Pages

ਗੁਰੂ ਤੇਗ ਬਹਾਦਰ ਜੀ




ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਪਾਤਸ਼ਾਹ ਹੋਏ ਹਨ।
ਜਨਮ: 1 ਅਪ੍ਰੈਲ 1621 ਯੂਲੀਅਨ (ਵੈਸਾਖ ਵਦੀ 5 ਬਿਕ੍ਰਮੀ ਸੰਮਤ 1678, 5 ਵੈਸਾਖ/18 ਅਪ੍ਰੈਲ ਨਾਨਕਸ਼ਾਹੀ)
ਜਨਮ ਸਥਾਨ: ਸ਼੍ਰੀ ਅੰਮ੍ਰਿਤਸਰ ਸਾਹਿਬ।
ਮਾਤਾ-ਪਿਤਾ: ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਅਤੇ ਪਿਤਾ ਜੀ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਸੀ।
ਭਰਾ: ਗੁਰੂ ਤੇਗ ਬਹਾਦਰ ਜੀ ਦੇ ਚਾਰ ਵੱਡੇ ਭਰਾ (ਬਾਬਾ) ਗੁਰਦਿੱਤਾ, ਸੂਰਜ ਮੱਲ, ਅਣੀ ਰਾਇ, ਅਟੱਲ ਰਾਇ  ਅਤੇ ਇੱਕ ਭੈਣ ਬੀਬੀ ਵੀਰੋ ਜੀ ਸਨ।
ਸਿੱਖਿਆ: ਛੇ ਸਾਲ ਦੀ ਉਮਰ ਤੋਂ ਗੁਰੂ ਜੀ ਸਕੂਲੀ-ਵਿੱਦਿਆ ਗ੍ਰਹਿਣ ਕਰਨ ਲੱਗੇ। ਗੁਰੂ ਜੀ ਨੇ ਪੁਰਾਤਨ ਸਾਜ਼ਾਂ ਅਤੇ ਰਾਗਾਂ ਦੀ ਸਿੱਖਿਆ ਹਾਸਿਲ ਕੀਤੀ। ਭਾਈ ਗੁਰਦਾਸ ਜੀ ਨੇ ਆਪ ਨੂੰ ਗੁਰਬਾਣੀ ਸਿਖਾਈ। ਇਸਦੇ ਨਾਲ ਹੀ ਆਪ ਨੂੰ ਸ਼ਸ਼ਤਰ ਵਿੱਦਿਆ ਦੀ ਲੀਮ ਵੀ ਦਿੱਤੀ ਗਈ ਜਿਸ ਵਿੱਚ ਘੋੜਸਵਾਰੀ, ਤਲਵਾਰਬਾਜ਼ੀ, ਨੇਜ਼ਾ ਚਲਾਉਣ ਦੀ ਸਿੱਖਿਆ ਅਤੇ ਨਿਸ਼ਾਨੇਬਾਜ਼ੀ ਮੁੱਖ ਹੈ।

ਸੁਪਤਨੀ: ਮਾਤਾ ਗੁਜ਼ਰੀ ਜੀ
ਸੰਤਾਨ: ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਦਾ ਜਨਮ ਹੋਇਆ।
ਗੁਰਗੱਦੀ: 20ਮਾਰਚ 1665
30 ਮਾਰਚ 1664 ਨੂੰ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਚਨ ਕੀਤੇ ਬਾਬਾ ਬਕਾਲੇਕਿਉਂਕਿ ਗੁਰੂ ਤੇਗ ਬਹਾਦਰ ਜੀ ਬਾਲਾ ਪ੍ਰੀਤਮ ਜੀ ਦੇ ਰਿਸ਼ਤੇ ਵਿਚ ਦਾਦਾ ਜੀ ਲੱਗਦੇ ਸਨ।
