ਸਤਿੰਦਰਜੀਤ ਸਿੰਘ
ਸਿੱਖ ਧਰਮ ਦੁਨੀਆਂ ਦਾ ਸਭ ਨਾਲੋਂ ਨਵੀਨਤਮ ਧਰਮ ਹੈ, ਇਸਦੀ ਨੀਂਹ ਹੀ ਗੁਰੂ ਨਾਨਕ
ਸਾਹਿਬ ਨੇ ਫੋਕੇ ਕਰਮਕਾਂਡ ‘ਤੇ ਕਾਟ ਕਰ ਰੱਖੀ ਸੀ। ਲੋਕਾਂ ਨੂੰ ਸੱਚ ਨਾਲ ਜੁੜਨ ਦਾ ਹੋਕਾ ਦੇਣ
ਵਾਸਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਤਕਰੀਬਨ ਸਾਰੀ ਦੁਨੀਆਂ ਦੀ ਯਾਤਰਾ ਕੀਤੀ। ਬਾਬਰ
ਨੂੰ ਜਾਬਰ ਕਹਿ, ਜ਼ਾਲਮ ਨੂੰ ਜ਼ਾਲਮ ਕਹਿਣ ਦੀ ਜ਼ੁਰੱਅਤ ਦਿਖਾ, ਉਸਦਾ ਵਿਰੋਧ ਕਰ ਮਾਨਵਤਾ ਵਿੱਚ ਅਣਖ
ਅਤੇ ਸਵੈਮਾਨ ਨਾਲ ਜਿਉਣ ਦੀ ਜ਼ੁਰੱਅਤ ਪੈਦਾ ਕਰਨ ਵਾਲਾ ਇਨਕਲਾਬੀ ਕਦਮ ਸੀ। ਸਿੱਖ ਧਰਮ ਬਾਕੀ ਧਰਮਾਂ
ਨਾਲੋਂ ਬਿਲਕੁਲ ਵੱਖਰਾ ਅਤੇ ਆਧੁਨਿਕ ਧਰਮ ਹੈ, ਇਸ ਗੱਲ ਦੀ ਸਪੱਸ਼ਟਤਾ ਨੂੰ ਕੋਈ ਵੀ ਤੁਲਨਾਤਮਕ
ਅਧਿਐਨ ਨਾਲ ਸਮਝ ਸਕਦਾ ਹੈ। ਅੱਜ ਦੀ ‘ਤਰਕਸ਼ੀਲਤਾ’ ਜਿੰਨ੍ਹਾਂ ਵਹਿਮਾਂ ਦਾ ਖੰਡਨ ਕਰਦੀ ਹੈ, ਉਹਨਾਂ
ਸਾਰੇ ਕਰਮਕਾਂਡਾ ਨੂੰ ਗੁਰੂ ਨਾਨਕ ਸਾਹਿਬ ਬਹੁਤ ਪਹਿਲਾਂ ਰੱਦ ਕਰ ਚੁੱਕੇ ਹਨ। ਗੁਰੂ ਨਾਨਕ ਸਾਹਿਬ
ਨੇ ਜਿਸ
ਸੱਚ ਧਰਮ ਦਾ ਪ੍ਰਚਾਰ ਕੀਤਾ, ਜੋ ਸਿਧਾਂਤ ਮਾਨਵਤਾ ਨੂੰ ਦਿੱਤਾ ਉਸ ‘ਤੇ ਖੁਦ ਵੀ ਪਹਿਰਾ
ਦਿੱਤਾ ਅਤੇ ਉਹਨਾਂ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਉਸੇ ਸ਼ਿੱਦਤ ਨਾਲ ਇਸ ਸਿਧਾਂਤ ਨੂੰ ਅੱਗੇ
ਤੋਰਿਆ। ਇਸ ਸਿਧਾਂਤ ਦੀ ਰਾਖੀ ਲਈ ਗੁਰੂ ਅਰਜਨ ਸਾਹਿਬ ਤੱਤੀ ਤਵੀ ‘ਤੇ ਵੀ ਭਾਣਾ ਮੰਨ ਬੈਠੇ ਅਤੇ
ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਜਾ ਕੇ ਮਜ਼ਲੂਮ ਦੀ ਰੱਖਿਆ ਹਿੱਤ ਆਪਣੇ ਸਰੀਰ ਦਾ
ਠੀਕਰਾ ਭੰਨਿਆ, ਜੱਲਾਦ ਦੀ ਤਲਵਾਰ ਦਾ ਸਾਹਮਣਾ ਸੀਸ ਕਟਵਾ ਕੇ ਕੀਤਾ ਪਰ ਜ਼ਾਲਮ ਦੀ ਈਨ ਨਹੀਂ ਮੰਨੀ।
ਇਸੇ ਹੀ ਅਣਖ ਅਤੇ ਸੱਚ ਧਰਮ ਨੂੰ ਬੁਲੰਦ ਰੱਖਣ ਲਈ ਅਤੇ ਮਾਨਵਤਾ ਨੂੰ ਬੁਜ਼ਦਿਲੀ ਦੀ ਜ਼ਿੰਦਗੀ ‘ਚੋਂ
ਕੱਢਣ ਲਈ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰ ਦਿੱਤਾ।
ਲੋਕਾਂ ਨੂੰ ਅਣਖ ਦਾ ਪਾਠ ਪੜ੍ਹਾਉਣ ਲਈ ਅਤੇ ਜ਼ਾਲਮ ਨੂੰ ਟੱਕਰ ਦੇਣ ਲਈ ਗੁਰੂ
ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਨੂੰ ਕੇਸਗੜ੍ਹ,ਆਨੰਦਪੁਰ ਦੇ ਸਥਾਨ ‘ਤੇ ਇੱਕ ਅਦਭੁੱਤ
ਅਤੇ ਅਦੁੱਤੀ ਘਟਨਾ ਨੂੰ ਅੰਜ਼ਾਮ ਦਿੱਤਾ। ਇਹ ਉਹ ਘਟਨਾ ਸੀ ਜਿਸਨੇ
ਸਾਰੀ ਮਾਨਵਤਾ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਕੰਮ ਕੀਤਾ। ਵਿਸਾਖੀ 1699 ਇਤਿਹਾਸ ਦਾ ਉਹ ਦਿਨ, ਜਿਸ
ਦਿਨ ਇਤਿਹਾਸ ਨੇ ਨਵਾਂ ਮੋੜ ਕੱਟਿਆ, ਦੱਬੀ-ਕੁਚਲੀ ਮਾਨਵਤਾ ਦੇ ਖੂਨ ਵਿੱਚ ਨਵੀਂ ਤਰੰਗ ਉੱਠੀ ਅਤੇ
ਲੋਕਾਂ ਦੇ ਮਨਾਂ ਵਿੱਚ ‘ਸਿਰ ਉੱਚਾ’ ਕਰ ਕੇ ਜਿਉਣ ਦੀ ਇੱਛਾ ਨੇ ਕਰਵਟ ਲਈ। ਦੁਨੀਆਂ ਦੇ
ਇਤਿਹਾਸ ਅੰਦਰ ਇਹ ਦਿਨ ਇੱਕ ਐਸੀ ਕ੍ਰਾਂਤੀ ਲੈ ਕੇ ਆਇਆ, ਇੱਕ ਐਸਾ ਇਨਕਲਾਬ ਲੈ ਕੇ ਆਇਆ ਜੋ ਸੰਸਾਰ
ਦੀਆਂ ਅੱਖਾਂ ਨੇ ਨਾ ਕਦੇ ਦੇਖਿਆ ਸੀ ਅਤੇ ਨਾ ਹੀ ਕਦੇ ਅੱਗੇ ਦੇਖਣਾ ਹੈ। ਇਹ ਇੱਕ ਐਸਾ ਇਨਕਲਾਬ ਸੀ ਜਿਸ ਨਾਲ ਕੋਈ ਜੰਗ ਜਾਂ ਯੁੱਧ ਨਹੀਂ ਸੀ ਹੋਇਆ
ਅਤੇ ਨਾ ਹੀ ਕਿਸੇ ਤਾਕਤ ਨੇ ਦੂਸਰੀ ਤਾਕਤ ਦਾ ਤਖਤਾ ਪਲਟਿਆ ਸੀ, ਬਲਕਿ ਨਿਆਰੇ ਅਤੇ ਨਿਰਭੈਅ ‘ਖਾਲਸਾ
ਪੰਥ’ ਦੀ ਸਾਜਨਾ ਨਾਲ ਮਾਨਵਤਾ ਵਿੱਚ ਨਵੇਂ ਇਖਲਾਕੀ ਗੁਣਾਂ ਦਾ ਵਿਕਾਸ ਹੋਇਆ। ਇਸ ਵਰਤਾਰੇ
ਨਾਲ ਸਮੁੱਚੀ ਮਾਨਵਤਾ ਅੰਦਰ ਅਣਖ ਅਤੇ ਭੈ-ਮੁਕਤ ਜੀਵਨ ਜਿਉਣ ਦਾ ਵੇਗ ਤੇਜ਼ ਹੋ ਉੱਠਿਆ। ਜ਼ਾਲਮ ਨਾਲ
ਟੱਕਰ ਲੈ ਕੇ ਉਸ ਦੇ ਵਿਨਾਸ਼ਕਾਰੀ ਕਦਮਾਂ ਨੂੰ ਠੱਲ ਪਾਉਣ ਦੀ ਸ਼ਕਤੀ ਦਾ ਵਿਕਾਸ ਹੋਇਆ। ਇਸ ਵਰਤਾਰੇ
ਦੇ ਮਕਸਦ ਦਾ ਪ੍ਰਤ਼ੱਖ ਪ੍ਰਮਾਣ ਸਾਰੀ ਲੋਕਾਈ ਨੇ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਵੇਖਿਆ ਜਦੋਂ
ਮੁੱਠੀ ਭਰ ਭੁੱਖੇ ਸਿੰਘਾਂ ਨੇ ਲੱਖਾਂ ਦੀ ਭਾਰੀ ਅਤੇ ਹਥੀਆਰਾਂ ਨਾਲ ਲੈਸ ਫੌਜ ਦਾ ਮੁਕਾਬਲਾ ਕੀਤਾ
ਅਤੇ ਇੱਕ-ਇੱਕ ਸਿੰਘ ਲੱਖਾਂ ਵੈਰੀਆਂ ਦੇ ਸੱਥਰ ਵਿਛਾਉਂਦਾ ਸ਼ਹਾਦਤ ਪ੍ਰਾਪਤ ਕਰ ਗਿਆ। ਇਹ ਐਸੀ ਘਟਨਾ
ਸੀ ਜਿਸ ਨਾਲ ਸਿੱਖ ਕੌਮ ਦੀ ਬਹਾਦਰੀ ਨੇ ਪੂਰੀ ਦੁਨੀਆਂ ਨੂੰ ਹੈਰਾਨ ਕੀਤਾ।
ਭਾਵੇਂ ਕਿ ਜ਼ੁਲਮ ਦੇ ਖਿਲਾਫ ਅਤੇ ਪਾਖੰਡ ਦੇ ਖਿਲਾਫ ਆਵਾਜ਼ ਗੁਰੂ ਨਾਨਕ ਸਾਹਿਬ ਦੇ
ਸਮੇਂ ਤੋਂ ਹੀ ਉੱਠਣੀ ਸ਼ੁਰੂ ਹੋ ਗਈ ਸੀ, ਜਿਸਨੂੰ ਹਰ ਗੁਰੂ ਸਾਹਿਬਾਨ ਨੇ ਹੋਰ ਵੀ ਬੁਲੰਦ ਕੀਤਾ।
ਮਾਨਵੀ ਕਦਰਾਂ-ਕੀਮਤਾਂ ਦੇ ਵਿਕਾਸ ਦੀ ਲਹਿਰ ਨੂੰ ਹਰ ਗੁਰੂ ਸਾਹਿਬਾਨ ਨੇ ਹੋਰ ਵੀ ਪ੍ਰਚੰਡ ਕੀਤਾ।
ਜਿੱਥੇ ਗੁਰੂ ਅਰਜਨ ਸਾਹਿਬ ਨੇ ਸੱਚ-ਮਾਰਗ ‘ਤੇ ਚੱਲਦਿਆਂ ਸ਼ਹਾਦਤ ਦੇਣ ਦੀ ਜਾਚ ਸਿਖਾਈ ਉੱਥੇ ਹੀ
ਗੁਰੂ ਹਰਗੋਬਿੰਦ ਸਾਹਿਬ ਨੇ ਜ਼ਾਲਮ ਨੂੰ ਸੋਧਣ ਲਈ
ਸ਼ਸ਼ਤਰ ਧਾਰਨ ਕਰਨ ਦੀ ਨੀਤੀ ਦ੍ਰਿੜ੍ਹ ਕਰਵਾਈ। ਇਸੇ ਹੀ ਨੀਤੀ ਨੂੰ ਹੋਰ ਵੀ ਜਥੇਬੰਦਕ ਰੂਪ ਵਿੱਚ
ਅੱਗੇ ਤੋਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰ ਕੇ ‘ਖਾਲਸਾ ਪੰਥ’
ਦੀ ਸਾਜਨਾ ਕੀਤੀ। ਹਜ਼ਾਰਾਂ ਦੇ ਇਕੱਠ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਟੇਜ ਤੋਂ ਇੱਕ ਸੀਸ
ਦੀ ਮੰਗ ਕੀਤੀ ਤਾਂ ਚਾਰੇ ਪਾਸੇ ਸੰਨਾਟਾ ਛਾ ਗਿਆ, ਲੋਕ ਹੈਰਾਨ ਰਹਿ ਗਏ। ਇਹ ਸਭ ਅੱਜ ਦੀ ‘ਸ਼ਾਕ
ਥਰੈਪੀ’ ਵਰਗਾ ਵਰਤਾਰਾ ਸੀ ਜਿਸ ਨਾਲ ਗੁਰੂ ਸਾਹਿਬ ਨੇ ਮਨੁੱਖਤਾ ਅੰਦਰੋਂ ਡਰ,ਭੈਅ, ਲਾਲਚ, ਕਮਜ਼ੋਰੀ
ਅਤੇ ਬੁਜ਼ਦਿਲੀ ਵਰਗੀਆਂ ਬਿਮਾਰੀਆਂ ਨੂੰ ਇੱਕੋ ਝਟਕੇ ਦੂਰ ਕਰ ਨਵੇਂ ਮਾਨਵੀ ਗੁਣਾਂ ਨਿਰਭੈਤਾ,
ਨਿਡਰਤਾ, ਸੁੱਚਤਾ ਆਦਿ ਦਾ ਵਿਕਾਸ ਕੀਤਾ। ਖੰਡੇ-ਬਾਟੇ ਦੀ ਪਾਹੁਲ ਛਕਾ ਜਿੱਥੇ ਗੁਰੂ ਜੀ ਨੇ ਜਾਤ-ਪਾਤ ਦੀ ਵੰਡ ਨੂੰ ਖਤਮ ਕੀਤਾ ਉੱਥੇ ਹੀ ਸਜਾਏ
ਗਏ ਪੰਜਾਂ ਪਿਆਰਿਆਂ ਪਾਸੋਂ ਖੁਦ ਪਾਹੁਲ ਛਕ ‘ਗੁਰੂ ਅਤੇ ਚੇਲੇ’ ਵਿਚਲੇ ਫਰਕ ਨੂੰ ਵੀ ਮੇਟ ਦਿੱਤਾ।
ਇਸ ਤਰ੍ਹਾਂ ਕੌਮ ਦੀ ਅਗਵਾਈ ਲਈ ਤਿਆਰ ਇਹਨਾਂ ਪੰਜ ਪਿਆਰਿਆਂ ਦੇ ਮਨਾਂ ਅੰਦਰਲੀ ਸਥਿਰਤਾ ਦਾ ਗੁਰੂ
ਜੀ ਨੇ ਬਕਾਇਦਾ ਇਮਤਿਹਾਨ ਵੀ ਲਿਆ ਜਦੋਂ ਤੀਰ ਨਾਲ ਦਾਦੂ ਦੀ ਕਬਰ ਨੂੰ ਨਮਸਕਾਰ ਕੀਤੀ। ਗੁਰੂ ਜੀ
ਦੀ ਮੰਗ ਅਨੁਸਾਰ ਸੀਸ ਭੇਟ ਕਰਨ ਵਾਲੇ ਅਤੇ ਪੰਜ ਪਿਆਰੇ ਬਣੇ ਗਏ ਗੁਰਸਿੱਖਾਂ ਦੇ ਨਾਮ : ਭਾਈ ਦਇਆ ਸਿੰਘ , ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਹਿੰਮਤ
ਸਿੰਘ ਅਤੇ ਭਾਈ ਸਾਹਿਬ ਸਿੰਘ ਹਨ।
ਇਸ ਸਾਰੇ ਵਰਤਾਰੇ ਦੌਰਾਨ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰੂ ਜੀ ਨੇ ਇਸ ਲਈ ਵੈਸਾਖ ਨੂੰ ਹੀ ਕਿਉਂ ਚੁਣਿਆ...?
ਇਸ ਸਵਾਲ ਦਾ ਜਵਾਬ ਜਾਨਣ ਲਈ ਸ.ਪਾਲ ਸਿੰਘ ਪੁਰੇਵਾਲ ਵੱਲੋਂ ਕਈ ਸਾਲਾਂ ਦੀ ਮਿਹਨਤ
ਨਾਲ ਕੱਢੇ ਨਤੀਜਿਆਂ ਨੂੰ ਸਮਝਣਾ ਅਤੇ ਵਿਚਾਰਨਾ ਜ਼ਰੂਰੀ ਹੈ। ਸ:ਪਾਲ ਸਿੰਘ ਅਨੁਸਾਰ ਗੁਰੂ ਨਾਨਕ
ਸਾਹਿਬ ਜੀ ਦੀ ਜਨਮ ਤਰੀਕ 1 ਵੈਸਾਖ ਬਣਦੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਸ:ਕਰਮ ਸਿੰਘ
ਹਿਸਟੋਰੀਅਨ ਦੀ ਲਿਖਤ ‘ਕੱਤਕ ਕਿ ਵੈਸਾਖ’ ਪੜ੍ਹੀ ਜਾ ਸਕਦੀ ਹੈ ਜਿਸ ਵਿੱਚ ਉਹਨਾਂ ਗੁਰੂ ਨਾਨਕ
ਸਾਹਿਬ ਦੀ ਜਨਮ ਤਰੀਕ 3 ਵੈਸਾਖ ਦਰਜ ਕੀਤੀ ਹੈ। ਇਸ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਗੁਰੂ ਨਾਨਕ
ਸਾਹਿਬ ਦਾ ਜਨਮ ਦਿਹਾੜਾ ਵੈਸਾਖ ਦਾ ਹੈ ਨਾ ਕਿ ਕੱਤਕ ਦਾ। ਇਸੇ ਲਈ ਸਾਹਿਬ ਸ਼੍ਰੀ ਗੁਰੂ ਗੋਬਿੰਦ
ਸਿੰਘ ਜੀ ਨੇ ਇਸ ਖਾਸ ਦਿਨ ਨੂੰ ਇਤਿਹਾਸ ਦੀ ਇਸ ਮਹੱਤਵਪੂਰਨ ਘਟਨਾ ਨੂੰ ਅੰਜ਼ਾਮ ਦੇਣ ਲਈ ਚੁਣਿਆ।
ਗੁਰੂ ਸਾਹਿਬਾਨ ਦੀ ਹਰ ਸੋਚ ਮਾਨਵਤਾ ਦੇ ਵਿਕਾਸ ਹਿੱਤ ਉੱਠੀ, ਹਰ ਕਦਮ ਸਮਾਜ ਨੂੰ
ਤਰੱਕੀ ਵੱਲ ਲੈ ਕੇ ਗਿਆ ਪਰ ਅੱਜ ਦੇ ਸਮੇਂ ਸਿੱਖ ਪੰਥ ਹਰ ਪ੍ਰਕਾਰ ਦੇ ਕਰਮਕਾਂਡ ਵਿੱਚ ਫਸ ਚੁੱਕਾ
ਹੈ। ਸ਼ੁੱਭ-ਅਸ਼ੁੱਭ, ਨਗਾਂ, ਧਾਗੇ-ਤਵੀਤਾਂ, ਥਿੱਤਾਂ-ਵਾਰਾਂ,ਸ਼ਰਾਧ, ਵਰਤ ਆਦਿਕ ਹਰ ਪ੍ਰਕਾਰ ਦੇ
ਮਨਤਮੀ ਕੰਮ ਸਿੱਖ ਕਰਨ ਲੱਗੇ ਹਨ। ਸਿੱਖੀ ਦਾ ਨਿਆਰਾਪਣ ਕਰਮਕਾਂਡ ਦੇ ਸਾਗਰ ਵਿੱਚ ਧਸਦਾ ਜਾ ਰਿਹਾ
ਹੈ। ਸਿੱਖ ਵੀ ਸ਼ਨੀ ਮੰਦਰਾਂ ਦੇ ਦਰਵਾਜ਼ੇ ਲੰਘ ਅੰਦਰ ਜਾ ਨੱਕ ਰਗੜ ਰਹੇ ਹਨ। ਅੱਜ ਬਹੁਤ ਵੱਡੀ
ਜ਼ਰੂਰਤ ਹੈ ਕਿ ਨਸ਼ਿਆਂ ਵਿੱਚ ਗਲਤਾਣ ਨੌਜੁਆਨੀ ਨੂੰ ‘ਸੱਚ ਮਾਰਗ’ ਦੇ ਪਾਂਧੀ ਬਣਾਉਣ ਲਈ ਯਤਨ ਤੇਜ਼
ਕੀਤੇ ਜਾਣ, ਸਿੱਖੀ ਨੂੰ ਕਰਮਕਾਂਡ ਮੁਕਤ ਕਰਨ ਲਈ ਗੁਰਮਤਿ ਦੀ ਰੌਸ਼ਨੀ ਵਿੱਚ ਲੋਕਾਂ ਨੂੰ ਜਾਗਰੂਕ
ਕੀਤਾ ਜਾਵੇ।
ਸਿੱਖੀ ਵਿੱਚ ਨਿਘਾਰ ਦਾ ਇੱਕ ਕਾਰਨ ਸਿੱਖਾਂ ਵਿੱਚ ਏਕਤਾ ਦੀ ਘਾਟ ਵੀ ਹੈ। ਅੱਜ ਹਰ
ਕੋਈ ਆਪਣੀ ਤੂਤੀ ਵਜਾਉਣੀ ਚਾਹੁੰਦਾ, ਛੋਟੀ-ਛੋਟੀ ਗੱਲ ਨੂੰ ਸੁਲਝਾਉਣ ਦੀ ਬਜਾਏ ਆਪਣੇ-ਆਪ ਨੂੰ ਸਹੀ
ਸਾਬਿਤ ਕਰਨ ਦੀ ਜੱਦੋ-ਜਹਿਦ ਦੂਰੀਆਂ ਵਧਾ ਜਾਂਦੀ ਹੈ। ਸਾਰੀਆਂ ਪੰਥਕ ਧਿਰਾਂ ਨੂੰ ਬੇਨਤੀ ਹੈ ਕਿ
ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ‘ਤੇ ਚੱਲਦੇ ਹੋਏ ਇੱਕ ਨਿਸ਼ਾਨ ਹੇਠਾਂ
ਵਿਚਰਨ ਦੀ ਪਹਿਲ ਕਰੋ ਤਾਂ ਜੋ ਕੌਮ ਨੂੰ ਮੁੜ ‘ਨਿਆਰਾ’ ਦਰਜਾ ਪ੍ਰਾਪਤ ਹੋ ਸਕੇ।
ਮਿਤੀ: 09/04/2012