Pages

ਸੁਖਮਨੀ ਸਾਹਿਬ: ਅਸਟਪਦੀ-2


ਸਤਿੰਦਰਜੀਤ ਸਿੰਘ
ਸਲੋਕੁ
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
{ਪੰਨਾ 263-264}
ਇਸ ਸਲੋਕ ਵਿੱਚ ਗੁਰੂ ਅਰਜਨ ਸਾਹਿਬ ਅਕਾਲ ਪੁਰਖ ਦੀ ਸਿਫਤ ਕਰਦੇ ਹੋਏ ਆਖ ਰਹੇ ਹਨ ਕਿ ਹੇ ਪ੍ਰਭੂ! ਗੁਣਾਂ ਤੋਂ ਗਰੀਬ (ਦੀਨ) ਹੋਏ ਜੀਵਾਂ ਦੇ ਵਿਕਾਰਾਂ ਕਾਰਨ ਪੈਦਾ ਹੋਏ ਮਾਨਸਿਕ ਦਰਦਾਂ ਅਤੇ ਲਾਲਸਾਵਾਂ ਕਾਰਨ ਲੱਗੇ ਹੋਏ ‘ਦੁੱਖਾਂ ਨੂੰ ਦੂਰ ਕਰਨ ਵਾਲੇ’ (ਭੰਜਨਾ), ਹਰ ਜੀਵ ਵਿੱਚ (ਘਟਿ ਘਟਿ) ਇੱਕ ਸਮਾਨ ਵਿਚਰਨ ਵਾਲੇ ਅਤੇ ਬੁਰੀਆਂ ਆਦਤਾਂ ਕਾਰਨ,ਵਿਕਾਰਾਂ ਕਾਰਨ ਗੁਣਾਂ ਤੋਂ ਯਤੀਮ (ਅਨਾਥ) ਹੋਏ ਜੀਵਾਂ ਨੂੰ ਆਸਰਾ ਦੇਣ ਵਾਲੇ (ਨਾਥ), ਮੈਂ ਸੱਚੇ ਗੁਰੂ ਦੇ ਰਾਹੀਂ ਤੇਰੀ ਸ਼ਰਣ ਵਿੱਚ ਆਇਆ ਹਾਂ ਭਾਵ ਕਿ ਤੇਰੇ ਵਾਲੇ ਗੁਣ ਮੈਂ ਜੀਵਨ ਵਿੱਚ ਅਪਣਾ ਲਏ ਹਨ।

ਅਸਟਪਦੀ ॥
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥
ਗੁਰੂ ਸਾਹਿਬ ਆਖ ਰਹੇ ਹਨ ਕਿ ਜੀਵਨ ਦੇ ਸਫਰ ਵਿੱਚ ਕਈ ਵਾਰ ਐਸਾ ਸਮਾਂ ਆਉਂਦਾ ਹੈ ਕਿ ਮਾਤਾ-ਪਿਤਾ, ਪੁੱਤਰ (ਸੁਤ)/ਔਲਾਦ, ਦੋਸਤ (ਮੀਤ) ਅਤੇ ਭਰਾ ਵੀ ਸਾਥ ਨਹੀਂ ਦਿੰਦੇ, ਕਈ ਵਾਰ ਕਿਸੇ ਕਾਰਨ ਉਹਨਾਂ ਦੇ ਵਿਰੋਧ ਦਾ ਸਾਹਮਣਾ ਵੀ ਮਨੁੱਖ ਨੂੰ ਕਰਨਾ ਪੈਂਦਾ ਹੈ, ਜੇਕਰ ਐਸਾ ਸਮਾਂ ਵੀ ਆਵੇ ਤਾਂ ਵੀ ਜੇਕਰ ਤੂੰ ਪ੍ਰਮਾਤਮਾ ਦੀ ਸਿੱਖਿਆ ਨੂੰ ਮਨ ਚ ਵਸਾ ਲਿਆ ਹੈ, ਉਸਦੇ ਗੁਣਾਂ ਦਾ ਧਾਰਨੀ ਬਣ ਚੁੱਕਾ ਹੈਂ, ਤੂੰ ਮਨ ਤੋਂ ਵੀ ਸੱਚਾ ਹੈਂ ਤਾਂ ਇਹ ਗੁਣ ਉਸ ਸਮੇਂ ਵੀ ਤੇਰੇ ਨਾਲ ਹੋਣਗੇ ਅਤੇ ਸਹੀ ਫੈਸਲਾ ਲੈਣ ਵਿੱਚ ਮੱਦਦ ਕਰਨਗੇ ਅਤੇ ਤੂੰ ਆਏ ਮੁਸ਼ਕਿਲ ਸਮੇਂ ਨੂੰ ਵੀ ਸਹਿਜ ਨਾਲ ਲੰਘਾ ਲਵੇਂਗਾ।
ਜਹ ਮਹਾ ਭਇਆਨ ਦੂਤ ਜਮ ਦਲੈ ॥
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥
ਭਾਵ ਕਿ ਗੁਰੂ ਸਾਹਿਬ ਆਖਦੇ ਹਨ ਕਿ ਸਮਾਜ ਵਿੱਚ ਪੈਦਾ ਹੋਏ ਵਿਕਾਰਾਂ ਰੂਪੀ ਭਿਆਨਕ (ਭਇਆਨ) ਜਮਦੂਤਾਂ (ਜਮ ਦਲੈ) ਤੋਂ ਜਦੋਂ ਤੈਨੂੰ ਡਰ ਆਉਣ ਲੱਗੇ (ਭਾਵ ਕਿ ਸਮਾਜ ਵਿੱਚ ਫੈਲੇ ਫਰੇਬ ਅਤੇ ਝੂਠ ਤੋਂ ਜਦੋਂ ਤੈਨੂੰ ਚਿੰਤਾ ਹੋਣ ਲੱਗੇ ਕਿ ਕਿਤੇ ਤੇਰੇ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ) ਤਾਂ ਉਸ ਸਮੇਂ ਸਿਰਫ ਪ੍ਰਮਾਤਮਾ ਦਾ ਨਾਮ ਭਾਵ ਉਸਦਾ ਉਪਦੇਸ਼,ਸਿੱਖਿਆ ਜੋ ਤੂੰ ਜੀਵਨ ਵਿੱਚ ਧਾਰ ਲਈ ਹੈ, ਤੇਰੇ ਜੀਵਨ ਵਿੱਚ ਆਏ ਇਹ ਗੁਣ ਤੇਰੀ ਤਾਕਤ ਬਣ ਕੇ ਵਿਕਾਰਾਂ ਰੂਪੀ ਜਮਦੂਤਾਂ ਨਾਲ ਲੜ ਕੇ ਤੈਨੂੰ ਵਿਕਾਰਾਂ ਤੋਂ ਬਚਾ ਲੈਣਗੇ।
ਜਹ ਮੁਸਕਲ ਹੋਵੈ ਅਤਿ ਭਾਰੀ ॥
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥
ਭਾਵ ਕਿ ਜੀਵਨ ਵਿੱਚ ਜਦ ਵੀ ਕਿਤੇ ਕੋਈ ਮੁਸ਼ਕਿਲ ਦਾ ਸਮਾਂ ਆਇਆ ਤਾਂ ਪ੍ਰਭੂ ਦੀ ਸਿੱਖਿਆ ਅਤੇ ਗੁਣਾਂ ਰੂਪੀ ਨਾਮ, ਉਸ ਮੁਸ਼ਕਿਲ ਨੂੰ ਪਲ (ਖਿਨ) ਵਿੱਚ ਹੀ ਦੂਰ ਕਰ ਦੇਵੇਗਾ, ਤੇਰੇ ਕਿਰਦਾਰ ਵਿੱਚ ਇਹ ਸਮਰੱਥਾ ਹੋਵੇਗੀ ਕਿ ਸੂਝ-ਬੂਝ ਨਾਲ ਉਸ ਮੁਸ਼ਕਿਲ ਨੂੰ ਸੁਲਝਾ ਲਵੇਂਗਾ।
ਅਨਿਕ ਪੁਨਹਚਰਨ ਕਰਤ ਨਹੀ ਤਰੈ ॥
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
ਭਾਵ ਕਿ ਗੁਰੂ ਸਾਹਿਬ ਆਖਦੇ ਹਨ ਕਿ ਅਨੇਕਾਂ (ਅਨਿਕ) ਧਾਰਮਿਕ ਰਸਮਾਂ (ਪੁਨਹਚਰਨ = ਪੁਨ + ਆਚਰਨ) ਕਰਨ ਨਾਲ ਵੀ ਇਨਸਾਨ ਜੀਵਨ ਦੇ ਸਮੁੰਦਰ ਵਿੱਚ ਪਾਰ ਨਹੀਂ ਲੰਘਦਾ ਪਰ ਪ੍ਰਮਾਤਮਾ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦਿੰਦਾ ਹੈ ਭਾਵ ਕਿ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਮਨੁੱਖ ਜੇਕਰ ਪ੍ਰਮਾਤਮਾ ਦੀ ਸਿੱਖਿਆ ਨੂੰ ਸੁਣ ਕੇ ਹੀ ਛੱਡ ਦਿੰਦਾ ਹੈ, ਜੀਵਨ ਵਿੱਚ ਗੁਣ ਨਹੀਂ ਲੈ ਕੇ ਅਉਂਦਾ ਤਾਂ ਕੇਵਲ ਧਾਰਮਿਕ ਰਸਮਾਂ ਕਰਨ ਨਾਲ ਹੀ ਉਹ ਚੰਗਾ ਨਹੀਂ ਬਣ ਸਕਦਾ, ਚੰਗਾ ਬਣਨ ਲਈ ਉਸਨੂੰ ਪ੍ਰਮਾਤਮਾ ਦੀ ਸਿੱਖਿਆ ਨੂੰ ਜੀਵਨ ਵਿੱਚ ਲਾਗੂ ਕਰਨਾ ਪਵੇਗਾ, ਉਸਦੇ ਗੁਣ ਧਾਰਨ ਕਰਨੇ ਪੈਣਗੇ ਜਿਸ ਨਾਲ ਉਸਦੇ ਕਰੋੜਾਂ ਵਿਕਾਰ ਖਤਮ ਹੋ ਜਾਣਗੇ।
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥
ਨਾਨਕ ਪਾਵਹੁ ਸੂਖ ਘਨੇਰੇ ॥੧॥ {ਪੰਨਾ 264}
ਗੁਰੂ ਸਾਹਿਬ ਆਖਦੇ ਹਨ ਕਿ ਇਸ ਲਈ ਹੇ ਮੇਰੇ ਮਨ! ਗੁਰੂ ਦੀ ਸ਼ਰਣ ਪੈ ਕੇ ਭਾਵ ਕਿ ਪ੍ਰਭੂ ਦੇ ਗੁਣ ਗਾਉਣ ਵਾਲਿਆਂ, ਉਸਦੀ ਸਿੱਖਿਆ ‘ਤੇ ਚੱਲਣ ਵਾਲਿਆਂ ਦੇ ਨਾਲ ਰਲ ਕੇ ਤੂੰ ਵੀ  ਪ੍ਰਭੂ ਦਾ ਨਾਮ ਜਪ ਭਾਵ ਕਿ ਉਸਦੇ ਗੁਣ ਗਾ, ਸਿੱਖਿਆ ਨੂੰ ਮਨ ਵਿੱਚ ਵਸਾ, ਇਸ ਤਰ੍ਹਾਂ ਤੈਨੂੰ ਜੀਵਨ ਵਿੱਚ ਅਨੇਕਾਂ ਮਾਨਸਿਕ ਸੁੱਖ,ਸਕੂਨ, ਸ਼ਾਂਤੀ ਅਤੇ ਸਹਿਜ ਮਿਲੇਗਾ।
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
 ਮਨੁੱਖ ਜੂਨ ਨੂੰ ਬਾਕੀ ਸਾਰੀਆਂ ਜੂਨਾਂ ਨਾਲੋਂ ਉੱਤਮ ਮੰਨਿਆ ਜਾਂਦਾ ਹੈ, ਮਨੁੱਖ ਨੂੰ ਸਾਰੀਆਂ ਜੂਨਾਂ ਦਾ ਰਾਜਾ ਮੰਨਿਆ ਜਾਂਦਾ ਹੈ, ਇਸ ਲਈ ਗੁਰੂ ਸਾਹਿਬ ਆਖ ਰਹੇ ਹਨ ਕਿ ਮਨੁੱਖ ਸਾਰੀ ਦੁਨੀਆਂ ਦਾ ਰਾਜਾ ਹੋ ਕੇ ਵੀ ਦੁਖੀ ਰਹਿੰਦਾ ਹੈ, ਚਿੰਤਾ ਵਿੱਚ ਰਹਿੰਦਾ ਹੈ, ਉਸਨੂੰ ਮਾਨਸਿਕ ਸਕੂਨ ਨਹੀਂ ਭਾਵ ਕਿ ਮਨੁੱਖ ਕੋਲ ਅੱਜ ਜੀਵਨ ਲਈ ਲਾਭਦਾਇਕ ਅਨੇਕਾਂ ਸਹੂਲਤਾਂ ਹਨ, ਬੇਸ਼ੁਮਾਰ ਧਨ-ਦੌਲਤ ਵੀ ਹੈ ਪਰ ਉਹ ਮਾਨਸਿਕ ਤੌਰ ‘ਤੇ ਖੁਸ਼ ਨਹੀਂ, ਪਦਾਰਥਾਂ ਨੂੰ ਵੱਧ ਤੋਂ ਵੱਧ ਪਾਉਣ ਦੀ ਲਾਲਸਾ ਉਸ ‘ਤੇ ਭਾਰੂ ਹੈ, ਮਾਇਆ ਦੀ ਦੌੜ ਵਿੱਚ ਉਹ ਅਨੇਕਾਂ ਕੁਕਰਮ ਕਰਦਾ ਹੈ, ਹਰ ਸਮੇਂ ਮਾਨਸਿਕ ਪ੍ਰੇਸ਼ਾਨੀ ਵਿੱਚ ਜਿਉਂਦਾ ਹੈ,ਉਹ ਸੁੱਖ ਦੀ ਭਾਲ ਵਿੱਚ ਹੈ ਪਰ ਸੰਤੁਸ਼ਟੀ ਨਹੀਂ ਮਿਲਦੀ। ਗੁਰੂ ਸਾਹਿਬ ਆਖਦੇ ਹਨ ਕਿ ਉਸਨੂੰ ਮਾਨਸਿਕ ਸੁੱਖ ਪ੍ਰਭੂ ਦਾ ਨਾਮ ਜਪਿਆਂ ਭਾਵ ਕਿ ਪ੍ਰਭੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਨਾਲ ਅਤੇ ਸੱਚ ਨਾਲ ਜੁੜਨ  ਨਾਲ ਹੀ ਮਿਲੇਗਾ, ਜਦੋਂ ਮਨੁੱਖ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰ ਲਵੇਗਾ ਤਾਂ ਸੁਖੀ ਹੋ ਜਾਵੇਗਾ, ਚਿੰਤਾ ਰਹਿਤ ਹੋ ਜਾਵੇਗਾ।
ਲਾਖ ਕਰੋਰੀ ਬੰਧੁ ਨ ਪਰੈ ॥
ਹਰਿ ਕਾ ਨਾਮੁ ਜਪਤ ਨਿਸਤਰੈ ॥
ਗੁਰੂ ਸਾਹਿਬ ਆਕਦੇ ਹਨ ਕਿ ਮਨੁੱਖ ਦੀ ਲੱਖਾਂ-ਕਰੋੜਾਂ ਕਮਾ ਕੇ ਵੀ ਮਾਇਆ ਦੀ ਤ੍ਰਿਹ ਨਹੀਂ ਬੁਝਦੀ, ਰੁਕਦੀ (ਬੰਧੁ) ਨਹੀਂ, ਉਹ ਹਰ ਵੇਲੇ ਹੋਰ-ਹੋਰ ਧਨ ਪਾਉਣ ਦੀਆਂ ਸਕੀਮਾਂ ਵਿੱਚ ਰਹਿੰਦਾ ਹੈ ਜਿਸ ਕਾਰਨ ਚਿੰਤਾ ਉਸਨੂੰ ਹਰ ਸਮੇਂ ਦੁਖੀ ਕਰਦੀ ਹੈ, ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦਾ ਨਾਮ ਜਪ ਕੇ  ਭਾਵ ਕਿ ਉਸਦੀ ਸਿੱਖਿਆ ਅਨੁਸਾਰ ਜੀਵਨ ਢਾਲ ਕੇ ਮਨੁੱਖ ਇਸ ਮਾਇਆ ਦੀ ਭੁੱਖ ਤੋਂ ਬਚ ਸਕਦਾ ਹੈ, ਮਾਇਆ ਦੇ ਸਮੁੰਦਰ ਨੂੰ ਪਾਰ (ਨਿਸਤਰੈ) ਕਰ ਸਕਦਾ ਹੈ ਭਾਵਕਿ ਬਚ ਸਕਦਾ ਹੈ, ਕਿਉਂਕਿ ਪ੍ਰਮਾਤਮਾ ਦੀ ਸਿੱਖਿਆ ਨਾਲ ਉਸਦੇ ਮਨ ਨੂੰ ਸੰਤੁਸ਼ਟੀ ਮਿਲ ਜਾਵੇਗੀ।
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥
ਹਰਿ ਕਾ ਨਾਮੁ ਜਪਤ ਆਘਾਵੈ ॥
ਗੁਰੂ ਸਾਹਿਬ ਆਖਦੇ ਹਨ ਕਿ ਮਾਇਆ ਦੇ ਅਨੇਕਾਂ ਰੂਪ ਹਨ, ਉਸਦੇ ਹਰ ਰੂਪ ਦਾ ਮਾਲਕ ਹੋਣ ਦੇ ਬਾਵਜੂਦ ਵੀ ਮਨੁੱਖ ਦੀ ਮਾਇਆ ਦੀ ਤ੍ਰਿਹ ਨਹੀਂ ਬੁੱਝਦੀ,ਧੀਆਂ-ਪੁੱਤਰਾਂ ਦੇ ਸੁੱਖ, ਪਤੀ-ਪਤਨੀ ਦੇ ਸੁੱਖ, ਮਾਂ-ਬਾਪ ਦੇ ਸੁੱਖ, ਕਾਰੋਬਾਰ ਦੇ ਸੁੱਖ ਅਤੇ ਅਨੇਕਾਂ ਹੋਰ ਸਹੂਲਤਾਂ ਹੋਣ ਦੇ ਬਾਵਜੂਦ ਵੀ ਮਨੁੱਖ ਸੰਤੁਸ਼ਟ ਨਹੀਂ ਹੁੰਦਾ, ਉਹ ਹੋਰ ਵਧੇਰੇ ਪਾਉਣ ਦੀ ਲਾਲਸਾ ਵਿੱਚ ਗ੍ਰਸਿਆ ਰਹਿੰਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਪ੍ਰਭੂ ਦਾ ਨਾਮ ਜਪਿਆਂ ਭਾਵ ਕਿ ਉਸਦੀ ਸਿੱਖਿਆ ਨੂੰਜੀਵਨਦਾ ਆਧਾਰ ਬਣਾਉਣ ਨਾਲ ਮਨੁੱਖ ਮਾਇਆ ਵਲੋਂ ਰੱਜ (ਆਘਾਵੈ) ਜਾਂਦਾ ਹੈ, ਉਸਨੂੰ ਸੰਤੁਸ਼ਟੀ ਮਿਲ ਜਾਂਦੀ ਹੈ ਅਤੇ ਉਹ ਮਾਇਆ ਦੀ ਦੌੜ ਨੂੰ ਛੱਡ ਮਾਨਸਿਕ ਸੁੱਖ ਪਾ ਲੈਂਦਾ ਹੈ
ਜਿਹ ਮਾਰਗਿ ਇਹੁ ਜਾਤ ਇਕੇਲਾ ॥
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜੀਵਨ ਵਿੱਚ ਜਿਸ ਰਸਤੇ ‘ਤੇ ਬਾਵ ਜਿੰਨ੍ਹਾਂ ਸਥਿਤੀਆਂ ਵਿੱਚ ਮਨੁੱਖ ਇਕੱਲਾ ਰਹਿ ਜਾਂਦਾ ਹੈ, ਜਦੋਂ ਕਿਸੇ ਮੁਸ਼ਕਿਲ ਸਮੇਂ ਉਸਦਾ ਕੋਈ ਵੀ ਸਾਥ ਦੇਣ ਵਾਲਾ ਨਹੀਂ ਹੁੰਦਾ, ਜਦੋਂ ਮੁਸ਼ਕਿਲ ਸਮੇਂ ਉਸਦੇ ਸਾਰੇ ਦੋਸਤ,ਰਿਸ਼ਤੇਦਾਰ ਉਸ ਕੋਲੋਂ ਮੂੰਹ ਮੋੜ ਲੈਂਦੇ ਹਨ ਤਾਂ ਉਹਨਾਂ ਹਾਲਤਾਂ ਵਿੱਚ ਵੀ ਪ੍ਰਮਾਤਮਾ ਦੀ ਸਿੱਖਿਆ ਜੇ ਉਸਨੇ ਆਪਣੇ ਜੀਵਨ ਵਿੱਚ ਦਾਰ ਲਈ ਹੈ ਤਾਂ, ਇਹ ਸਿੱਖਿਆ ਉਸਦਾ ਸਾਥ ਨਹੀਂ ਛੱਡਦੀ, ਪ੍ਰਭੂ ਦੇ ਗੁਣਾਂ ‘ਤੇ, ਉਸਦੀ ਸਿੱਖਿਆ ‘ਤੇ ਚੱਲਦਿਆਂ ਮਨੁੱਖ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰ ਲੈਂਦਾ ਹੈ, ਪ੍ਰਮਾਤਮਾ ਦਾ ਉਪਦੇਸ਼ ਉਸਦਾ ਸਾਥੀ ਬਣ ਕੇ ਮੁਸ਼ਕਿਲ ਨੂੰ ਸ਼ਝਾਉਣ ਵਿੱਚ ਸਹਾਈ (ਸੁਹੇਲਾ) ਹੁੰਦਾ ਹੈ
ਐਸਾ ਨਾਮੁ ਮਨ ਸਦਾ ਧਿਆਈਐ ॥
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥ {ਪੰਨਾ 264}
ਇਸ ਅਸ਼ਟਪਦੀ ਦੇ ਅੰਤ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਮਨੁੱਖ ਨੂੰ ਸਦਾ ਪ੍ਰਮਾਤਮਾ ਦਾ ਸੁੱਖ ਦੇਣ ਵਾਲਾ ਨਾਮ ਧਿਆਉਣਾ ਚਾਹੀਦਾ ਹੈ ਜਿਸ ਨਾਲ ਉਸਦਾ ਦਰਜਾ (ਗਤਿ) ਉੱਚਾ (ਪਰਮ) ਹੁੰਦਾ ਹੈ ਭਾਵ ਕਿ ਮਨੁੱਖ ਨੂੰ ਵਿਕਾਰਾਂ ਨੂੰ ਛੱਡ ਕੇ ਪ੍ਰਮਾਤਮਾ ਦੇ ਸਿਧਾਂਤ ‘ਤੇ ਚੱਲਦਿਆਂ, ਉਸਦੀ ਸਿੱਖਿਆ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ, ਜਿਸ ਨਾਲ ਉਸਦੇ ਜੀਵਨ ਵਿੱਚ ਗੁਣ ਹੀ ਹੋਣਗੇ ਅਤੇ ਇਹਨਾਂ ਗੁਣਾਂ ਦੀ ਬਦੌਲਤ ਹੀ ਉਸਨੂੰ ਸਮਾਜ ਵਿੱਚ ਸੋਭਾ ਮਿਲਦੀ ਹੈ, ਸਾਰੇ ਉਸਦੀ ਪ੍ਰਸ਼ੰਸਾ ਕਰਦੇ ਹਨ, ਉਸਦਾ ਦਰਜਾ, ਉਸਦੀ ਹੈਸੀਅਤ ਉੱਚੀ ਹੋ ਜਾਂਦੀ ਹੈ।
ਛੂਟਤ ਨਹੀ ਕੋਟਿ ਲਖ ਬਾਹੀ ॥
ਨਾਮੁ ਜਪਤ ਤਹ ਪਾਰਿ ਪਰਾਹੀ ॥
ਗੁਰੂ ਸਾਹਿਬ ਕਹਿੰਦੇ ਹਨ ਕਿ ਮਨੁੱਖ ਲੱਖਾਂ-ਕਰੋੜਾਂ ਭਰਾਵਾਂ (ਬਾਹੀ) ਦੇ ਹੁੰਦਿਆਂ ਵਿਕਾਰਾਂ ਵਾਲੀ ਅਵਸਥਾ ਤੋਂ ਛੁਟਕਾਰਾ ਨਹੀਂ ਪਾ ਸਕਦਾ, ਕਈ ਵਾਰ ਮਨੁੱਖ ਨੂੰ ਐਸੀਆਂ ਗਲਤ ਆਦਤਾਂ ਲੱਗ ਜਾਂਦੀਆਂ ਹਨ ਜੋ ਉਸਦੇ ਪਰਿਵਾਰ ‘ਤੇ ਸਮਾਜ ਲਈ ਨੁਕਸਾਨਦੇਹ ਹੁੰਦੀਆਂ ਹਨ ਪਰ ਅਨੇਕਾਂ ਦੋਸਤਾਂ,ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਦੇ ਸਮਝਾਉਣ ‘ਤੇ ਵੀ ਮਨੁੱਖ ਉਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ, ਖ਼ਲਾਸੀ ਨਹੀਂ ਪਾ ਸਕਦਾ, ਉਹਨਾਂ ਆਦਤਾਂ ਤੋਂ ਬਚਣ ਲਈ ਮਨੁੱਖ ਨੂੰ ਪ੍ਰਮਾਤਮਾ ਦੀ ਦਿੱਤੀ ਸਿੱਖਿਆ ਨੂੰ ਮਨ ਵਿੱਚ ਵਸਾਉਣਾ ਪੈਂਦਾ ਹੈ, ਜਦੋਂ ਮਨੁੱਖ ਦਾ ਮਨ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਪੈਂਦਾ ਹੈ ਤਾਂ ਬੁਰੀਆਂ ਆਦਤਾਂ ਦਾ ਖਹਿੜਾ ਛੱਡ ਦਿੰਦਾ ਹੈ, ਵਿਕਾਰਾਂ ਤੋਂ ਪਾਰ ਲੰਘ ਜਾਂਦਾ ਹੈ।
ਅਨਿਕ ਬਿਘਨ ਜਹ ਆਇ ਸੰਘਾਰੈ ॥
ਹਰਿ ਕਾ ਨਾਮੁ ਤਤਕਾਲ ਉਧਾਰੈ ॥
ਜੀਵਨ ਦੇ ਰਸਤੇ ‘ਤੇ ਮਨੁੱਖ ਨੂੰ ਅਨੇਕਾਂ ਮੁਸ਼ਕਿਲਾਂ ਆਉਂਦੀਆਂ ਹਨ, ਜਿੱਥੇ ਵੀ ਕੋਈ ਔਕੜ ਆ ਜਾਵੇ ਤਾਂ  ਪ੍ਰਮਾਤਮਾ ਦਾ ਨਾਮ ਭਾਵ ਉਸਦੀ ਸਿੱਖਿਆ ਉਸਨੂੰ ਜਲਦ ਹੀ ਦੂਰ ਕਰ ਦਿੰਦੀ ਹੈ, ਜੇਕਰ ਜੀਵਨ ਵਿੱਚ ਪ੍ਰਮਾਤਮਾ ਵਾਲੇ ਗੁਣ ਹਨ ਤਾਂ ਉਸ ਮੁਸ਼ਕਿਲ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ
ਅਨਿਕ ਜੋਨਿ ਜਨਮੈ ਮਰਿ ਜਾਮ ॥
ਨਾਮੁ ਜਪਤ ਪਾਵੈ ਬਿਸ੍ਰਾਮ ॥
ਜੀਵ ਵਿਕਾਰਾਂ ਕਰਕੇ ਅਨੇਕਾਂ ਜੂਨਾਂ ਵਿੱਚ ਜੰਮਦਾ ‘ਤੇ ਮਰਦਾ ਹੈ,ਕਦੇ ਲਾਲਚੀ ਕੁੱਤੇ ਵਾਂਗ ਵਿਵਹਾਰ ਕਰਦਾ ਹੈ, ਕਦੇ ਹਵਸੀ ਹਾਂਥੀ ਵਾਂਗ, ਕਦੇ ਮਾਇਆ ਦੇ ਮੋਹ ਵਿੱਚ ਸੱਪ ਵਾਂਗ, ਕਦੇ ਵਿਕਾਰਾਂ ਦੀ ਸੁਆਹ ਵਿੱਚ ਗਧੇ ਵਾਂਗ ਲਿਟਦਾ ਹੈ, ਇਸੇ ਹੀ ਗੇੜ ਵਿੱਚ ਪਿਆ ਰਹਿੰਦਾ ਹੈ ਪਰ ਪ੍ਰਮਾਤਮਾ ਦਾ ਨਾਮ ਜਪਿਆਂ ਭਾਵ ਕਿ ਪ੍ਰਭੂ ਦੀ ਸਿੱਖਿਆ ਨੂੰ ਮੰਨ ਕੇ ਟਿਕ ਜਾਂਦਾ ਹੈ ਭਾਵ ਇਸ ਜਨਮ-ਮਰਨ ਤੋਂ ਬਚ ਜਾਂਦਾ ਹੈ, ਕਾਮ,ਕ੍ਰੋਧ,ਲੋਭ,ਮੋਹ,ਹੰਕਾਰ ਵਰਗੇ ਵਿਕਾਰਾਂ ਤੋਂ ਉਸਦਾ ਖਹਿੜਾ ਛੁੱਟ ਜਾਂਦਾ ਹੈ
ਹਉ ਮੈਲਾ ਮਲੁ ਕਬਹੁ ਨ ਧੋਵੈ ॥
ਹਰਿ ਕਾ ਨਾਮੁ ਕੋਟਿ ਪਾਪ ਖੋਵੈ
ਮਨੁੱਖ ਹਉਮੈ ਨਾਲ ਗੰਦਾ ਭਰਿਆ ਹੋਇਆ ਹੈ, ਕਦੇ ਇਹ ਹਉਮੈ ਦੀ ਮੈਲ ਧੋਂਦਾ ਨਹੀਂ, ਸਗੋਂ ਇਸ ਹਉਮੈ ਕਾਰਨ ਸਾਰੇ ਰਿਸ਼ਤਿਆਂ ਤੋਂ ਮੂੰਹ ਤੱਕ ਮੋੜ ਲੈਂਦਾ ਹੈ, ਇਕੱਲਾ ਰਹਿ ਜਾਂਦਾ ਹੈ ਪਰ ਇਸ ਤੋਂ ਖਹਿੜਾ ਨਹੀਂ ਛੁੱਟਦਾ, ਇਸ ਤੋਂ ਖਹਿੜਾ ਛੁਡਵਾਉਣ ਲਈ ਪ੍ਰਮਾਤਮਾ ਦੀ ਸਿੱਖਿਆ ਅਨੁਸਾਰ ਜੀਵਨ ਬਣਾਉਣਾ ਪਵੇਗਾ, ਜਦੋਂ ਜੀਵਨ ਉਸ ਅਨੁਸਾਰ ਬਣ ਗਿਆ ਤਾਂ ਕਰੋੜਾਂ ਪਾਪ ਨਾਸ ਹੋ ਜਾਂਦੇ ਹਨ ਕਿਉਂਕਿ ਜੀਵਨ ਵਿੱਚ ਗੁਣ ਆ ਗਏ ‘ਤੇ ਵਿਕਾਰਾਂ ਵਾਲੀਆਂ ਹਰਕਤਾਂ ਤੋਂ ਕਿਨਾਰਾ ਹੋ ਜਾਂਦਾ ਹੈ
ਐਸਾ ਨਾਮੁ ਜਪਹੁ ਮਨ ਰੰਗਿ ॥
ਨਾਨਕ ਪਾਈਐ ਸਾਧ ਕੈ ਸੰਗਿ ॥੩॥ {ਪੰਨਾ 264}
ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਹੇ ਮਨ! ਪ੍ਰਭੂ ਦਾ ਅਜਿਹਾ ਨਾਮ ਪਿਆਰ ਨਾਲ ਜਪ ਭਾਵ ਕਿ ਉਸਦੀ ਐਸੀ ਸਿੱਖਿਆ ਨੂੰ ਜੀਵਨ ਵਿੱਚ ਧਾਰ ਜਿਸ ਨਾਲ ਤੇਰਾ ਜੀਵਨ ਗੁਣਾਂ ਨਾਲ ਭਰਪੂਰ ਹੋ ਜਾਵੇਗਾ। ਅੱਗੇ ਗੁਰੂ ਸਾਹਿਬ ਇਹ ਦੱਸਦੇ ਹਨ ਕਿ ਇਹ ਸਿੱਖਿਆ ਮਿਲਣੀ ਕਿੱਥੋਂ ਹੈ, ਗੁਰੂ ਸਾਹਿਬ ਕਹਿੰਦੇ ਹਨ ਕਿਇਹ ਸਿੱਖਿਆ ਗੁਰਮੁਖਾਂ ਦੀ ਸੰਗਤਿ ਵਿੱਚ ਮਿਲਦੀ ਹੈ, ਜਿਹੜੇ ਪ੍ਰਮਾਤਮਾ ਦੀ ਸਿੱਖਿਆ ਅਨੁਸਾਰ ਜੀਵਨ ਜਿਉਂਦੇ ਹਨ, ਉਹਨਾਂ ਦੇ ਸਾਥ ਨਾਲ ਇਹ ਸਿੱਖਿਆ ਤੈਨੂੰ ਵੀ ਮਿਲ ਜਾਵੇਗੀ3
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜ਼ਿੰਦਗੀ ਰੂਪੀ ਰਸਤੇ ਦੇ ਕੋਹ ਗਿਣੇ ਨਹੀਂ ਜਾ ਸਕਦੇ, ਭਾਵ ਕਿ ਕਿਸੇ ਨੂੰ ਨਹੀਂ ਪਤਾ ਕਿ ਉਸਨੇ ਕਿੰਨਾ ਸਮਾਂ ਜਿੰਦਾ ਰਹਿਣਾ ਹੈ, ਇਸ ਲੰਮੇ ਸਫ਼ਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਪੂੰਜੀ (ਤੋਸਾ) ਹੈ, ਇਹ ਖਰਚ ਕਦੇ ਨਹੀਂ ਮੁੱਕਦਾ ਭਾਵ ਕਿ ਜ਼ਿੰਦਗੀ ਦੇ ਇਸ ਸਫਰ ਵਿੱਚ ਪ੍ਰਮਾਤਮਾ ਦੀ ਸਿੱਖਿਆ ਕਦੇ ਨਾ ਖਤਮ ਹੋਣ ਵਾਲਾ ਖਰਚ ਹੈ, ਜਿਸ ਨਾਲ ਮਨੁੱਖ ਇਹ ਸਫਰ, ਇਹ ਜੀਵਨ ਸੂਝ-ਬੂਝ ਅਤੇ ਮਾਣ-ਇੱਜ਼ਤ ਨਾਲ ਪੂਰਾ ਸਕਦਾ ਹੈ।
ਜਿਹ ਪੈਡੈ ਮਹਾ ਅੰਧ ਗੁਬਾਰਾ ॥
ਹਰਿ ਕਾ ਨਾਮੁ ਸੰਗਿ ਉਜੀਆਰਾ ॥
ਜ਼ਿੰਦਗੀ ਦੇ ਜਿਸ ਰਾਹ ਵਿੱਚ ਵਿਕਾਰਾਂ ਦਾ ਬੜਾ ਘੁੱਪ ਹਨੇਰਾ ਹੈ, ਉੱਥੇ ਪ੍ਰਭੂ ਦਾ ਨਾਮ, ਉਸਦੀ ਸਿੱਖਿਆ, ਉਸਦੇ ਗੁਣ, ਜੀਵ ਦੇ ਨਾਲ ਚਾਨਣ ਹੈ ਭਾਵ ਕਿ ਅਗਿਆਨ ਦੇ ਹਨੇਰੇ ਨੂੰ ਭਜਾਉਣ ਵਾਲਾ ਗਿਆਨ ਦਾ ਚਨਣ ਹੈ, ਸੁਚੱਜੀ ਸਮਝ ਹੈ
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥
ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥
ਜੀਵਨ ਦੇ ਜਿਸ ਰਸਤੇ ਵਿੱਚ ਜੀਵ ਦਾ ਕੋਈ ਅਸਲੀ ਪਹਿਚਾਣ ਵਾਲਾ ਨਹੀਂ ਭਾਵ ਕਿ ਪੂਰਾ ਜੀਵਨ ਤੇਰੇ ਨਾਲ ਚੱਲਣ ਵਾਲਾ ਕੋਈ ਨਹੀਂ, ਸਭ ਨੇ ਵਾਰੋ-ਵਾਰੀ ਆਪਣੀ ਉਮਰ ਪੂਰੀ ਕਰ ਕੇ ਚਲੇ ਜਾਣਾ ਹੈ, ਉੱਥੇ ਪ੍ਰਮਾਤਮਾ ਦੀ ਸਿੱਖਿਆ ਜੋ ਤੂੰ ਮਨ ਵਿੱਚ ਵਸਾ ਲਈ ਤਾਂ ਸਾਰੀ ਉਮਰ ਤੇਰੇ ਨਾਲ ਰਹੇਗੀ, ਇਹ ਤੇਰੀ ਅਸਲੀ ਸਾਥੀ ਹੈ
ਜਹ ਮਹਾ ਭਇਆਨ ਤਪਤਿ ਬਹੁ ਘਾਮ ॥
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥
ਜਿੱਥੇ ਜ਼ਿੰਦਗੀ ਦੇ ਸਫ਼ਰ ਵਿੱਚ ਵਿਕਾਰਾਂ ਦੀ ਬੜੀ ਭਿਆਨਕ ਤਪਸ਼ ‘ਤੇ ਗਰਮੀ (ਘਾਮ) ਹੈ, ਉੱਥੇ ਪ੍ਰਭੂ ਦਾ ਨਾਮ ਭਾਵ ਉਸਦੀ ਸਿੱਖਿਆ ਜੀਵ ਉੱਤੇ ਛਾਂ ਹੈ ਭਾਵ ਕਿ ਪ੍ਰਮਾਤਮਾ ਦੇ ਗੁਣਾਂ ਦਾ ਧਾਰਨੀ ਹੋਣ ਅਤੇ ਉਸਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਵਾਲੇ ਮਨੁਖ ਨੂੰ ਕੋਈ ਵੀ ਬੁਰੀ ਆਦਤ ਜਾਂ ਵਿਕਾਰ ਛੂਹ ਨਹੀਂ ਸਕਦਾ।
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥ {ਪੰਨਾ 264}
ਗੁਰੂ ਸਾਹਿਬ ਸਮਝਾ ਰਹੇ ਹਨ ਕਿ ਹੇ ਜੀਵ! ਜਿੱਥੇ ਮਾਇਆ ਦੀ ਤ੍ਰਿਹ ਤੈਨੂੰ ਸਦਾ ਖਿੱਚ (ਆਕਰਖੈ) ਪਾਉਂਦੀ ਹੈ, ਉੱਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ ਜੋ  ਇਸ ਮਾਇਆ ਦੀ ਤਪਸ਼ ਨੂੰ ਬੁਝਾ ਦੇਂਦੀ ਹੈ ਭਾਵ ਕਿ ਜੀਵਨ ਦੇ ਸਫਰ ਵਿੱਚ ਜਦੋਂ ਵੀ ਕਦੇ ਮਨੁੱਖ ਦੇ ਮਨ ਨੂੰ ਮਾਇਆ ਆਪਣੇ ਵੱਲ ਖਿੱਚਦੀ ਹੈ ਤਾਂ ਪ੍ਰਮਾਤਮਾ ਦੀ ਸਿੱਖਿਆ ਮਨੁੱਖ ਦੇ ਮਨ ਨੂੰ ਸਮਝਾਈ ਰੱਖਦੀ ਹੈ,ਉਸਨੂੰ ਸੋਝੀ ਰਹਿੰਦੀ ਅਤੇ ਉਹ ਮਾਇਆ ਵੱਲੋਂ ਬਚਿਆ ਰਹਿੰਦਾ ਹੈ4
ਭਗਤ ਜਨਾ ਕੀ ਬਰਤਨਿ ਨਾਮੁ ॥
ਸੰਤ ਜਨਾ ਕੈ ਮਨਿ ਬਿਸ੍ਰਾਮੁ ॥
ਗੁਰੂ ਸਾਹਿਬ ਆਖਦੇ ਹਨ ਕਿ ਪ੍ਰਮਾਤਮਾ ਦਾ ਨਾਮ ਭਾਵ ਕਿ ਉਸਦੀ ਸਿੱਖਿਆ ਹੀ ਉਸਦੇ ਭਗਤਾਂ ਨੂੰ ਹਰ ਸਮੇਂ ਚਾਹੀਦਾ ਹੈ, ਉਹਨਾਂ ਦਾ ਹੱਥ-ਠੋਕਾ (ਬਰਤਨਿ) ਹੈ ਅਤੇ ਇਹ ਸਿੱਖਿਆ ਹਮੇਸ਼ਾ ਭਗਤਾਂ ਦੇ ਮਨ ਵਿੱਚ ਟਿਕੀ ਰਹਿੰਦੀ ਹੈ, ਉਸਦੇ ਦੱਸੇ ਸਿਧਾਂਤ ‘ਤੇ ਚੱਲਣ ਵਾਲੇ ਹਰ ਸਮੇਂ ਉਸਦੀ ਸਿੱਖਿਆ ਨੂੰ ਮਨ ਵਿੱਚ ਵਸਾ ਕੇ ਰੱਖਦੇ ਹਨ।
ਹਰਿ ਕਾ ਨਾਮੁ ਦਾਸ ਕੀ ਓਟ ॥
ਹਰਿ ਕੈ ਨਾਮਿ ਉਧਰੇ ਜਨ ਕੋਟਿ ॥
ਪ੍ਰਭੂ ਦਾ ਨਾਮ ਭਾਵ ਉਸਦੀ ਸਿੱਖਿਆ ਹੀ ਭਗਤਾਂ ਦਾ ਆਸਰਾ (ਓਟ)ਹੈ, ਇਸ ਸਿੱਖਿਆ ਦੇ ਰਾਹੀਂ, ਇਸ ਸਿੱਖਿਆ ਨੂੰ ਮੰਨ ਕੇ ਕਰੋੜਾਂ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ।
ਹਰਿ ਜਸੁ ਕਰਤ ਸੰਤ ਦਿਨੁ ਰਾਤਿ
ਹਰਿ ਹਰਿ ਅਉਖਧੁ ਸਾਧ ਕਮਾਤਿ ॥
ਭਗਤਜਨ ਦਿਨ-ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ, ਉਸਦੇ ਗੁਣਾਂ ਨੂੰ ਗਾਉਂਦੇ ਹਨ, ਉਸਦੀ ਸਿੱਖਿਆ ਨੂੰ ਮਨ ਵਿੱਚ ਵਸਾਉਣ ਦੀਆਂ ਗੱਲਾਂ ਕਰਦੇ ਹਨ ਤੇ ਪ੍ਰਮਾਤਮਾ ਦੀ ਸਿੱਖਿਆ ਰੂਪੀ ਦਵਾਈ ਇਕੱਠੀ ਕਰਦੇ ਹਨ ਜਿਸ ਨਾਲ ਹਉਮੈ ਰੋਗ, ਵਿਕਾਰਾਂ ਦੇ ਰੋਗ ਦੂਰ ਹੁੰਦੇ ਹਨ
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥
ਪਾਰਬ੍ਰਹਮਿ ਜਨ ਕੀਨੋ ਦਾਨ ॥
ਭਗਤਾਂ ਦੇ ਕੋਲ ਪ੍ਰਭੂ ਦਾ ਨਾਮ ਭਾਵ ਉਸਦੀ ਸਿੱਖਿਆ ਅਤੇ ਉਸਦੇ ਗੁਣ ਹੀ ਖ਼ਜ਼ਾਨਾ (ਨਿਧਾਨੁ) ਹਨ, ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ ਭਾਵ ਕਿ ਪ੍ਰਮਾਤਮਾ ਦੀ ਸਿੱਖਿਆ ਨੂੰ ਮੰਨਿਆਂ ਹੀ ਉਸਦੇ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ ਹੈ।
ਮਨ ਤਨ ਰੰਗਿ ਰਤੇ ਰੰਗ ਏਕੈ ॥
ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥ {ਪੰਨਾ 264}
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਪ੍ਰਮਾਤਮਾ ਨੂੰ ਚਾਹੁਣ ਵਾਲੇ ਉਸਦੇ ਭਗਤ ਮਨੋਂ-ਤਨੋਂ ਇੱਕ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹ ਬਾਹਰੋਂ ਹੁੰਦੇ ਹਨ ਅੰਦਰੋਂ ਵੀ ਉਹੀ ਹੁੰਦੇ ਹਨ ਭਾਵ ਕਿ ਜੋ ਉਹਨਾਂ ਦੇ ਮੁੱਖ ‘ਤੇ ਹੁੰਦਾ ਹੈ ਮਨ ਵਿੱਚ ਵੀ ਉਹੀ ਭਾਵ ਹੁੰਦਾ ਹੈ, ਭਗਤਾਂ ਦੇ ਅੰਦਰ ਚੰਗੇ-ਮੰਦੇ ਦੀ ਪਰਖ, ਸਹੀ-ਗਲਤ ਦੀ ਵਿਚਾਰ (ਬਿਬੇਕੈ) ਕਰਨ ਵਾਲਾ ਸੁਭਾਉ (ਬਿਰਤਿ) ਬਣ ਜਾਂਦਾ ਹੈ5
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥
ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦੇ ਭਗਤਾਂ ਵਾਸਤੇ ਪ੍ਰਭੂ ਦਾ ਨਾਮ ਭਾਵ ਕਿ ਉਸਦੀ ਸਿੱਖਿਆ, ਉਸਦੇ ਗੁਣ ਹੀ ਵਿਕਾਰਾਂ ਤੋਂ, ਮਾਇਆ ਦੇ ਬੰਧਨਾਂ ਤੋਂ ਛੁਟਕਾਰੇ ਦਾ ਸਾਧਨ ਹੈ, ਭਾਵਕਿ ਪ੍ਰਮਾਤਮਾ ਦੀ ਸਿੱਖਿਆ ਨੂੰ ਮਨ ਵਿੱਚ ਵਸਾਉਣ ਅਤੇ ਉਸ ਨੂੰ ਜੀਵਨ ਵਿੱਚ ਢਾਲਣ ਸਦਕਾ ਹੀ ਜੀਵ ਵਿਕਾਰਾਂ ਤੋਂ ਬਚ ਸਕਦਾ ਹੈ, ਪ੍ਰਭੂ ਦੇ ਗੁਣਾਂ ਰਾਹੀਂ ਭਗਤ ਮਾਇਆ ਦੇ ਭੋਗਾਂ ਵੱਲੋਂ ਰੱਜ ਜਾਂਦਾ ਹੈ, ਭਾਵ ਕਿ ਪ੍ਰਭੂ ਦੇ ਗੁਣਾਂਨੂੰ ਧਾਰਨ ਕਰ ਕੇ ਮਨੁੱਖ ਨੂੰ ਮਾਇਆ ਦੇ ਰੂਪਾਂ ਦੀ ਸਮਝ ਪੈ ਜਾਂਦੀ ਹੈ, ਮਾਇਆ ਦੇ ਮੋਹ ਕਾਰਨ ਮਿਲਣ ਵਾਲੀਆਂ ਪ੍ਰੇਸ਼ਾਨੀਆਂ ਦੀ ਸਮਝ ਆ ਜਾਂਦੀ ਹੈ ਤਾਂ ਮਨੁੱਖ ਮਾਇਆ ਵੱਲ ਨਹੀਂ ਭੱਜਦਾ, ਉਸਦਾ ਮਨ ਮਾਇਆ ਵਾਲੇ ਪਾਸਿਉਂ ਭਰ ਜਾਂਦਾ ਹੈ
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥
ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਬਾਹਰੀ ਰੰਗ-ਰੂਪ ਦੀ ਗੱਲ ਨਹੀਂ ਕੀਤੀ ਸਗੋਂ ਕਿਰਦਾਰ ਦੇ ਰੂਪ-ਰੰਗ ਦੀ ਗੱਲ ਕੀਤੀ ਹੈ, ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ, ਭਾਵ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਵਾਲਾ, ਸੁਚੱਜਾ ਮਨੁੱਖ ਬਣ ਜਾਂਦਾ ਹੈ, ਸੱਚ ਨਾਲ ਉਸਦਾ ਕਿਰਦਾਰ ਉੱਚਾ ਹੁੰਦਾ ਹੈ, ਉਹ ਵਿਕਾਰਾਂ ਵਿੱਚ ਘਿਰੇ ਮਨੁੱਖ ਨਾਲੋਂ ਆਤਮਿਕ (ਕਿਰਦਾਰ ਕਰ ਕੇ) ਤੌਰ ‘ਤੇ ਸੁਹਣਾ, ਸੁੰਘੜ ਬਣ ਜਾਂਦਾ ਹੈ ਅਤੇ ਪ੍ਰਭੂ ਗੁਣਾਂ ਦਾ ਅਤੇ ਉਸਦੀ ਸਿੱਖਿਆ ਦਾ ਧਾਰਨੀ ਹੋਣ ਕਰ ਕੇ, ਜੀਵਨ ਦੇ ਮਾਰਗ ‘ਤੇ ਚੱਲਦਿਆਂ ਉਸਦੇ ਰਾਹ ਵਿੱਚ ਵਿਕਾਰਾਂ ਦੀ ਕਦੇ ਕੋਈ ਰੁਕਾਵਟ (ਭੰਗੁ) ਨਹੀਂ ਪੈਂਦੀ, ਉਹ ਵਿਕਾਰਾਂ ਵੱਲੋਂ ਬਚਿਆ ਰਹਿੰਦਾ ਹੈ
ਹਰਿ ਕਾ ਨਾਮੁ ਜਨ ਕੀ ਵਡਿਆਈ ॥
ਹਰਿ ਕੈ ਨਾਮਿ ਜਨ ਸੋਭਾ ਪਾਈ ॥
