ਸਤਿੰਦਰਜੀਤ ਸਿੰਘ
‘ਜ਼ਾਤੀਵਾਦ’ ਭਾਵ ਕਿ ਸਮਾਜ ਦਾ ਜ਼ਾਤ-ਪਾਤ ਵਿੱਚ ਵੰਡਿਆ ਹੋਣਾ। ਜਿੱਥੇ ਗੁਰੂ ਸਾਹਿਬ
ਨੇ ਸਮਾਜ ਵਿੱਚੋਂ ਜ਼ਾਤ-ਪਾਤ ਖਤਮ ਕਰਕੇ ਮਾਨਵਤਾ ਨੂੰ ‘ਇੱਕ’ ਕਰਨ ਲਈ ਆਵਾਜ਼ ਉਠਾਈ, ਜ਼ਾਤ-ਪਾਤ ਦਾ
ਖੰਡਨ ਕੀਤਾ ਉੱਥੇ ਹੀ ਸਮੇਂ ਦੀਆਂ ਸਰਕਾਰਾਂ ਨੇ ਇਸ ਕਾਰਕ ਨੂੰ ‘ਕੁਰਸੀ’ ਤੱਕ ਪਹੁੰਚਣ ਲਈ ‘ਕਾਰਨ’
ਬਣਾ ਲਿਆ। ਇਹ ਜ਼ਾਤ-ਪਾਤ ਸਮਾਜ ਨੂੰ ਮਨੂੰ ਸਿੰਮ੍ਰਤੀ ਦੀ ਦੇਣ ਹੈ ਜਿਸ ਨੇ ਮਾਨਵਤਾ ਨੂੰ ‘ਚਾਰ ਵਰਣਾਂ’ (ਚਾਰ ਜ਼ਾਤਾਂ) ਵਿੱਚ ਵੰਡਿਆ ਜਿੰਨ੍ਹਾਂ
ਵਿੱਚ ਸਭ ਤੋਂ ਪਹਿਲਾਂ ਮਤਲਬ ਸਭ ਤੋਂ ‘ਉੱਚੀ ਜ਼ਾਤ’ ਬ੍ਰਾਹਮਣ ਦੀ ਮੰਨੀ ਗਈ ਫਿਰ ‘ਖੱਤਰੀ’,ਫਿਰ
‘ਸ਼ੂਦਰ’ ਅਤੇ ਚੌਥਾ ਨੰਬਰ ‘ਵੈਸ਼’ ਦਾ ਮੰਨਿਆ ਗਿਆ। ਕਿਉਂਕਿ ਮਨੂੰ ਆਪ ਬ੍ਰਾਹਮਣ ਸੀ, ਇਸ ਲਈ ਉਸਨੇ
ਆਪਣਾ ਕੰਮ ਚੱਲਦਾ ਰੱਖਣ ਲਈ ਬ੍ਰਾਹਮਣ ਨੂੰ ਦੁਨੀਆਂ ਦੇ ਕਰਤੇ ‘ਬ੍ਰਹਮਾ’
ਦਾ ‘ਮੂੰਹ’ ਦੱਸਿਆ ‘ਤੇ ਬੱਸ ਸਾਰਾ ਕੁਝ ਬ੍ਰਾਹਮਣ ਦੇ ਕਬਜ਼ੇ ਹੇਠ ਹੋ ਗਿਆ। ਮਨੂੰ ਦੇ ਇਸ ਝੂਠ
ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਗਤ ਕਬੀਰ ਜੀ ਨੇ ਫੁਰਮਾਇਆ:
ਬੇਦ ਕੀ ਪੁਤ੍ਰੀ ਸਿੰਮ੍ਰਿਤਿ
ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ {ਪੰਨਾ 329}
ਭਾਵ ਇਹ
ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ
ਲੈ ਕੇ ਆਈ ਹੋਈ ਹੈ ।1।
ਗੁਰੂ ਸਾਹਿਬ ਨੇ ਤਾਂ ਇਸ ‘ਬ੍ਰਹਮਾਂ’ ਵਰਗੇ ਕਿਸੇ ਸ਼੍ਰਿਸ਼ਟੀ ਰਚਨਹਾਰ ਦਾ ਵੀ ਖੰਡਨ
ਕੀਤਾ ‘ਤੇ ਬ੍ਰਹਮਾਂ ਨੂੰ ਵੀ ਉਸ ‘ਕਰਤਾਪੁਰਖ, ਅਕਾਲਪੁਰਖ’ ਦੇ ਭੈਅ ਵਿੱਚ ਦੱਸਿਆ:
ਕੇਤੇ ਪਵਣ ਪਾਣੀ ਵੈਸੰਤਰ
ਕੇਤੇ ਕਾਨ ਮਹੇਸ ॥
ਕੇਤੇ ਬਰਮੇ ਘਾੜਤਿ ਘੜੀਅਹਿ
ਰੂਪ ਰੰਗ ਕੇ ਵੇਸ ॥ {ਪੰਨਾ
5}
ਸਿੱਖ ਧਰਮ ਗੁਰੂ ਨਾਨਕ ਸਾਹਿਬ ਦੁਆਰਾ ਚਲਾਇਆ ਗਿਆ ਨਿਰਮਲ ਪੰਥ ਹੈ ਜਿਸ ਵਿੱਚ ਕਿਸੇ
ਵੀ ਕਰਮਕਾਂਡ, ਊਚ-ਨੀਚ, ਸੁੱਚ-ਭਿੱਟ ਦੀ ਕੋਈ ਥਾਂ ਨਹੀਂ। ਇਸ ਊਚ-ਨੀਚ ਅਤੇ ਸੁੱਚ-ਭਿੱਟ ਵਰਗੇ
ਵਿਤਕਰਿਆਂ ਤੋਂ ਸਮਾਜ ਨੂੰ ਛੁਟਕਾਰਾ ਦਿਵਾਉਣ ਲਈ ਹੀ ਗੁਰੂ ਸਾਹਿਬ ਨੇ ‘ਸਰੋਵਰ ਇਸ਼ਨਾਨ’
ਦੀ ਪ੍ਰਥਾ ਸ਼ੁਰੂ ਕੀਤੀ ਜਿੱਥੇ ਸਾਰੇ ਧਰਮਾਂ,ਮਜ਼ਹਬਾਂ ਅਤੇ ‘ਜ਼ਾਤਾਂ’ ਦੇ ਲੋਕ ਬਿਨਾਂ ਕਿਸੇ
ਭੇਦ-ਭਾਵ ਤੋਂ ਇਕੱਠੇ ਇਸ਼ਨਾਨ ਕਰਦੇ ਸਨ। ਸਰੋਵਰ ਵਿੱਚ ਇਸ਼ਨਾਨ ਦਾ ਮਕਸਦ ਲੋਕਾਂ ਨੂੰ ਜ਼ਾਤ-ਪਾਤ ਤੋਂ
ਮੁਕਤ ਕਰ ਉਹਨਾਂ ਦੀ ਸੋਚ ਨੂੰ ਵਿਤਕਰੇ ਤੋਂ ਰਹਿਤ ਕਰਨਾ ਸੀ। ਸਰੋਵਰ ਦੇ ਇਸ਼ਨਾਨ ਤੋਂ ਇਲਾਵਾ ਗੁਰੂ
ਸਾਹਿਬ ਨੇ ‘ਲੰਗਰ ਪ੍ਰਥਾ’ ਦੀ ਸ਼ੁਰੂਆਤ ਵੀ ਕੀਤੀ ਜਿਸ ਤਹਿਤ ਹਰ ਜ਼ਾਤ, ਧਰਮ ਦੇ ਲੋਕ ਬਿਨਾਂ
ਕਿਸੇ ਭੇਦ-ਭਾਵ ਦੇ ਇੱਕ ਹੀ ਜਗਾ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸਨ। ਇੱਥੋਂ ਤੱਕ ਕੇ ਬਾਦਸ਼ਾਹ
ਅਕਬਰ ਨੂੰ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ। ਗੁਰੂ ਸਾਹਿਬ ਦੇ ਇਹ ਦੋ ਫੈਸਲੇ ਜ਼ਾਤੀਵਾਦ
ਦੀ ਸੋਚ ਉੱਪਰ ਬਹੁਤ ਕਰਾਰੀ ਚੋਟ ਸਨ। ਸਮਾਜ ਦੇ ਲਿਤਾੜੇ ਅਤੇ ਨਿਤਾਣੇ ਲੋਕਾਂ ਨੂੰ ਜਦੋਂ ਬਾਕੀ
‘ਜ਼ਾਤਾਂ’ ਵਾਂਗ ਗੁਰੂ ਨਾਨਕ ਸਾਹਿਬ ਦੇ ਘਰ ਪਿਆਰ ਅਤੇ ਸਤਿਕਾਰ ਮਿਲਣ ਲੱਗਾ ਤਾਂ ਮਾਨਵਤਾ ਗੁਰੂ
ਨਾਨਕ ਸਾਹਿਬ ਦੇ ‘ਘਰ’ ਨੂੰ ਵਹੀਰਾਂ ਘੱਤ ਤੁਰ ਪਈ। ਭਗਤ ਕਬੀਰ ਜੀ, ਜਿੰਨ੍ਹਾਂ ਦੀ ਬਾਣੀ ਨੂੰ
ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਸਤਿਕਾਰਯੋਗ ਸਥਾਨ ਪ੍ਰਾਪਤ ਹੈ ਮਨੂੰਵਾਦੀ ਬ੍ਰਾਹਮਣ ‘ਤੇ
ਟਕੋਰ ਕਰਦੇ ਹੇ ਫੁਰਮਾਉਂਦੇ ਹਨ:
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼
ਤੋਂ (ਹੋ ਰਹੀ) ਹੈ (ਭਾਵ, ਸਭ
ਦਾ ਮੂਲ ਕਾਰਨ ਪਰਮਾਤਮਾ ਆਪ ਹੈ); ਮਾਂ
ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ ।1।
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ
ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥
ਦੱਸ, ਹੇ
ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ਇਹ
ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ
ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ
ਵਿਚ ਅਜਾਈਂ) ਨਾਹ ਗਵਾਓ ।1।ਰਹਾਉ।
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥
ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ
ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ
ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ।2।
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥
(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ)
ਦੁੱਧ ਹੈ? ।3।
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥
{
ਗਉੜੀ ਕਬੀਰ ਜੀ ॥
ਪੰਨਾ 324}
ਹੇ ਕਬੀਰ! ਆਖ-ਅਸੀ ਤਾਂ ਉਸ ਮਨੁੱਖ ਨੂੰ
ਬ੍ਰਾਹਮਣ ਸੱਦਦੇ ਹਾਂ ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ ।4।7।
ਕਬੀਰ ਜੀ ਨੇ ਸਾਰੀ ਮਾਨਵਤਾ ਨੂੰ ‘ਇੱਕ’ ਪ੍ਰਮਾਤਮਾ ਦੀ ਰਚਨਾ ਦੱਸਦਿਆਂ ਫੁਰਮਾਇਆ:
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ ॥੧॥ {ਪੰਨਾ 1349}
ਪਰ ਅਫਸੋਸ ਕਿ ਗੁਰੂ ਸਾਹਿਬ ਨੇ ਸਮਾਜ ਨੂੰ ਜਿਸ ਜ਼ਾਤਪਾਤ ਦੀ ਦਲਦਲ ਵਿੱਚੋਂ ਕੱਢਿਆ
ਸੀ, ਇਹ ਫਿਰ ਉਸ ਵਿੱਚ ਧਸ ਗਿਆ ਹੈ। ਅੱਜ ਸਾਰਾ ਕਾਰੋਬਾਰ ਹੀ ਜ਼ਾਤ ਅਧਾਰਿਤ ਹੈ। ਪਿੰਡਾਂ ਵਿੱਚ
ਸਰਪੰਚ ਦੀ ਚੋਣ, ਨੌਕਰੀਆਂ ਵਿੱਚ ਚੋਣ, ਇੱਥੋਂ ਤੱਕ ਕਿ ਦੇਸ਼ ਦਾ ਭਵਿੱਖ ਮੰਨੇ ਜਾਂਦੇ ‘ਵਿਦਿਆਰਥੀ’
ਵਰਗ ਦੀ ਸ਼ੁਰੂਆਤ ਵੀ ਜ਼ਾਤ-ਪਾਤ ਦੇ ਨਾਲ ਹੀ ਹੁੰਦੀ ਹੈ। ਇੱਕ ਬੱਚਾ ਅਜੇ ਕਿਸੇ ਵੀ ਭਾਸ਼ਾ ਦੀ
ਵਰਣਮਾਲਾ ਦੇ ਰੂਬਰੂ ਹੋਣ ਤੋਂ ਪਹਿਲਾਂ ਹੀ ‘ਜ਼ਾਤ’ ਦਾ ਸ਼ਿਕਾਰ ਹੋ ਜਾਂਦਾ ਹੈ। ਦਾਖਲਾ ਫਾਰਮ ‘ਤੇ ਜ਼ਾਤ
ਦੱਸਣੀ ਜ਼ਰੂਰੀ ਹੈ, ਸਿਰਫ ਸ਼ੁਰੂਆਤ ਵਿੱਚ ਹੀ ਨਹੀਂ ਬਲਕਿ ਕਾਲਜ ਪੱਧਰ ‘ਤੇ ਜਾ ਕੇ ਵੀ ਦਾਖਲਾ ਫਾਰਮ ਵਿੱਚ ਜ਼ਾਤ ਲਿਖਣੀ
ਪੈਂਦੀ ਹੈ। ਹੁਣ ਇਹ ਸੋਚਣਾ ਜ਼ਿਆਦਾ ਮੁਸ਼ਕਿਲ ਨਹੀਂ ਕਿ ਜਿਹੜਾ ਬੱਚਾ
ਸਿੱਖਿਆ ਹੀ ਜ਼ਾਤ-ਪਾਤ ਦੇ ਦਾਇਰੇ ਵਿੱਚ ਰਹਿ ਕੇ ਪ੍ਰਾਪਤ ਕਰਦਾ ਹੈ ਉਹ ਇਸ ‘ਜ਼ਾਤੀਵਾਦ’ ਤੋਂ ਕਿਵੇਂ
ਮੁਕਤ ਹੋ ਸਕਦਾ ਹੈ...? ਜੇਕਰ ਕੋਈ ਚੰਗੀ ਸੋਚ ਦਾ ਮਾਲਕ ਇਸ ‘ਸੰਗਲ’ ਤੋਂ ਮੁਕਤ ਹੋਣਾ ਵੀ
ਚਾਹੁੰਦਾ ਹੈ ਤਾਂ ਜਦੋਂ ਉਹ ਜੀਵਨ ਵਿੱਚ ਅੱਗੇ ਵਧਣ ਲਈ ਨੌਕਰੀ ਵਾਲਾ ਫਾਰਮ ਫੜ੍ਹਦਾ ਹੈ ਤਾਂ ਅੱਗੇ
ਫਿਰ ‘ਜ਼ਾਤ’ (Category) ਨਾਲ ਉਸਦਾ ਸਾਹਮਣਾ ਹੁੰਦਾ ਹੈ। ਹੁਣ ਜ਼ਾਤਾਂ General, SC, ST, OBC ਆਦਿ ਹਨ ਜਿੰਨ੍ਹਾਂ ਵਿੱਚੋਂ ਜਨਰਲ ਨੂੰ ਛੱਡ ਬਾਕੀ ਸਭ ਨੂੰ ਹਰ ਖੇਤਰ ਵਿੱਚ ਖਾਸ
ਰਿਆਇਤ ਪ੍ਰਾਪਤ ਹੈ। ਜਿੱਥੇ ਪਹਿਲਾਂ ਲੋਕ ਆਪਣੀ ਜ਼ਾਤ ਦਾ ਨਾਮ ਲੈਣ ਤੋਂ ਝਿਜਕਦੇ ਸਨ, ਅੱਜ ਬੜੇ
ਮਾਣ ਨਾਲ ਦੱਸਦੇ ਹਨ ਕਿ ਮੈਂ ਫਲਾਣੀ ਜ਼ਾਤ ਦਾ ਹਾਂ। ਕਾਰਨ ਹੈ ‘ਰਾਖਵਾਂਕਰਨ’ ਜੋ ਕੇ ਵੋਟ-ਤੰਤਰ ਦਾ
ਇੱਕ ਵੱਡਾ ਹਿੱਸਾ ਹੈ। ਇਸ ਰਾਖਵਾਂਕਰਨ ਦੀ ਸ਼ੁਰੂਆਤ ਵੀ ਗਾਂਧੀਵਾਦੀ ਸੋਚ ਤੋਂ ਹੋਈ ਜਦੋਂ ਡਾ:ਭੀਮ
ਰਾਓ ਅੰਬੇਦਕਰ ਅਖੌਤੀ ‘ਉੱਚੀਆਂ’ ਜ਼ਾਤਾਂ ਤੋਂ ਤੰਗ ਆ ਕੇ ‘ਸਿੱਖ’ ਧਰਮ ਅਪਣਾਉਣ ਲਈ ਤਿਆਰ ਸੀ ਤਾਂ
ਮੋਹਨ ਦਾਸ ਕਰਮ ਚੰਦ ਗਾਂਧੀ ਨੇ ‘ਦਲਿੱਤ’ ਭਾਈਚਾਰੇ ਨੂੰ ਕੁਝ ਖਾਸ ‘ਰਿਆਇਤਾਂ’ ਸਰਕਾਰ ਕੋਲੋਂ
ਸੰਵਿਧਾਨ ਵਿੱਚ ਦਿਵਾਉਣ ਲਈ ‘ਮਰਨ-ਵਰਤ’ ਰੱਖ ਲਿਆ ਜੋ ਕਿ ਮੋਹਨ ਦਾਸ ਗਾਂਧੀ ਦਾ ਇੱਕੋ-ਇੱਕ ‘ਤੇ
ਆਖਰੀ ਹਥਿਆਰ ਹੁੰਦਾ ਸੀ। ਉਸ ‘ਹਥਿਆਰ’ ਸਦਕਾ ‘ਦਲਿਤ’ ਭਾਈਚਾਰੇ ਨੂੰ ‘ਰਾਖਵਾਂਕਰਨ’ ਦੀ ਨੀਤੀ
ਤਹਿਤ ਕੁਝ ਖਾਸ ਛੋਟਾਂ ਮਿਲ ਗਈਆਂ ‘ਤੇ ਉਹ ਖੁਸ਼ ਹੋ ਗਏ। ਮੇਰੇ ਸੁਣਨ ਵਿੱਚ ਤਾਂ ਆਇਆ ਹੈ ਕਿ ਇਹ
‘ਰਾਖਵਾਂਕਰਨ’ ਦਸ ਸਾਲ ਦੇ ਸਮੇਂ ਲਈ ਹੀ ਸੀ ਤਾਂ ਜੋ ਇਹਨਾਂ ਦਸਾਂ ਸਾਲਾਂ ਵਿੱਚ ‘ਪਛੜੇ’ ਵਰਗਾਂ
ਦੀ ਸਮਾਜਿਕ ਅਤੇ ਆਰਥਿਕ ਦਸ਼ਾ ਸੁਧਾਰ ਕੇ ਉਹਨਾਂ ਨੂੰ ਵੀ ਬਾਕੀ ਵਰਗਾਂ ਦੇ ਬਰਾਬਰ ਹੋਣ ਦਾ ਮੌਕਾ
ਮਿਲੇ।
ਇਹ ਗੱਲ ਸਹੀ ਹੈ ਕਿ ਹਰ ਇਨਸਾਨ ਨੂੰ ਬਰਾਬਰ ਦਾ ਮੌਕਾ ਜੀਵਨ ਵਿੱਚ
ਮਿਲਣਾ ਚਾਹੀਦਾ ਹੈ ਪਰ ‘ਰਾਖਵਾਂਕਰਨ’ ਦੀ ਨੀਤੀ ਨੂੰ ਮੁੜ ਸੁਧਾਰਨ ਦੀ ਜ਼ਰੂਰਤ ਹੈ। ਇਸ ਨੀਤੀ ਵਿੱਚੋਂ ‘ਜ਼ਾਤ-ਪਾਤ’ ਨੂੰ ਹਟਾ ਕਿ ਆਰਥਿਕ
ਹਾਲਾਤ ਨੂੰ ਆਧਾਰ ਬਣਾਉਣਾ ਚਾਹੀਦਾ ਹੈ। ਅੱਜ ‘ਦਲਿੱਤ’ ਭਾਈਚਾਰੇ ਨਾਲ ਸੰਬੰਧਿਤ ਬਹੁਤ ਸਾਰੇ ਐਸੇ
ਪਰਿਵਾਰ ਹਨ ਜੋ ਲੱਖਾਂਪਤੀ-ਕਰੋੜਾਂਪਤੀ ਹਨ ਪਰ ‘ਉੱਚ ਵਰਗ’ ਭਾਵ ‘ਜਨਰਲ ਵਰਗ’ ਨਾਲ ਸੰਬੰਧਿਤ
ਅਨੇਕਾਂ ਪਰਿਵਾਰ ਹਨ ਜੋ ਦੋ ਡੰਗ ਦੀ ਰੋਟੀ ਤੋਂ ਵੀ ਮੁਹਤਾਜ਼ ਹਨ ਪਰ ਉਹਨਾਂ ਨੂੰ ਕੋਈ ਰਿਆਇਤ
ਨਹੀਂ, ਕਿਉਂ...? ਉਹਨਾਂ ਦਾ ‘ਬਰਾਬਰ ਦਾ ਮੌਕਾ’ ਕਿੱਥੇ ਗਿਆ...? ਸਰਕਾਰੀ ਨੀਤੀਆਂ ਨੇ
ਜ਼ਾਤ-ਪਾਤ ਨੂੰ ਖਤਮ ਕਰਨ ਦੀ ਬਜਾਏ ਵਧਾਇਆ ਹੈ। ਵੱਧਦੀ ਮਹਿੰਗਾਈ ਕਾਰਨ ਨੌਕਰੀਆਂ ਪ੍ਰਾਪਤ ਕਰਨ ਲਈ
ਹਰ ਕੋਈ ‘ਰਾਖਵਾਂਕਰਨ’ ਚਾਹੁੰਦਾ ਹੈ ਪਰ ਉਹ ਵੀ ਜ਼ਾਤ ਆਧਾਰਿਤ। ਜਿਵੇਂ ਪਿੱਛੇ ਜੇ ਹਰਿਆਣੇ ਦੇ
‘ਜਾਟ’ ਭਾਈਚਾਰੇ ਨੇ ਅੰਦੋਲਨ ਚਲਾਇਆ। ਪੰਜਾਬ ਵਿੱਚ ਵੀ ‘ਰਾਖਵਾਂਕਰਨ’ ਬਾਰੇ ਬਹਿਸ ਚਲਦੀ ਹੀ
ਰਹਿੰਦੀ ਹੈ। ਇਹ ਨੀਤੀ ਹੁਣ ਦੇ ਸਮੇਂ ਸਮਾਜ ‘ਤੇ ਭਾਰੀ ਪੈ ਰਹੀ ਹੈ, ਸਮਾਜ ਨੂੰ ਵੰਡ ਰਹੀ ਹੈ ਨਾ ਕਿ ਜੋੜ ਰਹੀ ਹੈ। ਸਿਆਸੀ ਲੋਕ ਇਸ ਹਥਿਆਰ ਨਾਲ
ਚੋਣਾਂ ਸਮੇਂ ਲੋਕਾਂ ਨੂੰ ਵਰਗਲਾ ਕੇ ਆਪਣੇ ਹਿੱਤ ਵਿੱਚ ਵਰਤਦੇ ਹਨ। ਹੁਣ ਤਾਂ ਗਾਉਣ ਵਾਲਿਆਂ ਨੇ
ਵੀ ‘ਨੀਵੀਆਂ’ ਮੰਨੀਆਂ ਜਾਂਦੀਆਂ ਜ਼ਾਤਾਂ ਬਾਰੇ ਬਹੁਤ ਵਧਾ-ਚੜ੍ਹਾ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ
ਹਨ। ਅਣਭੋਲ ਲੋਕ ਉਹਨਾਂ ਦੀ ਪੈਸੇ ਕਮਾਉਣ ਦੀ ਲਾਲਸਾ ਨੂੰ ਸਮਝਣ ਦੀ ਬਜਾਏ ਕਾਰਾਂ, ਜੀਪਾਂ ‘ਤੇ
ਉੱਚੀ-ਉੱਚੀ ਇਹ ਫੁੱਟਪਾਊ ਗੀਤ ਚਲਾਉਂਦੇ ਹਨ।
ਮੈਂ ਕਿਸੇ ਜ਼ਾਤ ਦਾ ਵਿਰੋਧੀ ਨਹੀਂ,ਮੈਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ‘ਤੇ ਚੱਲਣ ਦਾ ਹਾਮੀ ਹਾਂ। ਸਮਾਂ ਐਸਾ ਬਣ ਗਿਆ ਹੈ ਕਿ ਧਰਮ ਸਥਾਨ ਵੀ ਜ਼ਾਤ
ਅਧਾਰਿਤ ਹੋ ਗਏ ਹਨ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ‘ਤੇ ਟਿਕਿਆ ਸਿੱਖ ਧਰਮ ਵੀ ਜ਼ਾਤ-ਪਾਤ ਵਿੱਚ ਬਹੁਤ ਡੂੰਘਾ ਧਸ ਗਿਆ ਹੈ। ਜ਼ਾਤ ਅਧਾਰਿਤ
ਗੁਰਦੁਆਰੇ ਆਮ ਦੇਖੇ ਜਾ ਸਕਦੇ ਹਨ। ਕੀ ਇਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਬਾਗੀ ਹੋਣ ਵਾਲੀ
ਹਰਕਤ ਨਹੀਂ...? ਸਿੱਖਾਂ ਨੂੰ ਅਕਸਰ ਸੋਸ਼ਲ ਨੈਟਵਰਕ ‘ਤੇ ‘ਗੋਤਾਂ’ ਪਿੱਛੇ ਝਗੜਦੇ ਦੇਖਿਆ ਹੈ। ਗੋਤ
ਲਿਖਣ ਦਾ ਕਾਰਨ ‘ਜ਼ਾਤ’ ਨੂੰ ਮੰਨਣਾ ਦੱਸ ਕੇ ਕਿਸੇ ਨੂੰ ਵੀ ਭੰਡਣ ਦਾ ਚੱਕਰ ਅਕਸਰ ਦੇਖਣ ਨੂੰ ਮਿਲ
ਜਾਂਦਾ ਹੈ ਪਰ ਕੀ ਕਦੇ ਕਿਸੇ ਨੇ ਸਰਕਾਰੀ ਤੰਤਰ ਰਾਹੀਂ ਆਮ ਇਨਸਾਨ ਤੱਕ ਪਹੁੰਚਦੇ ਜ਼ਾਤੀਵਾਦ ਦਾ
ਵਿਰੋਧ ਵੀ ਇਸੇ ਤਰ੍ਹਾਂ ਕੀਤਾ ਹੈ ਜਿਵੇਂ ਇੰਟਰਨੈਟ ‘ਤੇ ਜ਼ਾਤ ਵਿਰੋਧੀ ਜੰਗ ਜਿੱਤਣ ਦੀ ਕੋਸ਼ਿਸ਼
ਹੁੰਦੀ ਹੈ...? ਬੇਸ਼ੱਕ ਜ਼ਾਤ-ਪਾਤ ਨੂੰ ਵਧਾਉਣ ਵਾਲੀ ਹਰ ਗੱਲ ਦਾ ਵਿਰੋਧ ਹੋਣਾ ਚਾਹੀਦਾ ਹੈ ਭਾਵੇਂ
ਉਹ ‘ਗੋਤ’ ਹੋਣ ਜਾਂ ਕੁਝ ਹੋਰ ਪਰ ਬਰਾਬਰਤਾ ਨਾਲ ਨਾ ਕਿ ਆਪਣੇ ਮਕਸਦ ਪੂਰਤੀ ਵਿੱਚ ਸਹਾਈ ਗੱਲਾਂ
ਨੂੰ ਅੱਖੋਂ ਪਰੋਖੇ ਕਰ ਕੇ।
ਅਖੌਤੀ ਸਾਧ ਵੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ‘ਤੇ ਉਹਨਾਂ ਨੂੰ
ਇਸ ਜ਼ਾਤ-ਪਾਤ ਵਿੱਚ ਉਲਝਾ ਕੇ ਆਪਣਾ ਧੰਦਾ ਚਲਾ ਰਹੇ ਹਨ। ਗੁਰਦੁਆਰਿਆਂ ਵਿੱਚ ਲੰਗਰ ਜ਼ਾਤਾਂ ਵਿੱਚ
ਵੰਡੇ ਗਏ, ਖੰਡੇ ਦੀ ਪਾਹੁਲ ਜ਼ਾਤਾਂ ਵਿੱਚ ਵੰਡੀ ਗਈ। ਜਿੱਥੇ ਗੁਰੂ ਸਾਹਿਬ ਵੇਲੇ ‘ਪਹਿਲੇ ਪੰਗਤ
ਪਾਛੈ ਸੰਗਤ’ ਦਾ ਸਿਧਾਂਤ ਸੀ ਉੱਥੇ ਹੁਣ ਇਹ ‘ਇੱਕ ਪੰਗਤ’ ਤੋਂ ‘ਦੋ ਪੰਗਤਾਂ’ ਵਿੱਚ ਵੰਡਿਆ
ਗਿਆ ਇੱਕ ਜੱਟ-ਜ਼ਿਮੀਂਦਾਰਾਂ ਦੀ ‘ਤੇ ਦੂਜੀ ‘ਦਲਿੱਤਾਂ’ ਦੀ। ਇਹ ਸਭ ਅਖੌਤੀ ਸਾਧਾਂ ਦੀ ਲਾਲਚੀ
ਪ੍ਰਵਿਰਤੀ ਕਾਰਨ ਹੋਇਆ ਹੈ। ਕੋਈ ਵੀ ਇਹਨਾਂ ਵਿਹਲੜ ਸਾਧਾਂ ਜੋ ਕਿ ਗੁਰੂ ਨਾਨਕ ਸਾਹਿਬ ਦੇ ਸਿਧਾਂਤ
ਦੀਆਂ ਧੱਜੀਆਂ ਉਡਾਉਂਦੇ ਹਨ ਦਾ ਵਿਰੋਧ ਨਹੀਂ ਕਰਦਾ, ਸਗੋਂ ਉਹਨਾਂ ਦੇ ਪੈਰੀਂ ਡਿੱਗਦੇ ਜਾਂਦੇ ਹਨ
ਲੋਕ। ਜੇਕਰ ਕੋਈ ਕਿਸੇ ਸਾਧ ਦੀਆਂ ਕਰਤੂਤਾਂ ਨੂੰ ਜੱਗ ਜਾਹਿਰ ਕਰਦਾ ਹੈ ਤਾਂ ਉਸਨੂੰ ‘ਨਾਸਤਿਕ’,
‘ਗੁਰੂ ਨਿੰਦਕ’ ਵਰਗੇ ਲਕਬ ਦਿੱਤੇ ਜਾਂਦੇ ਹਨ। ਸੱਚ ਸੁਨਣ ਦੀ ਹਿੰਮਤ ਖਤਮ ਹੋ ਗਈ ਹੈ ਲੋਕਾਂ
ਵਿੱਚ। ਲੋਕਾਂ ਦੀ ਗਲਤੀ ਹੈ ਕਿ ਕਿਸੇ ਬੰਦੇ ਦੀ ਗਲਤ ਸੋਚ ਤੋਂ ਤੰਗ ਹੋ ਕੇ ਉਸਦਾ ਵਿਰੋਧ ਕਰ,
ਗੁਰਮਤਿ ਅਨੁਸਾਰ ਉਸ ਨਾਲ ਵਿਚਾਰ ਕਰਨ ਦੀ ਬਜਾਏ ‘ਅਲੱਗ ਰਸਤਾ’ ਫੜ੍ਹ ਲੈਂਦੇ ਹਨ ‘ਤੇ ਕਿਸੇ