30 ਮਾਰਚ 1664 ਨੂੰ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਚਨ ਕੀਤੇ ਬਾਬਾ ਬਕਾਲੇ ਕਿਉਂਕਿ ਗੁਰੂ ਤੇਗ ਬਹਾਦਰ ਜੀ ਬਾਲਾ ਪ੍ਰੀਤਮ, ਗੁਰੂ ਹਰਿਕ੍ਰਿਸ਼ਨ ਜੀ ਦੇ ਰਿਸ਼ਤੇ ਵਿੱਚ ਦਾਦਾ ਜੀ ਲੱਗਦੇ ਸਨ
ਬਾਣੀ ਰਚਨਾ: 57 ਸਲੋਕ।
ਕਾਰਜ: ਗੁਰੂ ਤੇਗਬਹਾਦਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਵੱਲੋਂ ਆਰੰਭੇ ਕਾਰਜ ਨੂੰ ਜ਼ਾਰੀ ਰੱਖਿਆ। ਹਿੰਦੂ ਕੌਮ ਦੇ ਧਾਰਮਿਕ ਨੇਤਾ ਬ੍ਰਾਹਮਣ ਲੋਕ ਸਨ ਜਿੰਨ੍ਹਾਂ ਤੋਂ ‘ਜਜੀਆ’ ਨਹੀਂ ਲਿਆ ਜਾਂਦਾ ਸੀ ਅਤੇ ਹੋਰ ਵੀ ਕਈ ਰਿਆਇਤਾਂ ਮਿਲਦੀਆਂ ਸਨ ਅਤੇ ਇਸ ਦਾ ਕੁਦਰਤੀ ਨਤੀਜਾ ਇਹ ਸੀ ਕਿ ਉਹ ਆਪਣੇ ਕੌਮ-ਭਾਈਆਂ ਨੂੰ ਵਧੀਕੀ ਸਹਾਰਨ ਦਾ ਉਪਦੇਸ਼ ਹੀ ਦਿੰਦੇ ਸਨ। ਗੁਰੂ ਜੀ ਔਰੰਗਜ਼ੇਬ ਦੇ ਮਜ਼ਹਬੀ ਵਿਤਕਰੇ ਅਤੇ ਹਿੰਦੂਆਂ ‘ਤੇ ਸਖਤੀ ਤੋਂ ਜਾਣੂ ਸਨ ਸੋ ਉਹਨਾਂ ਪੂਰਬ ਦੇਸ਼ ਦਾ ਰੁਖ਼ ਕੀਤਾ ਅਤੇ ਹਿੰਦੀ ਬੋਲੀ ਵਿੱਚ ਆਪਣੀ ਗੁਰਬਾਣੀ ਅਤੇ ਉਪਦੇਸ਼ ਦਿੱਤਾ। ਮਾਲਵੇ ਵਿਚ ਕਾਲ ਪਿਆ ਹੋਇਆ ਸੀ ਇੱਥੇ ਲੋਕਾਂ ਨੂੰ ਧੀਰਜ ਦਿੱਤਾ ਅਤੇ ਮੂਲਵਾਲ ਪਿੰਡ ਵਿੱਚ ਖਾਰੇ ਪਾਣੀ ਤੋਂ ਰਾਹਤ ਪਾਉਣ ਲਈ ਡੂੰਘੇ ਖੂਹਾਂ ਨੂੰ ਪੁੱਟਵਾਇਆ ਜਿੰਨ੍ਹਾਂ ਤੋਂ ਮਿੱਠਾ ਪਾਣੀ ਨਿਕਲਿਆ। ਸਰਵਰੀਏ ਲੋਕਾਂ ਨੂੰ ਸਿੱਖ ਧਰਮ ਦੀ ਵਿਲੱਖਣਤਾ ਤੋਂ ਜਾਣੂ ਕਰਵਾਕੇ ਸਿੱਧੇ ਰਾਹ ਪਾਇਆ।
ਗੁਰੂ ਸਾਹਿਬ ਕੁਰੂਕਸ਼ੇਰਤਰ ਜਾਂਦੇ ਹੋਏ ਰਸਤੇ ਵਿਚ ਗੋਰ-ਗੁੱਗੇ ਦੀ ਪੂਜਾ, ਤਮਾਕੂ ਨਾ ਪੀਣ ਅਤੇ ਹੋਰ ਨਸ਼ਿਆਂ ਦੀ ਬੁਰਿਆਈ ਆਦਿ ਦਾ ਉਪਦੇਸ਼ ਕਰਦੇ ਹੋਏ ਸੂਰਜ ਗ੍ਰਹਿਣ ਦੇ ਸਮੇਂ ਪਹੁੰਚੇ ਸਨ। ਇੱਥੋਂ ਆਪ ਉੱਤਰ ਪ੍ਰਦੇਸ਼ ਦੇ ਮਥਰਾ, ਕਾਨਪੁਰ, ਪ੍ਰਾਗ, ਕਾਸ਼ੀ ਆਦਿ ਗਏ ਅਤੇ ਗੁਰਬਾਣੀ ਰਾਹੀਂ ਸਭ ਤੋਂ ਸ੍ਰੇਸ਼ਟ ਤੀਰਥ ਸਾਧ ਸੰਗਤਿ ਵਿੱਚ ਪ੍ਰਭੂ ਦੀ ਸਿਫਤ-ਸਲਾਹ ਕਰਨ ਦਾ ਪ੍ਰਚਾਰ ਕੀਤਾ। ਬਿਹਾਰ ਦੇ ਸਸਰਾਮ, ਗਯਾ, ਪਟਨਾ ਅਤੇ ਮੁੰਗੇਰ ਆਦਿ ਥਾਵਾਂ ‘ਤੇ ਗਏ। ਬੰਗਾਲ ਪ੍ਰਾਂਤ ਦੇ ਢਾਕਾ ਵਿੱਚ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕੀਤਾ। ਇੱਥੇ ਹੀ ਗੁਰੂ ਜੀ ਨੂੰ ਗੋਬਿੰਦ ਰਾਏ ਜੀ ਦੇ 26 ਦਸੰਬਰ 1666 ਨੂੰ ਜਨਮ ਲੈਣ ਦੀ ਖ਼ਬਰ ਮਿਲੀ। ਗੁਰੂ ਜੀ ਨੇ ਇੱਥੋਂ ਪਟਨੇ ਦੀ ਸੰਗਤ ਦੇ ਨਾਮ ਵਧਾਈ ਅਤੇ ਪਰਿਵਾਰ ਦੀ ਸੇਵਾ ਸੰਭਾਲ ਦੀ ਚਿੱਠੀ ਲਿਖੀ ਅਤੇ ਢਾਕੇ ਤੋਂ ਆਸਾਮ ਵੱਲ ਚੱਲ ਪਏ। ਆਸਾਮ ਤੋਂ ਗੁਰੂ ਜੀ ਪੰਜਾਬ ਨੂੰ ਵਾਪਸ ਆ ਗਏ।
ਆਨੰਦਪੁਰ ਵਸਾਉਣਾ: ਸਤਿਗੁਰੂ ਜੀ ਵੱਲੇ ਤੋਂ ਬਕਾਲੇ, ਕਰਤਾਰਪੁਰ ਅਤੇ ਕੀਰਤਪੁਰ ਅੱਪੜੇ। ਕੀਰਤਪੁਰ ਦੇ ਲਾਗੇ ਰਾਜੇ ਦੀਪ ਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈਕੇ ਅਨੰਦਪੁਰ ਸਾਹਿਬ ਦੀ ਨੀਂਹ ਅਕਤੂਬਰ 1665 ਵਿੱਚ ਰੱਖੀ।
ਔਰੰਗਜ਼ੇਬ ਦੇ ਜ਼ੁਲਮਾਂ ਦੀ ਅੱਤ: ਤਾਜ ਦੇ ਭੁੱਖੇ ਔਰੰਗਜ਼ੇਬ ਨੇ ਆਪਣੇ ਹੀ ਖ਼ੂਨ ਉੱਪਰ ਅਤਿਆਚਾਰ ਕਰਦਿਆਂ ਢਿੱਲ ਨਹੀਂ ਕੀਤੀ। ਉਸ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਬੰਦੀ ਬਣਾ ਕੇ ਕਾਲ ਕੋਠੜੀ ਵਿੱਚ ਪਾ ਦਿੱਤਾ ਅਤੇ ਆਪਣੇ ਸਕੇ ਭਰਾਵਾਂ ਨੂੰ ਮਾਰ ਕੇ ਗੱਦੀ ਸਾਂਭੀ। ਉਪਰੰਤ ਸਮੇਂ ਦਾ ਬਾਦਸ਼ਾਹ ਅਖਵਾਉਣ ਲਈ, ਇਸਲਾਮ ਧਰਮ ਵਿੱਚ ਆਪਣੀ ਠੁੱਕ ਬਣਾਉਣ ਲਈ, ਕੱਟੜ ਮੁਸਲਮਾਨਾਂ ਨੂੰ ਖ਼ੁਸ਼ ਕਰਨ ਅਤੇ ਸਮੁੱਚੇ ਹਿੰਦੁਸਤਾਨ ਦੀ ਧਰਤੀ ਉੱਤੇ ਇਸਲਾਮ ਨੂੰ ਪ੍ਰਵਾਨ ਚੜ੍ਹਾਉਣ ਲਈ ਉਸ ਨੇ ਅਗਲਾ ਮੋਹਰਾ ਨਿਰਦੋਸ਼ ਹਿੰਦੂਆਂ ਨੂੰ ਬਣਾਇਆ। ਹਿੰਦੂਆਂ ਨੂੰ ਇਸਲਾਮ ਕਬੂਲਣ ਲਈ ਕਿਹਾ ਗਿਆ ਅਤੇ ਨਾ ਮੰਨਣ ਉੱਤੇ ਲੋਭ ਲਾਲਚ ਵੀ ਦਿੱਤੇ ਗਏ ਪਰ ਜਦੋਂ ਉਸ ਨੂੰ ਕੋਈ ਸਫਲਤਾ ਨਾ ਮਿਲੀ ਤਾਂ ਉਸ ਨੇ ਸੂਬੇਦਾਰਾਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਵੇ ਅਤੇ ਹਿੰਦੁਸਤਾਨ ਦੀ ਧਰਤੀ ਤੋਂ ਪੰਡਿਤਾਂ ਤੇ ਹਿੰਦੂਆਂ ਦਾ ਨਾਮੋ-ਨਿਸ਼ਾਨ ਮਿਟਾ ਕੇ ਇਸਲਾਮ ਦੇ ਝੰਡੇ ਗੱਡ ਦਿੱਤੇ ਜਾਣ।
ਨਤੀਜੇ ਵਜੋਂ ਹਿੰਦੂਆਂ ਦੇ ਮੇਲੇ ਅਤੇ ਤਿਉਹਾਰਾਂ ਉੱਪਰ ਸਖ਼ਤ ਪਾਬੰਦੀ ਲਾ ਦਿੱਤੀ ਗਈ। ਮੰਦਰਾਂ ਨੂੰ ਢਾਹ ਕੇ ਮਸੀਤਾਂ ਦੀ ਉਸਾਰੀ ਹੋਣ ਲੱਗੀ। ਬਨਾਰਸ ਸ਼ਹਿਰ ਦੇ ਅਤਿ ਵਿਸ਼ਾਲ ਅਤੇ ਪ੍ਰਸਿੱਧ ਵਿਸ਼ਵਾਨਾਥ ਦੇ ਮੰਦਰ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਜਨਮ-ਭੂਮੀ ਮਥੁਰਾ ਦੇ ਉੱਘੇ ਕੇਸ਼ਵ ਰਾਇ ਦੇ ਮੰਦਰ ਸਮੇਤ ਉਦੈਪੁਰ,ਉਜੈਨ ਅਤੇ ਜੋਧਪੁਰ ਆਦਿ ਥਾਵਾਂ ਦੇ ਮੰਦਰ ਢਾਹ ਦਿੱਤੇ ਗਏ। ਹਿੰਦੂਆਂ ਨੂੰ ਜਮਨਾ ਨਦੀ ਦੇ ਕਿਨਾਰੇ ਦਾਹ-ਸੰਸਕਾਰ ਕਰਨ ਤੋਂ ਰੋਕ ਦਿੱਤਾ ਗਿਆ। ਪਾਠਸ਼ਾਲਾਵਾਂ ਨੂੰ ਮਦਰੱਸਿਆਂ ਵਿੱਚ ਬਦਲ ਦਿੱਤਾ ਗਿਆ। ਹਿੰਦੂਆਂ ਪਾਸੋਂ ‘ਜਜ਼ੀਆ’ ਧੱਕੇ ਨਾਲ ਵਸੂਲਿਆ ਜਾਣ ਲੱਗਾ। ਹਰ ਰੋਜ਼ ਸਵਾ-ਸਵਾ ਮਣ ਜਨੇਊ ਉਤਾਰੇ ਜਾਣ ਲੱਗੇ। ਹਰ ਪਾਸੇ ਜ਼ੁਲਮ ਦੀ ਹਾਹਾਕਾਰ ਮੱਚ ਗਈ।
ਕਸ਼ਮੀਰੀ ਪੰਡਿਤਾਂ ਦੀ ਫਰਿਆਦ: ਔਰੰਗਜ਼ੇਬ ਦੇ ਹੁਕਮਾਂ ਨਾਲ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਖ਼ਾਂ ਮਾਨੋ ਕਸ਼ਮੀਰੀ ਪੰਡਿਤਾਂ ਲਈ ਕਾਲ ਬਣ ਗਿਆਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਜਦੋਂ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚਾ ਕੀਤਾ। ਕਸ਼ਮੀਰੀ ਪੰਡਿਤਾਂ ਦਾ ਇੱਕ ਜਥਾ ਆਪਣੀ ਫ਼ਰਿਆਦ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆਇਆ। ਕਸ਼ਮੀਰੀ ਪੰਡਿਤ ਕਿਰਪਾ ਰਾਮ ਤੋਂ ਉਨ੍ਹਾਂ ਦੀ ਦਰਦ ਕਹਾਣੀ ਸੁਣ ਕੇ ਗੁਰੂ ਜੀ ਨੇ ਜੋ ਸਰਣਿ ਆਵੈ ਤਿਸੁ ਕੰਠਿ ਲਾਵੈਮਹਾਂਵਾਕ ਅਨੁਸਾਰ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋਂ ਮਾਯੂਸ ਨਹੀਂ ਪਰਤਣਗੇ। ਇਸ ਤੋਂ ਬਾਅਦ ਗੁਰੂ ਜੀ ਕਿਸੇ ਡੂੰਘੀ ਸੋਚ ਵਿਚ ਡੁੱਬ ਗਏ ਅਤੇ ਕੁਝ ਸਮੇਂ ਬਾਅਦ ਫ਼ੁਰਮਾਉਣ ਲੱਗੇ ਕਿ ਅਜੇ ਧਰਮ ਯੁੱਧ ਦਾ ਸਮਾਂ ਨਹੀਂ ਆਇਆ। ਇਸ ਸਮੇਂ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਸਿਰਫ਼ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਆਪ ਜੀ ਦੇ ਬਚਨ ਸੁਣ ਕੇ ਪੂਰੇ ਦਰਬਾਰ ਵਿਚ ਸੱਨਾਟਾ ਛਾ ਗਿਆ। ਆਪ ਜੀ ਦੇ ਸਪੁੱਤਰ ਬਾਲ ਗੋਬਿੰਦ ਰਾਇ ਜੀ ਨੇ ਆਪ ਜੀ ਤੋਂ ਇਸ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਅੱਤਿਆਚਾਰ ਦੇ ਭਾਂਬੜ ਬਹੁਤ ਉੱਚੇ ਚਲੇ ਗਏ ਹਨ। ਜਿਸ ਵਿੱਚ ਇਹ ਨਿਤਾਣੇ ਬਾਲਣ ਦੀ ਥਾਂ ਝੋਕੇ ਜਾ ਰਹੇ ਹਨ। ਹੁਣ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ ਜੋ ਆਪਣੇ ਪਵਿੱਤਰ ਖ਼ੂਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਂਬੜਾਂ ਨੂੰ ਸ਼ਾਂਤ ਕਰ ਸਕੇ। ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਆਪਣੇ ਬਾਲ ਦੇ ਨਿੱਕੇ ਜਿਹੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲਕ ਆਉਣ ਵਾਲੀ ਹਰ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਲਈ ਹਰ ਪੱਖੋਂ ਸਮਰੱਥ ਹੈ। ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਜ਼ਾਲਮ ਅਤੇ ਜ਼ੁਲਮ ਦੇ ਖਿਲਾਫ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜਾਹ! ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੈ। ਜੇ ਉਨ੍ਹਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਖ਼ੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ।
ਸ਼ਹੀਦੀ: ਅਨੰਦਪੁਰ ਦੇ ਵਾਸੀਆਂ ਅਤੇ ਗੁਰੂ ਪਰਵਾਰ ਨੂੰ ਇਹ ਭਾਸ ਗਿਆ ਸੀ ਕਿ ਗੁਰੂ ਸਾਹਿਬ ਜੀ ਦਾ ਜੀਵਨ ਹੁਣ ਲੇਖੇ ਲੱਗ ਜਾਣਾ ਹੈ। 1674 ਵਿਚ ਆਪ ਅਨੰਦਪੁਰ ਸਾਹਿਬ ਤੋਂ ਦਿੱਲੀ ਲਈ ਚੱਲ ਪਏ। ਗੁਰੂ ਜੀ ਸਮਾਣੇ, ਕੈਂਥਲ, ਰੋਹਤਕ ਆਦਿ ਵਿੱਚ ਸਿੱਖੀ ਪਰਚਾਰ ਅਤੇ ਹੋਰ ਜਨਤਕ ਖੂਹ ਅਤੇ ਬਉਲੀਆਂ ਆਦਿ ਲਵਾਂਦੇ ਅਤੇ ਲੋਕਾਂ ਦੇ ਦਿਲਾਂ ਵਿਚੋਂ ਮੁਗਲਾਂ ਦਾ ਡਰ ਦੂਰ ਕਰਦੇ ਹੋਏ ਦਿੱਲੀ ਵੱਲ ਵੱਧ ਰਹੇ ਸਨ ਪਰ ਸ਼ਾਹੀ ਰਿਪੋਟਾਂ ਨੇ ਗੁਰੂ ਜੀ ਨਾਲ ਧਾੜਵੀ ਅਤੇ ਲੁਟੇਰੇ ਆਦਿ ਹੋਣ ਦੀਆਂ ਖਬਰਾਂ ਭੇਜੀਆਂ ਜਿਸ ਕਰਕੇ ਔਰੰਗਜ਼ੇਬ ਨੇ ਆਪ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿਤੇ। ਅਸਲ ਵਿੱਚ ਗੁਰੂ ਜੀ ਨਾਲ ਕੇਵਲ ਪੰਜ ਸਿੱਖ ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ (ਬਾਬੇ ਬੁਢੇ ਜੀ ਦੀ ਅੰਸ਼ ਵਿੱਚੋਂ), ਭਾਈ ਊਦਾ ਅਤੇ ਭਾਈ ਜੈਤਾ ਜੀ ਸਨ। ਹਾਂ, ਜਿੱਥੇ ਵੀ ਗੁਰੂ ਜੀ ਪਹੁੰਚਦੇ ਸੰਗਤਾਂ ਹੁੰਮ-ਹੁੰਮਾ ਕੇ ਪਹੁੰਚਦੀਆਂ ਅਤੇ ਗੁਰੂ ਸਾਹਿਬ ਜੀ ਦੇ ਮਿਸ਼ਨ ਤੋਂ ਜਾਣੂ ਹੁੰਦੀਆਂ। ਗੁਰੂ ਜੀ ਆਗਰੇ ਪਹੁੰਚੇ ਅਤੇ ਇਕ ਬਾਗ਼ ਵਿੱਚ ਠਹਿਰੇ। ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਨੇ ਇੱਥੇ ਇੱਕ ਬੱਕਰੀਆਂ ਚਾਰਨ ਵਾਲੇ ਨੂੰ ਮੁੰਦਰੀ ਅਤੇ ਦੁਸ਼ਾਲਾ ਦਿੱਤਾ ਅਤੇ ਆਖਿਆ ਕਿ ਆਪਣੇ ਬਾਬੇ ਨੂੰ ਨਾਲ ਲੈਕੇ ਬਜਾਰੋਂ ਖਾਣ ਨੂੰ ਕੁਝ ਲੈ ਕੇ ਅਵੋ। ਇਹ ਇੱਕ ਅਨੋਖਾ ਢੰਗ ਸੀ ਉਸ ਬੁੱਢੇ ਬਾਬੇ (ਹਸਨ ਅਲੀ) ਨੂੰ ਆਪਣੇ ਫੜਾਉਣ ਦਾ ਇਨਾਮ ਦਿਵਾਉਣ ਲਈ। ਤਕਰੀਬਨ ਅਨੰਦਪੁਰ ਤੋਂ ਚੱਲਿਆਂ ਇੱਕ ਸਾਲ ਹੋ ਚੁੱਕਾ ਸੀ ਜਦੋਂ ਗੁਰੂ ਜੀ ਨੂੰ ਆਗਰੇ ਗ੍ਰਿਫਤਾਰ ਕੀਤਾ ਗਿਆ।
ਕੈਦ ਕਰਕੇ ਪੰਜੇ ਸਿੱਖਾਂ ਸਮੇਤ ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ। ਗੁਰੂ ਜੀ ਕਮਜ਼ੋਰ ਲੁਕਾਈ ਨੂੰ ਨਿਡਰ ਹੋ ਕੇ ਜਿਉਣਾ ਸਿਖਾਉਣਾ ਚਾਹੁੰਦੇ ਸੀ। ਗੁਰੂ ਜੀ ਨੂੰ ਇੱਕ ਛੋਟੇ ਜਿਹੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਦੇ ਹੁਕਮ ਅਨੁਸਾਰ ਸਥਾਨਕ ਹਾਕਮਾਂ ਨੇ ਗੁਰੂ ਜੀ ਨੂੰ ਹਿੰਦੂਆਂ ਦਾ ਸਾਥ ਛੱਡਣ ਅਤੇ ਮੁਸਲਮਾਨ ਬਣਨ ਲਈ ਆਖਿਆ ਪਰ ਕਿਸੇ ਡਰਾਵੇ ਜਾਂ ਲਾਲਚ ਦਾ ਗੁਰੂ ਜੀ ‘ਤੇ ਕੋਈ ਅਸਰ ਨਾ ਹੋਇਆ। ਔਰੰਗਜ਼ੇਬ ਨੇ ਗੁਰੂ ਜੀ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾਮੌਤ ਦੇ ਭਿਆਂਨਕ ਡਰਾਵੇ ਦੇਣ ਲਈ ਤੁਰਕ ਹਾਕਮਾਂ ਨੇ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੁਫਾੜ ਕਰ ਦਿਤਾ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਪਾ ਕੇ ਉਬਾਲ ਦਿੱਤਾ। ਗੁਰੂ ਜੀ ਆਪਣੇ ਨਿਸ਼ਚੇ ਤੋਂ ਰਤਾ ਭਰ ਵੀ ਨਾ ਡੋਲੇ ਤਾਂ ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ, ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ।
ਜਿੱਥੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉੱਥੇ ਹੁਣ ਚਾਂਦਨੀ ਚੌਕ ਦਾ ਗੁਰਦੁਆਰਾ ਲਾਲ ਕਿਲ੍ਹੇ ਦੇ ਸਾਮ੍ਹਣੇ ਕੋਈ 500 ਗਜ ਦੀ ਦੂਰੀ ‘ਤੇ ਹੈ। ਇਹ ਗੁਰਦੁਆਰਾ ਪਹਿਲੀ ਵਾਰ 1790 ਵਿੱਚ ਸ: ਬਘੇਲ ਸਿੰਘ ਕਰੋੜ-ਸਿੰਘੀਏ ਨੇ ਬਣਵਾਇਆ ਸੀ।
ਸ਼ਹੀਦੀ ਦੀ ਮੁਨਿਆਦੀ ਸੁਣ ਕੇ ਕਈ ਮੁਸਲਮਾਨ, ਸਿੱਖ, ਹਿੰਦੂ ਲੋਕਾਂ ਦਾ ਇਕੱਠ ਹੋ ਗਿਆ। ਸੂਰਮੇ ਗੁਰੂ ਤੇਗ ਬਹਾਦਰ ਜੀ ਦੀ ਇਹ ਅਦੁੱਤੀ ਸ਼ਹੀਦੀ ਵੇਖ ਕੇ ਕਈਆਂ ਦੇ ਦਿਲ ਹਿੱਲ ਗਏ। ਹਫੜਾ ਦਫੜੀ ਪੈਣ ਤੇ ਭਾਈ ਜੈਤਾ ਜੀ ਨੂੰ ਗੁਰੂ ਸਾਹਿਬ ਜੀ ਦਾ ਸੀਸ ਚੁੱਕਣ ਦਾ ਮੌਕਾ ਮਿਲ ਗਿਆ ਅਤੇ 200 ਮੀਲ ਦੀਆਂ ਮੰਜਿਲਾਂ ਲੁੱਕਦੇ-ਛਿਪਦੇ ਪੂਰੀ ਕਰਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚਣ ਵਿੱਚ ਸਫਲ ਹੋਏ। ਸੀਸ ਚੁੱਕਿਆ ਗਿਆ ਵੇਖ ਕੇ ਮੁਗਲ ਹਾਕਮ ਸਤਰਕ ਹੋ ਗਏ ਅਤੇ ਧੜ ਦੇ ਲਾਗੇ ਪਹਿਰਾ ਕਰੜਾ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਸ਼ਾਮ ਨੂੰ ਲੱਖੀ ਸ਼ਾਹ ਨਾਮ ਦਾ ਵਣਜਾਰਾ (ਗੁਰੂ ਦਾ ਸਿੱਖ) ਆਪਣੇ ਸੈਂਕੜੇ ਬਲਦ ਲੈਕੇ ਉੱਥੋਂ ਦੀ ਲੰਘਿਆ। ਭਾਈ ਉਦੈ ਜੋ ਗੁਰੂ ਸਾਹਿਬ ਨਾਲ ਦਿੱਲੀ ਆਇਆ ਸੀ, ਨੇ ਮੁਸਲਮਾਨੀ ਭੇਖ ਧਾਰਨ ਕੀਤਾ ਹੋਇਆ ਸੀ ਅਤੇ ਕਿਸੇ ਵਿਉਂਤ ਦੀ ਉਡੀਕ ਵਿੱਚ ਸੀ ਕਿ ਗੁਰੂ ਜੀ ਦਾ ਧੜ ਚੁੱਕਿਆ ਜਾਵੇ। ਭਾਈ ਉਦੈ ਅਤੇ ਲੱਖੀ ਵਣਜਾਰੇ ਨੇ ਮੌਕਾ ਦੇਖ ਕੇ ਗੁਰੂ ਜੀ ਦਾ ਧੜ ਲੱਦ ਲਿਆ ਅਤੇ ਇਸ ਨੂੰ ਰਕਾਬ ਗੰਜ ਪਿੰਡ ਲਿਜਾਣ ਵਿੱਚ ਕਾਮਯਾਬ ਹੋ ਗਏ। ਅੱਪੜਦਿਆ ਹੀ ਗੁਰੂ ਦੇ ਸਿੱਖ ਲੱਖੀ ਸ਼ਾਹ ਨੇ ਗੁਰੂ ਜੀ ਦਾ ਧੜ ਘਰ ਵਿੱਚ ਰੱਖ ਕੇ ਸਣੇ ਸਾਰੇ ਅਸਬਾਬ ਦੇ ਘਰ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਤ’ ਹੋ ਰਹੇ ਜ਼ੁਲਮ ਅਤੇ ਜ਼ਾਲਮ ਦੇ ਖਿਲਾਫ ਸ਼ਹਾਦਤ ਦੀ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ।