Pages

ਸੁਖਮਨੀ ਸਾਹਿਬ: ਅਸਟਪਦੀ-1


ਸਤਿੰਦਰਜੀਤ ਸਿੰਘ
ਗਉੜੀ ਸੁਖਮਨੀ ਮਃ ੫ ॥
ਇਸ ਬਾਣੀ ਦਾ ਨਾਮ ਹੈ ‘ਸੁਖਮਨੀ’ ਅਤੇ ਇਹ ਗਉੜੀ ਰਾਗ ਵਿੱਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਹਨ।
ਸਲੋਕੁ ॥
ੴ ਸਤਿਗੁਰ ਪ੍ਰਸਾਦਿ ॥
ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥
ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥
ਅਰਥ:-ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਦੀ ਸ਼ੁਰੂਆਤ ‘ੴ ਸਤਿਗੁਰ ਪ੍ਰਸਾਦਿ’ ਆਖ ਕੇ ਕਰਦੇ ਹਨ ਜਿਸ ਦਾ ਮਤਲਬ ਹੈ ਕਿ ‘ਉਹ ਪ੍ਰਮਾਤਮਾ ਇੱਕ ਹੈ ਅਤੇ ਉਹ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ’ ਅੱਗੇ ਗੁਰੂ ਸਾਹਿਬ ਆਖਦੇ ਹਨ ਕਿ  ਮੇਰੀ ਉਸ ‘ਸਭ ਤੋਂ ਵੱਡੇ’ (ਗੁਰਏ) ਭਾਵ ਅਕਾਲ ਪੁਰਖ ਨੂੰ ਨਮਸਕਾਰ (ਨਮਹ) ਹੈ, ਜੋ ਸਭ ਦਾ ਮੁੱਢ (ਆਦਿ) ਹੈ, ਅਤੇ ਜੋ ਜੁੱਗਾਂ ਦੇ ਮੁੱਢ ਤੋਂ (ਜੁਗਾਦਿ) ਹੈ। ਉਸ ਅਕਾਲ ਪੁਰਖ ਸਤਿਗੁਰੂ ਨੂੰ ਮੇਰੀ ਨਮਸਕਾਰ ਹੈ, ਉਸ ਸ਼੍ਰੀ ਗੁਰਦੇਵ ਜੀ ਨੂੰ ਮੇਰੀ ਨਮਸਕਾਰ ਹੈ ।1।

ਅਸਟਪਦੀ
ਭਾਵ ਕਿ ਅੱਠ ਪਦਾਂ ਵਾਲੀ
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਕਲਿ ਕਲੇਸ ਤਨ ਮਾਹਿ ਮਿਟਾਵਉ ॥
ਭਾਵ ਕਿ ਗੁਰੂ ਸਾਹਿਬ ਆਖ ਰਹੇ ਹਨ ਕਿ ਮੈਂ ਅਕਾਲ ਪੁਰਖ ਦਾ ਨਾਮ ਸਿਮਰਾਂ (ਸਿਮਰਉ) ‘ਤੇ ਸਿਮਰ-ਸਿਮਰ ਕੇ ਸੁੱਖ ਹਾਸਲ ਕਰਾਂ,ਭਾਵ ਕਿ ਮੈਂ ਉਸਦੇ ਗੁਣਾਂ ਬਾਰ-ਬਾਰ ਚੇਤੇ ਕਰਾਂ ਅਤੇ ਉਹਨਾਂ ਨੂੰ ਜੀਵਨ ਵਿੱਚ ਅਪਣਾ ਲਵਾਂ, ਇਸ ਤਰ੍ਹਾਂ ਸਰੀਰ ਵਿੱਚ ਜੋ ਦੁੱਖ, ਝਗੜੇ ਅਤੇ ਕਲੇਸ ਹਨ ਭਾਵ ਕਿ ਜਿਹੜੇ ਕਾਮ,ਕ੍ਰੋਧ,ਲੋਭ,ਮੋਹ,ਹੰਕਾਰ ਵਰਗੇ ਵਿਕਾਰਾਂ ਨਾਲ ਚੰਗੇ ਗੁਣਾਂ ਦੇ ਝਗੜੇ ਹਨ ਅਤੇ ਵਿਕਾਰਾਂ ਕਰਕੇ ਜੋ ਦੁੱਖ ਮਨ ਨੂੰ ਅਤੇ ਮਨ ਰਾਹੀਂ ਤਨ ਨੂੰ ਲੱਗੇ ਹਨ, ਉਹਨਾਂ ਨੂੰ ਮਿਟਾ ਲਵਾਂ ਅਤੇ ਨਮ ਨੂੰ ਸੁਖੀ ਕਰ ਕੇ ਸਰੀਰਿਕ ਤੌਰ ‘ਤੇ ਵੀ ਸੁਖੀ ਹੋ ਜਾਵਾਂ ਕਿਉਂਕਿ ਤਨ ਦੇ ਦੁੱਖ ਮਨ ਕਰ ਕੇ ਹੀ ਹਨ, ਮਨ ਦੀਆਂ ਗਲਤ ਆਦਤਾਂ ਕਰਕੇ ਤਨ ਦੁਖੀ ਹੁੰਦਾ ਹੈ, ਮਨ ਵਿੱਚ ਲਾਲਚ ਆਉਂਦਾ ਹੈ ਖਾਣਾ-ਪੀਣ,ਪਹਿਨਣ ਜਿਸ ਕਾਰਨ ਕਈ ਵਾਰ ਤਨ ਨੂੰ ਰੋਗ ਲੱਗ ਜਾਂਦਾ ਹੈ, ਧਨ-ਦੌਲਤ ਦੇ ਲਾਲਚ ਕਾਰਨ ਮਨੁੱਖ ਤਨ ਕਰਕੇ ਗਲਤ ਕੰਮ ਕਰ ਬੈਠਦਾ ਹੈ ਜਿਸਦੀ ਸਜ਼ਾ ਫਿਰ ਭੁਗਤਣੀ ਪੈਂਦੀ ਹੈ, ਗੁਰੂ ਸਾਹਿਬ ਉਸ ਪ੍ਰਮਾਮਤਾ ਦੀ ਸਿੱਖਿਆ ‘ਤੇ ਚੱਲ ਕੇ ਮਨ ਨੂੰ ਸੁਖੀ ਕਰ ਕੇ ਤਨ ਦੇ ਸੁੱਖ ਤੱਕ ਪਹੁੰਚਣ ਦੀ ਗੱਲ ਸਮਝਾਉਂਦੇ ਹਨ।
ਸਿਮਰਉ ਜਾਸੁ ਬਿਸੁੰਭਰ ਏਕੈ ॥
ਨਾਮੁ ਜਪਤ ਅਗਨਤ ਅਨੇਕੈ ॥
ਅੱਗੇ ਗੁਰੂ ਸਾਹਿਬ ਆਖਦੇ ਹਨ ਕਿ ਜਿਸ (ਜਾਸੁ) ਇੱਕ ਜਗਤ-ਪਾਲਕ (ਬਿਸੁੰਭਰ) ‘ਪ੍ਰਮਾਤਮਾ’ ਦਾ ਨਾਮ ਅਨੇਕਾਂ ‘ਤੇ ਅਣਗਿਣਤ ਜੀਵ ਜਪਦੇ ਹਨ ਭਾਵ ਕਿ ਜਿਸਦੇ ਗੁਣਾਂ ਦੀ ਗੱਲ ਸਾਰੇ ਕਰਦੇ ਹਨ, ਮੈਂ ਵੀ ਉਸ ਨੂੰ ਸਿਮਰਾਂ, ਉਸਦੇ ਗੁਣ ਗਾਵਾਂ ਅਤੇ ਉਸਦੀ ਸਿੱਖਿਆ ਨੂੰ ਜੀਵਨ ਅਧਾਰ ਬਣਾਵਾਂ
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ
ਕੀਨੇ ਰਾਮ ਨਾਮ ਇਕ ਆਖ੍ਹਰ ॥
ਭਾਵ ਕਿ ਵੇਦਾਂ,ਪੁਰਾਨਾਂ ‘ਤੇ ਸਿਮ੍ਰਿਤੀਆਂ ਆਦਿ ਸਾਰੇ ਧਰਮ ਗ੍ਰੰਥਾਂ ਨੇ ਵੀ ਇੱਕ ਅਕਾਲ-ਪੁਰਖ (ਇਕ ਆਖ੍ਹਰ) ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ (ਸੁਧਾਖ੍ਹਰ) ਨਾਮ ਮੰਨਿਆ ਹੈ ਭਾਵ ਕਿ ਉਸ ਅਕਾਲ ਪੁਰਖ ਦੇ ਗੁਣਾਂ ਦੀ ਪ੍ਰਸੰਸ਼ਾ ਹਰ ਇੱਕ ਨੇ ਕੀਤੀ ਹੈ, ਉਸਨੂੰ ਹੀ ਸਭ ਤੋਂ ਉੱਤਮ ਮੰਨਿਆ ਹੈ
ਕਿਨਕਾ ਏਕ ਜਿਸੁ ਜੀਅ ਬਸਾਵੈ ॥
ਤਾ ਕੀ ਮਹਿਮਾ ਗਨੀ ਨ ਆਵੈ ॥
ਜਿਹੜੇ (ਜਿਸੁ) ਵੀ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੀ ਸਿੱਖਿਆ ਜ਼ਰਾ ਜਿੰਨੀ ਵੀ ਵਸ ਗਈ, ਫਿਰ ਉਹ ਵਿਕਾਰਾਂ ਵੱਲੋਂ ਮੁੜ ਆਉਂਦਾ ਹੈ ਅਤੇ ਫਿਰ ਉਸਦੀ ਸੋਭਾ ਦਾ ਅੰਤ ਨਹੀਂ ਹੁੰਦਾ, ਉਸਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ।
ਕਾਂਖੀ ਏਕੈ ਦਰਸ ਤੁਹਾਰੋ ॥
ਨਾਨਕ ਉਨ ਸੰਗਿ ਮੋਹਿ ਉਧਾਰੋ {ਪੰਨਾ 262}
ਭਾਵ ਕਿ ਭਾਵ ਕਿ ਅੰਤ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਅਕਾਲ ਪੁਰਖ! ਜੋ ਮਨੁੱਖ ਤੇਰੇ ਦੀਦਾਰ ਦੇ, ਤੈਨੂੰ ਪਾਉਣ ਦੇ ਭਾਵ ਕਿ ਤੇਰੀ ਸਿੱਖਿਆ ਨੂੰ ਜੀਵਨ ਵਿੱਚ ਅਪਨਾਉਣ ਦੇ ਚਾਹਵਾਨ (ਕਾਂਖੀ) ਹਨ, ਮੈਨੂੰ (ਮੋਹਿ) ਉਹਨਾਂ ਦੀ ਸੰਗਤ ਮਿਲੇ ਤਾਂ ਜੋ ਸੰਸਾਰਿਕ ਵਿਕਾਰਾਂ ਤੋਂ ਬਚ (ਉਧਾਰੋ) ਸਕਾਂ1
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
ਭਾਵ ਕਿ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਪ੍ਰਮਾਤਮਾ ਨਾਮ ਨਾਮ, ਉਸਦੀ ਸਿੱਖਿਆ ਹੀ ਸਭ ਤੋਂ ਉੱਤਮ ‘ਨਾਮ’ ਹੈ ਅਤੇ ਉਸਦੇ ਭਗਤਾਂ, ਉਸਦੇ ਗੁਣ ਗਾਉਣ ਵਾਲਿਆਂ ਦੇ ਮਨ ਵਿੱਚ ਇਸ ਨਾਮ ਦਾ ਵਾਸਾ ਹੁੰਦਾ ਹੈ, ਭਾਵ ਕਿ ਪ੍ਰਮਾਤਮਾ ਦੇ ਗੁਣਾਂ ਦੀ ਸਿੱਖਿਆ, ਭਗਤਾਂ ਦੇ ਮਨ ਵਿੱਚ ਵਸ ਜਾਂਦੀ ਹੈ॥ਰਹਾਉ॥
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
ਭਾਵ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਦੇ ਮਨ ਵਿੱਚ ਵਿਕਾਰ ਜਨਮ ਨਹੀਂ ਲੈਂਦੇ, ਜੀਵ ਦਾ ਮਾਨਸਿਕ ਦੁੱਖ ‘ਤੇ ਵਿਕਾਰਾਂ ਰੂਪੀ ਜਮਦੂਤਾਂ (ਜਮੁ) ਦਾ ਡਰ ਦੂਰ ਹੋ ਜਾਂਦਾ ਹੈ
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
ਭਾਵ ਕਿ ਗੁਣਾਂ ਕਰਕੇ ਮੌਤ ਦਾ ਡਰ ਹਟ ਜਾਂਦਾ ਹੈ ਅਤੇ ਪ੍ਰਮਾਤਮਾ ਨੂੰ ਸਿਮਰਨ ਨਾਲ ਵਿਕਾਰਾਂ ਰੂਪੀ ਦੁਸ਼ਮਨ ਟਲ ਜਾਂਦਾ ਹੈ
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
ਭਾਵ ਪ੍ਰਭੂ ਨੂੰ ਸਿਮਰਿਆਂ ਭਾਵ ਕਿ ਉਸਦੀ ਸਿੱਖਿਆ ‘ਤੇ ਚੱਲਦਿਆਂ ਜ਼ਿੰਦਗੀ ਦੇ ਰਾਹ ਵਿੱਚ ਵਿਕਾਰਾਂ ਦੀ ਕੋਈ ਰੁਕਾਵਟ (ਕਾਲੁ) ਨਹੀਂ ਪੈਂਦੀ, ਕਿਉਂਕਿ ਪ੍ਰਭੂ ਦਾ ਸਿਮਰਨ ਕਰਨ (ਭਾਵ ਕਿ ਉਸਦੀ ਸਿੱਖਿਆ ਮੰਨਣ ਨਾਲ) ਨਾਲ ਮਨੁੱਖ ਹਰ ਵੇਲੇ (ਅਨਦਿਨੁ) ਵਿਕਾਰਾਂ ਰੂਪੀ ਦੁਸ਼ਮਣਾਂ ਵੱਲੋਂ ਸੁਚੇਤ,ਚੁਕੰਨਾਂ (ਜਾਗੈ) ਰਹਿੰਦਾ ਹੈ
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
ਭਾਵ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਭਾਵ ਕਿ ਉਸਦੇ ਗੁਣਾਂ ਨੂੰ ਧਾਰਨ ਕਰਨ ਨਾਲ ਵਿਕਾਰਾਂ ਦਾ ਕੋਈ ਵੀ ਡਰ ਜੀਵ ਉੱਤੇ ਦਬਾਅ (ਬਿਆਪੈ) ਨਹੀਂ ਪਾ ਸਕਦਾ ਭਾਵ ਕਿ ਬੁਰੀਆਂ ਆਦਤਾਂ ਉਸਦੇ ਜੀਵਨ ਤੋਂ ਦੂਰ ਹੋ ਜਾਂਦੀਆਂ ਹਨ ‘ਤੇ ਵਿਕਾਰਾਂ ਰਾਹੀਂ ਹੋਣ ਵਾਲਾ ਕੋਈ ਵੀ ਦੁੱਖ ਉਸਨੂੰ ਸਤਾਉਂਦਾ ਨਹੀਂ, ਤੰਗ ਨਹੀਂ ਕਰਦਾ
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥
ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥ {ਪੰਨਾ 262}
ਭਾਵ ਕਿ ਅਕਾਲ ਪੁਰਖ ਦਾ ਸਿਮਰਨ ਭਾਵ ਕਿ ਉਸਦੀ ਸਿੱਖਿਆ ਦਾ ਉਪਦੇਸ਼ ਅਤੇ ਉਸਦੇ ਗੁਣਾਂ ਬਾਰੇ ਗਿਆਨ ਗੁਰਮੁੱਖਾਂ ਦੀ ਸੰਗਤ ਵਿੱਚ ਮਿਲਦਾ ਹੈ ਅਤੇ ਜੋ ਮਨੁੱਖ ਸਿਮਰਨ ਕਰਦਾ ਹੈ (ਭਾਵ ਕਿ ਉਸਦੀ ਸਿੱਖਿਆ ਨੂੰ ਮੰਨ ਲੈਂਦਾ ਹੈ), ਉਸਨੂੰ ਅਕਾਲ-ਪੁਰਖ ਦੇ ਪਿਆਰ ਵਿੱਚ ਹੀ ਦੁਨੀਆਂ ਦੇ ਸਾਰੇ ਖ਼ਜ਼ਾਨੇ ਪ੍ਰਤੀਤ ਹੁੰਦੇ ਹਨ2
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
ਭਾਵ ਕਿ ਪ੍ਰਭੂ ਦੇ ਸਿਮਰਨ ਵਿੱਚ ਹੀ (ਭਾਵ ਕਿ ਉਸਦੇ ਬਖਸ਼ੇ ਗਿਆਨ ਵਿੱਚ ਹੀ) ਸਾਰੀਆਂ ਮਾਨਸਿਕ ਤਾਕਤਾਂ (ਰਿੱਧੀਆਂ ਸਿੱਧੀਆਂ) ਅਤੇ ਸੰਸਾਰ ਦਾ ਸਾਰਾ ਧਨ-ਦੌਲਤ (ਨਉ ਨਿਧਿ-ਨੌ ਖ਼ਜ਼ਾਨੇ) ਹਨ, ਪ੍ਰਭੂ ਦੇ ਸਿਮਰਨ ਵਿੱਚ ਹੀ ਗਿਆਨ, ਸੁਰਤ ਦਾ ਟਿਕਾਉ (ਧਿਆਨੁ) ‘ਤੇ ਜਗਤ ਦੇ ਮੁੱਢ ਪ੍ਰਮਾਤਮਾ (ਤਤੁ) ਨੂੰ ਸਮਝਣ ਵਾਲੀ ਸਮਝ (ਬੁਧਿ) ਹੈ
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
ਭਾਵ ਕਿ ਪ੍ਰਭੂ ਦੇ ਸਿਮਰਨ ਵਿੱਚ ਹੀ (ਭਾਵ ਕਿ ਉਸਦੀ ਸਿੱਖਿਆ ਨੂੰ ਮੰਨਣ ਨਾਲ ਹੀ) ਸਾਰੇ ਜਾਪ,ਤਾਪ ‘ਤੇ ਪੂਜਾ ਹਨ, ਕਿਉਂਕਿ ਅਕਾਲ-ਪੁਰਖ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ, ਉਸਦੀ ਸਿੱਖਿਆ ਨਾਲ ਪ੍ਰਭੂ ਤੋਂ ਬਿਨ੍ਹਾਂ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥
ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
ਭਾਵ ਕਿ ਪ੍ਰਮਾਤਮਾ ਦਾ ਨਾਮ-ਸਿਮਰਨ ਕਰਨ ਨਾਲ, ਉਸਦੇ ਗੁਣ ਗਾਉਣ ਨਾਲ ਹੀ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ਭਾਵ ਕਿ ਪ੍ਰਮਾਤਮਾ ਦੀ ਸਿੱਖਿਆ ਨੂੰ ਧਾਰਨਾਂ ਹੀ ਤੀਰਥਾਂ ਦਾ ਇਸ਼ਨਾਨ ਹੈ ਅਤੇ ਸਿਮਰਨ ਕਰਨ ਨਾਲ ਹੀ ਮਾਨਸਿਕ ਤੌਰ (ਦਰਗਾਹ) ਵਿੱਚ ਸੰਤੁਸ਼ਟੀ ਮਿਲਦੀ ਹੈ
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥
ਪ੍ਰਭ ਕੈ ਸਿਮਰਨਿ ਸੁਫਲ ਫਲਾ ॥
ਪ੍ਰਭੂ ਦਾ ਸਿਮਰਨ ਕਰਨ ਨਾਲ ਹੀ ਜਗਤ ਵਿੱਚ ਜੋ ਹੋ ਰਿਹਾ ਹੈ ਚੰਗਾ ਲਗਦਾ ਹੈ, ਭਾਵ ਕਿ ਪ੍ਰਭੂ ਦੀ ਸਿੱਖਿਆ ‘ਤੇ ਚੱਲ ਕੇ ਸੰਸਾਰ ਵਿਚਲੇ ਸਾਰੇ ਸੁੱਖ-ਦੁੱਖ ਇੱਕ ਸਮਾਨ ਲਗਦੇ ਹਨ ‘ਤੇ ਇਸ ਤਰ੍ਹਾਂ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ ਭਾਵ ਕਿ ਨਾਮ ਸਿਮਰਨ ਦਾ ਜੋ ਮਨੁੱਖੀ ਜਨਮ ਦਾ ਟੀਚਾ ਹੈ, ਉਹ ਪੂਰਾ ਹੋ ਜਾਂਦਾ ਹੈ
ਸੇ ਸਿਮਰਹਿ ਜਿਨ ਆਪਿ ਸਿਮਰਾਏ ॥
ਨਾਨਕ ਤਾ ਕੈ ਲਾਗਉ ਪਾਏ ॥੩॥ {ਪੰਨਾ 262-263}
ਭਾਵ ਕਿ ਪ੍ਰਮਾਤਮਾ ਦਾ ਨਾਮ ਉਹ ਹੀ ਸਿਮਰਦੇ ਹਨ, ਜਿੰਨ੍ਹਾਂ ਨੇ ਆਪਣੇ ਮਨ ਵਿੱਚ ਉਸਦੇ ਗੁਣ ਧਾਰਨ ਕਰਨ ਦਾ ਨਿਸ਼ਚਾ ਕਰ ਲਿਆ, ਜਿੰਨ੍ਹਾਂ ਨੂੰ ਪ੍ਰਭੂ ਦੇ ਗੁਣਾਂ ਨਾਲ ਪਿਆਰ ਹੋ ਜਾਂਦਾ ਹੈ ਅਤੇ ਗੁਰੂ ਸਾਹਿਬ ਆਖਦੇ ਹਨ ਕਿ ਮੈਂ ਉਹਨਾਂ ਨਾਮ ਸਿਮਰਨ ਵਾਲਿਆਂ ਦੇ ਪੈਂਰੀਂ ਲੱਗਾ ਹਾਂ ਭਾਵ ਕਿ ਉਹਨਾਂ ਦੇ ਨਾਲ ਜੁੜਿਆਂ ਹੋਇਆ ਹਾਂ, ਉਹਨਾਂ ਨਾਲ ਸਾਂਝ ਬਣਾ ਲਈ ਹੈ।
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
ਭਾਵ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਬਾਕੀ ਸਾਰੇ ਕੰਮਾਂ ਨਾਲੋਂ ਉੱਚਾ ਅਤੇ ਉੱਤਮ ਹੈ, ਭਾਵ ਕਿ ਉਸਦੇ ਗੁਣ ਸਭ ਨਾਲੋਂ ਉੱਤਮ ਹਨ ਅਤੇ ਉਹਨਾਂ ਗੁਣਾਂ ਨੂੰ ਚੇਤੇ ਵਿੱਚ ਰੱਖਣ ਅਤੇ ਜੀਵਨ ਵਿੱਚ ਧਾਰਨ ਨਾਲ ਬਹੁਤ ਸਾਰੇ (ਮੂਚਾ) ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ।
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
ਭਾਵ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਨਾਲ ਭਾਵ ਕਿ ਉਸਦੀ ਸਿੱਖਿਆ ਨੂੰ ਮਨ ਵਿੱਚ ਵਸਾ ਲੈਣ ਨਾਲ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਕਿਉਂਕਿ ਪ੍ਰਭੂ ਦੀ ਸਿੱਖਿਆ ਨਾਲ ਮਾਇਆ ਦੇ ਹਰ ਰੂਪ ਦੀ ਸਮਝ ਪੈ ਜਾਂਦੀ ਹੈ।
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
ਪ੍ਰਭ ਕੈ ਸਿਮਰਨਿ ਪੂਰਨ ਆਸਾ ॥
ਭਾਵ ਕਿ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਭਾਵ ਕਿ ਉਸਦੀ ਸਿੱਖਿਆ ਨੂੰ ਮਨ ਵਿੱਚ ਵਸਾ ਲੈਣ ਨਾਲ ਵਿਕਾਰਾਂ ਰੂਪੀ ਜਮਾਂ ਦਾ ਡਰ ਮੁੱਕ ਜਾਂਦਾ ਹੈ ਅਤੇ ਹੋਰ-ਹੋਰ ਦਾ ਲਲਾਚ ਮੁੱਕ ਜਾਂਦਾ, ਪਦਾਰਥਾਂ ਵੱਲੋਂ ਮਨ ਭਰ ਜਾਂਦਾ ਹੈ ਅਤੇ ਸਭ ਆਸਾਂ ਪੂਰੀਆਂ ਹੋ ਗਈਆਂ ਲੱਗਦੀਆਂ ਹਨ।
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
ਭਾਵ ਕਿ ਪ੍ਰਭੂ ਦੇ ਨਾਮ ਨਾਲ ਭਾਵ ਕਿ ਉਸਦੀ ਸਿੱਖਿਆ ਨਾਲ ਮਨ ਵਿੱਚੋਂ ਵਿਕਾਰਾਂ ਦੀ, ਬੁਰੀਆਂ ਆਦਤਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਮਨ ਵਿੱਚ ਆਕਲ ਪੁਰਖ ਦਾ ਨਾਮ ਵਸ ਜਾਂਦਾ ਹੈ,ਜੀਵਨ ਵਿੱਚ ਉਸਦੀ ਸਿੱਖਿਆ ਆ ਜਾਂਦੀ ਹੈ।
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
ਨਾਨਕ ਜਨ ਕਾ ਦਾਸਨਿ ਦਸਨਾ ॥੪॥ {ਪੰਨਾ 263}
ਭਾਵ ਕਿ ਪ੍ਰਮਾਤਮਾ, ਉਸਨੂੰ ਸਿਮਰਨ ਵਾਲਿਆਂ ਦੀ ਜ਼ੁਬਾਨ ‘ਤੇ ਵੱਸਦਾ ਹੈ, ਭਾਵ ਜੋ ਉਹਨਾਂ ਦੀ ਬੋਲਚਾਲ ਜਾਂ ਵਿਚਾਰਾਂ ਦਾ ਧੁਰਾ ਹੁੰਦਾ ਹੈ, ਉਹ ਪ੍ਰਮਾਤਮਾ ਦੀ ਸਿੱਖਿਆ ਨਾਲ ਜੁੜਿਆ ਹੁੰਦਾ ਹੈ, ਉਹ ਹਰ ਸਮੇਂ ਪ੍ਰਭੂ ਦੀ ਗੱਲ ਹੀ ਕਰਦੇ ਹਨ ਅਤੇ ਗੁਰੂ ਸਾਹਿਬ ਆਖਦੇ ਹਨ ਕਿ ਮੈਂ ਅਜਿਹੇ ਸੇਵਕਾਂ ਦਾ ਸੇਵਕ ਹਾਂ।
ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
ਭਾਵ ਕਿ ਜੋ ਪ੍ਰਮਾਤਮਾ ਨੂੰ ਸਿਮਰਦੇ ਹਨ, ਉਸਦੀ ਸਿੱਖਿਆ ਅਨੁਸਾਰ ਜਿਉਂਦੇ ਹਨ ਉਹ ਗੁਣਾਂ ਕਰ ਕੇ ਸਭ ਨਾਲੋਂ ਜ਼ਿਆਦਾ ਧਨਾਢ (ਧਨਵੰਤੇ) ਭਾਵ ਅਮੀਰ ਹੁੰਦੇ ਹਨ ਅਤੇ ਉਹ ਹੀ ਇੱਜ਼ਤ (ਪਤਿਵੰਤੇ) ਵਾਲੇ ਹੁੰਦੇ ਹਨ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਕੋਈ ਵਿਕਾਰ ਨਹੀਂ ਹੁੰਦਾ ਜਿਸ ਨਾਲ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ।
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
ਭਾਵ ਕਿ ਜੋ ਪ੍ਰਮਾਤਮਾ ਨੂੰ ਸਿਮਰਦੇ ਹਨ ਭਾਵ ਕਿ ਜੋ ਉਸਦੀ ਸਿੱਖਿਆ ‘ਤੇ ਚੱਲਦੇ ਹਨ ਉਹ ਹੀ ਇਸ ਸੰਸਾਰ ਵਿੱਚ ਮੰਨੇ ਜਾਂਦੇ ਹਨ, ਪ੍ਰਵਾਨ ਕੀਤੇ ਜਾਂਦੇ ਹਨ ਅਤੇ ਉਹ ਹੀ ਸਭ ਨਾਲੋਂ ਚੰਗੇ ਹੁੰਦੇ ਹਨ ਕਿਉਂਕਿ ਉਹਨਾਂ ਦਾ ਜੀਵਨ ਆਧਾਰ ਪ੍ਰਮਾਤਮਾ ਦਾ ਉਪਦੇਸ਼ ਹੁੰਦਾ ਹੈ।
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
ਭਾਵ ਕਿ ਜੋ ਪ੍ਰਮਾਤਮਾ ਨੂੰ ਸਿਮਰਦੇ ਹਨ ਭਾਵ ਕਿ ਉਸਦੀ ਸਿੱਖਿਆ ਨੂੰ ਮਨ ਵਿੱਚ ਵਸਾ ਲੈਂਦੇ ਹਨ, ਉਹ ਕਿਸੇ ਦੇ ਮੁਥਾਜ ਨਹੀਂ ਹੁੰਦੇ ਭਾਵ ਜੀਵਨ ਵਿੱਚ ਉਹ ਆਪਣਾ ਨਿਰਭਾਹ ਆਪਣੀ ਮਿਹਨਤ ਨਾਲ ਕਰਨ ਦੇ ਸਮਰੱਥ ਹੋ ਜਾਂਦੇ ਹਨ, ਇਸ ਤਰ੍ਹਾਂ ਉਹ ਸਮਝੋ ਸਭ ਦੇ ਰਾਜੇ ਹੁੰਦੇ ਹਨ।
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
ਭਾਵ ਕਿ ਜੋ ਪ੍ਰਮਾਤਮਾ ਨੂੰ ਸਿਮਰਦੇ ਹਨ ਉਹ ਹਮੇਸ਼ਾ ਮਾਨਸਿਕ ਤੌਰ ‘ਤੇ ਸੁੱਖ ਮਾਣਦੇ ਹਨ ਅਤੇ ਵਿਕਾਰਾਂ ਕਰਕੇ ਜੰਮਦੇ-ਮਰਦੇ ਨਹੀਂ ਭਾਵ ਕਿ ਉਹਨਾਂ ਦੇ ਜੀਵਨ ਵਿੱਚੋਂ ਬੁਰੀਆਂ ਆਦਤਾਂ ਮੁੱਕ ਜਾਂਦੀਆਂ ਹਨ ‘ਤੇ ਸ਼ੁੱਭ ਗੁਣਾਂ ਦਾ ਵਾਸਾ ਹੁੰਦਾ ਹੈ ਜਿਸ ਕਾਰਨ ਮਾਨਸਿਕ ਖੁਸ਼ੀ ਅਤੇ ਸਕੂਨ ਮਿਲਦਾ ਹੈ।
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
ਨਾਨਕ ਜਨ ਕੀ ਮੰਗੈ ਰਵਾਲਾ ॥੫॥ {ਪੰਨਾ 263}
ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕਿ ਪਰ ਪ੍ਰਮਾਤਮਾ ਦਾ ਸਿਮਰਨ ਉਹ ਹੀ ਕਰਦੇ ਹਨ ਜੋ ਇਹ ਸਮਝ ਲੈਂਦੇ ਹਨ ਕਿ ਪ੍ਰਭੂ ਗੁਣਾਂ ਦੇ ਧਾਰਨੀ ਹੋ ਕੇ ਹੀ ਮਾਨਸਿਕ ਸੁੱਖ ਅਤੇ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ, ਉਹ ਆਪਣੇ ਜੀਵਨ ਦੇ ਸਾਰੇ ਕੰਮ ਪ੍ਰਭੂ ਦੇ ਸਿਧਾਂਤ ਅਨੁਸਾਰ ਕਰਦੇ ਹਨ ਜਿਸ ਨਾਲ ਸਮਝੋ ਉਹਨਾਂ ‘ਤੇ ਪ੍ਰਮਾਤਮਾ ਦੀ ਮਿਹਰ ਹੋ ਗਈ ਹੈ ਅਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਅਜਿਹੇ ਮਨੁੱਖਾਂ ਦੇ ਚਰਨਾਂ ਦੀ ਧੂੜ (ਰਵਾਲਾ) ਮੰਗਦਾ ਹਾਂ ਭਾਵ ਕਿ ਉਹਨਾਂ ਦੀ ਸੰਗਤ ਮੰਗਦਾ ਹਾਂ ਤਾਂ ਜੋ ਮੈਂ ਵੀ ਇਹ ਗੁਣ ਪਾ ਸਕਾਂ।

ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
ਭਾਵ ਕਿ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਸਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲੈਂਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ,ਪਰਉਪਕਾਰੀ ਬਣ ਜਾਂਦੇ ਹਨ,ਜੋ ਵੀ ਪ੍ਰਮਾਤਮਾ ਦੇ ਗੁਣਾਂ ਨੂੰ ਅਪਣਾਉਂਦਾ ਹੈ, ਮੈਂ  ਉਹਨਾਂ ਤੋਂ ਸਦਾ ਕੁਰਬਾਨ (ਬਲਿਹਾਰੀ) ਜਾਂਦਾ ਹਾਂ।
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
ਭਾਵ ਕਿ ਜਿਹੜਾ ਵੀ ਮੂੰਹ ਉਸ ਪ੍ਰਮਾਤਮਾ ਦਾ ਨਾਮ ਸੱਚੇ ਮਨ ਨਾਲ ਸਿਮਰਦਾ ਹੈ, ਉਹ ਹੀ ਸੁਹਣਾ (ਸੁਹਾਵੇ) ਲੱਗਦਾ ਹੈ ਅਤੇ ਜੋ ਉਸ ਪ੍ਰਮਾਤਮਾ ਨੂੰ ਸਿਮਰਦੇ ਹਨ ਉਹਨਾਂ ਦਾ (ਤਿਨ) ਜੀਵਨ ਆਤਮਿਕ ਸੁੱਖ ਵਿੱਚ ਬੀਤਦਾ (ਬਿਹਾਵੈ) ਹੈ।
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
ਭਾਵ ਕਿ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ-ਆਪ ਨੂੰ ਜਿੱਤ ਲੈਂਦੇ ਹਨ ਭਾਵ ਕਿ ਪ੍ਰਭੂ ਦੇ ਗੁਣਾਂ ਨੂੰ ਧਾਰ ਕੇ ਉਹ ਵਿਕਾਰਾਂ ਪਿੱਛੇ ਭੱਜਦੇ ਮਨ ‘ਤੇ ਕਾਬੂ ਪਾ ਸ਼ੁੱਭ ਗੁਣਾਂ ਦੇ ਧਾਰਨੀ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਦਾ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ (ਰੀਤਾ) ਪਵਿੱਤਰ (ਨਿਰਮਲ) ਹੋ ਜਾਂਦਾ ਹੈ।
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
ਭਾਵ ਕਿ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਮਾਨਸਿਕ ਤੌਰ ‘ਤੇ, ਆਤਮਿਕ ਤੌਰ ‘ਤੇ ਅਨੇਕਾਂ (ਘਨੇਰੇ) ਹੀ ਖੁਸ਼ੀਆਂ ਮਿਲਦੀਆਂ ਹਨ, ਕਿਉਂਕਿ ਉਹ ਪ੍ਰਭੂ ਦੀ ਸਿੱਖਿਆ ‘ਤੇ ਚੱਲਦੇ ਹੋਏ ਜੀਵਨ ਜਿਉਂਦੇ ਹਨ।
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
ਨਾਨਕ ਸਿਮਰਨੁ ਪੂਰੈ ਭਾਗਿ ॥੬॥ {ਪੰਨਾ 263}
ਭਾਵ ਕਿ ਮਨ ਰੂਪੀ ਸੰਤ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ ਸਿਮਰਨ ਦੀ ਇੱਛਾ ਆ ਸਕਦੀ ਹੈ, ਭਾਵ ਕਿ ਜਦੋਂ ਇਹ ਮਨ ਉਸ ਪ੍ਰਮਾਤਮਾ ਦੇ ਸਿਧਾਂਤ ਨੂੰ, ਉਪਦੇਸ਼ ਨੂੰ ਸਮਝ ਕੇ, ਉਸ ਵਰਗਾ ਹੋ ਗਿਆ ਉਦੋਂ ਹੀ ਗੁਣਾਂ ਦਾ ਧਾਰਨੀ ਹੋ ਸਕਦਾ ਹੈ ਅਤੇ ਗੁਰੂ ਸਾਹਿਬ ਆਖਦੇ ਹਨ ਕਿ ਪ੍ਰਮਾਤਮਾ ਦੇ ਗੁਣਾਂ ਦਾ ਧਾਰਨੀ ਹੋਣ ‘ਤੇ ਹੀ ਭਾਗ ਚੰਗੇ ਹੋ ਸਕਦੇ ਹਨ6
ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥
ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
ਭਾਵ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਲੋੜਾਂ ਦੇ ਅਧੀਨ ਨਹੀਂ ਰਹਿੰਦਾ, ਉਸਦੀਆਂ ਸਾਰੀਆਂ ਲਾਲਸਾਵਾਂ ਖਤਮ ਹੋ ਜਾਂਦੀਆਂ ਹਨ ‘ਤੇ ਗੁਣਾਂ ਨਾਲ ਪੂਰਾ ਹੋ ਜਾਂਦਾ ਹੈ, ਉਸਨੂੰ ਕਿਸੇ ਚੀਜ਼ ਦੀ ਜ਼ਰੂਰਤ ਸਤਾਉਂਦੀ ਨਹੀਂ, ਉਹ ਕਿਸੇ ਪਦਾਰਥ ਦੀ ਚਿੰਤਾ (ਝੂਰੇ) ਨਹੀਂ ਕਰਦਾ।
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥
ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
ਭਾਵ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ, ਉਸ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਆਦਤ ਪੈ ਜਾਂਦੀ ਹੈ ਅਤੇ ਸਹਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਮਾਨਸਿਕ ਸ਼ਾਂਤੀ ਪਾ ਲੈਂਦਾ ਹੈ
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥
ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
ਭਾਵ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ, ਉਸਦੇ ਗੁਣ ਧਾਰਨ ਕਰਨ ਨਾਲ ਮਨੁੱਖ ਦਾ ਮਨ ਰੂਪੀ ਆਸਣ ਡੋਲਦਾ ਨਹੀਂ ਅਤੇ ਉਸ ਦਾ ਹਿਰਦੇ ਰੂਪੀ ਕਮਲ ਦਾ ਫੁੱਲ ਖਿੜਿਆ ਰਹਿੰਦਾ ਹੈ।
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥
ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
ਭਾਵ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰ ਲਗਾਤਰ (ਅਨਹਦ) ਸ਼ੁੱਭ ਗੁਣਾਂ ਦਾ ਸੰਗੀਤ (ਝੁਨਕਾਰ) ਜਿਹਾ ਹੁੰਦਾ ਰਹਿੰਦਾ ਹੈ, ਭਾਵ ਕਿ ਆਤਮਿਕ ਸੁੱਖ ਦਾ ਭਾਵ ਲਗਾਤਾਰ ਹੁੰਦਾ ਰਹਿੰਦਾ ਹੈ, ਪ੍ਰਭੂ ਦੇ ਸਿਮਰਨ ਤੋਂ ਜੋ ਆਤਮਿਕ ਸੁੱਖ ਮਿਲਦਾ ਹੈ, ਉਹ ਕਦੇ ਮੁੱਕਦਾ ਨਹੀਂ।
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥
ਨਾਨਕ ਤਿਨ ਜਨ ਸਰਨੀ ਪਇਆ ॥੭॥ {ਪੰਨਾ 263}
ਭਾਵ ਕਿ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਉਹ ਮਨੁੱਖ ਹੀ ਪ੍ਰਭੂ ਨੂੰ ਸਿਮਰਦੇ ਹਨ, ਜਿਨ੍ਹਾਂ ਨੇ ਮਨ ਕਰਕੇ ਉਸਦੇ ਗੁਣਾਂ ਨੂੰ ਧਾਰਨ ਦਾ ਨਿਸ਼ਚਾ ਕਰ ਲਿਆ, ਹੇ ਨਾਨਕ! ਕੋਈ ਵਡਭਾਗੀ ਹੀ ਉਹਨਾਂ ਸਿਮਰਨ ਕਰਨ ਵਾਲੇ ਮਨੁੱਖਾਂ ਦੀ ਸੰਗਤ ਵਿੱਚ ਆਉਂਦਾ ਹੈ7
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
ਹਰਿ ਸਿਮਰਨਿ ਲਗਿ ਬੇਦ ਉਪਾਏ ॥
ਭਾਵ ਕਿ ਪ੍ਰਭੂ ਦਾ ਸਿਮਰਨ ਕਰ ਕੇ ਭਗਤ ਇਸ ਸੰਸਾਰ ਵਿੱਚ ਮਸ਼ਹੂਰ (ਪ੍ਰਗਟਾਏ) ਹੁੰਦੇ ਹਨ ਭਾਵ ਕਿ ਇਨਸਾਨ ਸ਼ੁੱਭ ਗੁਣਾਂ ਕਰਕੇ ਸੰਸਾਰ ਵਿੱਚ ਵਧਾਈ ਦੇ ਪਤਾਰ ਬਣਦੇ ਹਨ, ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ ਹੀ ਮਨੁੱਖ ਨੇ ਸ਼ੁੱਭ ਗੁਣਾਂ ਰੂਪੀ ਵੇਦ ਆਦਿਕ ਰਚੇ (ਉਪਾਏ)
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥
ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
ਭਾਵ ਕਿ ਪ੍ਰਭੂ ਦੇ ਸਿਮਰਨ ਦੁਆਰਾ, ਉਸਦੇ ਗੁਣਾਂ ਨੂੰ ਧਾਰਨ ਵਾਲਾ ਮਨੁੱਖ ਹੀ ਸਿੱਧ, ਜਤੀ ਅਤੇ ਦਾਤਾ ਬਣਦਾ ਹੈ, ਗੁਣਾਂ ਦੀ ਬਰਕਤ ਨਾਲ ਨੀਚ ਮਨੁੱਖ ਵੀ ਸਾਰੇ ਸੰਸਾਰ ਵਿੱਚ ਮਸ਼ਹੂਰ ਹੋ ਜਾਂਦਾ ਹੈ
ਹਰਿ ਸਿਮਰਨਿ ਧਾਰੀ ਸਭ ਧਰਨਾ ॥
ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ ਭਾਵ ਕਿ ਪ੍ਰਮਾਤਮਾ ਦੇ ਗੁਣਾਂ ਦੀ ਬਦੌਲਤ ਹੀ ਧਰਤੀ ‘ਤੇ ਇਹ ਜੀਵਨ ਅਤੇ ਮਾਨਸਿਕ ਸ਼ਾਂਤੀ ਸੰਭਵ ਹੈ, ਗੁਰੂ ਸਾਹਿਬ ਆਖਦੇ ਹਨ ਕਿ ਇਹਨਾਂ ਗੁਣਾਂ ਦੇ ਖਜ਼ਾਨੇ, ਦੁਨੀਆਂ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ।
ਹਰਿ ਸਿਮਰਨਿ ਕੀਓ ਸਗਲ ਅਕਾਰਾ ॥
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦੇ ਅਟੱਲ ਅਤੇ ਸਰਬ-ਵਿਆਪੀ ਨਿਯਮਾਂ ਕਰਕੇ ਹੀ ਇਹ ਸਾਰਾ ਜਗਤ ਹੈ, ਜਿੱਥੇ-ਜਿੱਥੇ ਵੀ ਸੱਚ ਹੈ, ਗੁਣ ਹਨ, ਉੱਥੇ ਨਿਰੰਕਾਰ ਆਪ ਵੱਸਦਾ ਹੈ
ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥
ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥ {ਪੰਨਾ 263}
ਗੁਰੂ ਸਾਹਿਬ ਆਖਦੇ ਹਨ ਕਿ ਜਿਸ ਵੀ ਮਨੁੱਖ ਨੇ ਆਪਣੇ ਮਨ ਨੂੰ ਸਮਝਾ ਲਿਆ, ਉਸਦੀ ਸਿੱਖਿਆ ਨੂੰ ਸਮਝ ਲਿਆ, ਉਸਨੇ ਪ੍ਰਭੂ ਦੇ ਗੁਣਾਂ ਨੂੰ ਪ੍ਰਾਪਤ ਕਰ ਲਿਆ ਹੈ, ਭਾਵ ਕਿ ਪ੍ਰਮਾਤਮਾ ਦੇ ਉਪਦੇਸ਼ ਨੂੰ ਸਮਝਣ ਵਾਲਾ ਗੁਣਾਂ ਨਾਲ ਭਰਪੂਰ ਹੋ ਗਿਆ81
ਭੁੱਲ ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।

{ਨੋਟ: 1. ਗੁਰਬਾਣੀ ਵਿੱਚ ਆਏ ‘ਨਾਮ ਸਿਮਰਨ’ ਦਾ ਭਾਵ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਅਤੇ ਉਸਦੀ ਸਿੱਖਿਆ ‘ਤੇ ਚੱਲ ਕੇ ਜੀਵਨ ਜਿਉਣ ਤੋਂ ਲੈਣਾ ਹੈ ਨਾ ਕਿ ਅੱਖਾਂ ਮੀਚ ਕੇ ਕਿਸੇ ਖਾਸ ਸ਼ਬਦ ਦਾ ਲਗਾਤਾਰ ਜਾਪ ਕਰਨ ਤੋਂ

2. ਸੁਖਮਨੀ ਸਾਹਿਬ ਦੇ ਸਰਲ ਸ਼ਬਦਾਂ ਵਿੱਚ ਅਰਥ ਕਰਨ ਦੀ ਇਹ ਆਪਣੀ ਤੁੱਛ ਬੁੱਧੀ ਅਨੁਸਾਰ ਕੋਸ਼ਿਸ਼ ਹੈ, ਕੋਈ ਵੀ ਪਾਠਕ ਗੁਰਮਤਿ ਦੀ ਰੌਸ਼ਨੀ ਵਿੱਚ ਸੁਝਾਅ ਦੇਵੇਗਾ ਤਾਂ ਉਸਦਾ ਸਵਾਗਤ ਹੈ।}