Pages

ਗੁਰੂ ਅਮਰਦਾਸ ਜੀ



ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਪਾਤਸ਼ਾਹ ਹੋਏ ਹਨ।
ਜਨਮ: 5 ਮਈ 1479 (ਵੈਸਾਖ ਸੁਦੀ 14, 8 ਜੇਠ ਸੰਮਤ 1536)
ਜਨਮ ਸਥਾਨ: ਪਿੰਡ ਬਾਸਰਕੇ ਗਿੱਲਾਂ, ਜ਼ਿਲ੍ਹਾ ਅੰਮ੍ਰਿਤਸਰ
ਮਾਤਾ-ਪਿਤਾ: ਗੁਰੂ ਅਮਰਦਾਸ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਬਖਤ ਕੌਰ (ਦੂਸਰਾ ਨਾਮ ਸੁਲੱਖਣੀ ) ਜੀ ਅਤੇ ਪਿਤਾ ਜੀ ਦਾ ਨਾਮ ਤੇਜਭਾਨ ਭੱਲਾ ਜੀ ਸੀ।
ਭਰਾ: ਗੁਰੂ ਅਮਰਦਾਸ ਜੀ ਦੇ ਤਿੰਨ ਭਰਾ ਭਾਈ ਈਸ਼ਰਦਾਸ ਜੀ, ਭਾਈ ਖੇਮ ਰਾਇ ਜੀ ਅਤੇ ਭਾਈ ਮਾਣਕ ਚੰਦ ਜੀ ਸਨ।
ਸੁਪਤਨੀ: ਮਾਤਾ ਮਨਸਾ ਦੇਵੀ ਜੀ (ਗੁਰੂ ਅਮਰਦਾਸ ਜੀ ਵਿਆਹ 11 ਮਾਘ ਸੰਮਤ 1559 ਨੂੰ ਸ੍ਰੀ ਦੇਵੀ ਚੰਦ ਬਹਿਲ ਖੱਤਰੀ ਦੀ ਸਪੁੱਤਰੀ ਸ੍ਰੀ ਰਾਮ ਕੌਰ ਜੀ ਨਾਲ ਹੋਇਆ।)
ਸੰਤਾਨ: ਗੁਰੂ ਅਮਰਦਾਸ ਜੀ ਦੇ ਘਰ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਅਤੇ ਦੋ ਪੁੱਤਰਾਂ ਮੋਹਨ ਅਤੇ ਮੋਹਰੀ ਦਾ ਜਨਮ ਹੋਇਆ।
ਗੁਰੂ ਅੰਗਦ ਦੇਵ ਜੀ ਨਾਲ ਮੇਲ: ਗੁਰੂ ਅੰਗਦ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਹਿੰਦੂ ਰੀਤੀ ਰਿਵਾਜ਼ ਨੂੰ ਮੰਨਦੇ ਸਨ ਅਤੇ ਹਰ ਸਾਲ ਗੰਗਾ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਇੱਕ ਵਾਰ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ (ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਜੋ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਭਾਈ ਮਾਣਕ ਚੰਦ ਦੇ ਸਪੁੱਤਰ ਭਾਈ ਜੱਸੂ ਦੀ ਸੁਪਤਨੀ ਸਨ) ਕੋਲੋਂ ਗੁਰੂ ਨਾਨਕ ਸਾਹਿਬ ਦੇ ਕੁਝ ਸ਼ਬਦ ਸੁਣੇ ਅਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਸੇ ਸਮੇਂ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਖਡੂਰ ਸਾਹਿਬ ਗਏ ਅਤੇ ਗੁਰੂ ਅੰਗਦ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਆਪਣਾ ‘ਗੁਰੂ’ ਬਣਾ ਲਿਆ ਅਤੇ ਖਡੂਰ ਸਾਹਿਬ ਹੀ ਰਹਿਣਾ ਸ਼ੁਰੂ ਕਰ ਦਿੱਤਾ।

ਗੋਇੰਦਵਾਲ ਨਗਰ ਵਸਾਉਣਾ: ਸਤਿਗੁਰੂ ਅੰਗਦ ਦੇਵ ਜੀ ਦਾ ਇਕ ਸ਼ਰਧਾਲੂ ਗੋਇੰਦਾ ਮਰਵਾਹਾ ਖੱਤਰੀ ਸੀ, ਜਿਸ ਦੀ ਦਰਿਆ ਬਿਆਸ ਦੇ ਕੰਢੇ ਪਤਨ ਵਾਲੀ ਥਾਂ ਤੇ ਕਾਫੀ ਜ਼ਮੀਨ ਸੀ। ਉਸਨੇ ਸ਼ਹਿਰ ਵਸਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ। ਲੋਕਾਂ ਵਿਚ ਇਹ ਅੰਧ ਵਿਸ਼ਵਾਸ਼ ਬਣ ਚੁੱਕਾ ਸੀ ਕਿ ਇਹ ਥਾਂ ਭਾਰੀ ਹੈ। ਫਿਰ ਉਸਨੇ ਗੁਰੂ ਅੰਗਦ ਦੇਵ ਜੀ ਕੋਲ ਬੇਨਤੀ ਕੀਤੀ ਕਿ ਆਪ ਉਥੇ ਨਗਰ ਵਸਾਓ। ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ (ਗੁਰੂ) ਅਮਰਦਾਸ ਜੀ ਨੇ ਇਥੇ ਗੋਇੰਦਵਾਲ ਸਾਹਿਬ ਨਗਰ 1546 ਵਿਚ ਵਸਾਉਣਾ ਸ਼ੁਰੂ ਕੀਤਾ ਸੀ। ਭਾਈ ਗੋਂਦੇ ਨੇ ਨਗਰ ਵਸਾਉਣ ਵਿਚ ਸਹਾਇਤਾ ਕੀਤੀ ਅਤੇ ਗੁਰੂ ਅਮਰਦਾਸ ਜੀ ਦੇ 1552 ਵਿਚ ਇਥੇ ਆਉਣ ਤੋਂ ਬਾਅਦ ਇਹ ਥਾਂ ਹਰ ਤਰ੍ਹਾਂ ਨਾਲ ਇਕ ਵੱਡੇ ਸ਼ਹਿਰ ਵਿਚ ਪਰਵਰਤਨ ਹੋ ਗਿਆ। ਇਸ ਸ਼ਹਿਰ ਦਾ ਨਾਮ ‘ਗੋਇੰਦਵਾਲ’ ਰੱਖਿਆ ਗਿਆ। ਸਮੇਂ ਨਾਲ ਸਿੱਖ ਧਰਮ ਦਾ ਪਰਚਾਰ ਕੇਂਦਰ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਬਣ ਗਇਆ।
ਗੁਰਗੱਦੀ: 25 ਮਾਰਚ 1552
ਕਾਰਜ: ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨੂੰ ਸਿੱਖੀ ਪ੍ਰਚਾਰ ਦੇ ਧੁਰੇ ਵਜੋਂ ਵਿਕਸਤ ਕੀਤਾ। ਗੁਰੂ ਅਮਰਦਾਸ ਜੀ ਨੇ 22 ਮੰਜੀਆਂ ( ਸਿੱਖ ਧਰਮ ਪ੍ਰਚਾਰ ਸੈਂਟਰ) ਸਥਾਪਿਤ ਕਰਵਾਈਆਂ। ਗੁਰੂ ਅਮਰਦਾਸ ਜੀ ਨੇ ਪਹਿਲੇ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ‘ਲੰਗਰ ਪ੍ਰਥਾ’ ਨੂੰ ਪ੍ਰਫੁਲਿੱਤ ਕਰਨ ਲਈ ਹਰ ਕਿਸੇ ਲਈ ਲੰਗਰ ਛਕਣਾ ਜ਼ਰੂਰੀ ਕਰ ਦਿੱਤਾ ਅਤੇ ‘ਪਹਿਲੇ ਪੰਗਤ ਪਾਛੈ ਸੰਗਤ’ ਦਾ ਸਿਧਾਂਤ ਦਿੱਤਾ। ਉਸ ਸਮੇਂ ਦੇ ਬਾਦਸ਼ਾਹ ਅਕਬਰ ਨੂੰ ਵੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ‘ਗੁਰੂ ਕਾ ਲੰਗਰ’ ਛਕਣਾ ਪਿਆ ਸੀ।
ਗੁਰੂ ਅਮਰਦਾਸ ਜੀ ਨੇ 146 ਰਸੂਲਾਂ (ਮਸੰਦਾਂ) ਜਿੰਨ੍ਹਾਂ ਵਿੱਚੋਂ 52 ਔਰਤਾਂ ਸਨ, ਨੂੰ ਤਿਆਰ ਕਰ ਸਿੱਖ ਧਰਮ ਦੇ ਪ੍ਰਚਾਰ ਹਿੱਤ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਭੇਜਿਆ।
ਸਮਾਜ ਅੰਦਰ ਔਰਤ ‘ਤੇ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਉਠਾਉਂਦਿਆਂ ਗੁਰੂ ਅਮਰਦਾਸ ਜੀ ਨੇ ਉਸ ਸਮੇਂ ਪ੍ਰਚੱਲਿਤ ‘ਸਤੀ ਪ੍ਰਥਾ’ (ਜਿਸ ਤਹਿਤ ਕਿਸੇ ਵਿਧਵਾ ਹੋਈ ਔਰਤ ਨੂੰ ਆਪਣੇ ਪਤੀ ਦੀ ਚਿਖਾ ਵਿੱਚ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ।) ਦਾ ਵਿਰੋਧ ਕਰ ਉਸਨੂੰ ਸਿੱਖਾਂ ਵਿੱਚੋਂ ਖਤਮ ਕਰਵਾਇਆ। ਗੁਰੂ ਜੀ ਨੇ ਔਰਤ ਦੇ ਪਰਦਾ ਕਰ ਕੇ ਰੱਖਣ ਦੀ ਰੀਤੀ ਦਾ ਵੀ ਖਾਤਮਾ ਕਰ ਦਿੱਤਾ।
ਗੁਰੂ ਜੀ ਨੇ ਜਨਮ, ਵਿਆਹ ਅਤੇ ਮੌਤ ਦੀਆਂ ਨਵੀਆਂ ਰਸਮਾਂ ਨਾਲ ਸਿੱਖ ਧਰਮ ਨੂੰ ਬਾਕੀ ਧਰਮਾਂ ਨਾਲੋਂ ਵਿਲੱਖਣ ਅਤੇ ਅੱਡਰਾ ਕਰ ਦਿੱਤਾ। ਸਿੱਖਾਂ ਦੇ ਵਿਆਹ ਨੂੰ ‘ਆਨੰਦ ਕਾਰਜ’ ਦਾ ਰੂਪ ਦਿੱਤਾ। ਗੁਰੂ ਅਮਰਦਾਸ ਜੀ ਨੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਗੋਇੰਦਵਾਲ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ।
ਬਾਣੀ ਰਚਨਾ: ਗੁਰੂ ਅਮਰਦਾਸ ਜੀ ਨੇ ‘ਆਨੰਦ ਸਾਹਿਬ’ ਦੀ ਰਚਨਾ ਕੀਤੀ। ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ ਵਿੱਚ ਅਤੇ 4 ਵਾਰਾਂ ਹਨ।
ਜੋਤੀ-ਜੋਤ: ਗੁਰੂ ਅਮਰਦਾਸ ਜੀ ਤਕਰੀਬਨ 95 ਸਾਲ ਦੀ ਉਮਰ ਵਿੱਚ 29 ਅਗਸਤ 1574 ਨੂੰ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਦਾ ਰੂਪ ਦੇ ਗੁਰਗੱਦੀ ਬਖਸ਼ ਕੇ 1 ਸਤੰਬਰ 1574 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।