ਸਤਿੰਦਰਜੀਤ ਸਿੰਘ
ਆਸਾ ਮਹਲਾ ੫ ॥
ਜਾ ਤੂੰ ਸਾਹਿਬੁ ਤਾ ਭਉ
ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥
ਏਕੁ ਤੂੰ ਤਾ ਸਭੁ ਕਿਛੁ ਹੈ
ਮੈ ਤੁਧੁ ਬਿਨੁ ਦੂਜਾ ਨਾਹੀ ॥੧॥
ਬਾਬਾ ਬਿਖੁ ਦੇਖਿਆ ਸੰਸਾਰੁ
॥ ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥
ਜਾਣਹਿ ਬਿਰਥਾ ਸਭਾ ਮਨ ਕੀ ਹੋਰੁ
ਕਿਸੁ ਪਹਿ ਆਖਿ ਸੁਣਾਈਐ ॥
ਵਿਣੁ ਨਾਵੈ ਸਭੁ ਜਗੁ
ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥
ਕਿਆ ਕਹੀਐ ਕਿਸੁ ਆਖਿ
ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥
ਸਭੁ ਕਿਛੁ ਕੀਤਾ ਤੇਰਾ ਵਰਤੈ
ਸਦਾ ਸਦਾ ਤੇਰੀ ਆਸ ॥੩॥
ਜੇ ਦੇਹਿ ਵਡਿਆਈ ਤਾ ਤੇਰੀ
ਵਡਿਆਈ ਇਤ ਉਤ ਤੁਝਹਿ ਧਿਆਉ ॥
ਨਾਨਕ ਕੇ ਪ੍ਰਭ ਸਦਾ
ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥ {ਪੰਨਾ 382}
ਪਦਅਰਥ:- ਸਾਹਿਬੁ-ਮਾਲਕ । ਸਾਲਾਹੀ-ਮੈਂ ਸ਼ਲਾਘਾ ਕਰਾਂ
। ਸਭੁ ਕਿਛੁ-ਹਰੇਕ (ਲੋੜੀਂਦੀ) ਚੀਜ਼ ।1।
ਬਾਬਾ-ਹੇ ਪ੍ਰਭੂ! ਬਿਖੁ-ਜ਼ਹਰ । ਸੰਸਾਰੁ-ਜਗਤ (ਦਾ ਮੋਹ)
। ਗੁਸਾਈ ਮੇਰੇ-ਹੇ ਮੇਰੇ ਮਾਲਕ! ਆਧਾਰੁ-ਆਸਰਾ ।1।ਰਹਾਉ।
ਜਾਣਹਿ-ਤੂੰ ਜਾਣਦਾ ਹੈਂ । ਬਿਰਥਾ- {Òਯਥਾ} ਪੀੜਾ । ਸਭਾ-ਸਾਰੀ । ਪਹਿ-ਪਾਸ, ਕੋਲ
। ਬਉਰਾਇਆ-ਝੱਲਾ ਹੋਇਆ ।2।
ਕਿਹਾ ਕਹੀਐ-ਕੁਝ ਨਹੀਂ ਕਹਿਣਾ ਚਾਹੀਦਾ । ਜਿ-ਜੋ ਕੁਝ ।
ਵਰਤੈ-ਵਰਤ ਰਿਹਾ ਹੈ, ਹੋ ਰਿਹਾ ਹੈ ।3।
ਇਤ ਉਤ-ਲੋਕ ਪਰਲੋਕ ਵਿਚ । ਤੁਝਹਿ-ਤੈਨੂੰ ਹੀ ।
ਤਾਣੁ-ਬਲ, ਸਹਾਰਾ।4।
ਅਰਥ:- ਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ
(ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । ਹੇ ਮੇਰੇ ਖਸਮ-ਪ੍ਰਭੂ! (ਇਸ ਜ਼ਹਰ
ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ
।1।ਰਹਾਉ।
ਹੇ ਪ੍ਰਭੂ! ਜੇ ਤੂੰ ਮਾਲਕ (ਮੇਰੇ ਸਿਰ ਉਤੇ ਹੱਥ ਰੱਖੀ
ਰੱਖੇਂ, ਤਾਂ ਮੈਨੂੰ ਮਾਇਆ-ਜ਼ਹਰ ਤੋਂ) ਕੋਈ ਡਰ-ਖ਼ਤਰਾ
ਨਹੀਂ ਹੋ ਸਕਦਾ, ਮੈਂ ਤੈਥੋਂ ਬਿਨਾ ਕਿਸੇ ਹੋਰ ਦੀ ਸ਼ਲਾਘਾ ਨਹੀਂ
ਕਰਦਾ (ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਮਾਇਆ-ਜ਼ਹਰ ਤੋਂ ਬਚਾਣ ਦੇ ਸਮਰਥ ਨਹੀਂ ਸਮਝਦਾ) । ਹੇ
ਪ੍ਰਭੂ! ਜੇ ਇਕ ਤੂੰ ਹੀ ਮੇਰੇ ਵੱਲ ਰਹੇਂ ਤਾਂ ਹਰੇਕ ਲੋੜੀਂਦੀ ਸ਼ੈ ਮੇਰੇ ਪਾਸ ਹੈ, ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਈ ਨਹੀਂ ਹੈ
।1।
ਹੇ ਪ੍ਰਭੂ! ਤੂੰ ਹੀ (ਹਰੇਕ ਜੀਵ ਦੇ) ਮਨ ਦੀ ਸਾਰੀ
ਪੀੜਾ ਜਾਣਦਾ ਹੈਂ, ਤੈਥੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ ਦਾ
ਦੁੱਖ-ਦਰਦ ਦੱਸਣਾ ਵਿਅਰਥ ਹੈ । (ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ
ਹੋਇਆ ਫਿਰਦਾ ਹੈ । ਜੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਕ ਆਨੰਦ ਮਾਣੀਦਾ ਹੈ ।2।
(ਹੇ
ਭਾਈ! ਆਪਣੇ ਮਨ ਦਾ ਦੁੱਖ-ਦਰਦ) ਜੋ ਕੁਝ ਭੀ ਆਖਣਾ ਹੋਵੇ ਪਰਮਾਤਮਾ ਦੇ ਕੋਲ ਹੀ ਆਖਣਾ ਚਾਹੀਦਾ ਹੈ, ਉਸ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਨਹੀਂ
ਕਹਿਣਾ ਚਾਹੀਦਾ (ਕਿਉਂਕਿ ਪਰਮਾਤਮਾ ਹੀ ਸਾਡੇ ਦੁੱਖ ਦੂਰ ਕਰਨ ਜੋਗਾ ਹੈ) ।
ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਕੁਝ
ਤੇਰਾ ਕੀਤਾ ਹੀ ਹੋ ਰਿਹਾ ਹੈ । ਅਸਾਨੂੰ ਜੀਵਾਂ ਨੂੰ ਸਦਾ ਤੇਰੀ ਸਹਾਇਤਾ ਦੀ ਹੀ ਆਸ ਹੋ ਸਕਦੀ ਹੈ
।3।
ਹੇ ਪ੍ਰਭੂ! ਜੇ ਤੂੰ ਮੈਨੂੰ ਕੋਈ ਮਾਣ-ਵਡਿਆਈ ਬਖ਼ਸ਼ਦਾ
ਹੈਂ ਤਾਂ ਇਸ ਨਾਲ ਭੀ ਤੇਰੀ ਹੀ ਸੋਭਾ ਖਿਲਰਦੀ ਹੈ ਕਿਉਂਕਿ ਮੈਂ ਤਾਂ ਇਸ ਲੋਕ ਤੇ ਪਰਲੋਕ ਵਿਚ ਸਦਾ
ਹੀ ਤੇਰਾ ਹੀ ਧਿਆਨ ਧਰਦਾ ਹਾਂ । ਹੇ ਨਾਨਕ ਦੇ ਪ੍ਰਭੂ! ਹੇ ਸਦਾ ਸੁਖ ਦੇਣ ਵਾਲੇ ਪ੍ਰਭੂ! ਤੇਰਾ
ਨਾਮ ਹੀ ਮੇਰੇ ਵਾਸਤੇ ਸਹਾਰਾ ਹੈ ।4।7।46।
ਵੀਚਾਰ: ਗੁਰੂ ਅਰਜਨ ਸਾਹਿਬ ਦੀ ਪਵਿੱਤਰ ਰਸਨਾ ਤੋਂ
ਜਗਤ ਦੇ ਮਾਰਗ ਦਰਸ਼ਨ ਅਤੇ ਉਸ ਇੱਕੋ-ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ-ਸਲਾਹ ਵਿੱਚ ਉਚਾਰਨ
ਕੀਤਾ ਹੋਇਆ ਉਰੋਕਤ ਸ਼ਬਦ ਜਿਸ ਤੋਂ ਸਪੱਸ਼ਟ ਇਹ ਸੰਦੇਸ਼ ਮਿਲਦਾ ਹੈ ਕਿ ਕਰਨ-ਕਰਾਵਨ ਵਾਲਾ ਸਿਰਫ ‘ਤੇ
ਸਿਰਫ ਉਹ ਅਕਾਲ-ਪੁਰਖ ਵਾਹਿਗੁਰੂ ਹੀ ਹੈ, ਉਸ ਤੋਂ ਬਿਨਾਂ ਕੋਈ ਹੋਰ ਨਹੀਂ। ਗੁਰੂ ਸਹਿਬ ਸਿਰਫ ਉਸ
ਅਕਾਲ ਪੁਰਖ ਨੂੰ ਕਹਿ ਰਹੇ ਹਨ ਕਿ ਮੈਨੂੰ ਸੰਸਾਰਿਕ ਮਾਇਆ ਦੇ ਮੋਹ ਦੀ ਜ਼ਹਿਰ ਤੋਂ ਬਚਾ ਲੈ। ਗੁਰੂ
ਜੀ ਸਮਝਾ ਰਹੇ ਹਨ ਕਿ ਕਿਸੇ ਹੋਰ ਵਿੱਚ ਉਹ ਸਮਰੱਥਾ ਨਹੀਂ ਕਿ ਕਿਸੇ ਦਾ ਦੁੱਖ, ਤਕਲੀਫ ਕੱਟ ਸਕੇ
ਜਾਂ ਵਿਕਾਰਾਂ ਦੀ,ਮਾਇਆ ਦੀ ਪ੍ਰੀਤ ਤੋਂ ਖਹਿੜਾ ਛੁਡਵਾ ਸਕੇ, ਇਹ ਸਮਰੱਥਾ ਸਿਰਫ ਅਕਾਲ ਪੁਰਖ
ਪ੍ਰਮਾਤਮਾ ਵਿੱਚ ਹੀ ਹੈ ਪਰ ਅਸੀਂ ਅੱਜ ਦੇ ਸਮਝਦਾਰ ਲੋਕ ਨਾਸਵਾਨ ਦੇਹਾਂ ਅੱਗੇ ਹੱਥ ਜੋੜੀ ਖੜ੍ਹੇ
ਹਾਂ ਕਿ ਸਾਨੂੰ ਬਚਾ ਲਉ।
ਗੁਰੂ ਸਾਹਿਬ ਸਪੱਸ਼ਟ ਆਖ ਰਹੇ ਹਨ ਕਿ ‘(ਹੇ ਪ੍ਰਭੂ!) ਜੇ
ਤੂੰ ਮੇਰਾ ਸਹਾਰਾ ਹੈ ਤਾਂ ਫਿਰ ਮੈਨੂੰ ਕੋਈ ਡਰ, ਦੁੱਖ ਤਕਲੀਫ ਨਹੀਂ। ਤੈਥੋਂ ਬਿਨਾ ਕਿਸੇ ਹੋਰ
ਨੂੰ ਆਪਣੇ ਮਨ ਦਾ ਦੁੱਖ-ਦਰਦ ਦੱਸਣਾ ਵਿਅਰਥ ਹੈ।’ ਫਿਰ ਅਸੀਂ
ਕਿਉਂ ਵਿਹਲੜਾਂ ਦੀਆਂ ਦਹਿਲੀਜਾਂ ‘ਤੇ ਨੱਕ ਰਗੜਦੇ ਫਿਰਦੇ ਹਾਂ...?
ਗੁਰੂ ਅਰਜਨ ਦੇਵ ਜੀ ਆਖ ਰਹੇ ਹਨ ਕਿ ‘ਮੈਂ ਕਿਸੇ ਹੋਰ
ਦੀ ਸਿਫਤ ਸਲਾਹ ਨਹੀਂ ਕਰਦਾ ਸਿਵਾਏ ਇੱਕੋ-ਇੱਕ ਪ੍ਰਮਾਤਮਾ ਦੇ’ ਫਿਰ ਅਸੀਂ
ਕਿਉਂ ਗੁਰੂ ਤੋਂ ਬੇਮੁੱਖ ਹੋ ਦੇਹਧਾਰੀਆਂ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਹਾਂ...?
ਸਿੱਖ ਧਰਮ ਵਿੱਚ ਪੈਦਾ ਹੋਏ ਅੱਜ ਦੇ ਸੰਤ
ਵੀ ਇੱਕੋ-ਇੱਕ ਪ੍ਰਮਾਤਮਾ ਦੀ ਸਿਫਤ ਕਰਨ ਨਾਲੋਂ ਆਪਣੀ ਸੰਪਰਦਾ ਦੇ ਪਹਿਲੇ ਬਾਬਿਆਂ ਦੀਆਂ ਕਹਾਣੀਆਂ
ਨਾਲ ਲੋਕਾਂ ਨੂੰ ਭਰਮਾ ਰਹੇ ਹਨ। ਕੀ ਇਹ ਗੁਰੂ ਅਰਜਨ ਸਾਹਿਬ ਨਾਲੋਂ ਵੱਧ ਸਿਆਣੇ ਹਨ...? ਜੇ ਨਹੀਂ
ਤਾਂ ਫਿਰ ਕਿਉਂ ਅਸੀਂ ਇਹਨਾਂ ਝੂਠੇ ਬਾਬਿਆਂ ਦੇ ਮਗਰ ਲੱਗ ਭੇਡਾਂ ਬਣੇ ਹੋਏ ਹਾਂ...?
ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ‘ਜੋ ਵੀ ਆਖਣਾ
ਹੋਵੇ ਉਸ ਮਾਲਕ ਪ੍ਰਭੂ ਨੂੰ ਹੀ ਕਹਿਣਾ ਚਾਹੀਦਾ ਹੈ’ ਪਰ ਅਸੀਂ ਝੂਠੇ ਡੇਰਿਆਂ ਵਿੱਚ ਜਾ,
ਦੇਹਧਾਰੀਆਂ ਦੇ ਪੈਰਾਂ ‘ਤੇ ਮੱਥੇ ਰਗੜ ਦੁੱਖ ਰੋਂਦੇ ਹਾਂ। ਕੀ ਇਹ ਗੁਰੂ ਦੇ ਉਪਦੇਸ਼ ਦੀ ਉਲੰਘਣਾ
ਨਹੀਂ...?
ਗੁਰੂ ਜੀ ਕਹਿ ਰਹੇ ਹਨ ਕਿ ‘ਜੋ ਵੀ ਹੋ ਰਿਹਾ ਹੈ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਹੈ, ਮੈਨੂੰ ਜੋ ਵੀ ਮਾਣ-ਸਨਮਾਣ ਜਾਂ ਵਡਿਆਈ ਸੰਸਾਰ ਵਿੱਚ ਮਿਲਦੀ ਹੈ ਉਹ ਉਸ ਸਰਬਸ਼ਕਤੀਮਾਨ ਮਾਲਕ ਪ੍ਰਭੂ ਦੀ ਕਿਰਪਾ ਸਦਕਾ ਹੈ’ ਪਰ ਸਾਨੂੰ ਕੋਈ ਖੁਸ਼ੀ ਮਿਲੇ ਤਾਂ ਡੇਰਿਆਂ ਵੱਲ ਕਿਸੇ ਵਿਹਲੜ ਸਾਧ ਦਾ ਸ਼ੁਕਰੀਆਂ ਕਰਨ ਲਈ ਵਹੀਰਾਂ ਘੱਤ ਲੈਂਦੇ ਹਾਂ।
ਗੁਰੂ ਜੀ ਕਹਿ ਰਹੇ ਹਨ ਕਿ ‘ਜੋ ਵੀ ਹੋ ਰਿਹਾ ਹੈ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਹੈ, ਮੈਨੂੰ ਜੋ ਵੀ ਮਾਣ-ਸਨਮਾਣ ਜਾਂ ਵਡਿਆਈ ਸੰਸਾਰ ਵਿੱਚ ਮਿਲਦੀ ਹੈ ਉਹ ਉਸ ਸਰਬਸ਼ਕਤੀਮਾਨ ਮਾਲਕ ਪ੍ਰਭੂ ਦੀ ਕਿਰਪਾ ਸਦਕਾ ਹੈ’ ਪਰ ਸਾਨੂੰ ਕੋਈ ਖੁਸ਼ੀ ਮਿਲੇ ਤਾਂ ਡੇਰਿਆਂ ਵੱਲ ਕਿਸੇ ਵਿਹਲੜ ਸਾਧ ਦਾ ਸ਼ੁਕਰੀਆਂ ਕਰਨ ਲਈ ਵਹੀਰਾਂ ਘੱਤ ਲੈਂਦੇ ਹਾਂ।
ਗੁਰੂ ਨਾਨਕ ਦੇ ਘਰ ਦੀ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ
ਜੀ ਸਾਨੂੰ ਸਪੱਸ਼ਟ ਸਮਝਾ ਰਹੇ ਹਨ ਪਰ ਅਸੀਂ ਅੱਖਾਂ ਬੰਦ ਕਰ ਲਾਲਸੀ,ਵਿਹਲੜ ਅਤੇ ਮਨਮਤੀ ਦੇਹਧਾਰੀਆਂ ਦਾ ਪੱਲਾ
ਫੜਿਆ ਹੋਇਆ ਹੈ ਜੋ ਕਿ ਸਾਨੂੰ ਗੁਰੂ ਸਾਹਿਬਾਨ ਦੇ ਉਪਦੇਸ਼ ਤੋਂ ਦੂਰ ਲਿਜਾ ਰਹੇ ਹਨ, ਕਰਮਕਾਂਡ
ਵਿੱਚ ਫਸਾ ਰਹੇ ਹਨ। ਗੁਰੂ ਸਾਹਿਬਾਨ ਦੇ ਦੱਸੇ ਸੱਚ-ਮਾਰਗ ਨੂੰ ਛੱਡ ਜੇ ਕਿਸੇ ਕੱਚੇ-ਪਿੱਲੇ
ਸਾਧ ਦੀ ਬਣਾਈ ਕੱਚੀ ਜਹੀ ਪਗਡੰਡੀ ‘ਤੇ ਤੁਰਾਂਗੇ ਤਾਂ ਫਿਰ ਪੈਰਾਂ ਵਿੱਚ ਭੱਖੜਾ ਤਾਂ ਚੁਭੇਗਾ ਹੀ। ਪ੍ਰਮਾਤਮਾ ਨੇ ਸਾਨੂੰ ਅਕਲ ਅਤੇ ਮਨੁੱਖੀ
ਜੀਵਨ ਬਖਸ਼ਿਆ ਹੈ, ਅਕਲ ਦੀ ਸਹੀ ਵਰਤੋਂ ਕਰਨੀ ਸਾਡਾ ਫਰਜ਼ ਹੈ। ਜੋ
ਸੱਚ ਹੈ, ਉਹ ਸਾਡੇ ਸਾਹਮਣੇ ਹੈ, ਸਭ ਬਿਆਨ ਕੀਤਾ ਹੈ ਗੁਰੂ ਸਾਹਿਬਾਨ ਨੇ ਕਿ ਕਿਸ ਰਸਤੇ ‘ਤੇ
ਚੱਲਣਾ ਹੈ, ਚੋਣ ਸਾਡੀ ਹੈ...!
ਮਿਤੀ: 18/05/2012