Pages

ਗੁਰੂ ਅੰਗਦ ਦੇਵ ਜੀ



ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਪਾਤਸ਼ਾਹ ਹੋਏ ਹਨਇਹਨਾਂ ਦਾ ਪਹਿਲਾ ਨਾਮ ‘ਭਾਈ ਲਹਿਣਾ’ ਜੀ ਸੀ।
ਜਨਮ: 31 ਮਾਰਚ 1504 (ਵੈਸਾਖ ਵਦੀ 1, 5 ਵੈਸਾਖ ਸੰਮਤ 1561)
ਜਨਮ ਸਥਾਨ: ਮੱਤੇ ਦੀ ਸਰਾਈਂ (ਸਰਾਈਂ ਨਾਗਾ)
ਮਾਤਾ-ਪਿਤਾ: ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਦਯਾ ਜੀ (ਜਿੰਨ੍ਹਾਂ ਨੂੰ ਮਾਤਾ ਰਾਮੋ ਵੀ ਕਿਹਾ ਜਾਂਦਾ ਹੈ)ਅਤੇ ਪਿਤਾ ਜੀ ਦਾ ਨਾਮ ਫੇਰੂ ਮੱਲ ਜੀ ਸੀ।
ਸੁਪਤਨੀ: ਗੁਰੂ ਅੰਗਦ ਦੇਵ ਜੀ ਦਾ ਵਿਆਹ ਸੰਨ 1521 ਈ: ਵਿਚ ਬੀਬੀ ਖੀਵੀ ਜੋ ਕਿ ਖਡੂਰ ਦੇ ਨਾਲ ਲਗਦੇ ਪਿੰਡ ਸੰਘਰ ਦੇ ਰਹਿਣ ਵਾਲੇ ਸਨ, ਨਾਲ ਹੋਇਆ
ਸੰਤਾਨ:
ਗੁਰੂ ਅੰਗਦ ਦੇਵ ਜੀ ਦੇ ਘਰ ਦੋ ਪੁੱਤਰ ਦਾਸ ਜੀ (ਦਾਸੂ ਜੀ) ਸੰਨ ੧੫੨੨ ਨੂੰ ਸੰਘਰ ਵਿਖੇ ਤੇ ਦਾਤ ਜੀ(ਦਾਤੂ ਜੀ) ਸੰਨ ੧੫੩੭ ਨੂੰ ਖਡੂਰ ਵਿਖੇ ਪੇਦਾ ਹੋਏ। ਦੋ ਪੁੱਤਰੀਆਂ ਬੀਬੀ ਅਮਰੋ ਸੰਨ ੧੫੨੪ ਤੇ ਕੁਝ ਚਿਰ ਬਾਦ ਬੀਬੀ ਅਨੋਖੀ ਜੀ ਪੈਦਾ ਹੋਈਆਂ
ਗੁਰੂ ਨਾਨਕ ਦੇਵ ਜੀ ਨਾਲ ਮੇਲ: ਇਕ ਵਾਰ ਕੁਝ ਜੋਗੀਆਂ ਤੇ ਸਿੱਧਾਂ ਨਾਲ ਸੰਗ ਵਿਚ ਹੋਈ ਚਰਚਾ ਸਮੇਂ ਨਾਨਕ ਤਪੇ ਬਾਰੇ ਸੁਣਿਆਫਿਰ ਬਾਈ ਜੋਧ ਜੋ ਸੰਘਰ ਦੇ ਵਾਸੀ ਸਨ ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਜਦ ਉਹ ਪਿੰਡ ਆਏ ਤਾਂ ਉਨ੍ਹਾਂ ਦੇ ਮੁੱਖੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ। ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਪ੍ਰਬਲ ਹੋ ਗਈ ਤੇ ਜਵਾਲਾ ਮੁਖੀ ਦੇ ਰਾਹ ਜਾਦੇ ਹੋਏ ਕਰਤਾਰਪੁਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆ ਗਏ

ਗੁਰਗੱਦੀ: ਭਾਈ ਲਹਿਣਾ ਜੀ ਨੂੰ 7 ਸਤੰਬਰ 1539 ਨੂੰ ਦੂਸਰੇ ਗੁਰੂ, ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਗੁਰਗੱਦੀ ਮਿਲੀ।
ਕਾਰਜ:
ਸੇਵਾ, ਸ਼ਰਧਾ, ਸਮਰਪਣ ਤੇ ਭਗਤੀ ਭਾਵ ਦੇ ਪੁੰਜ, ਭਾਈ ਲਹਿਣਾ ਨੇ ਗੁਰੂ ਅੰਗਦ ਰੂਪ ਵਿਚ ਗੁਰੂ ਨਾਨਕ ਸਾਹਿਬ ਦੇ ਨਿਆਰੇ ਤੇ ਨਿਰਮਲ ਪੰਥ ਨੂੰ ਅਗਾਂਹ ਚਲਾਉਣ ਲਈ ਪੂਰਨ ਪ੍ਰਤਿਬੱਧਤਾ ਨਾਲ ਸਿੱਖ ਧਰਮ ਦੀ ਸਥਾਪਤੀ ਤੇ ਵਿਕਾਸ ਵਿਚ ਅਹਿਮ ਆਰੰਭਿਕ ਭੂਮਿਕਾ ਨਿਭਾਈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਭਾਲ, ਗੁਰਮੁਖੀ ਲਿਪੀ ਦੇ ਵਿਕਾਸ ਤੇ ਸਿਖਲਾਈ ਕਾਰਜ ਕੀਤਾ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਾਇਦੇ ਬਣਵਾਏ।
ਗੁਰੂ ਅੰਗਦ ਦੇਵ ਜੀ ਨੇ ‘ਗੁਰੂ ਕਾ ਲੰਗਰ’ ਦੀ ਪ੍ਰਥਾ ਨੂੰ ਵਧੇਰੇ ਪ੍ਰਚੱਲਿਤ ਕੀਤਾ। ਲੋਕਾਂ ਵਿੱਚ ਸਿੱਖਿਆ ਦੇ ਰੁਝਾਨ ਨੂੰ ਵਿਕਸਤ ਕਰਨ ਲਈ ਗੁਰੂ ਅੰਗਦ ਦੇਵ ਜੀ ਨੇ ਕਈ ਸਕੂਲ ਖੁਲ੍ਹਵਾਏ ਅਤੇ ਸਿੱਖਿਆ ਦਾ ਪ੍ਰਸਾਰ ਕੀਤਾ।
ਜਿੱਥੇ ਗੁਰੂ ਜੀ ਨੇ ਮਾਨਸਿਕ ਕਮਜ਼ੋਰੀ ਨੂੰ ਬਾਣੀ ਨਾਲ ਦੂਰ ਕਰਨ ਦਾ ਯਤਨ ਕੀਤਾ ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰੱਖਣ ਲਈ ਘੋਲਾਂ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ‘ਮੱਲ ਅਖਾੜੇ’ ਦੀ ਸਥਾਪਨਾ ਕੀਤੀ।
ਗੁਰੂ ਘਰ ਦੀ ਸ਼ਬਦ ਕੀਰਤਨ ਪਰੰਪਰਾ ਦੇ ਵਿਕਾਸ ਵਿਚ ਵੀ ਆਪ ਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ।
ਬਾਣੀ ਰਚਨਾ: ਗੁਰੂ ਅੰਗਦ ਸਾਹਿਬ ਨੇ 63 ਸਲੋਕਾਂ ਦੀ ਰਚਨਾ ਕੀਤੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੁਰੂ ਅੰਗਦ ਦੇਵ ਜੀ ਨੇ ਮਹਲਾ 2 ਸਿਰਲੇਖ ਹੇਠ 9 ਰਾਗਾਂ ਅਧੀਨ ਬਾਣੀ ਉਚਾਰੀ। ਆਪ ਨੇ ਰਾਗ ਸਿਰੀ ਅਧੀਨ 2 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 83, 89); ਰਾਗ ਮਾਝ ਅਧੀਨ 12 ਸਲੋਕ, (ਗੁਰੂ ਗ੍ਰੰਥ ਸਾਹਿਬ, ਪੰਨਾ 138-150); ਰਾਗ ਆਸਾ ਅਧੀਨ 15 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 463-475); ਰਾਗ ਸੋਰਠ ਅਧੀਨ ਇਕ ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 653); ਰਾਗ ਸੂਹੀ ਅਧੀਨ 11 ਸਲੋਕ, (ਗੁਰੂ ਗ੍ਰੰਥ ਸਾਹਿਬ, ਪੰਨਾ 787-792); ਰਾਗ ਰਾਮਕਲੀ ਅਧੀਨ 7 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 954-955); ਰਾਗ ਮਾਰੂ ਅਧੀਨ 1 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1093); ਰਾਗ ਸਾਰੰਗ ਅਧੀਨ 9 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1237-1245); ਰਾਗ ਮਲਾਰ ਅਧੀਨ 5 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1279-1290) ਦੀ ਰਚਨਾ ਕੀਤੀ।
ਸ਼ਬਦ ਕੀਰਤਨ ਤੇ ਕੀਰਤਨ ਚੌਂਕੀਆਂ ਦਾ ਵਿਕਾਸ: ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਸਮੇਂ ਜਲੰਦੇ ਜਗਤ ਨੂੰ ਤਾਰਨ ਅਤੇ ਲੋਕਾਈ ਨੂੰ ਸੋਧਣ ਹਿੱਤ ਭਾਈ ਮਰਦਾਨਾ ਦੇ ਰਬਾਬ ਦੀ ਮਧੁਰ ਝਨਕਾਰ ਵਿਚ ਸ਼ਬਦ ਦਾ ਇਲਾਹੀ ਕੀਰਤਨ ਕੀਤਾ। ਇਸ ਸ਼ਬਦ ਕੀਰਤਨ ਤੋਂ ਸਿੱਖ ਧਰਮ ਦੀ ਵਰਤਮਾਨ ਸੁਤੰਤਰ ਦੇ ਮੌਲਿਕ ਸੰਗੀਤ ਪਰੰਪਰਾ 'ਗੁਰਮਤਿ ਸੰਗੀਤ' ਦਾ ਉਦੈ ਹੋਇਆ। ਉਪਰੰਤ ਇਸ ਕੀਰਤਨ ਦੀ ਧਰਮਸਾਲ ਵਿਚ ਮਰਿਆਦਤ ਰੂਪ ਵਿਚ ਸਥਾਪਤੀ ਲਈ ਕਰਤਾਰਪੁਰ ਸਾਹਿਬ ਵਿਖੇ ਸ਼ਬਦ ਕੀਰਤਨ ਦੀ ਰੀਤ ਚਲਾਈ ਗਈ।
ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੁਆਰਾ ਆਰੰਭ ਕੀਤੀ ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਨਿਰੰਤਰ ਵਿਵਹਾਰਕ ਪ੍ਰਚਲਨ ਦੁਆਰਾ, ਬਾਣੀ ਦਾ ਪ੍ਰਵਾਹ ਚਲਾਇਆ। ਇਸ ਦੁਆਰਾ ਸ਼ਬਦ ਕੀਰਤਨ ਪਰੰਪਰਾ ਦੇ ''ਸ਼ੈਲੀਗਤ-ਰੂਪ'' ਦਾ ਨਿਰੰਤਰ ਵਿਕਾਸ ਹੋਇਆ। ਗੁਰਮਤਿ ਸੰਗੀਤ ਵਿਚ ਰਾਗਾਂ ਦੇ ਸਮੇਂ ਅਨੁਸਾਰ ਨਾਮਾਂਕਣ ਕੀਤੀਆਂ ਕੀਰਤਨ ਚੌਂਕੀਆਂ ਦੀ ਵਿਸ਼ੇਸ਼ ਪਰੰਪਰਾ ਹੈ ਜਿਵੇਂ ਕਿ ਆਸਾ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਸਾਰੰਗ ਦੀ ਚੌਂਕੀ, ਕਲਿਆਣ ਦੀ ਚੌਂਕੀ, ਕਾਨੜੇ ਦੀ ਚੌਂਕੀ ਆਦਿ। ਕੀਰਤਨ ਚੌਂਕੀਆਂ ਦੀ ਇਹ ਪਰੰਪਰਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਚ ਨਿਰੰਤਰ ਰੂਪ ਵਿਚ ਪ੍ਰਚਲਿਤ ਹੈ।
ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵੱਖ ਵੱਖ ਗੁਰੂ ਸਾਹਿਬਾਨ ਦੁਆਰਾ ਨਿਰੰਤਰ ਵਿਕਾਸ ਹੋਇਆ। ਇਨ੍ਹਾਂ ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵਿਸ਼ਿਸ਼ਟ ਸੰਗੀਤ ਵਿਧਾਨ ਤੇ ਮੌਲਿਕ ਸੰਗੀਤਕ ਸਰੂਪ ਹੈ। ਇਨ੍ਹਾਂ ਕੀਰਤਨ ਚੌਂਕੀਆਂ ਦੀ ਪੇਸ਼ਕਾਰੀ, ਇਤਿਹਾਸਕ ਵਿਕਾਸ ਅਤੇ ਕੀਰਤਨ-ਸਮੱਗਰੀ ਦਾ ਇਕ ਵਿਸ਼ਾਲ ਖਜ਼ਾਨਾ 'ਗੁਰਮਤਿ ਸੰਗੀਤ' ਦੀ ਕੀਰਤਨ-ਵਿਰਾਸਤ ਦਾ ਅਹਿਮ ਹਿੱਸਾ ਹੈ। ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦੇ ਪ੍ਰਚਲਨ ਤੇ ਸੰਸਥਾਗਤ ਰੂਪ ਵਿਚ ਸਥਾਪਤੀ ਹਿੱਤ ਗੁਰੂ ਅੰਗਦ ਦੇਵ ਜੀ ਦਾ ਵਿਸ਼ੇਸ਼ ਆਰੰਭਕ ਯੋਗਦਾਨ ਰਿਹਾ ਹੈ।
ਕੀਰਤਨਕਾਰਾਂ ਦੀ ਘਰਾਣੇਦਾਰ ਪਰੰਪਰਾ ਦਾ ਆਰੰਭ: ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਤੋਂ ਬਾਅਦ ਸਿੱਖੀ ਦੇ ਕੇਂਦਰ ਖਡੂਰ ਸਾਹਿਬ ਵਿਖੇ ਕੀਰਤਨ ਦੀ ਵਿਸ਼ੇਸ਼ ਪ੍ਰਥਾ ਚਲਾਈ ਜਿਸ ਅਧੀਨ ਪਰਬੀਨ ਸੰਗੀਤਕਾਰਾਂ ਦੀ ਰਬਾਬੀ ਸ਼੍ਰੇਣੀ ਨੂੰ ਗੁਰੂ ਘਰ ਨਾਲ ਪੀਢੇ ਤੌਰ 'ਤੇ ਜੋੜਨ ਦਾ ਪ੍ਰਾਰੰਭ ਕੀਤਾ। ਭਾਈ ਮਰਦਾਨਾ ਜੀ ਤੋਂ ਬਾਅਦ ਭਾਈ ਸਜਾਦਾ (ਭਾਈ ਸ਼ਹਿਜ਼ਾਦ) ਅਤੇ ਵਿਸ਼ੇਸ਼ ਰੂਪ ਵਿਚ ਭਾਈ ਬਲਵੰਡ ਦਾ ਨਾਂ ਵਰਣਨਯੋਗ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ੀ ਤਾਂ ਰਾਇ ਬਲਵੰਡ, ਗੁਰੂ ਅੰਗਦ ਦੇਵ ਜੀ ਨਾਲ ਹੀ ਖਡੂਰ ਸਾਹਿਬ ਆਏ।
ਬਾਅਦ ਵਿਚ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਕਾਲ ਵਿਚ ਰਾਇ ਬਲਵੰਡ ਨੇ ਰਬਾਬੀ ਭਾਈ ਸੱਤਾ ਜੀ ਨਾਲ ਮਿਲ ਕੇ ਕੀਰਤਨ ਦੀ ਸੇਵਾ ਨਿਭਾਈ। ਆਪ ਦੁਆਰਾ ਰਚਿਤ ਬਾਣੀ ਨੂੰ ਗੁਰੂ ਸਾਹਿਬ ਨੇ 'ਸ਼ਬਦ ਗੁਰੂ' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਦਿੱਤਾ ਜੋ 'ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ' (ਗੁਰੂ ਗ੍ਰੰਥ ਸਾਹਿਬ, ਪੰਨਾ 966) ਦੇ ਸਿਰਲੇਖ ਹੇਠ ਦਰਜ ਹੈ। ਇਨ੍ਹਾਂ ਇਤਿਹਾਸਕ ਹਵਾਲਿਆਂ ਤੋਂ ਸਪਸ਼ਟ ਹੈ ਕਿ ਗੁਰੂ ਘਰ ਨੇ ਕੀਰਤਨੀਆਂ ਨੂੰ ਭਰਪੂਰ ਸਰਪ੍ਰਸਤੀ ਦੁਆਰਾ ਨਿਵਾਜਿਆ। ਗੁਰੂ ਅੰਗਦ ਦੇਵ ਜੀ ਨਾਲ ਕੀਰਤੀਏ ਦੇ ਰੂਪ ਵਿਚ ਰਬਾਬੀ ਭਾਈ ਬਲਵੰਡ ਦਾ ਖਡੂਰ ਸਾਹਿਬ ਵਿਖੇ ਆਉਣ ਨਾਲ ਗੁਰੂ ਘਰ ਵਿਖੇ ਕੀਰਤਨੀਆਂ ਦੀ ਇਕ ਵਿਸ਼ਾਲ ਘਰਾਣੇਦਾਰ ਪਰੰਪਰਾ ਸਰੂਪਤ ਤੇ ਪ੍ਰਫੁੱਲਤ ਹੋਈ
ਜੋਤੀ-ਜੋਤ: ਗੁਰੂ ਅੰਗਦ ਦੇਵ ਜੀ 25 ਮਾਰਚ 1552 ਨੂੰ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖਸ਼ ਕੇ 29 ਮਾਰਚ 1552 ਨੂੰ ਖਡੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।