ਸਤਿੰਦਰਜੀਤ ਸਿੰਘ
ਭੁੱਲ ਤਾਂ ਬੰਦਾ ਖੁਦ ਹੀ ਜਾਂਦਾ,
ਭੁੱਲਣ ਵਾਲੀ ਗੱਲ ਨੂੰ,
ਪਰ ਭੁੱਲਣਾ ਸੌਖਾ
ਨਹੀਂ ਹੁੰਦਾ,
’84 ਵਰਗੇ ਸੱਲ ਨੂੰ...
ਚੀਸ ਉਹਨਾਂ ਜ਼ਖਮਾਂ ਦੀ ਭੁੱਲ ਜਾਂਦੀ ਆ ਜਿਹੜੇ ਭਰ ਜਾਣ, ਜਿੰਨ੍ਹਾਂ ਦਾ ਨਿਸ਼ਾਨ ਮਿਟ
ਜਾਵੇ ਪਰ ਜਿਹੜੇ ਜ਼ਖਮ ਅਜੇ ਅੱਲੇ ਹੋਣ, ਰਿਸਦੇ ਹੋਣ ਅਤੇ ਹਰ ਸਾਲ ਉਚੜਨ
ਉਹਨਾਂ ਦੀ ਚੀਸ ਕਿਵੇਂ ਜਾ ਸਕਦੀ ਆ...? ‘ਤੇ ਜਦੋਂ ਚੀਸ ਹੀ ਪੈਣੋਂ ਨਹੀਂ ਹਟੀ ਤਾਂ
ਉਹਨਾਂ ਨੂੰ ਕੋਈ ਕਿਵੇਂ ਭੁੱਲ ਸਕਦਾ...? ਜ਼ਖਮਾਂ ਦੀ ਤਾਬ ਝੱਲਕੇ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਹੇ
ਇਨਸਾਨ ਨੂੰ ਕੋਈ ‘ਭੁੱਲ’ ਜਾਣ ਦੀ ਸਲਾਹ ਦੇਵੇ ਤਾਂ ਉਹ ਬੇਵਕੂਫ ਹੀ ਹੋਵੇਗਾ...! ਕਹਿੰਦੇ ਨੇ ਕਿ
‘ਦੁੱਖ ਵੰਡਾਉਣ ਨਾਲ ਘਟ ਜਾਂਦਾ’ ਪਰ ਜਿੰਨ੍ਹਾਂ ਦੀ ਜ਼ਿੰਮੇਵਾਰੀ ਦੁੱਖ ਵੰਡਾਉਣ ਦੀ ਸੀ ਉਹ ਤਾਂ
ਖੁਦ ਹੀ ਰਿਸਦੇ ਜ਼ਖਮਾਂ ‘ਤੇ ਮੱਲ੍ਹਮ ਦੀ ਬਜਾਏ ਲੂਣ ਛਿੜਕ ਰਹੇ ਨੇ। ਚੰਦਰੇ ਗੁਆਂਡ ਵਿੱਚ ਰਹਿਣਾ
ਬਹੁਤ ਮੁਸ਼ਕਿਲ ਹੁੰਦਾ, ਬੱਸ ਇਹੀ ਕੁਝ ਸਿੱਖ ਕੌਮ ਨਾਲ ਹੋ ਰਿਹਾ। ਜਦੋਂ ਵੀ ਸਿੱਖ ਕੌਮ ‘ਤੇ
ਮੁਸੀਬਤ ਦ ਸਮਾਂ ਆਇਆ ਤਾਂ ਗੁਆਂਢੀ ਹਿੰਦੂਵਾਦ ਦੇ ਮੁਦਈ ਨਿਕਲੇ ‘ਤੇ ਉਹਨਾਂ ਸ਼ਰਮ ਦੀ ਲੋਈ ਲਾਹ
ਸਿੱਖਾਂ ‘ਤੇ ਵਾਰ ਕੀਤੇ। 1980 ਦੇ ਦਹਾਕੇ ਵਿੱਚ ਸਿੱਖ ਕੌਮ ਆਜ਼ਾਦ ਭਾਰਤ ਤੋਂ ਪੰਜਾਬ ਵਿਚ ਰਹਿੰਦੇ ਲੋਕਾਂ ਲਈ (ਜਿਸ ਵਿਚ
ਹਿੰਦੂ ਤੇ ਸਿਖ ਦੋਵੇਂ ਸ਼ਾਮਿਲ ਸਨ ) ਹੱਕ ਮੰਗ ਰਹੀ ਸੀ, ‘ਤੇ ਇਸ ਮੰਗ ਨੂੰ ਉਚਾਣ ਤੱਕ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਪਹੁੰਚਾਇਆ
‘ਤੇ ਉਹੀ ਅਣਖੀ ਸੂਰਮਾ ਭਾਰਤੀ ਤੰਤਰ ਨੂੰ ‘ਖਤਰਨਾਕ’ ਦਿਸਣ ਲੱਗ ਪਿਆ ‘ਤੇ ਸਾਰੀ ਕੌਮ ‘ਅੱਤਵਾਦੀ’।
ਕੀ ਕਿਸੇ ਦਾ ਹੱਕ ਖੋਹਣਾ ਅੱਤਵਾਦ ਨਹੀਂ...? ਜੇ ਨਹੀਂ ਤਾਂ ਫਿਰ ਕਿਉਂ ਆਜ਼ਾਦੀ ਲਈ ਤੜਫ ਰਿਹਾ ਸੀ ਇਹ ਗੁਲਾਮ ਭਾਰਤ...?
ਅੰਗਰੇਜਾਂ ਨੇ ਵੀ ਤਾਂ ਹੱਕ ਹੀ ਖੋਹੇ ਸਨ ਪਰ ਭਾਰਤ ਨੇ ਹਿੰਦੂਵਾਦ ਤੋਂ ਬਿਨਾਂ ਬਾਕੀ ਸਭ ਪੱਲੇ
ਕੁਝ ਵੀ ਨਹੀਂ ਛੱਡਿਆ। 1984 ਦੇ ਜੂਨ ਨੂੰ ਭਾਰਤੀ ਤੰਤਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ ਬਹਾਨਾ ‘ਅੱਤਵਾਦੀਆਂ’
ਨੂੰ ਫੜ੍ਹਨ ਦਾ ਬਣਾਇਆ ਗਿਆ। ਹਮਲੇ ਸਮੇਂ ਭਾਰਤੀ ਫੌਜਾਂ ਨੇ ਜੋ ਗੁੰਡਾਗਰਦੀ ਦਾ ਨਾਚ ਕੀਤਾ, ਬੇਦੋਸ਼ੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਸੰਗਤਾਂ ਨੂੰ ਨੁੱਕਰਾਂ ਵਿਚ ਇਕੱਠੇ ਕਰ ਕੇ
ਗੋਲੀਆਂ ਮਾਰੀਆਂ, ਇੱਥੋਂ
ਤੱਕ ਕੇ ਔਰਤਾਂ ਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ.. ਦੁੱਧ ਚੁੰਘਦੇ ਬੱਚਿਆਂ ਨੂੰ ਬੇਰਹਿਮੀ
ਨਾਲ ਕਤਲ ਕਰਨਾ ਕਿੱਧਰ ਦੀ ਬਹਾਦਰੀ ਹੈ...? ਪਿੰਡਾਂ ਵਿੱਚੋਂ ਜੋ ਲੋਕ ਇਸ ਅਟੈਕ ਦਾ ਵਿਰੋਧ
ਕਰਨ ਲਈ ਨਿਕਲੇ, ਉਹਨਾਂ ਤੇ ਉੱਪਰ ਵੀ ਗੋਲੀਆਂ, ਡਾਂਗਾ ਦਾ ਮੀਂਹ ਵਰ੍ਹਾਇਆ।
1984 ਵਿੱਚ ਜੇ ਜਰਨੈਲ ਸਿੰਘ ‘ਤੇ ਉਹਨਾਂ ਦੇ ਸਾਥੀ ਅੱਤਵਾਦੀ ਸਨ ਤਾਂ
ਫਿਰ ਅੱਜ ਬਿਹਾਰ, ਝਾਰਖੰਡ, ਅਸਾਮ, ਜੰਮੂ-ਕਸ਼ਮੀਰ ਵਿੱਚ ਕੀ ਹੋ ਰਿਹਾ ਹੈ? ਉੱਥੇ ਟੈਂਕਾਂ-ਤੋਪਾਂ
ਨਾਲ ਸਾਰੀ ਭਾਰਤੀ ਸ਼ਕਤੀ ਕਿਉਂ ਨਹੀਂ ਝੋਕੀ ਜਾਂਦੀ ਅੱਤਵਾਦੀਆਂ ਨੂੰ ਫੜ੍ਹਨ ‘ਤੇ ਮਾਰਨ ਲਈ...? ਸਿੱਖ
ਤਾਂ ਖੇਤ ਪੱਠਿਆਂ ਦੀ ਭਰੀ ਬਣਾਉਂਦਾ ਵੀ ‘ਮੁਕਾਬਲੇ’ ਦਾ ਸ਼ਿਕਾਰ ਹੋ ਗਿਆ, ਕਿਉਂ...?
ਭਾਰਤ ਉਹ ਦੇਸ਼ ਹੈ ਜਿੱਥੇ ਸੱਚ ਬੋਲਣ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ
‘ਤੇ ਉਹ ਵੀ ਇਕਦਮ ਨਹੀਂ ਤਸ਼ੱਦਦ ਰਾਹੀਂ। ਭਾਰਤ ਦੇ ਨੇਤਾਵਾਂ ਜਿੰਨ੍ਹਾਂ ਦੀ ਜ਼ਿੰਮੇਵਾਰੀ ਦੇਸ਼ ਨੂੰ
ਉੱਨਤੀ ਦੀ ਉਚਾਈ ‘ਤੇ ਲਿਜਾਣਾ ਸੀ, ਉਹ ਨੇਤਾ ਹੀ ਲੋਕਾਂ ਦੀ ਕਿਰਤ
ਦੇ ਕਰੋੜਾਂ ਰੁਪਏ ਹੜੱਪ ਕਰ ਗਏ। ਭਾਰਤ ਦੇ ਆਮ ਲੋਕ ਗਰੀਬੀ ਨਾਲ ਲੜ ਰਹੇ ਆ ‘ਤੇ ਇਹਨਾਂ ਨੇਤਾਵਾਂ
ਨੇ ਵਿਦੇਸ਼ੀ ਬੈਂਕਾਂ ਨੋਟਾਂ ਨਾਲ ਭਰ ਦਿੱਤੀਆਂ। ਐਨੇ ਘਪਲੇ ਕੀਤੇ ਕਿ ਗਿਣਤੀ ਕਰਨੀ
ਮੁਸ਼ਕਿਲ ਹੈ, ਇੱਥੋਂ ਤੱਕ ਕਿ ਦੇਸ਼ ਦੀ ਰਾਖੀ ਲਈ ਜੰਗ ਵਿੱਚ ਸ਼ਹੀਦ
ਹੋਏ ਫੌਜੀ ਜਵਨਾਂ ਦੇ ਕਫਨਾਂ ਵਿੱਚੋਂ ਵੀ ਪੈਸੇ ਹੜੱਪ ਕੀਤੇ, ਕੀ ਇਹ ਅੱਵਾਦ ਨਹੀਂ...? ‘ਭਾਰਤ
ਇੱਕ ਅਖੌਤੀ ਲੋਕਤੰਤਰਿਕ ਦੇਸ਼ ਹੈ’ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਕਿਸੇ ਸਮੇਂ ‘ਸਾਰੇ ਜਹਾਂ ਸੇ
ਅੱਛਾ ਹਿੰਦੁਸਤਾਨ ਹਮਾਰਾ’ ਕਹਿਣ ਵਾਲੇ ਸਰ ਇਕਬਾਲ ਨੂੰ ਵੀ ‘ਅਬ ਤੋ
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ’ ਕਹਿਣਾ ਪਿਆ, ਇਹ ਮਜ਼ਬੂਰੀ ਸੀ ਇੱਕ ਭਾਰਤ
ਨੂੰ ਪਿਆਰ ਕਰਨ ਵਾਲੇ ਇਨਸਾਨ ਦੀ ਜਿਸਨੂੰ ਸ਼ਾਇਦ ਭਾਰਤ ਵੀ ਚਾਹੁੰਦਾ ਸੀ ਪਰ ਸਿੱਖ ਜਿਸਨੂੰ ਕਦੇ
ਆਜ਼ਾਦੀ ਤੋਂ ਬਾਅਦ ਭਾਰਤ ਨੇ ਚਾਹਿਆ ਹੀ ਨਹੀਂ, ਉਹ ਕਿਵੇਂ ਮਹਿਸੂਸ ਕਰਦਾ ਹੋਵੇਗ ਇਸ ਨਕਾਬਪੋਸ਼ਾਂ
ਦੇ ਦੇਸ਼ ਵਿੱਚ...? ਇਸ ਪੀੜ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਪਰ ਬਾਵਜੂਦ ਇਸ ਸਭ ਦੇ ਇਹ ਦੇਸ਼
ਚਲਾਉਣ ਵਾਲੇ ‘ਭੁੱਲ ਜਾਉ’ ਕਹਿ ਕੇ ਚਿੜਾ ਰਹੇ ਨੇ, ਜ਼ਖਮਾਂ ‘ਤੇ ਖਰੀਂਡ ਤੱਕ ਨਹੀਂ ਆਉਣ ਦਿੱਤਾ ਜਾ
ਰਿਹਾ। ਹੁਣ ਸਾਲਾਂ ਬਾਅਦ ਜੇ ਸਿੱਖਾਂ ਨੇ ਆਪਣੇ ਸ਼ਹੀਦਾਂ ਦੀ ਯਾਦਗਾਰ ਨੂੰ ਆਪਣੇ ‘ਘਰੇ’ ਬਣਾਉਣ ਦਾ
ਨਿਰਣਾ ਲਿਆ ਹੈ ਤਾਂ ਹਿੰਦੂਵਾਦੀ ਤਾਕਤਾਂ ਫਿਰ ਕੁਰਲਾ ਉੱਠੀਆਂ। ਸਿੱਖ
ਕੌਮ ਇਹਨਾਂ ਸ਼ਹਾਦਤਾਂ ਦੇ ਇਤਿਹਾਸ ਨੂੰ ਸੰਭਾਲਣ ਦੇ ਯਤਨ ਕਰ ਰਹੀ ਹੈ ਤਾਂ ਜੋ ਆਉਣ ਵਾਲੀਆਂ
ਪੀੜ੍ਹੀਆਂ ‘ਬੀਤੇ ਦੀ ਅਸਲੀਅਤ’ ਦਾ ਚਿਹਰਾ ਦੇਖ ਸਕਣ ਪਰ ਦੂਜਿਆਂ
ਦੇ ‘ਘਰਾਂ’ ਵਿੱਚ ਬੰਬ ਰੱਖਣ ਵਾਲੇ ਅਤੇ ਜੱਲਾਦ ਬਣਨ ਲਈ ਕਾਹਲੇ ਸ਼ਹਾਦਤ ਵਰਗੇ ਸ਼ਬਦਾਂ ਦੀ ਗਰਮਾਹਟ
ਮਹਿਸੂਸ ਨਹੀਂ ਕਰ ਸਕਦੇ।
ਸਿੱਖਾਂ ਦਾ ਯੋਗਦਾਨ ਇਸ ਦੇਸ਼ ਦੀ ਅਮੀਰੀ ਪਿੱਛੇ ਖੜ੍ਹਾ ਹੈ ਪਰ ਦਿਨੋ-ਦਿਨ ਸਿੱਖ
ਕੌਮ ਨੂੰ ਖਤਮ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ, ਬਹੁਤ ਹੀ ਸੂਖਮ ਤਰੀਕੇ ਨਾਲ। ਗੁਰੂਆਂ ਦੀ
ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ ਨਸ਼ਿਆ ਵਿੱਚ ਰੁੜ੍ਹ ਗਈ ਹੈ, ਕੋਈ ਚੱਜ਼ ਦੀ ਇੰਡਸਟਰੀ ਨਹੀਂ ਆਈ
ਪੰਜਾਬ ਹਾਂ ਨਸ਼ਿਆਂ ਦੀ ਖੇਪ ਨਿੱਤ ਆ ਜਾਂਦੀ ਆ ਹੱਦ ਟੱਪ ਕੇ। ਸਿੱਖਿਆ ਪੱਖੋਂ ਦਿਨੋ-ਦਿਨ ਗਰਕਦਾ
ਜਾ ਰਿਹਾ ਪੰਜਾਬ, ਵਿੱਦਿਅਕ ਢਾਂਚਾ ਐਨਾ ਖਸਤਾ ਹੋ ਗਿਆ ਕਿ ‘ਮੁੜ ਪੈਰਾਂ ਸਿਰ ਹੋਵੇਗਾ ਕਦੇ’
ਸੋਚਣਾ ਹੀ ਬੇਕਾਰ ਲਗਦਾ ਹੈ। ਦੇਸ਼ ਉੱਨਤੀ ਕਰ ਰਿਹਾ ਪਰ ਇਸ ਨਾਲੋਂ ਜ਼ਿਆਦਾ ਉੱਨਤੀ ਕਰ ਰਹੇ ਨੇ
ਇੱਥੋਂ ਦੇ ਨੇਤਾ ਜਿੰਨ੍ਹਾਂ ਦੀ ਸੋਚ ਅਜੇ ਵੀ ਹਿੰਦੂਵਾਦ ਦੀ ਜਕੜ ਵਿੱਚ ਹੈ ਅਤੇ ਇਹਨਾਂ ਦੀ ਸੋਚ
ਹੇਠ ਦਫਨ ਹੋ ਰਹੀ ਹੈ ਸਿੱਖ ਕੌਮ। ‘ਧਰਮ-ਨਿਰਪੱਖਤਾ’ ਵਰਗੇ ਸ਼ਬਦ ਦੀ ਅਰਥੀ ‘ਸਿੱਖਾਂ ਨੂੰ ਹਿੰਦੂ’ ਦਰਸਾ ਕੇ ਕੱਢ ਦਿੱਤੀ ਸੀ,
ਜਿਸਨੂੰ ਅਜੇ ਤੱਕ ਅਸੀਂ ਮੋਢੇ ‘ਤੇ ਢੋਅ ਰਹੇ ਹਾਂ। ਇਸ ਦੇਸ਼ ਦੀ ਆਜ਼ਾਦ ਅਤੇ ਵਿਕਾਸਮਈ ਹੋਂਦ ਪਿੱਛੇ
ਸਿੱਖ ਕੌਮ ਦੀ ਮੁਸ਼ੱਕਤ ਅਤੇ ਕੁਰਬਾਨੀਆਂ ਤੋਂ ਮੁਨਕਰ ਹੋਣਾ ਅਕ੍ਰਿਤਘਣਤਾ ਹੈ ਪਰ ਅਫਸੋਸ! ਕਿ
ਸਿੱਖਾਂ ਨੂੰ ਆਪਣੇ ਹੱਕਾਂ ਲਈ ਇਸੇ ਹੀ ਦੇਸ਼ ਵਿੱਚ ਅੰਦੋਲਨ ਕਰਨੇ ਪਏ, ਜੇਲ੍ਹਾਂ ਕੱਟਣੀਆਂ ਪਈਆਂ
ਅਤੇ ਇੱਥੋਂ ਤੱਕ ਕਿ ਜਾਨਾਂ ਵੀ ਦੇਣੀਆਂ ਪਈਆਂ। ਸਿੱਖ ਕੌਮ ਨੂੰ ਜਿੱਥੇ ‘ਭਾਰਤ’ ਨਾਲ ਇਹ ਗਿਲਾ ਹੈ
ਉੱਥੇ ਮਾਣ ਵੀ ਹੈ ਕਿ ਭਾਰਤ ਦੀ ਹਿੱਕ ‘ਤੇ ਸ਼ਹਾਦਤਾਂ ਦਾ ਖਾਕਾ ਸਾਡੀ ਕੌਮ ਨੇ ਖਿੱਚਿਆ ਹੈ। ਇਸੇ
ਖਾਕੇ ਨੂੰ ਵਧੇਰੇ ਗੂੜ੍ਹਾ ਕਰਨ ਵਾਲੇ, ਜੂਨ 1984 ਵਿੱਚ ਦਰਬਾਰ ਸਾਹਿਬ ਸਮੂਹ ਅੰਦਰ ਬਿਮਾਰ
ਮਾਨਸਿਕਤਾ ਹੱਥੋਂ ਸ਼ਹੀਦ (ਕਤਲ) ਹੋਏ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਹੈ।