(26 ਦਸੰਬਰ 1899-31 ਜੁਲਾਈ 1940)
ਅਣਖ ਅਤੇ ਆਜ਼ਾਦੀ ਨਾਲ ਜੀਵਨ ਜਿਉਣ ਦਾ ਚਾਅ ਹਰ ਦਿਲ ਵਿੱਚ ਅੰਗੜਾਈਆਂ ਲੈਂਦਾ ਹੈ।
ਹਰ ਕੋਈ ਬੰਦਿਸ਼ਾਂ ਤੋਂ ਮੁਕਤ ਹਵਾ ਵਿੱਚ ਸਾਹ ਲੈਣਾ ਲੋਚਦਾ ਹੈ। ਇਸ ਸੰਸਾਰ ਉੱਪਰ ਕੁਝ ਲੋਕ ਇਸ
ਤਰ੍ਹਾਂ ਦੇ ਪੈਦਾ ਹੁੰਦੇ ਹਨ ਜੋ ਅਣਖ-ਇੱਜ਼ਤ ਲਈ ਜ਼ੁਲਮ ਖਿਲਾਫ ਜਿਹਾਦ ਛੇੜਦੇ ਅਤੇ ਜ਼ੁਲਮ ਦੀ ਜੜ੍ਹ
ਕੱਢਣ ਦਾ ਹੌਸਲਾ ਦਿਖਾਉਂਦੇ ਹਨ ਅਤੇ ਸੰਸਾਰ ਦੇ ਇਤਿਹਾਸ ਵਿੱਚ ਆਪਣਾ ਨਾਮ ਸਦਾ ਲਈ ਅਮਰ ਕਰ ਜਾਂਦੇ
ਹਨ। ਇਸ ਤਰ੍ਹਾਂ ਦੇ ਲੋਕ ਸਦਾ ਹੀ ਜ਼ਾਲਮ ਸੋਚ ਨੂੰ ਚੁਣੌਤੀ ਦਿੰਦੇ ਆਏ ਹਨ। ਭਾਰਤ ਦੀ ਆਜ਼ਾਦੀ ਦੇ
ਸੰਘਰਸ਼ ਵਿੱਚ ਅੰਗਰੇਜ਼ ਸ਼ਾਸ਼ਕਾਂ ਨਾਲ ਲੜਦੇ ਅਨੇਕਾਂ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ
ਕੀਤੀਆਂ। ਹੱਸ-ਹੱਸ ਕੇ ਫਾਂਸੀ ਦੇ ਰੱਸੇ ਆਪਣੇ ਗਲਾਂ ਵਿੱਚ ਪਾਏ, ਚਾਅ ਨਾਲ ‘ਕਾਲੇ ਪਾਣੀਆਂ’ ਨੂੰ
ਚੱਲ ਪਏ ਮਕਸਦ ਸੀ ਸਿਰਫ ਅਣਖ-ਇੱਜ਼ਤ ‘ਤੇ ਆਜ਼ਾਦ ਜੀਵਨ ਦੇ ਸੁਪਨੇ ਨੂੰ ਪੂਰਾ ਕਰਨਾ। ਇਸੇ ਹੀ
ਸਿਰਲੱਥਾਂ ਦੇ ਕਾਫਲੇ ਦਾ ਇੱਕ ਯੋਧਾ ਸੀ ਸ.ਊਧਮ ਸਿੰਘ।
ਸ.ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸ.ਟਹਲ ਸਿੰਘ ਦੇ ਘਰ, ਸੰਗਰੂਰ ਜ਼ਿਲ੍ਹੇ
ਦੇ ਪਿੰਡ ਸੁਨਾਮ ਵਿੱਚ ਹੋਇਆ। ਸ.ਊਧਮ ਸਿੰਘ ਦੇ ਬਚਪਨ ਵਿੱਚ ਹੀ, ਊਧਮ ਸਿੰਘ ਦੇ ਮਾਤਾ ਪਿਤਾ ਅਤੇ
ਭਰਾ ਸ.ਸਾਧੂ ਸਿੰਘ ਦਾ ਦਿਹਾਂਤ ਹੋ ਗਿਆ। ਇਸ ਅਣਹੋਣੀ ਉਪਰੰਤ ਸ.ਊਧਮ ਸਿੰਘ ਦੇ ਚਾਚਾ ਸ.ਚੰਚਲ
ਸਿੰਘ ਨੇ ਬਾਲਕ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਸੈਂਟਰਲ ਸਿੱਖ ਯਤੀਮਘਰ ਵਿੱਚ ਭਰਤੀ ਕਰਵਾ ਦਿੱਤਾ।
ਉੱਥੇ ਰਹਿੰਦਿਆਂ ਹੀ ਊਧਮ ਸਿੰਘ ਦੇ ਜੀਵਨ ਵਿੱਚ ਇਸ ਤਰ੍ਹਾਂ ਦੇ ਪਰਿਵਰਤਨ ਆਏ ਕਿ ਉਸਨੇ ਭਾਰਤ ਨੂੰ
ਆਪਣਾ ਘਰ ‘ਤੇ ਇੱਥੋਂ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨ ਲਿਆ। ਅੰਮ੍ਰਿਸਰ ਰਹਿੰਦਿਆਂ ਹੀ ਸ,ਊਧਮ
ਸਿੰਘ ਮਹਾਨ ਕ੍ਰਾਂਤੀਕਾਰੀ ਸ.ਭਗਤ ਸਿੰਘ ਦੇ ਸੰਪਰਕ ਵਿੱਚ ਆਇਆ।
19 ਅਪ੍ਰੈਲ 1919 ਦਾ ਦਿਨ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਯਾਦ ਰਿਹਾ ਹੋਵੇਗਾ ਪਰ
ਊਧਮ ਸਿੰਘ ਨੂੰ ਭੁੱਲਿਆ ਨਹੀਂ ਸੀ। ਜਦੋਂ ਜਲ੍ਹਿਆਂ ਵਾਲੇ ਬਾਗ ਵਿੱਚ ਦੇਸ਼ ਦੀ ਆਜ਼ਾਦੀ ਲਈ
ਅੰਗਰੇਜ਼ਾਂ ਦੇ ਖਿਲਾਫ ਰੋਸ ਲਈ ਅਤੇ ਵਿਚਾਰਾਂ ਲਈ ਇਕੱਠੇ ਹੋਏ ਲੋਕਾਂ ‘ਤੇ ਜਨਰਲ ਡਾਇਰ ਦੀ ਅਗਵਾਈ
ਵਿੱਚ ਅੰਗਰੇਜ਼ੀ ਫੌਜ ਨੇ ਅੰਧਾ-ਧੁੰਦ ਗੋਲੀਆਂ ਚਲਾ ਕੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ
ਦਿੱਤਾ, ਕੁਝ ਲੋਕ ਗੋਲੀਆਂ ਤੋਂ ਉਹਲੇ ਹੋਣ ਲਈ ਉੱਥੇ ਹੀ ਬਣੇ ਖੂਹ ਵਿੱਚ ਛਾਲਾਂ ਮਾਰ ਗਏ ਪਰ ਮੌਤ
ਤੋਂ ਉਹਲੇ ਨਾ ਹੋ ਸਕੇ। ਊਧਮ ਸਿੰਘ ਉਸ ਸਮੇਂ ਆਪਣੇ ਸਾਥੀਆਂ ਸਮੇਤ ਉੱਥੇ ਲੋਕਾਂ ਨੂੰ ਪਾਣੀ ਪਿਆਉਣ
ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਉਸ ਗੋਲੀਬਾਰੀ ਵਿੱਚ ਊਧਮ ਸਿੰਘ ਬਚ ਗਿਆ ਅਤੇ ਉਸਨੇ ਇਸ ਕਤਲੇਆਮ
ਦਾ ਬਦਲਾ ਲੈਣ ਦੀ ਸੌਂਹ ਖਾ ਲਈ। ਤੜਪ ਰਹੇ ਲੋਕਾਂ ਦੀਆਂ ਚੀਕਾਂ ਉਸਨੂੰ ਸੁਣਾਈ ਦਿੰਦੀਆਂ
ਰਹਿੰਦੀਆਂ, ਉਹ ਦ੍ਰਿਸ਼ ਉਸਦੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ। ਇੱਥੇ ਇਹ ਗੱਲ ਦੱਸਣਯੋਗ ਹੈ ਕਿ
ਇਸ ਗੋਲੀਬਾਰੀ ਦਾ ਹੁਕਮ ਉਸ ਸਮੇਂ ਪੰਜਾਬ ਦੇ ਮੁਖੀ ਸਰ ਮਾਈਕਲ ਉਡਵਾਇਰ ਨੇ ਦਿੱਤਾ ਸੀ। ਸ.ਊਧਮ
ਸਿੰਘ ਨੇ ਵੀ ਜਨਰਲ ਡਾਇਰ ਨੂੰ ਨਹੀਂ ਸਰ. ਮਾਈਕਲ ਉਡਵਾਇਰ ਨੂੰ ਮਾਰਿਆ ਕਿਉਂਕਿ ਜਨਰਲ ਡਾਇਰ ਤਾਂ
ਮਹਿਜ਼ ਇੱਕ ਹੁਕਮ ਦਾ ਬੱਝਾ ਸਿਪਾਹੀ ਸੀ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ।
ਇਹ ਮਾਈਕਲ ਉਡਵਾਇਰ ਹੀ ਸੀ ਕਿ ਜਿਸਨੇ ਵਿਸ਼ੇਸ਼ ਅਦਾਲਤਾਂ
ਸਥਾਪਤ ਕਰਕੇ ਗ਼ਦਰੀ ਸੂਰਬੀਰਾਂ ਨੂੰ ਸਖ਼ਤ ਸਜ਼ਾਵਾਂ ਦੁਆਈਆਂ।ਸ਼ਹੀਦ ਕਰਤਾਰ ਸਿੰਘ ਸਰਾਭਾ,ਡਾ.ਮਥਰਾ ਸਿੰਘ,ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ 48 ਗ਼ਦਰ ਪਾਰਟੀ
ਨਾਲ ਸਬੰਧਤ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਫਾਂਸੀ ਦੀ ਸਜ਼ਾ ਹੋਈ। 133 ਨੂੰ ਉਮਰ ਕੈਦ ਅਤੇ ਹੋਰ
ਸਜ਼ਾਵਾਂ ਹੋਈਆਂ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਖੂਬਸੂਰਤ ਹਿੱਸੇ ਜ਼ੇਲ੍ਹਾਂ ਦੀਆਂ ਕਾਲ
ਕੋਠੜੀਆਂ ਵਿੱਚ ਕੱਟਣੇ ਪਏ।1919 ਵਿਚ 10 ਹਜ਼ਾਰ ਗ਼ਦਰੀ ਪਾਰਟੀ ਦੇ ਸਮਰਥਕ ਜੇਲ੍ਹਾਂ ਵਿਚ ਸਨ।
ਮਾਈਕਲ ਉਡਵਾਇਰ ਦੇ ਕਾਰਜਕਾਲ ਦੌਰਾਨ 1914 ਤੋਂ 1918
ਦੇ ਵਿਚਕਾਰ ਪੰਜਾਬ ਆਉਂਦੀਆਂ 8 ਅਖ਼ਬਾਰਾਂ ਜ਼ਬਤ ਕੀਤੀਆਂ ਗਈਆਂ ਅਤੇ ‘ਸਦਾਕਤ’, ‘ਜਮਹੂਰ’, ‘ਨਕਾਸ਼’ ਅਤੇ ‘ਨਿਊ-ਇੰਡੀਆ’ ਨਾਮਕ ਅਖਬਾਰਾਂ ਦੀ ਪੰਜਾਬ
ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ। ਸੰਨ 1919 ਵਿੱਚ ਕਲਕੱਤੇ ਦੇ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ‘ਅੰਮ੍ਰਿਤ
ਬਜ਼ਾਰ ਪੱਤਰਕਾ’, ਅਲਾਹਾਬਾਦ
ਦੇ ‘ਇੰਡੀਪੈਂਡੇਟ’ ਅਤੇ
ਲਖ਼ਨਊ ਦੇ ‘ਨੈਸ਼ਨਲ ਹੈਰਲਡ’ ਸਮੇਤ 12 ਹੋਰ ਅਖਬਾਰਾਂ ਉਤੇ ਪੰਜਾਬ ਵਿੱਚ
ਆਉਣ ਤੇ ਰੋਕ ਲਗਾ ਦਿੱਤੀ, 24 ਪ੍ਰੈਸਾਂ ਅਤੇ 4 ਅਖ਼ਬਾਰਾਂ ਦੀਆਂ ਜ਼ਮਾਨਤਾਂ ਜ਼ਬਤ ਕੀਤੀਆਂ ਗਈਆਂ। ‘ਜ਼ਿੰਮੀਦਾਰ’ ਅਖ਼ਬਾਰ ਦੇ ਸੰਪਾਦਕ ਮੌਲਾਨਾ ਜ਼ਫ਼ਰ ਅਲੀ ਖਾਂ
ਨੂੰ ਉਨ੍ਹਾਂ ਦੇ ਪਿੰਡ ਵਿੱਚ ਨਜ਼ਰਬੰਦ ਕਰ ਕੇ ਅਖਬਾਰ ਦੀ ਜ਼ਮਾਨਤ ਜ਼ਬਤ
ਕੀਤੀ ਗਈ।
ਬਦਲੇ ਦੀ ਅੱਗ ਦਾ ਸੇਕ ਝੱਲਦਾ ਊਧਮ ਸਿੰਘ, ਮਾਈਕਲ ਓ. ਉਡਵਾਇਰ ਦੀ ਪੈੜ ਨੱਪਦਾ
ਵੱਖ-ਵੱਖ ਦੇਸ਼ਾਂ ਤੋਂ ਹੁੰਦਾ ਹੋਇਆ, ਲੰਡਨ ਜਾ ਪਹੁੰਚਿਆ। ਊਧਮ ਸਿੰਘ ਨੂੰ ਜਿਸ ਮੌਕੇ ਦੀ ਤਲਾਸ਼
ਸੀ, ਉਸਨੂੰ ਉਹ ਮੌਕਾ 13 ਮਾਰਚ 1940 ਨੂੰ ਮਿਲ ਗਿਆ ਜਦੋਂ ਲੰਡਨ ਦੇ ਸੇਕਸਟਨ ਹਾਲ ਵਿੱਚ ‘ਵਿਸ਼ਵ
ਸਥਿਤੀ ਅਤੇ ਅਫਗਾਨਿਸਤਾਨ ਦੀ ਸਥਿਤੀ’ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਈਸਟ ਇੰਡੀਆ ਐਸੋਸੀਏਸ਼ਨ ਅਤੇ
ਰਾਯਲ ਏਸ਼ੀਅਨ ਸੋਸਾਇਟੀ ਦੀ ਮੀਟਿੰਗ ਸੀ। ਇਸ ਵਿੱਚ ਮਾਈਕਲ ਉਡਵਾਇਰ ਵੀ ਸ਼ਾਮਿਲ ਸੀ। ਜਿਉਂ ਹੀ
ਮਾਈਕਲ ਉਡਵਾਇਰ ਭਾਸ਼ਣ ਦੇਣ ਲਈ ਮੰਚ ‘ਤੇ ਆਇਆ ਤਾਂ ਸ.ਊਧਮ ਸਿੰਘ ਨੇ ਰਿਵਾਲਵਰ ਨਾਲ ਗੋਲੀਆਂ ਮਾਰ
ਕੇ ਉਸਨੂੰ ਮਾਰ-ਮੁਕਾਇਆ ਅਤੇ ਗ੍ਰਿਫਤਾਰੀ ਦੇ ਦਿੱਤੀ।
5 ਜੂਨ 1940 ਨੂੰ ਮਿਸਟਰ ਜਸਟਿਸ ਐਟਕਿਨਸਨ ਦੀ ਅਦਾਲਤ
ਵਿੱਚ ਕੇਸ ਪੇਸ਼ ਹੋਇਆ।ਸਜ਼ਾ ਸੁਨਾਉਣ ਤੋਂ ਪਹਿਲਾਂ ਤਕਰੀਬਨ 15 ਕੁ ਮਿੰਟ ਊਧਮ ਸਿੰਘ ਬਿਆਨ ਦਿੰਦਾ
ਰਿਹਾ, ਜਿਸਨੂੰ ਪ੍ਰਕਾਸ਼ਿਤ ਕਰਨ ਤੇ ਜੱਜ ਨੇ ਰੋਕ ਲਾ ਦਿੱਤੀ। ਸ.ਊਧਮ ਸਿੰਘ ਨੂੰ ਉਡਵਾਇਰ ਦੇ ਕਤਲ ਦੇ ਦੋਸ਼ ਵਿੱਚ 31 ਜੁਲਾਈ 1940 ਨੂੰ ਪਿੰਟਨਵਾਇਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਸ.ਊਧਮ ਸਿੰਘ, ਸ਼ਹੀਦ ਸ.ਊਧਮ ਸਿੰਘ ਬਣ ਕੇ ਇਤਿਹਾਸ ਦੇ
ਸੁਨਹਿਰੀ ਪੰਨਿਆਂ ‘ਤੇ ਆਪਣਾ ਨਾਮ ਅੰਕਿਤ ਕਰਵਾ ਗਿਆ।
ਪਰ ਅਫਸੋਸ! 31 ਜੁਲਾਈ ਹਰ ਸਾਲ ਲੋਕਾਂ ਦੀ ਮਸ਼ਰੂਫੀਆ ਵਿੱਚ ਹੀ ਲੰਘ ਜਾਂਦਾ ਹੈ,
ਹੁਣ ਤਾਂ ਸਰਕਾਰਾਂ ਵੀ ਇਸ ਮਹਾਨ ਨਾਇਕ ਨੂੰ ਯਾਦ ਕਰਨਾ ਭੁੱਲ ਜਾਂਦੀਆਂ ਹਨ। ਕੁਝ ਕੁ ਰਾਜਸੀ ਲੋਕ
ਆਪਣੇ ਹਿੱਤਾਂ ਲਈ ਇਸ ਮਹਾਨ ਯੋਧੇ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ। ਬਹੁਤ ਘੱਟ ਲੋਕਾਂ ਨੂੰ
ਸ.ਊਧਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਹੈ। ਸ.ਊਧਮ ਸਿੰਘ ਦੇ ਜੀਵਨ ਨਾਲ ਸੰਬੰਧਿਤ ਲਿਖਤਾਂ ਵੀ
ਬਹੁਤ ਘੱਟ ਮਿਲਦੀਆਂ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਹੋਵੇਗਾ ਕਿ ਕਿ ਸ.ਊਧਮ ਸਿੰਘ ਵਾਰਸ ਸ਼ਾਹ
ਦੀ ਲਿਖੀ ‘ਹੀਰ’ ਨੂੰ ਬਹੁਤ ਪਸੰਦ ਕਰਦਾ ਸੀ ਅਤੇ ਸਦਾ ਆਪਣੇ ਕੋਲ ਰੱਖਦਾ ਸੀ, ਕਵੀ ਸੰਤੋਖ ਸਿੰਘ ਸੰਤੋਖ ਲਿਖਦਾ ਹੈ:
ਹੀਰ ਵਾਰਸ ਪੰਜਾਬ ਦੀ ਨੂੰ
ਗ੍ਰੰਥਾਂ ਤੋਂ ਜਾਣ ਉਤੇ
ਬਖਸ਼ੀ ਓਸਨੇ ਹੀਰ ਨੂੰ ਪਵਿੱਤਰ
ਉਪਾਧੀ ਸੀ।
ਉਸੇ ‘ਹੀਰ’ ਵਿੱਚ ਹੀ ਰਿਵਾਲਵਰ
ਛੁਪਾ ਕੇ ਸੇਕਸਟਨ ਹਾਲ ਅੰਦਰ ਦਾਖਿਲ ਹੋਇਆ ਸੀ। ਊਧਮ ਸਿੰਘ ਦੇ ਹਾਣੀ ਉਸਨੂੰ ‘ਬਾਵਾ’ ਆਖ
ਬੁਲਾਉਂਦੇ ਸਨ। ਸ਼ਾਇਦ ਹੀ ਕੋਈ ਜਾਣਦਾ ਹੋਵੇ ਕਿ ਊਧਮ ਸਿੰਘ ਮੋਟਰਸਾਇਕਲਾਂ ਦਾ ਇੱਕ ਮਾਹਿਰ ਮਿਸਤਰੀ
ਸੀ। ਸ.ਊਧਮ ਸਿੰਘ ਨੂੰ ਆਇਰਲੈਂਡ ਦੇ ਬਣੇ ਹੋਏ ਹਥੀਆਰ ਖਾਸ ਤੌਰ ‘ਤੇ ਪਸੰਦ ਸਨ। ਊਧਮ ਸਿੰਘ ਗੁਰਦੁਆਰੇ
ਜਾਂਦਾ, ਭਾਂਡੇ ਮਾਜਣ ਅਤੇ ਰੋਟੀਆਂ ਵਰਤਾਉਣ ਦੀ ਸੇਵਾ ਕਰਦਾ ਸੀ। ਕਵੀ ਸੰਤੋਖ ਸਿੰਘ ਸੰਤੋਖ ਅਨੁਸਾਰ:
ਜਿੰਦਗੀ ਮਾਨਣ ਦੇ ਵਖਰੇ ਸਨ ਢੰਗ
ਤਰੀਕੇ
ਗੇੜਾ ਗੁਰਦੁਆਰੇ ਦਾ ਵੀ ਉਹ
ਮਾਰਦਾ ਸੀ।
ਭਾਂਢੇ ਧੋਣ ਤੇ ਰੋਟੀਆਂ ਦੀ
ਸੇਵਾ ਕਰਨੀ
ਵੰਡ ਛਕਣ ਦੀ ਮਰਯਾਦਾ ਸਤਿਕਾਰਦਾ
ਸੀ।
ਮੋਟਰ ਸਾਇਕਲਾਂ ਦੀ ਮੁਰੰਮਤ ਦਾ
ਸੀ ਮਾਹਰ
ਅਸਲੇ ਲਈ ਆਇਰਸ਼ਾਂ ਨੂੰ ਦਿਲੋਂ
ਪਿਆਰਦਾ ਸੀ।
ਕਿਤੇ ਇਸ਼ਕ ਤੋਂ ਬਾਜੀ ਨਾ ਹਾਰ
ਬੈਠੇ
ਤਿਆਰ-ਬਰ-ਤਿਆਰ ਪਰਾਹੁਣਾ ਸਰਕਾਰ
ਦਾ ਸੀ।
ਇਸ ਤੋਂ ਇਲਾਵਾ ਸ਼ਾਇਦ ਬਹੁਤ ਘੱਟ
ਲੋਕਾਂ ਨੂੰ ਪਤਾ ਹੋਵੇਗਾ ਕਿ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਮਾਰਨ ਲਈ ਜਿਸ ਰਿਵਾਲਵਰ ਦੀ
ਵਰਤੋਂ ਕੀਤੀ ਉਹ .32 ਬੋਰ ਦਾ ਸੀ ਪਰ ਉਸ ਵਿੱਚ ਪਾਉਣ ਲਈ ਗੋਲੀਆਂ .31 ਬੋਰ ਦੇ ਰਿਵਾਲਵਰ ਦੀਆਂ
ਸਨ। ਅੰਗਰੇਜ਼ਾਂ ਦਾ ਮੰਨਣਾ ਹੈ ਕਿ ਜੇਕਰ ਉਸ ਕੋਲ ਸਹੀ ਗੋਲੀਆਂ ਹੁੰਦੀਆਂ ਤਾਂ ਨੁਕਸਾਨ ਜ਼ਿਆਦਾ ਹੋ
ਸਕਦਾ ਸੀ। ਇਸ ਰਿਵਾਲਵਰ ਨੂੰ ਅਜੇ ਵੀ ਲੰਡਨ ਦੇ ਅਜਾਇਬਘਰ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ।
ਇਸ ਮਹਾਨ ਵਿਆਕਤੀ ਦੇ ਜੀਵਨ ਦੀਆਂ ਐਨੀਆਂ ਦਿਲਚਸਪ ਗੱਲਾਂ ਹੋਣ ਦੇ ਬਾਵਜੂਦ ਵੀ
ਲੋਕਾਂ ਨੂੰ ਜਾਣਕਾਰੀ ਬਹੁਤ ਘੱਟ ਹੈ, ਕੋਈ ਵੀ ਖਾਸ ਕਿਤਾਬ ਊਧਮ ਸਿੰਘ ਬਾਰੇ ਨਹੀਂ ਮਿਲਦੀ। ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ
ਦਾ ਨਾਂ ਚਮਕਾਉਣ ਲਈ ਹੀ, ਊਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ
ਜੋੜਨ ਦਾ ਉਪਰਾਲਾ ਕਰਦੇ ਰਹੇ ਹਨ, ਜਦੋਂ
ਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ‘ਰਾਮ ਮੁਹੰਮਦ ਸਿੰਘ ਆਜ਼ਾਦ’ ਰੱਖਿਆ ਸੀ। ਉਸਨੇ ਇਹੀ
ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿਚ ਦੱਸਿਆ ਸੀ।
ਸ਼ਹੀਦ ਊਧਮ ਸਿੰਘ ਬਾਰੇ ਕਈ ਦੰਦ ਕਥਾਵਾਂ ਵਲੈਤ ਦੇ ਵੱਖ
ਵੱਖ ਸ਼ਹਿਰਾਂ ਵਿਚ ਵੀ ਪ੍ਰਚਲਤ ਹਨ। ਇਹਦੀ ਢਾਣੀ ਦੇ ਤਕਰੀਬਨ ਸਾਰੇ ਸਾਥੀ-ਬੇਲੀ ਵੀ ਚੱਲ ਵਸੇ ਹਨ।
ਇੱਕਾ-ਦੁੱਕਾ ਲਿਖਤਾਂ ਵੀ ਮਿਲਦੀਆਂ ਹਨ ਪਰ ਇਹ ਵੀ ਪੂਰੀ-ਸੂਰੀ ਵਾਕਫੀਅਤ ਪ੍ਰਦਾਨ ਨਹੀਂ ਕਰਦੀਆਂ
ਸਗੋਂ ਕੁਝ ਝਲਕਾਰੇ ਹੀ ਪੇਸ਼ ਹੁੰਦੇ ਹਨ।
ਹਿੰਦੋਸਤਾਨੀ ਮਜ਼ਦੂਰ ਸਭਾ ਦੇ ਪੁਰਾਣੇ ਸੰਗੀ-ਸਾਥੀ
ਦੱਸਦੇ ਹਨ ਕਿ ਊਧਮ ਸਿੰਘ ਨੇ ਆਪ ਭਾਂਵੇ ਮਜ਼ਦੂਰ ਸਭਾ ਦੀ ਮੁਢਲੀ ਕਾਰਗੁਜ਼ਾਰੀ ਵਿਚ ਸਿੱਧੇ ਤੌਰ
ਤੇ ਹਿੱਸਾ ਤਾਂ ਨਹੀਂ ਸੀ ਲਿਆ ਪਰ ਇਸ ਦਾ ਮੁੱਢ ਉਸੇ ਦੀ ਜੁਗਤ ਅਤੇ
ਹੱਲਾਸ਼ੇਰੀ ਨਾਲ ਹੀ 1938 ਵਿਚ ਬੱਝਾ ਸੀ। ਇਓਂ ਉਹ ਹਿੰਦੋਸਤਾਨੀ ਮਜ਼ਦੂਰਾਂ ਦੀ ਇੰਗਲੈਂਡ ਵਿਚ
ਪਹਿਲੀ ਜਥੇਬੰਦੀ ਦਾ ਵੀ ਪਿਤਾਮਾ ਸੀ।
ਪਿੱਛੇ ਜਿਹੇ ਹੀ ਬ੍ਰਿਟਿਸ਼ ਸਰਕਾਰ ਨੇ ਊਧਮ ਸਿੰਘ ਬਾਰੇ
ਕੁਝ ਦਸਤਾਵੇਜ਼ ਰਿਲੀਜ਼ ਕੀਤੇ ਹਨ। ਇਹ ਉਸਦੀ ਜ਼ਿੰਦਗ਼ੀ ਦੇ ਆਖਰੀ ਦਿਨਾਂ ਬਾਰੇ ਕੁਝ ਚਾਨਣਾ
ਪਾਂਉਦੇ ਹਨ । ਇਹ ਦਸਤਾਵੇਜ਼ ‘ਇੰਡੀਅਨ ਵਰਕਰਜ਼ ਅਸੋਸੀਏਸ਼ਨ (ਗਰੇਟ ਬ੍ਰਿਟੇਨ)’ ਦੇ ਹੈੱਡ ਆਫਿਸ
ਵਿਚ ਪਏ ਹਨ। ਬਿਨਾਂ ਸ਼ੱਕ ਇਹ ਦਸਤਾਵੇਜ਼ ਸਰਕਾਰੀ ਹਨ ਤੇ ਇਹਨਾਂ ਬਾਰੇ ਸਾਡੀ ਸ਼ੰਕਾ ਬਣੀ ਰਹਿ
ਸਕਦੀ ਹੈ ਤਾਂ ਵੀ ਇਨ੍ਹਾਂ ਤੇ ਉੱਕਾ ਹੀ ਲੀਕ ਫੇਰ ਦੇਣੀ ਵੀ ਠੀਕ ਨਹੀਂ ਹੈ।
ਇੱਕ ਕਥਨ ਹੈ ਕਿ ‘ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੀਆਂ, ਉਹ
ਮਿਟ ਜਾਂਦੀਆਂ ਹਨ’। ਕਿਤੇ ਆਪਾਂ ਵੀ ਇਸ ਦੁਖਾਂਤ ਦਾ ਸ਼ਿਕਾਰ ਨਾ ਬਣ ਜਾਈਏ। ਜਿਸ ਸੁਨਹਿਰੀ ਭਵਿੱਖ
ਦੀ ਕਲਪਨਾ ਦੇਸ਼ ਦੀ ਆਣਾਦੀ ਲਈ ਕੁਰਬਾਨ ਵਾਲੇ ਇਹਨਾਂ ਸ਼ਹੀਦਾਂ ਨੇ ਕੀਤੀ ਸੀ, ਉਹ ਇਸ ਦੇਸ਼ ਦੀਆਂ
ਮਾੜੀਆਂ ਨੀਤੀਆਂ ਦੀ ਭੇਂਟ ਚੜ੍ਹ ਗਿਆ ਹੈ। ਜੇ ਜ਼ਿਆਦਾ ਨਹੀਂ ਤਾਂ ਐਨਾ ਹੀ ਕਰੀਏ ਕਿ ਇਹਨਾਂ
ਸ਼ਹੀਦਾਂ ਦੀ ਗਾਥਾ ਨੂੰ ਭਵਿੱਖ ਦੀਆਂ ਪੀੜ੍ਹੀਆਂ ਤੱਕ ਲਿਜਾਣ ਦਾ ਯਤਨ ਕਰੀਏ ਤਾਂ ਜੋ ਇਹਨਾਂ
ਸ਼ਹੀਦਾਂ ਦਾ ਸਤਿਕਾਰ ਬਣਿਆ ਰਹੇ।