ਸਤਿੰਦਰਜੀਤ ਸਿੰਘ
ਪੰਜਾਬ ਦੀ ਧਰਤੀ ਹੁਣ ਮਹਿਜ਼ ਪੰਜ ਦਰਿਆਵਾਂ ਦੀ ਧਰਤੀ ਹੀ
ਨਹੀਂ ਰਹੀ,ਇੱਥੇ ਹੁਣ ਛੇਵਾਂ ਦਰਿਆ ਵੀ ਵਗ ਰਿਹਾ ਹੈ...ਇਸ
ਦਰਿਆ ਨੇ ਪੰਜਾਬ ਵਿੱਚ ਆਪਣਾ ਵਿਸਥਾਰ ਬਹੁਤ ਹੀ ਤੇਜ਼ ਚਾਲ ਨਾਲ ਕੀਤਾ ਹੈ, ਜੋ ਕਿ ਰੁਕਿਆ ਨਹੀਂ ਸਗੋਂ ਬਹੁਤ ਤੇਜ਼ ਵੇਗ
ਨਾਲ ਵਗ ਰਿਹਾ ਹੈ। ਪੰਜਾਬ ਦਾ ਜ਼ਿਆਦਾਤਰ ਖੇਤਰ ਜਾਂ ਵਸੋਂ ਹੁਣ ਇਸੇ ਦਰਿਆ ਦੀ ਮਾਰ ਹੇਠ ਹੈ...ਇਹ
ਦਰਿਆ ਹੈ ਨਸ਼ਿਆਂ ਦਾ ਦਰਿਆ,ਜਿਸਨੇ ਅਜ਼ੋਕੇ ਪੰਜਾਬ ਦੀ ਨੌਜੁਆਨੀ ਨੂੰ ਬੁਰੀ
ਤਰ੍ਹਾਂ ਆਪਣੇ ਚੁੰਗਲ ਵਿੱਚ ਲੈ ਲਿਆ ਹੈ। ਸਿੱਖ ਕੌਮ ਜੋ ਕਿ ਅਟਕ ਵਰਗੇ
ਦਰਿਆ ਨੂੰ ਵੀ ਅਟਕਾ ਕੇ ਅੱਗੇ ਲੰਘ ਜਾਂਦੀ ਸੀ ਅੱਜ ਇਸ ਨਸ਼ੀਆਂ ਦੇ ਵਹਿਣ ਵਿੱਚ ਹੀ ਵਹਿ ਤੁਰੀ ਹੈ। ਇਹ ਇੱਕ ਐਸਾ ਦਰਿਆ ਹੈ ਜਿਸ ਵਿੱਚ ਵਹਿਣ
ਵਾਲੇ ਨੂੰ ਕਾਫੀ ਦੂਰ ਤੱਕ ਰੁੜ੍ਹ ਜਾਣ ਤੋਂ ਬਾਅਦ ਪਤਾ ਲਗਦਾ ਹੈ ਕਿ ਉਹ ਖੁਸ਼ਹਾਲ ਅਤੇ ਹਸਦੀ-ਵਸਦੀ
ਜ਼ਿੰਦਗੀ ਤੋਂ ਬਹੁਤ ਡੂੰਘੇ ਪੱਤਣ ਵਿੱਚ ਧਸ ਗਿਆ ਹੈ, ਇੱਕ ਐਸਾ ਪੱਤਣ ਜਿਸ ਉੱਤੇ ਪਹੁੰਚ ਕੇ ਕੋਈ
ਵਾਪਿਸ ਨਹੀਂ ਆ ਸਕਦਾ, ਜੇ ਕੋਈ ਆ ਵੀ ਸਕਿਆ ਹੈ ਤਾਂ ਸਿਰਫ਼ ਉਹ ਜਿਸਨੇ
ਆਪਣੇ ਅੰਦਰ ਹਕੀਕਤ ਨੂੰ ਪਹਿਚਾਨਣ ਲਈ ਪੂਰੀ ਦ੍ਰਿੜਤਾ ਅਤੇ ਇੱਛਾ ਸ਼ਕਤੀ ਦੇ ਨਾਲ ਇਸ ਦਰਿਆ ਦੇ
ਵਹਿਣ ਤੋਂ ਉਲਟ ਵਹਿਣ ਦਾ ਸੰਕਲਪ ਕੀਤਾ। ਇਸ ਦਰਿਆ ਵਿੱਚ ਵਹਿਣ ਵਾਲੇ ਸਿਰਫ਼ ਆਪ ਹੀ ਨਹੀਂ ਵਹਿ ਤੁਰਦੇ
ਸਗੋਂ ਆਪਣੇ ਨਾਲ ਆਪਣੇ ਪਰਿਵਾਰ ਅਤੇ ਸਕੇ ਸੰਬੰਧੀਆਂ ਦੀਆਂ ਖੁਸ਼ੀਆਂ ਅਤੇ ਖੁਸ਼ਹਾਲੀ ਨੂੰ ਵੀ ਵਹਾ
ਕੇ ਲੈ ਜਾਂਦੇ ਹਨ।
ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਆੜ੍ਹਤੀਆਂ ਦੇ
ਕਰਜ਼ਿਆਂ ਅਤੇ ਯੂਰੀਆ,ਖਾਦ ਪਦਾਰਥਾਂ ਅਤੇ ਡੀਜ਼ਲ ਪੈਟਰੋਲ ਆਦਿ ਦੀਆਂ
ਵਧ ਰਹੀਆਂ ਕੀਮਤਾਂ ਨਾਲ ਦਮ ਤੋੜ ਰਹੀ ਹੈ, ਇਹਨਾਂ
ਸਭ ਦੇ ਨਾਲ ਨਸ਼ਿਆਂ ਦੇ ਹੜ੍ਹ ਨੇ ਪੰਜਾਬ ਅਤੇ ਇਸਦੇ ਬਾਸ਼ਿੰਦਿਆਂ ਦੀ ਹਾਲਤ ਬਦ ਤੋਂ ਬਦਤਰ ਬਣਾਉਣ
