਾਣੀ ਦੇ ਸਿਧਾਂਤ ਨਾਲੋਂ ਟੁੱਟ ਕੇ ਲੋਟੂ ਸਾਧਾਂ ਦੇ ਲੜ ਜਾ ਲੱਗੇ ਹਨ, ਸਭ ਨਾਲੋਂ ਵੱਧ ਕਸੂਰਵਾਰ ਹਨ। ਇਹਨਾਂ ‘ਬਨਾਰਸ ਕੇ ਠੱਗਾਂ’ ਦਾ ਦੋਸ਼ ਵੀ ਆਮ ਸਿੱਖਾਂ ਨਾਲੋਂ ਘੱਟ ਨਹੀਂ, ਧਰਮ ਦੇ ਠੇਕੇਦਾਰ ਬਣ ਕੇ ਧਰਮ ਨੂੰ ਅਗਵਾ ਕਰ ਕੇ ਕਰਮਕਾਂਡ ਨੂੰ ਧਰਮ ਦਾ ਚੋਲਾ ਪਵਾ ਕੇ ਲੋਕਾਂ ਸਾਹਮਣੇ ਪ੍ਰਚਾਰ ਰਹੇ ਹਨ। ਜਿੰਨ੍ਹਾਂ ਜੋਰ ਇਹ ਵਿਹਲੜ ਸਾਧ ਬਰਸੀਆਂ ਮਨਾਉਣ ‘ਤੇ ਲਗਾਉਂਦੇ ਹਨ ਉਨਾਂ ਹੀ ਜ਼ੋਰ ਕੌਮ ਦੇ ਸ਼ਹੀਦਾਂ ਦੇ ਜੋੜ-ਮੇਲੇ ਮਨਾਉਣ ‘ਤੇ ਲਗਾਉਂਦੇ ਤਾਂ ਅੱਜ ਸਿੱਖੀ ਦੀ ਤਸਵੀਰ ਬਹੁਤ ਖੂਬਸੂਰਤ ਹੁੰਦੀ। ਜਿੱਥੇ ਦੇਹਧਾਰੀਆਂ ਦੀਆਂ ਜੁੱਤੀਆਂ, ਕੱਪੜੇ, ਨਲਕੇ, ਕਾਰਾਂ, ਖੂੰਡੀਆਂ ਜਾਂ ਹੋਰ ਸਾਮਾਨ ਸੰਭਾਲ ਕੇ ਰੱਖਿਆ ਗਿਆ ਹੈ ਉੱਥੇ ਹੀ ‘ਕਾਰ-ਸੇਵਾ’ ਦੇ ਨਾਮ ਥੱਲੇ ਸ਼ਹੀਦਾਂ ਦੀਆਂ ਸ਼ਹਾਦਤਾਂ ਨਾਲ ਭਰਿਆ ਸਰਮਾਇਆ ਸੰਗਮਰਮਰ ਹੇਠਾਂ ਦੱਬ ਦਿੱਤਾ ਗਿਆ ਹੈ। ਸਿੱਖੀ ਅੱਜ ‘ਵੱਡੇ ਬਾਬਿਆਂ’ ਦੇ ਵਰਤੋਂ ਦੇ ਸਾਮਾਨ ਨੂੰ ਹੀ ‘ਵਿਰਾਸਤ’ ਸਮਝੀ ਬੈਠੀ ਹੈ, ਪੁਰਾਣੀਆਂ ਜੁੱਤੀਆਂ ਆਦਿਕ ‘ਤੇ ਨੱਕ ਰਗੜ ਕੇ ਜੀਵਨ ‘ਸਫਲਾ’ ਕਰ ਰਹੀ ਹੈ। ਅੱਜ ਕੋਈ ਵਿਰਲਾ ਹੀ ਮਿਲਦਾ ਹੈ ਜੋ ਗੁਰਦੁਆਰੇ ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਦ੍ਰਿੜ੍ਹ ਕਰਨ ਜਾਂਦਾ ਹੋਵੇ ਜ਼ਿਆਦਾਤਰ ਤਾਂ ‘ਬਾਬਾ ਜੀ ਦੇ ਦਰਸ਼ਨ’ ਦੀ ਲਾਲਸਾ ਵੱਸ ਹੀ ਖਿੱਚੇ ਜਾਂਦੇ ਹਨ। ਮੱਸਿਆ ਜਾਂ ਪੁੰਨਿਆਂ ਵਾਲੇ ਦਿਨ ਜੇ ਕਿਤੇ ਕਿਸੇ ਨੂੰ ‘ਬਾਬਾ ਜੀ ਦੇ ਦਰਸ਼ਨ’ ਹੋ ਜਾਣ ਤਾਂ ਉਹ ਆਪਣੇ ‘ਧੰਨਭਾਗ’ ਸਮਝਦਾ ਹੈ ਅਤੇ ਪਿੰਡ ਜਾਂ ਸ਼ਹਿਰ ਵਾਪਿਸ ਆ ਕੇ ਕਈ ਦਿਨ ‘ਦਰਸ਼ਨ’ ਹੋਣ ਦੇ ‘ਆਲੌਕਿਕ’ ਵਰਤਾਰੇ ਦੀ ਵਿਥਿਆ ‘ਇੱਕੋ ਸਾਹ’ ਸੁਣਾਉਂਦਾ ਰਹਿੰਦਾ ਹੈ। ਅੱਜ ਦੇ ਗੁਰਦੁਆਰੇ ਵੀ ਨਿੱਜੀ ਡੇਰਿਆਂ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਸੰਗਮਰਮਰ ਲਾਉਣ ਦਾ ਤਾਂ ਰਿਵਾਜ਼ ਹੀ ਪੈ ਗਿਆ ਹੈ, ਵਿਹਲੜ ਸਾਧ ਸੰਗਤ ਦੀ ਕਮਾਈ ਨਾਲ ਆਪਣੇ ਡੇਰਿਆਂ ‘ਤੇ ਸੰਗਮਰਮਰ ਥੱਪ ਕੇ ਚਮਕ ਲਿਆ ਰਹੇ ਹਨ, ਇਸ ਚਮਕ ਵਿੱਚ ਸਿੱਖ ਸੰਗਤ ‘ਅੱਖਾਂ ਖੋਲ੍ਹ’ ਕੇ ਅਸਲੀਅਤ ਦੇਖਣ ਤੋਂ ਅਸਮਰੱਥ ਹੋ ਜਾਂਦੀ ਹੈ ਦੂਸਰੇ ਪਾਸੇ ਕਾਰ-ਸੇਵਾ ਵਾਲੇ ‘ਜਥੇ’ ਕੌਮੀ ਨਿਸ਼ਾਨੀਆਂ ਨੂੰ ‘ਨਵਾਂ-ਰੂਪ’ ਚਾੜ੍ਹ ਕੇ ਹਮੇਸ਼ਾ ਲਈ ‘ਸੰਭਾਲ’ ਰਹੇ ਹਨ। ਆਉਣ ਵਾਲੀਆਂ ਪੀੜ੍ਹੀਆਂ ਸੰਗਮਰਮਰ ਦੀ ਚਮਕ ਨਾਲ ਚਕਾਚੌਂਧ ਇਮਾਰਤਾਂ ਜਾਂ ਯਾਦਗਾਰਾਂ ਨੂੰ ਦੇਖ ਕੇ ਕੀ ਸੋਚਣਗੀਆਂ? ਕੀ ਉਹ ਆਪਣੇ ਸ਼ਹੀਦਾਂ ਦੇ ਸ਼ਹਾਦਤਾਂ ਨਾਲ ਭਰੇ ਸਰਮਾਏ ਉੱਪਰ ਮਾਣ ਕਰ ਸਕਣਗੀਆਂ? ਇਹ ਸੋਚਣ ਦਾ ਵਿਸ਼ਾ ਹੈ।
ਜੇਕਰ ਅਸੀਂ ਆਪਣੀ ਹੋਂਦ ਨੂੰ ਬਚਾਉਣਾ ਹੈ, ਆਪਣੇ ਨਿਆਰੇਪਣ ਨੂੰ ਕਾਇਮ ਰੱਖਣਾ ਹੈ ਤਾਂ ਸ਼ਹਾਦਤਾਂ ਨਾਲ ਭਰੇ ਇਤਿਹਾਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ‘ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀ ਕਦਰ ਨਹੀਂ ਕਰਦੀਆਂ, ਉਹ ਸੰਸਾਰ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਹਨ’, ਇਸ ਦੁਖਾਂਤ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਇਤਿਹਾਸਕ ਇਮਾਰਤਾਂ ਅਤੇ ਯਾਦਗਾਰਾਂ ਨੂੰ ਸੰਗਮਰਮਰ ਹੇਠ ਦਫਨ ਨਾ ਹੋਣ ਦਿੱਤਾ ਜਾਵੇ। ਨਵੀਂ ਪੀੜ੍ਹੀ ਦੀ ਇਤਿਹਾਸਿਕ ‘ਨਾਇਕਾਂ’ ਦੀਆਂ ਸੱਚ,ਹੈਰਾਨੀ ਅਤੇ ਸੂਰਬੀਰਤਾ ਨਾਲ ਭਰੀਆਂ ਗਾਥਾਵਾਂ ਰਾਹੀਂ ਇਤਿਹਾਸ ਨਾਲ ਸਾਂਝ ਬਣਾਉਣੀ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਅੱਜ ਦੇ ਅਖੌਤੀ ਬ੍ਰਹਮਗਿਆਨੀਆਂ ਦੇ ਫੈਲਾਏ ਭਰਮ-ਜਾਲ ਨੂੰ ਤੋੜ ਕੇ ਗੁਰਮਤਿ ਦੇ ਸੱਚ ਨਾਲ ਜੁੜਾਂਗੇ, ਗੁਰੂ ਨਾਨਕ ਸਾਹਿਬ ਦੇ ਦਰਸਾਏ ਮਾਰਗ ‘ਤੇ ਸੱਚ ਕਮਾਉਣ ਲਈ ‘ਸਿਰ ਤਲੀ ‘ਤੇ ਧਰ ਕੇ’ ਤੁਰਾਂਗੇ। ਅੱਜ ਜ਼ਰੂਰਤ ਹੈ ਕਿ ਹਰ ਜਾਗਦੀ ਜ਼ਮੀਰ ਵਾਲਾ ਸਿੱਖ ਤੱਤ-ਗੁਰਮਤਿ ਦਾ ਪ੍ਰਚਾਰਕ ਬਣੇ, ਸੱਚ ਦੀ ਗੱਲ ਸਮਾਜ ਵਿੱਚ ਕਰੇ। ਸਿੱਖ, ਵਿਚੋਲਿਆਂ ਨੂੰ ਬਾਹਰ ਕੱਢ ਕੇ ਖੁਦ ਗੁਰਬਾਣੀ ਨਾਲ ਜੁੜ੍ਹਨ, ਪੜ੍ਹਨ,ਸਮਝਣ, ਵਿਚਾਰਨ ਅਤੇ ਅਮਲੀ ਜੀਵਨ ਵਿੱਚ ਉਸ ਸਿੱਖਿਆ ਨੂੰ ਅਪਨਾਉਣ। ਗੁਰਮਤਿ ਗਾਡੀ ਰਾਹ ‘ਤੇ ਕਰਮਕਾਂਡ ਦੇ ਕੰਡੇ ਵਿਛਾ ਰਹੀਆਂ ਪੰਥ ਵਿਰੋਧੀ ਤਾਕਤਾਂ ਦੇ ਖਿਲਾਫ ਸਾਨੂੰ ਲਾਮਬੰਦ ਹੋਣਾ ਪਵੇਗਾ, ਇਹ ਲੜਾਈ ਬਾਹਰੀ ਨਾ ਹੋ ਕੇ ਸਗੋਂ ਅੰਦਰੂਨੀ ਹੈ, ਸਾਡੇ ਅੰਦਰੋਂ ਅਖੌਤੀ ਸਾਧਾਂ ਦੀਆਂ ਚਮਤਕਾਰੀ ਕਹਾਣੀਆਂ ਨਾਲ ਜੰਮ੍ਹੀ ਕੂੜ ਦੀ ਮੈਲ ਨੂੰ ਗੁਰਮਤਿ-ਗਿਆਨ ਨਾਲ ਧੋ ਕੇ ਅਸੀਂ ਇਸ ਲੜਾਈ ਵਿੱਚ ਜੇਤੂ ਹੋ ਸਕਦੇ ਹਾਂ।
ਦਸਮੇਸ਼ ਪਿਤਾ ਦੇ ਲਾਲਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਅਤੇ ਨਤਮਸਤਕ ਹੁੰਦਿਆਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕੌਮ ਨੂੰ ਸੁਮੱਤ, ਏਕਤਾ ਅਤੇ ਗੁਰਮਤਿ ਦੇ ਰਸਤੇ ਉੱਪਰ ਬੇਖੌਫ ਚੱਲਣ ਦਾ ਬਲ ਬਖਸ਼ਣ।
22/12/2011