Pages

ਗੁਰੂ ਅਰਜਨ ਸਾਹਿਬ ਜੀ



ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਪਾਤਸ਼ਾਹ ਹੋਏ ਹਨ।
ਜਨਮ: 15 ਅਪ੍ਰੈਲ 1563 (ਵੈਸਾਖ ਵਦੀ 7, 19 ਵੈਸਾਖ ਸੰਮਤ 1620)
ਜਨਮ ਸਥਾਨ: ਗੋਇੰਦਵਾਲ
ਮਾਤਾ-ਪਿਤਾ: ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਨਾਮ ਭਾਨੀ ਜੀ ਅਤੇ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਸੀ।
ਭਰਾ: ਗੁਰੂ ਅਰਜਨ ਦੇਵ ਜੀ ਦੇ ਦੋ ਭਰਾ ਪ੍ਰਿਥੀ ਚੰਦ ਅਤੇ ਮਹਾ ਦੇਵ ਸਨ।
ਵਿਦਿਆ: ਗੁਰੂ ਅਰਜਨ ਦੇਵ ਜੀ ਨੇ ਗੁਰਮੁਖੀ ਬਾਬ ਬੁੱਢਾ ਜੀ ਕੋਲੋਂ ਸਿੱਖੀ। ਗੁਰੂ ਅਰਜਨ ਦੇਵ ਜੀ ਨੇ ਸੰਸਕ੍ਰਿਤ, ਹਿੰਦੀ ਅਤੇ ਫਾਰਸੀ ਭਾਸ਼ਾਵਾਂ ਦਾ ਗਿਆਨ ਵੀ ਹਾਸਿਲ ਕੀਤਾ।

ਸੁਪਤਨੀ: 23 ਹਾੜ੍ਹ ਸੰਮਤ 1636 ਨੂੰ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਿੰਡ ਮੌਂ (ਤਹਿਸੀਲ ਫਿਲੌਰ) ਦੇ ਵਸਨੀਕ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ।
ਸੰਤਾਨ: 21 ਹਾੜ ਸੰਮਤ 1652 (19 ਜੂਨ 1595) ਨੂੰ ਗੁਰੂ ਅਰਜਨ ਦੇਵ ਜੀ ਦੇ ਘਰ, ਮਾਤਾ ਗੰਗਾ ਜੀ ਦੀ ਕੁੱਖੋਂ ਪੁੱਤਰ (ਗੁਰੂ) ਹਰਗੋਬਿੰਦ ਜੀ ਦਾ ਜਨਮ ਹੋਇਆ।
ਗੁਰਗੱਦੀ: ਪਿਤਾ ਗੁਰੂ ਰਾਮਦਾਸ ਜੀ ਦੀ ਪਾਰਖੂ ਨਜ਼ਰ ਨੇ ਆਪਣੇ ਸਭ ਤੋਂ ਛੋਟੇ ਪੁੱਤਰ (ਗੁਰੂ) ਅਰਜਨ ਦੇਵ ਨੂੰ ਗੁਰਗੱਦੀ ਲਈ ਚੁਣਿਆ ਅਤੇ 28 ਅਗਸਤ 1581 ਨੂੰ ਗੁਰੂ ਅਰਜਨ ਦੇਵ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਏ।
ਗੁਰਗੱਦੀ ਸਮੇਂ ਉਮਰ: 25 ਸਾਲ
ਕਾਰਜ: ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤੱਕ ਗੁਰਸਿੱਖੀ ਨੂੰ ਪ੍ਰਚਾਰਿਆ। ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਅਤੇ ਅੰਮ੍ਰਿਤਸਰ ਸਰੋਵਰਾਂ ਦਾ ਨਿਰਮਾਣ ਕਾਰਜ ਸੰਪੂਰਨ ਕਰਵਾਇਆ
ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਸਥਾਪਨਾ: ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 1 ਮਾਘ ਬਿਕ੍ਰਮੀ ਸੰਮਤ 1644 ,ਦਸੰਬਰ 1588 (ਕਈ ਥਾਂ 3 ਜਨਵਰੀ 1588 ਲਿਖਿਆ ਵੀ ਮਿਲਦਾ ਹੈ) ਨੂੰ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ  (ਪੂਰਾ ਨਾਮ ਮੁਅਈਨ-ਉਲ-ਅਸਲਾਮ) ਜੀ ਕੋਲੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾ ਕੇ ਨਿਰਮਾਣ ਸ਼ੁਰੂ ਕਰਵਾਇਆ। ਹਰਿਮੰਦਰ ਸਾਹਿਬ ਦੇ ਕਾਰਜ ਦੇ ਸੰਪੂਰਨ ਹੋਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਦਾ ਨਿਰਮਾਣ ਪੂਰਾ ਕਰਵਾਇਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿੱਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈ. ਵਿਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆਸ਼੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿਚ ਅਜਿਹਾ ਸਵਾਲ ਪੈਦਾ ਹੁੰਦਾ ਹੈ ਕਿ ‘ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ?’ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਸਿੱਖਾਂ ਦੇ ‘ਕੇਂਦਰੀ ਸਥਾਨ’ ਵਜੋਂ ਉਭਰਿਆ। ਇਸੇ ਸਮੇਂ ਦੌਰਾਨ ਹੀ ਦਸਵੰਦ ਅਤੇ ਮਸੰਦ ਪ੍ਰਣਾਲੀ ਦਾ ਵੀ ਵਿਕਾਸ ਕੀਤਾ ਗਿਆ। ਅੰਮ੍ਰਿਤਸਰ ਵਿਖੇ ਸਿੱਖਾਂ ਦੇ ਭਾਰੀ ਇਕੱਠ ਹੋਣ ਲੱਗੇ ਅਤੇ ਮਸੰਦਾਂ ਵੱਲੋਂ ਭਾਰਤ ਦੇ ਵੱਖ-ਵੱਖ ਖਿੱਤਿਆਂ ਤੋਂ ਲੋਕਾਂ ਵੱਲੋਂ ਗੁਰੂ-ਦਰਬਾਰ ਦੀ ਸੇਵਾ ਹਿੱਤ ਦਿੱਤੀਆਂ ਭੇਟਾਵਾਂ ਦਿੱਤੀਆਂ ਜਾਣ ਲੱਗੀਆਂ। 1590 ਤੱਕ ਗੁਰੂ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ, ਇਸ ਲਈ ਆਪ ਜੀ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿਚ ਗਏ। ਤਰਨ ਤਾਰਨ ਵਿਚ ਕੋਹੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿਚ ਬਦਲ ਕੇ ਕੋਹੜੀਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ।
1593 ਵਿਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਕੇਂਦਰ ਹਿਤ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ਤੇ ਖੂਹ ਲਗਵਾਇਆ। 1594 ਈ. ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧਰਮ ਪ੍ਰਚਾਰ ਹਿੱਤ ਪੱਕਾ ਟਿਕਾਣਾ ਬਣਾਇਆ, ਇੱਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ।
ਲਾਹੌਰ ਵਿਚ ਕਾਲ ਤੇ ਸਮਰਾਟ ਅਕਬਰ ਨਾਲ ਮਿਲਾਪ: ਲਾਹੌਰ ਵਿਚ ਭੁੱਖਮਰੀ ਅਤੇ ਕਾਲ ਪੈ ਜਾਣ ਕਾਰਨ ਸੰਨ 1597 ਵਿਚ ਗੁਰੂ ਜੀ ਨੇ ਲਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਨਿਥਾਵਿਆਂ ਨੂੰ ਥਾਂ ਦੇਣ ਲਈ ਇਮਾਰਤ ਅਤੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਜ਼ਾਰ ਵਿਚ ਬਾਉਲੀ ਬਣਵਾਈ। ਲੰਗਰ ਲਗਵਾਏ, ਦਵਾ ਦਾ੍ਰੂ ਦਾ ਇੰਤਜ਼ਾਮ ਕੀਤਾ।
1598 ਵਿਚ ਹੀ ਅਕਬਰ ਬਾਦਸ਼ਾਹ ਗੋਇੰਦਵਾਲ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ । ਉਸ ਨੇ ਗੁਰੂ ਜੀ ਵੱਲੋਂ ਲਾਹੌਰ ਕਾਲ ਸਮੇਂ ਪੀੜਤ ਲੋਕਾਂ ਦੀ ਸੇਵਾ ਲਈ ਸ਼ੁਕਰਾਨਾ ਕੀਤਾ ।ਗੁਰੂ ਜੀ ਦੀ ਅਜ਼ੀਮ ਸ਼ਕਸੀਅਤ ਤੇ ਲੰਗਰ ਪ੍ਰਥਾ ਤੌਂ ਪ੍ਰਭਾਵਿਤ ਹੋ ਕੇ ਲੰਗਰ ਦੇ ਨਾਂ ਜਗੀਰ ਲਾਉਣ ਦੀ ਪੇਸ਼ਕਸ਼ ਕੀਤੀ । ਪਰ ਗੁਰੂ ਜੀ ਨੇ ਜਗੀਰ ਤੌਂ ਇਨਕਾਰ ਕਰ ਦਿੱਤਾ ਲੇਕਿਨ ਬਾਦਸ਼ਾਹ ਨੂੰ ਇਸ ਇਲਾਕੇ ਵਿਚੌਂ ਸ਼ਾਹੀ ਫੌਜਾਂ ਦੇ ਰਹਿਣ ਤੇ ਕੂਚ ਕਰਣ ਕਰਕੇ ਹੋਏ ਨੁਕਸਾਨ ਕਾਰਨ ਲਗਾਨ ਮਾਫ ਕਰਣ ਲਈ ਅਕਬਰ ਬਾਦਸ਼ਾਹ ਨੂੰ ਰਾਜ਼ੀ ਕਰ ਲੀਤਾ।ਸੰਨ 1599 ਈ. ਵਿਚ ਲੋਕਾਂ ਨੂੰ ਵਹਿਮਾਂ-ਭਰਮਾਂ ਚੋਂ ਕੱਢਣ ਲਈ ਧਰਮ ਪ੍ਰਚਾਰ ਹਿਤ ਆਪ ਜੀ, ਡੇਰਾ ਬਾਬਾ ਨਾਨਕ, ਕਰਤਾਰਪੁਰ (ਰਾਵੀ ਵਾਲੇ) ਕਲਾਨੌਰ ਦੇ ਪ੍ਰਚਾਰ ਦੌਰੇ ਤੋਂ ਬਾਰਠ ਵਿਖੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ। ਇਕ ਸਾਲ ਦੇ ਪ੍ਰਚਾਰ ਦੌਰੇ ਤੋਂ ਬਾਅਦ ਆਪ ਜੀ ਅੰਮ੍ਰਿਤਸਰ ਪਹੁੰਚੇ।
ਬਾਣੀ ਰਚਨਾ: ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ 2218 ਸ਼ਬਦਾਂ ਦੀ ਰਚਨਾ ਕੀਤੀ। ਸੁਖਮਨੀ ਸਾਹਿਬ, ਬਾਰਹ ਮਾਹਾ, ਬਾਵਨ ਅੱਖਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ।
ਗੁਰੂ ਗਰੰਥ ਸਾਹਿਬ ਦਾ ਸੰਪਾਦਨ: ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿਚ, ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ੍ਰੀ ਰਾਮਸਰ (ਗੁਰਦੁਆਰੇ ਸ਼ਸ਼ੋਭਿਤ) ਅੰਮ੍ਰਿਤਸਰ ਚੁਣੀ। ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਇਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ, ਜਿੰਨ੍ਹਾਂ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ਤੇ ਪਹਿਲਾ ਹੁਕਮਨਾਮਾ ਲਿਆ।
ਗੁਰੂ ਸਾਹਿਬ ਦੀ ਸ਼ਹਾਦਤ: ਗੁਰੂ ਅਰਜਨ ਦੇਵ ਜੀ ਦੋਵੇਂ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਜੀ ਨੂੰ ਬੇਹੱਦ ਪਿਆਰ ਅਤੇ ਸਤਿਕਾਰ ਦਿੰਦੇ ਸਨ, ਪਰ ਉਹ ਦੋਵੇਂ ਪਿਆਰ ਅਤੇ ਸਤਿਕਾਰ ਨੂੰ ਅੱਖੋਂ ਓਹਲੇ ਕਰ ਇਨ੍ਹਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਅ ਕਰਦੇ ਰਹਿੰਦੇ। ਪ੍ਰਿਥੀ ਚੰਦ ਅੰਦਰੋਂ ਲੋਭ-ਲਾਲਚ ਵਿਚ ਗ੍ਰਸਿਆ ਹੋਇਆ ਸੀ। ਜਿਥੇ ਉਹ ਸੰਸਾਰੀ ਵਸਤਾਂ ‘ਤੇ ਮਾਇਆ ਦੀ ਪਕੜ ਵਿਚ ਸੀ, ਉਥੇ ਚੌਥੇ ਗੁਰੂ ਪਾਤਸ਼ਾਹ ਦਾ ਵੱਡਾ ਪੁੱਤਰ ਹੋਣ ਦੀ ਹਉਮੈ ਨੂੰ ਪਾਲੀ ਬੈਠਾ ਸੀ। ਗੁਰ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਤੇ ਉਸ ਅੰਦਰ ਈਰਖਾ ਦੇ ਭਾਂਬੜ ਬਲ ਉੱਠੇ ਈਰਖਾ ਦੀ ਅਗਨੀ ਹੋਰ ਵਧੀ ਜਦੋਂ ਗੁਰੂ ਰਾਮਦਾਸ ਜੀ ਦੇ ਭੋਗ ਤੇ ਬਾਬਾ ਸ੍ਰੀ ਚੰਦ ਵੱਲੋਂ ਦੋ ਪੱਗਾਂ ਭੇਜੀਆਂ। ਇਸ ਗੱਲ ਦਾ ਪ੍ਰਗਟਾ ਬੰਸਾਵਲੀ ਨਾਮੇ ਵਿਚ ਇਸ ਤਰ੍ਹਾਂ ਕੀਤਾ ਹੋਇਆ ਹੈ:
ਸਿਰੀ ਚੰਦ ਸਾਹਿਬ ਜੀ ਪੱਗ ਭਿਜਵਾਈ
ਇਕ ਪ੍ਰਿਥੀ ਨੂੰ, ਇਕ ਅਰਜਨ ਨੂੰ ਆਈ
ਮਰਨੇ ਕੀ ਪੱਗ ਪ੍ਰਿਥੀਏ ਬੱਧੀ,
ਗੁਰਿਆਈ ਪੱਗ ਗੁਰੂ ਅਰਜਨ ਬੱਧੀ।
ਪ੍ਰਿਥੀ ਚੰਦ ਨੇ ਗੁਰ ਗੱਦੀ ਹਾਸਲ ਕਰਨ ਲਈ ਹਰ ਤਰੀਕਾ ਵਰਤਿਆ ਮਸੰਦਾਂ, ਗੁਰੂਆਂ ਦੋਖੀਆਂ ਅਤੇ ਰਾਜ ਦੇ ਕਰਮਚਾਰੀਆਂ ਨੂੰ ਲਾਲਚ ਦੇ ਕੇ ਆਪਣੇ ਹੱਕ ਵਿਚ ਕਰਨ ਲਈ ਹਰ ਹਰਬਾ ਵਰਤਿਆ, ਪਰ ਸਫਲਤਾ ਨਾ ਮਿਲੀ। ਗੁਰੂ ਅਰਜਨ ਪਾਤਸ਼ਾਹ ਵੱਲ ਸਿੱਖਾਂ ਨੇ ਵਹੀਰਾਂ ਘੱਤ ਲਈਆਂ। ਪ੍ਰਿਥੀ ਚੰਦ ਦਾ ਵਿਰੋਧ ਹੋਰ ਵੀ ਤੇਜ਼ ਹੋ ਗਿਆ। ਪ੍ਰਿਥੀ ਚੰਦ ਨੇ ਸੁਲਹੀ ਖ਼ਾਨ ਜੋ ਉਸ ਦਾ ਦੋਸਤ ਅਤੇ ਬਾਦਸ਼ਾਹ ਅਕਬਰ ਦਾ ਮੁਲਾਜ਼ਮ ਸੀ, ਨੂੰ ਗੁਰੂ ਅਰਜਨ ਦੇਵ ਜੀ ਨੂੰ ਡਰਾਉਣ ਲਈ ਮਨਾ ਲਿਆ। ਉਹ ਪ੍ਰਿਥੀ ਚੰਦ ਦੇ ਚੁੱਕਣ ਉਤੇ ਕਰ ਵਸੂਲਣ ਦੇ ਬਹਾਨੇ ਅੰਮ੍ਰਿਤਸਰ ਵਲ ਵਧਿਆ। ਰਾਤ ਉਹ ਪ੍ਰਿਥੀ ਚੰਦ ਕੋਲ ਰੁਕ ਗਿਆ। ਪਰ ਸਵੇਰੇ ਪ੍ਰਿਥੀ ਚੰਦ ਦੇ ਭੱਠੇ ਦੀ ਅੱਗ ਵਿਚ ਸੜ ਕੇ ਮਰ ਗਿਆ। ਸੁਲਹੀ ਖ਼ਾਨ ਦੇ ਮਰਨ ਨਾਲ ਪ੍ਰਿਥੀ ਚੰਦ ਨੂੰ ਬਹੁਤ ਤਕੜਾ ਧੱਕਾ ਵੱਜਿਆ ਪਰ ਇਸ ਧੱਕੇ ਨੂੰ ਉਹ ਇਸ ਆਸ ਤੇ ਸਹਿਣ ਕਰ ਗਿਆ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਸੰਤਾਨ ਨਹੀਂ ਸੀ। ਇਸ ਕਰਕੇ ਗੁਰ-ਗੱਦੀ ਮੁੜ ਕੇ ਉਸ ਦੇ ਘਰ ਵਿਚ ਆ ਜਾਣ ਦੀ ਆਸ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਉਸ ਦੇ ਬੇਟੇ ਮਿਹਰਬਾਨ ਨੂੰ ਬਹੁਤ ਪਿਆਰ ਕਰਦੇ ਸਨ ਪਰ ਉਸ ਦੀ ਇਸ ਆਸ ਤੋਂ ਉਸ ਵੇਲੇ ਬੂਰ ਝੜ ਗਿਆ ਜਦੋਂ 1595 ਈ. ਨੂੰ ਬਾਲ ਹਰਿਗੋਬਿੰਦ ਦਾ ਜਨਮ ਹੋ ਗਿਆ। ਪ੍ਰਿਥੀ ਚੰਦ ਲਈ ਇਹ ਅਸਹਿ ਸਦਮਾ ਸੀ ਪਰ ਉਹ ਹਰਕਤਾਂ ਤੋਂ ਬਾਜ ਨਾ ਆਇਆ ਅਤੇ ਲਗਾਤਾਰ ਗੁਰੂ ਪਾਤਸ਼ਾਹ ਦੀ ਸ਼ਿਕਾਇਤ ਮੁਗਲ ਦਰਬਾਰੇ ਭੇਜਦਾ ਰਿਹਾਅਕਬਰ ਤੱਕ ਉਸਦੀ ਕੋਈ ਚਾਲ ਸਫਲ ਨਾ ਹੋਈ ਪਰ ਜਹਾਂਗੀਰ ਦੇ ਗੱਦੀ ਤੇ ਬੈਠਣ ਨਾਲ ਸਮਾਂ ਉਸ ਵਲ ਤਬਦੀਲ ਹੋਣ ਲੱਗਾ।
ਅਕਬਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਉਸ ਦੀ ਸਹਿਨਸ਼ੀਲਤਾ ਦੀ ਨੀਤੀ ਵੀ ਉਸ ਦੀ ਕਬਰ ਵਿੱਚ ਦਫਨ ਕਰ ਦਿੱਤੀ ਗਈ। ਉਸ ਦਾ ਵੱਡਾ ਬੇਟਾ ਸਲੀਮ ਜਹਾਂਗੀਰ ਦੇ ਲਕਬ ਨਾਲ ਰਾਜ ਗੱਦੀ ਤੇ ਬੈਠਾ। ਉਹ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਗੈਰ-ਧਰਮੀਆਂ ਨੂੰ ਸਖਤ ਨਫ਼ਰਤ ਕਰਦਾ ਸੀ। ਪਿਤਾ ਦੀ ਨਿਮਰਤਾ ਅਤੇ ਮਾਤਾ ਦੇ ਗੁਣ ਉਸਨੇ ਗ੍ਰਹਿਣ ਨਹੀਂ ਸਨ ਕੀਤੇ ਜਾਂ ਕਟੜਪੰਥੀ ਮੁਸਲਮਾਨਾਂ ਨੇ ਗ੍ਰਹਿਣ ਕਰਨ ਨਹੀਂ ਸਨ ਦਿੱਤੇ। ਉਸ ਦੇ ਮਨ ਵਿਚ ਕੁੱਟ-ਕੁੱਟ ਕੇ ਕਾਫਰਾਂ ਪ੍ਰਤੀ ਨਫ਼ਰਤ ਭਰ ਦਿੱਤੀ ਸੀ। ਇਸ ਲਈ ਉਸ ਨੇ ਆਪਣੀ ਧਾਰਮਿਕ ਨੀਤੀ ਅਜਿਹੀ ਬਣਾਈ ਜਿਹੜੀ ਗੈਰ-ਮੁਸਲਿਮ ਧਰਮੀਆਂ ਲਈ ਸਮੱਸਿਆ ਬਣਨੀ ਹੀ ਸੀ ਅਤੇ ਇਸ ਗੱਲ ਦਾ ਪ੍ਰਗਟਾਵਾ ਉਸ ਨੇ ਖੁਦ ਆਪਣੀ ਸਵੈ-ਜੀਵਨੀ ਤੁਜ਼ਕੇ-ਜਹਾਂਗੀਰੀ ਵਿਚ ਕੀਤਾ ਹੋਇਆ ਹੈ। ਉਹ ਲਿਖਦਾ ਹੈ:
“ਗੋਇੰਦਵਾਲ ਜੋ ਬਿਆਸ ਦਰਿਆ ਦੇ ਕੰਢੇ ਤੇ ਹੈ ਪੀਰ ਦਾ ਭੇਸ ਧਾਰ ਕੇ ਅਰਜਨ ਮਲ ਨਾਂ ਦਾ ਇਕ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ- ਤਰੀਕਿਆਂ ਨਾਲ ਬਹੁਤ ਸਾਰੇ ਹਿੰਦੂਆਂ ਅਤੇ ਇਸਲਾਮ ਦੇ ਜਾਹਲ ਤੇ ਮੂਰਖ ਲੋਕਾਂ ਉਤੇ ਡੋਰੇ ਪਾ ਰੱਖੇ ਹਨ। ਉਸ ਨੇ ਮਹਾਨ ਅਧਿਆਤਮਕ ਅਤੇ ਸੰਸਾਰਿਕ ਨੇਤਾ ਹੋਣ ਦਾ ਢੌਂਗ ਰਚਾ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ ਅਤੇ ਹਰ ਪਾਸੇ ਤੋਂ ਮੂਰਖ ਲੋਕ ਉਸ ਦੀ ਪੂਜਾ ਕਰਨ ਲਈ ਆਉਂਦੇ ਹਨ ਤੇ ਉਸ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਉਨ੍ਹਾਂ ਦੀ ਇਹ ਝੂਠ ਦੀ ਦੁਕਾਨ ਸਰਗਰਮ ਹੈ। ਬਹੁਤ ਚਿਰ ਤੋਂ ਮੇਰੇ ਮਨ ਵਿੱਚ ਇਹ ਵਿਚਾਰ ਆ ਰਿਹਾ ਹੈ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਇਸਲਾਮ ਦੇ ਝੰਡੇ ਥੱਲੇ ਲੈ  ਆਵਾਂ।
ਉਪਰੋਕਤ ਤੋਂ ਸਪਸ਼ਟ ਹੈ ਕਿ ਗੁਰੂ ਜੀ ਦਾ ਰਸੂਖ਼ ਬਹੁਤ ਵਧ ਰਿਹਾ ਸੀ। ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਸਿੱਖ ਬਣ ਰਹੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਿਆ ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ। ਇਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ।
ਇਸ ਤੋਂ ਇਲਾਵਾ ਸ਼ੇਖ ਅਹਿਮਦ ਸਰਹੰਦੀ ਜੋ ਕਿ ਆਪਣੇ-ਆਪ ਨੂੰ ਹਜ਼ਰਤ ਮੁਹੰਮਦ ਤੋਂ ਬਾਅਦ ਦੂਸਰੇ ਨੰਬਰ ‘ਤੇ ਮੰਨਦਾ ਸੀ, ਦੀ ਮਾਨਤਾ ਗੁਰੂ ਸਾਹਿਬ ਅੱਗੇ ਘੱਟ ਪੈਂਦੀ ਸੀ। ਸ਼ੇਖ ਅਹਿਮਦ ਸਰਹੰਦੀ, ਕੱਟੜਵਾਦੀ ਸੋਚ ਦਾ ਧਾਰਨੀ ਸੀ ਅਤੇ ਜਹਾਂਗੀਰ ਦੇ ਕਾਫੀ ਨਜ਼ਦੀਕ ਸੀ, ਇਸ ਲਈ ਇਸ ਨੇ ਵੀ ਗੁਰੂ ਜੀ ਦੀ ਸ਼ਹੀਦੀ ਵਿੱਚ ਵੱਡਾ ਰੋਲ ਨਿਭਾਇਆ। ਸ਼ੇਖ ਅਹਿਮਦ ਸਰਹਿੰਦੀ ਲਿਖਦਾ ਹੈ:
“ਕਾਫਰਾਂ ਨੂੰ ਸਮਾਜ ਵਿਚ ਸ਼ਾਮਲ ਕਰਨਾ, ਆਪਣੇ ਨਾਲ ਬਠਾਉਣਾ ਤੇ ਇਨ੍ਹਾਂ ਨਾਲ ਗੱਲਬਾਤ ਕਰਨਾ ਵੀ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਇੱਜ਼ਤ ਕਰਨ ਦੇ ਤੁੱਲ  ਹੈ, ਜੋ ਨਹੀਂ ਹੋਣੀ ਚਾਹੀਦੀ। ਸੱਚ ਤਾਂ ਇਹ ਹੈ ਕਿ ਇਨ੍ਹਾਂ ਕਾਫਰਾਂ ਨੂੰ ਕੁੱਤਿਆਂ ਦੀ ਤਰ੍ਹਾਂ ਦੁਰੇ-ਦੁਰੇ ਕਰਦੇ ਰਹਿਣਾ ਚਾਹੀਦਾ ਹੈ
ਅਕਬਰ ਜਦੋਂ ਬਿਮਾਰੀ ਦੀ ਹਾਲਤ ਵਿਚ ਮੌਤ ਦੀਆਂ ਘੜੀਆਂ ਗਿਣ ਰਿਹਾ ਸੀ ਤਾਂ ਉਸ ਦੀ ਪ੍ਰਬਲ ਇੱਛਾ ਸੀ ਕਿ ਰਾਜਗੱਦੀ ਉਸ ਦੇ ਪੁੱਤਰ ਦੀ ਥਾਂ ਪੋਤਰੇ ਖੁਸਰੋ ਨੂੰ ਦਿੱਤੀ ਜਾਵੇ, ਕਿਉਂਕਿ ਉਹ ਜਹਾਂਗੀਰ ਦੇ ਹਠੀ ਸੁਭਾਅ ਅਤੇ ਉਸ ਨਾਲ ਜੁੜੇ ਹੋਏ ਕਟੜਪੰਥੀ ਟੋਲੇ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝਦਾ ਸੀ। ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਬੇਟਾ ਸੀ ਅਤੇ ਆਪਣੇ ਦਾਦੇ ਅਕਬਰ ਵਾਂਗ ਬੇਹੱਦ ਸਹਿਣਸ਼ੀਲ ਮਨੁੱਖ ਸੀ ਅਕਬਰ ਦੇ ਦਰਬਾਰ ਵਿਚ ਦੋ ਧਿਰਾਂ ਖੜ੍ਹੀਆਂ ਹੋ ਗਈਆਂ। ਜਿਨ੍ਹਾਂ ਵਿਚੋਂ ਕੁਝ ਜਹਾਂਗੀਰ ਦੀ ਪਿੱਠ ਤੇ ਸਨ ਅਤੇ ਕੁਝ ਖੁਸਰੋ ਦੀ ਤੇ। ਕੱਟੜਪੰਥੀਆਂ ਦੀ ਜਿੱਤ ਹੋਈ। ਅਕਬਰ ਦੀ ਮੌਤ ਦੇ ਨਾਲ ਹੀ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਤਖਤ ਤੇ ਬੈਠਦਿਆਂ ਹੀ ਜਹਾਂਗੀਰ ਨੇ ਖੁਸਰੋ ਨੂੰ ਬਾਗੀ ਗਰਦਾਨ ਕੇ ਆਗਰੇ ਵਿਚ ਜੇਲ੍ਹ ਦੀਆਂ ਸਲਾਖਾਂ ਪਿਛੇ ਡੱਕ ਦਿੱਤਾ। ਇਕ ਦਿਨ ਖੁਸਰੋ ਨੇ ਬੇਨਤੀ ਕੀਤੀ ਕਿ ਉਹ ਆਪਣੇ ਦਾਦੇ ਦੀ ਕਬਰ ਤੇ ਸਿਜਦਾ ਕਰਨਾ ਚਾਹੁੰਦਾ ਹੈ। ਬੇਨਤੀ ਪਰਵਾਨ ਕਰ ਲਈ ਗਈ। ਖੁਸਰੋ ਜੇਲ੍ਹ ਵਿਚੋਂ ਬਾਹਰ ਆਇਆ ਅਤੇ ਆਪਣੇ ਪਿਤਾ ਵਿਰੁੱਧ ਬਗਾਵਤ ਦਾ ਐਲਾਨ ਕਰ ਦਿੱਤਾ ਪਰ ਵਸੀਲਿਆਂ ਦੀ ਅਣਹੋਂਦ ਉਸ ਦੇ ਰਾਹ ਦਾ ਅੜਿੱਕਾ ਸੀ। ਉਸ ਨੇ ਮਨ ਬਣਾਇਆ ਕਿ ਅਫਗਾਨਿਸਤਾਨ ਪਹੁੰਚ ਕੇ ਤਾਕਤ ਇਕੱਠੀ ਕੀਤੀ ਜਾਵੇ ਤੇ ਜਹਾਂਗੀਰ ਨੂੰ ਗੱਦੀ ਤੋਂ ਲਾਹ ਕੇ ਅਕਬਰ ਵਰਗੇ ਉਦਾਰ ਸ਼ਾਸਨ ਦੀ ਬਹਾਲੀ ਕੀਤੀ ਜਾਵੇ। ਅਫਗਾਨਿਸਤਾਨ ਵੱਲ ਜਾਂਦੇ ਹੋਏ ਰਸਤੇ ਵਿਚ ਉਹ ਗੋਇੰਦਵਾਲ ਰੁਕਿਆ, ਗੁਰੂ ਸਾਹਿਬ ਕੋਲੋਂ ਅਸ਼ੀਰਵਾਦ ਲਿਆ, ਲੰਗਰ ਛਕਿਆ ਅਤੇ ਅੱਗੇ ਚਲ ਪਿਆ। ਪਰ ਜਲਦੀ ਹੀ ਜਹਾਂਗੀਰ ਦੀਆਂ ਫੌਜਾਂ ਨੇ ਉਸ ਨੂੰ ਘੇਰ ਲਿਆ, ਗ੍ਰਿਫਤਾਰ ਕੀਤਾ ਅਤੇ ਉਸ ਦੇ ਪਿਤਾ ਦੇ ਸਨਮੁਖ ਪੇਸ਼ ਕਰ ਦਿੱਤਾ। ਜਹਾਂਗੀਰ ਨੇ ਉਸ ਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਖੁਸਰੋ ਨੂੰ ਅੰਨਿਆਂ ਕਰ ਹਮੇਸ਼ਾ ਹਮੇਸ਼ਾ ਲਈ ਆਗਰੇ ਦੇ ਕਿਲੇ ਵਿਚ ਸੁੱਟ ਦੇਣ ਦਾ ਹੁਕਮ ਕੀਤਾ।
ਜਹਾਂਗੀਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਖੁਸਰੋ ਗੋਇੰਦਵਾਲ ਰੁਕਿਆ ਤੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਸੀ ਤਾਂ ਉਸ ਦੇ ਗੁੱਸੇ ਦੀ ਸੀਮਾ ਸਾਰੀਆਂ ਹੱਦਾਂ ਪਾਰ ਕਰ ਗਈ। ਉਸ ਨੇ ਤੁਰੰਤ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਇਸ ਗੱਲ ਦਾ ਪ੍ਰਗਟਾਵਾ ਉਹ ਖੁਦ ਆਪਣੇ ਸਵੈ-ਜੀਵਨੀ ਵਿੱਚ ਕਰਦਾ ਹੋਇਆ ਲਿਖਦਾ ਹੈ:
“ਉਹ ਫਕੀਰ ਮਨੁੱਖ ਨੇ ਖੁਸਰੋ ਨੂੰ ਪਨਾਹ ਦਿੱਤੀ। ਉਸ ਨੂੰ ਪੰਜ ਹਜ਼ਾਰ ਰੁਪਇਆ ਸਹਾਇਤਾ ਵਜੋਂ ਦਿੱਤਾ ਅਤੇ ਉਸ ਦੇ ਮੱਥੇ ਤੇ ਕੇਸਰ ਦਾ ਟਿਕਾ ਲਗਾਇਆ, ਜਿਸਨੂੰ ਹਿੰਦੁਸਤਾਨ ਦੀ ਧਰਤੀ ਤੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਮੈਂ ਮੁਰਤਜਾ ਖਾਨ ਨੂੰ ਹੁਕਮ ਦਿੱਤਾ ਕਿ ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਵੇ, ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ ਅਤੇ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ
ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਸੀਸ ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿਚ ਉਬਲਦੇ ਪਾਣੀ ਦੀ ਦੇਗ ਵਿਚ ਪਾਇਆ ਗਿਆ ਪਰ ਗੁਰੂ ਸਾਹਿਬ ਨੇ ਤੇਰੇ ਭਾਣੇ ਵਿਚ ਅੰਮ੍ਰਿਤ ਵਸੇਦੀ ਧੁਨੀ ਜਾਰੀ ਰੱਖੀ ਅੰਤ 30 ਮਈ, 1606 (ਜੇਠ ਸੁਦੀ 4, 1 ਹਾੜ੍ਹ ਸੰਮਤ 1663) ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਪਾਕਿਸਤਾਨ ਵਿਚ ਹੈ
ਉਮਦਤ ਤਵਾਰੀਕ ਦਾ ਲਿਖਾਰੀ ਲਿਖਦਾ ਹੈ ਕਿ:
‘ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਹਨ, ਦਿਲ ਪਾਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ (ਢਾਡੀ ਗੁਰਦਿਆਲ ਸਿੰਘ ਲੱਖਪੁਰ ਦੇ ਧੰਨਵਾਦ ਸਹਿਤ ਗੁਰਮਤ ਪ੍ਰਕਾਸ਼ ਵਿਚੋਂ)