ਵਿੱਚ ਬਹੁਤ ਹੀ ਵਿਨਾਸ਼ਕਾਰੀ ਭੂਮਿਕਾ ਨਿਭਾਈ ਹੈ। ਕਿਸਾਨੀ ਫ਼ਸਲਾਂ ਦੇ ਘੱਟ ਰੇਟ ਮਿਲਣ ਕਾਰਨ
ਕਰਜ਼ਿਆਂ ਦੇ ਬੋਝ ਥੱਲੇ ਦਬਦੀ ਜਾ ਰਹੀ ਹੈ,ਇਸਦੇ
ਨਾਲ ਨਸ਼ਿਆਂ ਦੀ ਮਾਰ ਨੇ ਇਸਦੇ ਬੋਝ ਨੂੰ ਵਧਾਉਣ ਵਿੱਚ ਮਾਰੂ ਭੂਮਿਕਾ ਨਿਭਾਈ ਹੈ। ਘੱਗਰ ਦੀ ਮਾਰ
ਇਹਨਾਂ ਨਸ਼ਿਆਂ ਦੀ ਮਾਰ ਅੱਗੇ ਮਾਮੂਲੀ ਜਾਪਦੀ ਹੈ।
ਵੈਸੇ ਤਾਂ ਇਸ ਦਰਿਆ ਨੇ ਪੂਰੇ ਵਿਸ਼ਵ ਜਾਂ ਇੰਝ ਕਹਿ ਲਈਏ
ਕਿ ਪੂਰੇ ਹਿੰਦੁਸਤਾਨ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ ਪ੍ਰੰਤੂ
ਬਾਕੀ ਖਿੱਤਿਆਂ ਨਾਲੋਂ ਇਹ ਦਰਿਆ, ਘੱਗਰ
ਵਾਂਗ ਪੰਜਾਬ ਵਿੱਚ ਜ਼ਿਆਦਾ ਮਾਰ ਕਰ ਰਿਹਾ ਹੈ। ਪੰਜਾਬ ਵਿੱਚ ਇਸਦੀ ਮਾਰ ਜ਼ਿਆਦਾ ਪੈਣ ਦੇ ਕਾਰਨਾਂ
ਨੂੰ ਡੂੰਘੇ ਅਰਥਾਂ ਵਿੱਚ ਸਮਝਣ ਦੀ ਜ਼ਰੂਰਤ ਹੈ। ਪੰਜਾਬ ਦੇ ਲੋਕਾਂ .ਖਾਸ ਕਰਕੇ ਪੰਜਾਬ ਦੀ ਨੌਜੁਆਨੀ
ਨੂੰ ਜਿੰਨ੍ਹਾਂ ਨਸ਼ਿਆਂ ਦੇ ਨਾਮ ਤੱਕ ਵੀ ਨਹੀਂ ਸੀ ਪਤਾ, ਉਹ ਹੁਣ ਉਹਨਾਂ ਨਸ਼ਿਆਂ ਵਿੱਚ ਪੂਰੀ ਤਰ੍ਹਾਂ
ਗਲਤਾਣ ਹੋ ਚੁੱਕੀ ਹੈ। ਸ਼ਰਾਬ, ਨਸ਼ੇ ਦੀਆਂ ਗੋਲੀਆਂ,ਡੋਡੇ,ਭੁੱਕੀ,ਤਮਾਕੂ,ਚਰਸ,ਗਾਂਜਾ, ਹੈਰੋਇਨ,ਸਮੈਕ, ਨਸ਼ੇ ਦੇ ਟੀਕੇ ਅਤੇ ਪਤਾ ਨਹੀਂ
ਕਿੰਨੇ ਹੀ ਹੋਰ ਅਜਿਹੇ ਨਸ਼ੀਲੇ ਪਦਾਰਥ ਜਿੰਨ੍ਹਾਂ ਦੇ ਨਾਮ ਗਿਣਨੇ ਵੀ ਔਖੇ ਹਨ ਨੇ ਪੰਜਾਬ ਨੂੰ
ਪੂਰੀ ਤਰ੍ਹਾਂ ਆਪਣੀ ਮਾਰ ਹੇਠ ਲਿਆ ਹੋਇਆ ਹੈ। ਅੱਜ ਦੇ ਪੰਜਾਬ ਦੀ ਹਾਲਤ ‘ਮਾਂ ਦੇ ਮਖਣੀ ਖਾਣਿਆਂ
ਦੇ ਬੁੱਲ੍ਹਾਂ ਵਿੱਚ ਜ਼ਰਦੇ, ਨਾੜਾਂ ਵਿੱਚ ਟੀਕੇ’ ਵਾਲੀ ਹੈ। ਪੰਜਾਬ ਵਿੱਚ ਐਨੇ ਨਸ਼ੇ ਕਿਵੇਂ ਅਤੇ ਕਿੱਥੋਂ
ਆਏ...? ਜੇਕਰ ਇਸਦੇ ਜੁਆਬ ਵਿੱਚ ਕੋਈ ਗੁਆਂਢੀ ਮੁਲਕਾਂ
ਤੋਂ ਹੁੰਦੀ ਨਸ਼ਿਆਂ ਦੀ ਤਸਕਰੀ ਦੇ ਸਿਰ ਦੋਸ਼ ਮੜ੍ਹਨ ਦਾ ਯਤਨ ਕਰੇ ਤਾਂ ਇਹ
ਗੱਲ ਕਾਫੀ ਹੱਦ ਤੱਕ ਸਹੀ ਤਾਂ ਹੈ ਪਰ ਪੂਰੀ ਤਰ੍ਹਾਂ ਢੁਕਵੀਂ ਨਹੀਂ...। ਪੰਜਾਬ ਵਿੱਚ ਨਸ਼ਿਆਂ ਦੀ
ਬਹੁਤਾਤ ਪਿੱਛੇ ਕਾਰਨ ਸਿੱਖ ਨੌਜੁਆਨੀ ਨੂੰ ਨਸ਼ੇ ਦੇ ਆਦੀ ਬਣਾ ਸਿੱਖੀ ਦਾ ਖਾਤਮਾ ਤਾਂ ਨਹੀਂ...?
ਇਹ ਸਵਾਲ ਹਰ ਸਿੱਖ ਬੁੱਧੀਜੀਵੀ ਨੂੰ ਪ੍ਰੇਸ਼ਾਨੀ ਦੀ ਹਾਲਤ ਵਿੱਚ ਧੱਕ ਰਿਹਾ ਹੈ। ਗਵਾਂਢੀ ਮੁਲਕਾਂ
ਤੋਂ ਨਸ਼ੇ ਆਦਿ ਦੀ ਤਸਕਰੀ ਪੰਜਾਬ ਵਿੱਚ ਹੀ ਕਿਉਂ ਜ਼ਿਆਦਾ ਹੁੰਦੀ ਹੈ, ਕੀ ਕਿਸੇ ਹੋਰ ਸੂਬੇ ਨਾਲ
ਸਰਹੱਦ ਨਹੀਂ ਲਗਦੀ...?
ਸਰਕਾਰਾਂ ਵਾਅਦੇ ਅਤੇ ਦਾਅਵੇ ਤਾਂ ਜ਼ਰੂਰ ਨਸ਼ਾ-ਮੁਕਤ
ਸਮਾਜ ਸਿਰਜਣ ਦੇ ਕਰਦੀਆਂ ਹਨ ਪਰ ਸਰਕਾਰ ਦੀ ਆਮਦਨ ਦਾ ਵੱਡਾ ਹਿੱਸਾ ਵੀ ਨਸ਼ੇ ਦਾ ਕਾਰੋਬਾਰ ਹੀ ਹੈ।
ਮੁੱਖ ਨਸ਼ਾ ਸ਼ਰਾਬ ਜੋ ਕਿ ਹਰ ਸਾਲ ਸਰਕਾਰ ਵੱਲੋਂ ਠੇਕਿਆਂ ‘ਤੇ ਵੇਚੀ ਜਾਂਦੀ ਹੈ, ਪੰਜਾਬ ਵਿੱਚ
ਬਹੁਤ ਜ਼ਿਆਦਾ ਮਾਰ ਕਰ ਰਿਹਾ ਹੈ। ਜਿਸ ਦੇਸ਼ ਦੀਆਂ ਸਰਕਾਰਾਂ ਹੀ ਨਸ਼ੇ
ਨਾਲ ਪਈਆਂ ਵੋਟਾਂ ਸਹਾਰੇ ਬਣਦੀਆਂ ਹਨ, ਉਹ ਦੇਸ਼ ਨਸ਼ਾ-ਮੁਕਤ ਕਿਵੇਂ ਹੋ ਸਕਦਾ ਹੈ...? ਹਾਂ
ਕਲਪਨਾ ਜ਼ਰੂਰ ਕੀਤੀ ਜਾ ਸਕਦੀ ਹੈ, ਧਰਵਾਸੇ ਅਤੇ ਲਾਰੇ ਫੈਲਾਏ ਜਾ ਸਕਦੇ ਹਨ। ਸਿੱਖ ਆਗੂਆਂ ਦੇ ਘਰੋਂ
ਸ਼ਰਾਬ ਦੀਆਂ ਬੋਤਲਾਂ ਮਿਲਦੀਆਂ ਹਨ, ਖਾਲਸੇ ਦੀ ਜਨਮ-ਭੂਮੀ ਆਨੰਦਪੁਰ ਸਾਹਿਬ ਅੰਦਰ ਸੁਵੱਖਤੇ ਹੀ
ਸ਼ਰਾਬ ਦੇ ਠੇਕੇ ਖੁੱਲ੍ਹ ਜਾਂਦੇ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਇਲਾਕੇ ਵਿੱਚ ਠੇਕਿਆਂ ਦੀ
ਭਰਮਾਰ ਹੈ, ਹਰ ਮਜ਼ਦੂਰ ਕਲੋਨੀ ਨੇੜੇ ਹਸਪਤਾਲ ਭਾਵੇਂ ਨਹੀਂ ਪਰ ਥਕਾਵਟ ‘ਦੂਰ’ ਕਰਨ ਲਈ ਸ਼ਰਾਬ ਦਾ
ਠੇਕਾ ਜ਼ਰੂਰ ਹੈ।
ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ:
ਸੁਰਸਰੀ ਸਲਲ ਕ੍ਰਿਤ ਬਾਰੁਨੀ
ਰੇ ਸੰਤ ਜਨ ਕਰਤ ਨਹੀ ਪਾਨੰ॥ {ਪੰਨਾ1293}
ਪਰ ਫਿਰ ਵੀ ਅਣਜਾਣ ਬਣ ਲੋਕ ਇਸ ਨਸ਼ੇ ਨੂੰ ਖੁਸ਼ੀਆਂ ਦਾ ਹਿੱਸਾ ਬਣਾਈ ਬੈਠੇ ਹਨ। ਲੋਕ-ਮਾਨਸਿਕਤਾ ਨੂੰ ਐਸਾ ਪੁੱਠਾ ਗੇੜਾ ਦਿੱਤਾ
ਗਿਆ ਹੈ ਕਿ ਕੋਈ ਵੀ ਖੁਸ਼ੀ ਦਾ ਕੰਮ ਸਾਡੇ ਲੋਕ ਨਸ਼ਿਆਂ ਤੋਂ ਬਿਨਾਂ ਪੂਰਾ ਨਹੀਂ ਸਮਝਦੇ। ਬੱਚਿਆਂ ਦੇ ਜਨਮ ਦਿਨ, ਲੋਹੜੀ, ਦਿਵਾਲੀ, ਵਿਆਹ, ਉਦਘਾਟਨ ਸਮਾਰੋਹ,
ਸੇਵਾ-ਮੁਕਤੀ ਸਮਾਗਮ, ਨਵੀਂ ਚੀਜ਼ ਲੈਣ ‘ਤੇ ਪਾਰਟੀ ਇੱਥੋਂ ਤੱਕ ਕਿ ਹੁਣ ਤਾਂ ਅਖੰਡ-ਪਾਠ ਵਾਲੇ ਦਿਨ
ਵੀ ਸ਼ਰਾਬ ਦਾ ਪਰਵਾਹ ਖੁੱਲ੍ਹਦਿਲੀ ਨਾਲ ਚਲਦਾ ਹੈ। ਗੁਰੂ ਗ੍ਰੰਥ ਸਹਿਬ ਦਾ ਸਰੂਪ ਅਜੇ ਘਰ
ਹੁੰਦਾ ਹੈ ‘ਤੇ ਨਾਲ ਹੀ ਕਿਸੇ ਦੂਰ ਜਹੇ ਕਮਰੇ ਵਿੱਚ ‘ਖਾਸ’ ਰਿਸ਼ਤੇਦਾਰਾਂ ਦੀ ਆਉ-ਭਗਤ ਲਈ ਸ਼ਰਾਬ
ਵਰਤਾਈ ਜਾ ਰਹੀ ਹੁੰਦੀ ਹੈ। ਗੁਰੂ ਦੀ ਸਿੱਖਿਆ:
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
{ ਸਲੋਕ ਮਃ ੩ ॥ ਪੰਨਾ 554}
ਨੂੰ
ਭੁੱਲ ਲੋਕ ਦੂਰ ਜਹੇ ਕਮਰੇ ਨੂੰ ਗੁਰੂ ਤੋਂ ਉਹਲੇ ਸਮਝ ਇਹ ਕੁਕਰਮ ਬੇਫਿਕਰ ਹੋ ਕੇ ਕਰ ਰਹੇ ਹੁੰਦੇ
ਹਨ। ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਕਿ:
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
{ਪੰਨਾ1377}
ਪਰ
ਸਿੱਖ ਉਸੇ ਗੁਰੂ ਦੀ ਹਾਜ਼ਰੀ ਵਿੱਚ ਘਰ ਵਿੱਚ ਮੀਟ-ਸ਼ਰਾਬ ਵਰਤਾ ਰਹੇ ਹੁੰਦੇ ਹਨ। ਗੁਰੂ ਦੀ ਸਿੱਖਿਆ
ਤੋਂ ਆਕੀ ਹੋ ਕੇ ਸਿਰਫ ਸਮਾਜਿਕ ਹਿੱਤ ਲਈ ਹੰਢਾਏ ਵਿਕਾਰ ਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦੇ।
ਜ਼ਿਆਦਾਤਰ ਲੋਕ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਕਮਰੇ ਤੋਂ ਬਾਹਰ ਰਹਿ ਸੋਚਦੇ ਹਨ ਕਿ ‘ਹੁਣ
ਸਾਨੂੰ ਪਰਮਾਤਮਾ ਨਹੀਂ ਦੇਖ ਰਿਹਾ’। ਇਸ ਤਰ੍ਹਾਂ ਗੁਰੂ ਤੋਂ ‘ਉਹਲੇ’ ਹੋ ਨਸ਼ੇ ਦਾ
ਸੇਵਨ ਕਰਨ ਵਾਲਿਆਂ ਦੀ ਦਸ਼ਾ ਗੁਰਬਾਣੀ ਬਿਆਨਦੀ ਹੈ
ਇਕਤੁ ਪਤਰਿ ਭਰਿ ਉਰਕਟ
ਕੁਰਕਟ ਇਕਤੁ ਪਤਰਿ ਭਰਿ ਪਾਨੀ ॥
ਆਸਿ ਪਾਸਿ ਪੰਚ ਜੋਗੀਆ ਬੈਠੇ
ਬੀਚਿ ਨਕਟ ਦੇ ਰਾਨੀ ॥੧॥
{ਪੰਨਾ 476}
ਪਰ ਅਸੀਂ ਸਮਝਣ ਲਈ ਤਿਆਰ ਨਹੀਂ, ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ। ਕਿਰਤੀ ਜੱਟ ਦੀ ਜ਼ਮੀਨ ਤਾਂ ਭਾਵੇਂ ਕਰਜ਼ੇ
ਉਤਾਰਨ ਲਈ ਵਿਕ ਗਈ ਪਰ ਸ਼ਰਾਬ ਪੀਣ ਦੀ ਆਦਤ ਨਹੀਂ ਗਈ, ਬਿਹਾਰੀ ਮਜ਼ਦੂਰਾਂ ਤੋਂ ਸ਼ੁਰੂ ਹੋਇਆ ਜ਼ਰਦਾ
ਆਦਿ ਹੁਣ ਪੰਜਾਬ ਦੇ ਜੱਟਾਂ ਦੀ ਸਿਹਤ ਵੀ ਗਾਲ ਰਿਹਾ ਹੈ, ਬੀੜੀ-ਸਿਗਰਟ ਜੱਟਾਂ ਦੇ ਮੂੰਹ ਵਿੱਚ ਵੀ
ਆਣ ਵੜੀ ਹੈ।
ਕਈ ਪਿੰਡਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ
ਠੇਕਿਆਂ ਨੂੰ ਪਿੰਡ ਦੀ ਹੱਦ ਤੋਂ ਬਾਹਰ ਕਰਵਾਉਣ ਵੱਲ ਕਦਮ ਪੁੱਟੇ ਹਨ, ਇਹ ਕਦਮ ਸ਼ਲਾਘਾਯੋਗ ਹੈ ‘ਤੇ
ਇਹਨਾਂ ਪਿੰਡਾਂ ਵਾਲੇ ਵਧਾਈ ਦੇ ਪਤਾਰ ਹਨ ਜਿੰਨ੍ਹਾਂ ਨਸ਼ੇ ਖਿਲਾਫ ਆਵਾਜ਼ ਉਠਾਈ ਹੈ। ਸਾਰੀਆਂ ਪੰਥਕ ਜਥੇਬੰਦੀਆਂ,
ਸਮਾਜ-ਸੁਧਾਰਕ ਜਥੇਬੰਧੀਆਂ, ਆਗੂਆਂ ਅਤੇ ਸਰਕਾਰ ਨੂੰ ਇਸ ਦਰਿਆ ਨੂੰ ਠੱਲ੍ਹਣ ਲਈ ਅਜੇ ਵੀ ਬਹੁਤ ਹੀ
ਸੰਜੀਦਾ ਹੋਣ ਦੀ ਜ਼ਰੂਰਤ ਹੈ। ਇਸ ਵਾਰ ਚਮਕੌਰ ਸਾਹਿਬ ਦੀ ਹੱਦ ਅੰਦਰ ਕੋਈ ਵੀ ਠੇਕਾ ਨਾ ਹੋਣ ਦਾ
ਐਲਾਨ ਹੋਇਆ ਹੈ ਜੋ ਕਿ ਚੰਗੀ ਗੱਲ ਹੈ ਪਰ ਅਜੇ ਵੀ ਵਿਕਰੀ ਬੰਦ ਨਹੀਂ ਹੋਈ। ਸਿਰਫ ਚਮਕੌਰ ਸਾਹਿਬ
ਹੀ ਨਹੀਂ ਬਾਕੀ ਪੰਜਾਬ ਵਿੱਚੋਂ ਵੀ ਇਹ ਠੇਕੇ ਬਾਹਰ ਕਰ ਦੇਣੇ ਚਾਹੀਦੇ ਹਨ। ਸਿੱਖੀ ਦੇ ਧੁਰੇ
ਅੰਮ੍ਰਿਤਸਰ ਵਿਖੇ ਠੇਕੇ, ਪਾਨ, ਜ਼ਰਦੇ, ਚੈਨੀ-ਖੈਨੀ ਆਦਿ ਦੀਆਂ ਦੁਕਾਨਾਂ ਦੀ ਗਿਣਤੀ ਦਿਨੋਂ-ਦਿਨ
ਵਧ ਰਹੀ ਹੈ।
ਹਾਲਾਤ ਐਨੇ ਨਿਘਾਰ ਵਾਲੇ ਹਨ ਕਿ ਗੁਰਮਤਿ
ਪ੍ਰਚਾਰ ਦਾ ਦਾਅਵਾ ਕਰਨ ਵਾਲੇ ਕਈ ਕੀਰਤਨੀਏ ਸਿੰਘ ਅਫੀਮ ਆਦਿਕ ਦੀ ਵਰਤੋਂ ‘ਗਲਾ ਸਾਫ’ ਰੱਖਣ ਲਈ
ਕਰਦੇ ਹਨ, ਅਖਬਾਰਾਂ ਵਿੱਚ ਸ਼ਰਾਬੀ ਹਾਲਤ ਵਿੱਚ ਫੜੇ ਗਏ ਗ੍ਰੰਥੀਆਂ ਦੀਆਂ ਖਬਰਾਂ ਨਸ਼ਰ ਹੁੰਦੀਆਂ
ਰਹਿੰਦੀਆਂ ਹਨ ਪਰ
ਸ਼੍ਰੋਮਣੀ ਕਮੇਟੀ ਕੋਈ ਸਖਤ ਕਾਰਵਾਈ ਕਰਨ ਦੀ ਬਜਾਏ ਇਹਨਾਂ ਨੂੰ ਬਰਖਾਸਤ ਕਰ ਜ਼ਿੰਮੇਵਾਰੀ ਤੋਂ ਮੁਕਤ
ਹੋ ਜਾਂਦੀ ਹੈ। ਧਰਮ-ਪ੍ਰਚਾਰ ਕਰਨ ਲਈ ਬਣੀ ਕਮੇਟੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਹੋਰ ਵੀ ਵਧੇਰੇ
ਸੰਜੀਦਗੀ ਨਾਲ ਕੰਮ ਕਰੇ ਤਾਂ ਜੋ ਸਿੱਖ ਨੌਜੁਆਨੀ ਨੂੰ ਨਸ਼ੇ ਦੀਆਂ ਤਰੰਗਾਂ ਵਿੱਚ ਗੋਤੇ ਖਾਣੋਂ
ਬਚਾਇਆ ਜਾ ਸਕੇ। ਸਾਡੇ ਸਮਾਜ ਵਿੱਚ ਡੇਰੇ ਤਾਂ ਵਧ ਰਹੇ ਹਨ ਪਰ
ਤੱਤ-ਗੁਰਮਤਿ ਦਾ ਪ੍ਰਚਾਰ ਸਿਫਰ ਵੱਲ ਜਾ ਰਿਹਾ ਹੈ। ਕੀ ਕਾਰਨ ਹੈ ਕਿ ਸੰਤਾਂ ਦੇ
ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੇ ਬਾਵਜੂਦ ਵੀ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿੱਚੋਂ
ਨਸ਼ੇ ਦਾ ਸੇਵਨ ਨਾ ਕਰਨ ਵਾਲੇ ਬਹੁਤ ਘੱਟ ਮਿਲਦੇ ਹਨ...? ਜਿੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ
ਦਾਅਵਾ ਇਹ ਬਾਬੇ ਕਰਦੇ ਹਨ ਜੇ ਇਹ ਸੱਚ ਹੁੰਦਾ ਤਾਂ ਅੱਜ ਪੰਜਾਬ ਵਿੱਚ ਨਸ਼ੇ ਦਾ ਕੋਈ ਰੂਪ ਮੁਸ਼ਕਿਲ
ਨਾਲ ਹੀ ਮਿਲਦਾ ਪਰ ਹਾਲਾਤ ਇਸ ਤੋਂ ਉਲਟ ਹਨ।
ਸਮਾਜ ਵਿੱਚ ‘ਰੋਲ ਮਾਡਲ’ ਬਣ ਚੁੱਕੇ ਕਲਾਕਾਰ, ਗਾਇਕ,
ਹੀਰੋ ਆਦਿ ਵੀ ਨਸ਼ੇ ਦਾ ਕਾਰੋਬਾਰ ਉਤਸ਼ਾਹਿਤ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ‘ਕਬੱਡੀ ਪ੍ਰਮੋਟਰ’
ਇੱਕ ਗਾਇਕ ਦੇ ਨਸ਼ਾ ਵੇਚਣ ਦੇ ਕੇਸ ਵਿੱਚ ਗ੍ਰਿਫਤਾਰੀ ਸੰਬੰਧੀ ਖਬਰ ਪੰਜਾਬੀ ਟ੍ਰਿਬਿਊਨ ਵਿੱਚ
ਪੜ੍ਹਨ ਨੂੰ ਮਿਲੀ। ਹਿੰਦੀ ਫਿਲਮਾਂ ਵਿੱਚ ਹੀਰੋ ਆਮ ਹੀ ਸਿਗਰਟਾਂ ਅਤੇ ਸ਼ਰਾਬ ਦਾ ਸੇਵਨ ਕਰਦੇ ਪਰਦੇ
‘ਤੇ ਵਿਖਾਈ ਦਿੰਦੇ ਹਨ, ਪੰਜਾਬੀ ਫਿਲਮਾਂ ਵਿੱਚ ਸ਼ਰਾਬ ਦੀ ਵਰਤੋਂ ਹੁੰਦੀ ਹੈ। ਪੰਜਾਬੀ ਗਾਇਕਾਂ ਨੇ ਤਾਂ ਸ਼ਰਾਬ ਪੀ ਜੱਟਾਂ ਨੂੰ ਲਲਕਾਰੇ ਮਾਰਦੇ, ਵਿਆਹਾਂ
ਨੂੰ ਸ਼ਰਾਬ ਤੋਂ ਬਿਨਾਂ ਅਧੂਰਾ ਆਦਿ ਦਰਸਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਧੀਆਂ-ਭੈਣਾਂ ਦੀ ਇੱਜ਼ਤ
ਦਾ ਮਜ਼ਾਕ ਉਡਾਉਣ ਅਤੇ ਜੱਟਾਂ ਨੂੰ ਸ਼ਰਾਬੀ ਦਿਖਾਉਣ ਵਿੱਚ ਪੰਜਾਬੀ ਗਾਇਕੀ ਦਾ ਬਹੁਤ ਵੱਡਾ ਰੋਲ ਹੈ।
ਨਸ਼ੇ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ, ਫਿਲਮਾਂ ਆਦਿ ‘ਤੇ ਮੁਕੰਮਲ ਰੋਕ ਲਗਾ ਕੇ
ਸਰਕਾਰ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵੱਲ ਇੱਕ ਕਦਮ ਵਧਾ ਸਕਦੀ ਹੈ। ਨਵੀਂ ਬਣੀ ਪੰਜਾਬ ਸਰਕਾਰ ਜੋ
ਕਿ ‘ਪੰਜਾਬ ਦੇ ਵਿਕਾਸ’ ਦੇ ਕਾਰਨ ਦੁਬਾਰਾ ਸੱਤਾ ਵਿੱਚ ਆਈ ਹੈ, ਵੱਲੋਂ ਜਿਹੜੇ ਨਸ਼ੇ ‘ਤੇ ਪਾਬੰਦੀ
ਅਤੇ ‘ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ’ ਦੇ ਬਿਆਨ ਸੁਣੇ ਹਨ ਜੇਕਰ ਸੱਚ ਹੋ ਜਾਣ ਤਾਂ ਪੰਜਾਬ ਦੀ
ਹਾਲਤ ਸੁਧਰ ਸਕਦੀ ਹੈ। ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ...? ਇਹ ਤਾਂ ਫਿਰ ਵੀ ਸਮਾਜ-ਮਾਰੂ
ਨਸ਼ਿਆਂ ‘ਤੇ ਪਾਬੰਦੀ ਲਗਾਉਣ ਦੀ ਗੱਲ ਹੈ, ਜੇਕਰ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਨੂੰ ਬੰਦ ਕਰਨ ਵੱਲ
ਸੰਜੀਦਗੀ ਨਾਲ ਕਦਮ ਵਧਾਉਂਦੀ ਹੈ ਤਾਂ ਪ੍ਰਸ਼ੰਸ਼ਾ ਦੀ ਪਤਾਰ ਹੋਵੇਗੀ। ਇਸ ਤੋਂ ਇਲਾਵਾ ਨਸ਼ੇ ਦੀ
ਵਿਕਰੀ ਰੋਕਣ ਲਈ
·
ਨਸ਼ੀਲੇ
ਪਦਾਰਥਾਂ ਦੀ ਕੀਮਤ ਨੂੰ ਵਧਾ ਦੇਣਾ ਚਾਹੀਦਾ ਹੈ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੀ
ਕੀਮਤ ਘੱਟ ਕਰਨੀ ਚਾਹੀਦੀ ਹੈ। ਪੈਟਰੋਲ-ਡੀਜ਼ਲ, ਗੈਸ ਆਦਿ ਦੀ ਜਗ੍ਹਾ ਸ਼ਰਾਬ ਵਰਗੇ ਨਸ਼ੀਲੇ ਪਦਾਰਥਾਂ
ਦੀ ਕੀਮਤ ਵਧਾ ਕੇ ਨਸ਼ੇ ਦੀ ਵਿਕਰੀ ਨੂੰ ਘਟਾਇਆ ਅਤੇ ਆਮ ਆਦਮੀ ਨੂੰ ਰਾਹਤ ਪਹੁੰਚਾਈ ਜਾ ਸਕਦੀ ਹੈ।
·
ਸਾਰੀਆਂ
ਸਮਾਜ-ਸੇਵੀ ਅਤੇ ਧਾਰਮਿਕ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਰੈਲੀਆਂ ਜਾਂ ਸਮਾਗਮ ਨਸ਼ਿਆਂ ਪ੍ਰਤੀ
ਸਮਾਜ ਨੂੰ ਜਾਗਰੂਕ ਕਰਨ ਲਈ ਕਰਨੇ ਚਾਹੀਦੇ ਹਨ।
·
ਗੁਰਮਤਿ
ਦੇ ਪ੍ਰਚਾਰ ਨਾਲ ਲੋਕਾਂ ਨੂੰ ਨਸ਼ੇ ਦੇ ਨੁਕਸਾਨ ਅਤੇ ਨਸ਼ਾ-ਮੁਕਤ ਜੀਵਨ ਦੇ ਲਾਭ ਦੱਸ ਕੇ ਨਸ਼ਾ-ਮੁਕਤੀ
ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।
·
ਚੋਣਾਂ ਦੇ
ਸਮੇਂ ਉਮੀਦਵਾਰਾਂ ਅਤੇ ਪਾਰਟੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਨਸ਼ੇ ਵੰਡਣ ‘ਤੇ ਸਖਤ ਕਾਨੂੰਨ
ਬਣਾ ਕੇ ਰੋਕ ਲਗਾਉਣੀ ਚਾਹੀਦੀ ਹੈ।
·
ਚੋਣਾਂ
ਸਮੇਂ ਨਸ਼ੇ ਵੰਡਣ ਦੇ ਦੋਸ਼ੀ ਪਾਏ ਗਏ ਉਮੀਦਵਾਰਾਂ ਜਾਂ ਹੋਰ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ
ਚਾਹੀਦੀ ਹੈ ਜਿਸ ਅਧੀਨ ਸਾਰੀ ਉਮਰ ਚੋਣ ਲੜਨ ‘ਤੇ ਰੋਕ ਵੀ ਲਗਾਈ ਜਾਣੀ ਚਾਹੀਦੀ ਹੈ।
·
ਵਿਦਿਅਕ
ਅਦਾਰਿਆਂ ਤੋਂ ਘੱਟੋ-ਘੱਟ 5 ਕਿ.ਮੀ. ਦੇ ਖੇਤਰ ਵਿੱਚ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਿਕਰੀ ‘ਤੇ
ਪਾਬੰਦੀ ਹੋਣੀ ਚਾਹੀਦੀ ਹੈ।
·
ਨਸ਼ੇ ਦਾ
ਸੇਵਨ ਨਾ ਕਰਨ ਵਾਲੇ ਨੌਜੁਆਨਾਂ ਨੂੰ ਖਾਸ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ
ਉਹਨਾਂ ਨੂੰ ਇਸ ਪਾਸੇ ਵਧੇਰੇ ਉਤਸ਼ਾਹ ਮਿਲੇ ਅਤੇ ਬਾਕੀ ਲੋਕ ਵੀ ਨਸ਼ਾ-ਮੁਕਤ ਜੀਵਨ ਪ੍ਰਤੀ ਉਤਸ਼ਾਹਿਤ
ਹੋਣ।
·
ਅੱਜ ਦੇ
ਸਮੇਂ ਵੱਧ ਪੈਸੇ ਕਮਾਉਣ ਦੇ ਲਾਲਚ ਵੱਸ ਮੈਡੀਕਲ ਸਟੋਰ ਨਸ਼ੀਲੇ ਪਦਾਰਥ ਵੇਚਣ ਦਾ ਅੱਡਾ ਬਣ ਚੁੱਕੇ
ਹਨ ਇਸ ਲਈ ਨਸ਼ੇ ਵੇਚਣ ਵਾਲੇ ਦਵਾਈ ਵਿਕਰੇਤਾਵਾਂ ਅਤੇ ਮੈਡੀਕਲ ਸਟੋਰਾਂ ‘ਤੇ ਸਮੇਂ-ਸਮੇਂ ਛਾਪੇ
ਮਾਰੇ ਜਾਣੇ ਚਾਹੀਦੇ ਹਨ ਤਾਂ ਜੋ ਨਸ਼ੀਲੇ ਪਦਾਰਥਾਂ ਦੀ ਵਿਕਰੀ ਨੂੰ ਠੱਲ ਪਾਈ ਜਾ ਸਕੇ।
·
ਦਰਦ-ਨਿਵਾਰਕਾਂ
ਦੇ ਰੂਪ ਵਿੱਚ ਵੇਚੇ ਜਾਂਦੇ ਨਸ਼ੇ ‘ਤੇ ਵੀ ਰੋਕ ਲਗਾਈ ਜਾਣੀ ਚਾਹੀਦੀ ਹੈ।
·
ਨਸ਼ੇ ਦਾ
ਵਿਰੋਧ ਕਰ ਰਹੇ ਲੋਕਾਂ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਣਾ ਚਾਹੀਦਾ ਹੈ।
ਉਪਰੋਕਤ ਤੋਂ ਇਲਾਵਾ ਹੋਰ ਵੀ ਸਭ ਜ਼ਰੂਰੀ ਕਦਮ ਉਠਾ ਕੇ ਨਸ਼ੇ ਦੇ ਵਧ ਰਹੇ ਰੁਝਾਨ ਨੂੰ
ਠੱਲਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਗੁਰਮਤਿ ਦਾ ਪ੍ਰਚਾਰ ਕਰ ਲੋਕਾਂ ਨੂੰ ਉੱਚ-ਪੱਧਰ ਦੇ ਜੀਵਨ
ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਇਸ ਨਸ਼ੀਆਂ ਦੇ ਦਰਿਆ
ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਇਸ ਲਈ ਹਰ ਇੱਕ ਸਮਾਜ-ਸੇਵੀ ਆਪਣੇ ਫਰਜਾਂ ਨੂੰ ਪੂਰੀ ਤਨਦੇਹੀ ਨਾਲ
ਨਿਭਾਵੇ ਅਤੇ ਸਰਕਾਰਾਂ ਵੀ ਆਪਣੇ ਸਮਾਜ ਪ੍ਰਤੀ ਫਰਜਾਂ ਨੂੰ ਪਹਿਚਾਨਣ ਤਾਂ ਜੋ ‘ਨਸ਼ਾ-ਮੁਕਤ’ ਸਮਾਜ
ਦੀ ਸਿਰਜਣਾ ਦੀ ਕਲਪਨਾ ਨੂੰ ਅਸਲੀਅਤ ਦਾ ਰੂਪ ਪਹਿਨਾਇਆ ਜਾ ਸਕੇ।
ਮਿਤੀ: 28/04/2012