ਦੇਹਧਾਰੀ ਮਗਰ ਲੱਗ ਤੁਰਦੇ ਹਨ ‘ਤੇ ਦੇਹਧਾਰੀ ਕਿਹੜਾ ਘੱਟ ਕਰਦੇ ਹਨ...? ਜੇ ਕਿਸੇ ਪਿੰਡ ਦੇ
ਗੁਰਦੁਆਰੇ ਵਿੱਚ ਕਿਸੇ ਨੀਵੀਂ ਜ਼ਾਤ ਮੰਨੇ ਜਾਂਦੇ ਇਨਸਾਨ ਨਾਲ ਵਿਤਕਰਾ ਹੋਇਆ ਤਾਂ ਕਿਸੇ ਨੇ
ਗੁਰਮਤਿ ਅਨੁਸਾਰ ਦਲੀਲ ਨਹੀਂ ਦਿੱਤੀ, ਬੱਸ ਕਿਸੇ ਬੂਬਨੇ ਦਾ
ਪੱਲਾ ਫੜ੍ਹ ਲਿਆ ‘ਤੇ ਅੱਗੇ ਬੂਬਨਾ ਵੀ ਲੰਗਰ ਵਿੱਚ ਦੋ ਪੰਗਤਾਂ ਲਵਾਈ ਬੈਠਾ ਹੁੰਦਾ ਪਰ ਉਸਨੂੰ
‘ਬਾਬਾ ਜੀ ਦੇ ਚੋਜ਼’ ਕਹਿ ਕੇ ਸੱਚ ਤੋਂ ਟਾਲਾ ਵੱਟਿਆ ਜਾਂਦਾ ਹੈ। ਹੁਣ ਤਾਂ ਗੁਰੂ ਗ੍ਰੰਥ ਸਾਹਿਬ
ਦੀ ਬਾਣੀ ਵਿੱਚੋਂ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਵੀ ਅਲੱਗ ਕਰ ਲਿਆ ਗਿਆ ਹੈ। ਕੀ ਇਹ ਗੁਰੂ ਅਰਜਨ
ਸਾਹਿਬ ਜੀ ਦੀ ਸੋਚ ਦੀ ਉਲੰਘਣਾ ਨਹੀਂ...? ਬਾਣੀ ਅਲੱਗ ਕਰਨ ਵਾਲੇ ਡੇਰੇਦਾਰਾਂ ਨੇ ਲੋਕਾਂ ਨੂੰ
ਕਿਹੜਾ ‘ਏਕਤਾ’ ਦਾ ਜਾਂ ਗੁਰਮਤਿ ਦਾ ਪਾਠ ਪੜ੍ਹਾਇਆ...? ਉਲਟਾ ਗੁਰੂ ਸਿਧਾਂਤ ਨੂੰ ਹੀ ਦੋਫਾੜ ਕਰ
ਦਿੱਤਾ ਪਰ ਅਸੀਂ ਨਹੀਂ ਸਮਝੇ, ਨਵੇਂ ਨਾਅਰੇ ਬਣਾਏ, ਨਵੇਂ ਝੰਡੇ ਬਣਾਏ ‘ਤੇ ਬੱਸ ਬਣ ਗਿਆ ਇੱਕ ਹੋਰ
‘ਪੰਥ’ ਪਰ ਕੀ ਇਹ ਗੁਰੂ ਨਾਨਕ ਸਾਹਿਬ ਦੀ ਸੋਚ ਹੈ...? ਹਰਗਿਜ਼ ਨਹੀਂ ਪਰ ਸਾਨੂੰ ਕੀ ਸਾਡਾ ਸਵਾਰਥ
ਪੂਰਾ ਹੋਣਾ ਚਾਹੀਦਾ। ਜਦੋਂ ਕੋਈ ਸਾਨੂੰ ਨੀਵੀਂ ਜ਼ਾਤ ਸਮਝੇ ਜਾਂਦਿਆਂ ਨੂੰ ਜ਼ਾਤ ਦਾ ਨਾਮ ਲੈ ਕੇ
ਬੁਲਾਉਂਦਾ ਤਾਂ ਉਸਦਾ ਸਿਰ ਪਾੜਨ ਤੱਕ ਜਾਂਦੇ ਹਾਂ ਪਰ ਸਰਕਾਰੀ ਨੌਕਰੀਆਂ ‘ਤੇ ਜਦੋਂ ਜ਼ਾਤ ਅਧਾਰਿਤ
ਚੋਣ ਹੁੰਦੀ ਆ ਤਾਂ ਸਭ ਤੋਂ ਅੱਗੇ ਨੰਬਰ ਭਾਲਦੇ ਹਾਂ, ਇਹ ਦੋਗਲਾਪਣ ਕਿਉਂ...? ਕੀ ਕਿਸੇ ਸਾਧ ਦੇ
ਡੇਰੇ ‘ਤੇ ਵੀ ‘ਨੀਵੀਂ’ ਜ਼ਾਤ ਦੇ ਲੰਗਰ ਵਿੱਚ ਬੈਠਣ ਤੋਂ ਕਿਸੇ ਨੇ ਜਵਾਬ ਦੇ ਕੇ ਵਿਰੋਧ ਕੀਤਾ
ਹੈ...? ਮੈਂ ਤਾਂ ਨਹੀਂ ਸੁਣਿਆ ਕਦੇ। ਫਿਰ ਆਪਸ ਵਿੱਚ ਆਮ ਬੰਦਿਆਂ ਦੀ ਘਟੀਆਂ ਸੋਚ ਕਾਰਨ ਗੁਰੂ
ਸਿਧਾਂਤ ਨੂੰ ਦੋ ਥਾਈਂ ਕਰਨ ਦੀ ਜ਼ਰੂਰਤ ਕੀ...? ਗਲਤ ਦਾ ਵਿਰੋਧ ਕਰੋ, ਗੁਰੂ ਸਾਹਿਬ ਨੇ ‘ਜ਼ਾਤਾਂ’
ਨੂੰ ਖਤਮ ਕੀਤਾ ਨਾ ਕਿ ‘ਵੰਡਿਆ’ ਪਰ ਅਸੀਂ ਗੁਰੂ ਸਾਹਿਬ ਦੀ ਬਾਣੀ ਹੀ ਵੰਡ ਧਰੀ...!
‘ਰਾਖਵਾਂਕਰਨ’ ਹੋਣਾ ਚਾਹੀਦਾ ਹੈ ਪਰ ਤਰਕਸੰਗਤ ਨਾ ਕਿ ਅੰਨ੍ਹੇਵਾਹ। ਕੋਈ ਵੀ
‘ਭੁੱਖਾ ਨਾ ਸੌਵੇਂ’ ਇਹ ਨੀਤੀ ਹੋਣੀ ਚਾਹੀਦੀ ਹੈ ‘ਰਾਖਵੇਂਕਰਨ’ ਦੀ’ ਨਾ ਕਿ ਜ਼ਾਤਾਂ ਨੂੰ
ਰਾਖਵਾਂਕਰਨ ਦਿੱਤਾ ਜਾਵੇ। ਇੱਕ ਆਧਾਰ ਬਣਾਇਆ ਜਾਵੇ ਜੋ ਕਿ ਕਿਸੇ ਦੀ ਵੀ ਆਰਥਿਕ ਹਾਲਤ ਨੂੰ ਮੁੱਖ
ਰੱਖ ਕੇ ਉਸਨੂੰ ਬਿਨਾਂ ਕਿਸੇ ਭੇਦ-ਭਾਵ, ਜ਼ਾਤ-ਪਾਤ ਦੇ ਬਰਾਬਰ ਮੌਕਾ ਦੇਵੇ। ਇਹ ਨਾ ਹੋਵੇ ਕਿ
ਸਰਕਾਰੀ ਉੱਚ ਪਦਵੀ ਦਾ ਨਿੱਘ ਮਾਨਣ ਵਾਲਾ ਮੁੜ-ਮੁੜ ਰਾਖਵਾਂਕਰਨ ਦੇ ਆਧਾਰ ‘ਤੇ ਕਿਸੇ ਜ਼ਰੂਰਤਮੰਦ
ਦਾ ਹੱਕ ਖੋਹਦਾਂ ਫਿਰੇ। ਗੁਰਬਾਣੀ ਤੋਂ ਸਾਨੂੰ ਸੋਝੀ ਮਿਲਦੀ ਹੈ ਕਿ:
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ
ਨਦਰਿ ਤੇਰੀ ਬਖਸੀਸ ॥੪॥੩॥
{ਪੰਨਾ 15}
ਆਉ ਗੁਰੂ ਸਾਹਿਬ ਦੀ ਸੋਚ ਨੂੰ ਅਪਣਾ ਕੇ ‘ਇੱਕ’ ਹੋ ਕੇ ਚੱਲਣ ਦਾ ਗ਼ਤਨ ਕਰੀਏ।
ਜ਼ਰੂਰਤਮੰਦ ਦੀ ਹਰ ਸੰਭਵ ਮੱਦਦ ਕਰੀਏ ਤਾਂ ਜੋ ਉਹਨਾਂ ਨੂੰ ਵੀ ਜੀਵਨ ਵਿੱਚ ਅੱਗੇ ਵਧਣ ਦੇ ਬਰਾਬਰ
ਮੌਕੇ ਮਿਲਣ, ਆਪਣੀਆਂ ਲਾਲਸਾਵਾਂ ਦਾ ਸ਼ਿਕਾਰ ਹੋ ਕੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ
‘ਰਾਖਵਾਂਕਰਨ’ ਨੀਤੀ ਨੂੰ ਤਿਆਗ ਕੇ ‘ਹਰ ਲੋੜਵੰਦ ਦੀ ਬਿਨਾਂ ਕਿਸੇ ਜ਼ਾਤ-ਪਾਤ ਦੇ ਭੇਦਭਾਵ ਤੋਂ
ਮੱਦਦ’ ਕਰਨ ਵਾਲੀ ਨੀਤੀ ਨੂੰ ਅਪਣਾਈਏ ਤਾਂ ਜੋ ਇੱਕ ਬਰਾਬਰ ਅਤੇ ਸੰਤੁਲਿਤ ਸਮਾਜ ਦੀ ਸਿਰਜਣਾ ਹੋ
ਸਕੇ। ਸਮਾਜ ਨੂੰ ਵੋਟਾਂ ਅਤੇ ਪੈਸੇ ਦੇ ਲਾਲਚ ਵਿੱਚ ‘ਜ਼ਾਤਾਂ’ ਵਿੱਚ ਵੰਡਣ ਵਾਲੀ ਹਰ ਸੋਚ ਭਾਵੇਂ
ਉਹ ਰਾਜਨੀਤਿਕ ਹੋਵੇ ਜਾਂ ਧਰਮ ਦੀ ਆੜ ਹੇਠ ਲੁਕੀ ਹੋਵੇ ਦਾ ਤਿਆਗ ਕਰੀਏ। ਭੁੱਲ-ਚੁੱਕ ਦੀ ਖਿਮਾਂ।
ਸਤਿੰਦਰਜੀਤ ਸਿੰਘ।