ਪ੍ਰਭੂ ਦਾ ਨਾਮ ਭਾਵ ਕਿ ਉਸਦੇ ਗੁਣ ਹੀ ਭਗਤ ਦੀ ਵਡਿਆਈ ਹੈ, ਉਸਦੀ ਇੱਜ਼ਤ ਹੈ, ਗੁਣਾਂ ਕਾਰਨ ਹੀ ਮਨੁੱਖ ਸੰਸਾਰ ‘ਤੇ ਇੱਜ਼ਤ ਪਾਉਂਦਾ ਹੈ, ਪ੍ਰਮਾਤਮਾ ਦੇ ਗੁਣਾਂ ਦਾ ਧਾਰਨੀ ਹੋਣ ਕਰ ਕੇ ਸਾਰੇ ਉਸਦੀ ਸੋਭਾ ਕਰਦੇ ਹਨ
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥
ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥
ਪ੍ਰਮਾਤਮਾ ਦਾ ਨਾਮ ਭਾਵ ਕਿ ਉਸਦੀ ਸਿੱਖਿਆ, ਉਸਦੇ ਗੁਣ ਹੀ ਜੀਵ ਵਾਸਤੇ ਪ੍ਰਭੂ ਪ੍ਰਾਪਤੀ ਦਾ ਜੋਗ (-ਸਾਧਨ) ‘ਤੇ ਗ੍ਰਿਹਸਤੀ ਦਾ ਮਾਇਆ ਦਾ ਭੋਗ ਭਾਵ ਮਾਇਆ ਦੀ ਲਾਲਸਾ, ਮਾਇਆ ਦਾ ਸੰਗ ਹੈ ਪ੍ਰਭੂ ਦਾ ਨਾਮ ਜਪਦਿਆਂ ਭਾਵ ਕਿ ਉਸਦੀ ਸਿੱਖਿਆ ‘ਤੇ ਚੱਲਦਿਆਂ ਜੀਵ ਨੂੰ ਕੋਈ ਮਾਨਸਿਕ ਦੁੱਖ-ਕਲੇਸ ਨਹੀਂ ਹੁੰਦਾ, ਉਸਦਾ ਮਨ ਵਿਕਾਰਾਂ ਅਤੇ ਮਾਇਆ ਵੱਲੋਂ ਸੁਚੇਤ ਹੁੰਦਾ ਹੈ ਅਤੇ ਪ੍ਰਮਾਤਮਾ ਦੇ ਗੁਣਾਂ ਵਿੱਚ ਟਿਕਿਆ ਰਹਿੰਦਾ ਹੈ
ਜਨੁ ਰਾਤਾ ਹਰਿ ਨਾਮ ਕੀ ਸੇਵਾ ॥
ਨਾਨਕ ਪੂਜੈ ਹਰਿ ਹਰਿ ਦੇਵਾ ॥੬॥ {ਪੰਨਾ 264-265}
ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦਾ ਭਗਤ ਸਦਾ ਪ੍ਰਭੂ ਦੇ ਨਾਮ ਦੀ ਸੇਵਾ, ਉਸਦੇ ਸਿਮਰਨ ਵਿੱਚ ਮਸਤ ਰਹਿੰਦਾ ਹੈ, ਭਾਵ ਕਿ ਉਸਦੀ ਸਿੱਖਿਆ ਨੂੰ ਸਮਝਣ ਵਾਲੇ ਹਮੇਸ਼ਾ ਉਸਦੇ ਸਿਧਾਂਤ ਅਨੁਸਾਰ, ਉਸਦੀ ਸਿੱਖਿਆ ਅਨੁਸਾਰ ਜੀਵਨ ਮਾਰਗ ‘ਤੇ ਚੱਲਦੇ ਰਹਿੰਦੇ ਹਨ, ਉਹਨਾਂ ਨੂੰ ਕਿਸੇ ਵਿਕਾਰ ਦੀ ਪ੍ਰਵਾਹ ਨਹੀਂ, ਉਹ ਸੱਚ ਮਾਰਗ ‘ਤੇ ਮਸਤ ਹੋ ਕੇ ਚੱਲਦੇ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਹਮੇਸ਼ਾ ਉਸ ਅਕਾਲ-ਪੁਰਖ ਦੀ ਪੂਜਾ ਕਰਦਾ ਹਾਂ ਭਾਵ ਕਿ ਉਸਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹਾਂ, ਉਸਦੀ ਸਿੱਖਿਆ ‘ਤੇ ਚੱਲਦਾ ਹਾਂ
ਹਰਿ ਹਰਿ ਜਨ ਕੈ ਮਾਲੁ ਖਜੀਨਾ ॥
ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦਾ ਨਾਮ ਭਾਵ ਕਿ ਉਸਦੇ ਗੁਣ, ਉਸਦੀ ਸਿੱਖਿਆ ਹੀ ਉਸਦੇ ਭਗਤਾਂ ਦੇ ਲਈ ਧਨ-ਦੌਲਤ ਹੈ, ਖਜ਼ਾਨਾ ਹੈ ਅਤੇ ਇਹ ਗੁਣਾਂ ਰੂਪੀ ਖਜ਼ਾਨਾ ਪ੍ਰਭੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਸਦਕਾ ਹੀ ਮਿਲਦਾ ਹੈ
ਹਰਿ ਹਰਿ ਜਨ ਕੈ ਓਟ ਸਤਾਣੀ ॥
ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
ਪ੍ਰਮਾਤਮਾ ਦੇ ਗੁਣ ਅਤੇ ਸਿੱਖਿਆ ਹੀ ਜੀਵ ਵਾਸਤੇ ਮਜ਼ਬੂਤ (ਸਤਾਣੀ) ਆਸਰਾ (ਓਟ) ਹੈ, ਕਿਉਂਕਿ ਪ੍ਰਮਾਤਮਾ ਦੇ ਗੁਣਾਂ ਦਾ ਧਾਰਨੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਵਿਕਾਰ ਉਸਦੇ ਕਿਰਦਾਰ ਤੋਂ ਦੂਰ ਰਹਿੰਦੇ ਹਨ, ਇਹਨਾਂ ਗੁਣਾਂ ਅਤੇ ਸਿੱਖਿਆ ਦੇ ਆਸਰੇ ਕਰ ਕੇ ਭਗਤਾਂ ਨੇ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ ਭਾਵ ਕਿ ਉਹ ਕਿਸੇ ਹੋਰ ਦੇ ਮੁਥਾਜ ਨਹੀਂ, ਉਹ ‘ੴ’ ਤੋਂ ਬਿਨ੍ਹਾਂ ਕਿਸੇ ਹੋਰ ਦੇਵੀ-ਦੇਵਤੇ ਜਾਂ ਅਵਤਾਰਾਂ ਦੀ ਪੂਜਾ ਵਿੱਚ ਨਹੀਂ ਪੈਂਦੇ
ਓਤਿ ਪੋਤਿ ਜਨ ਹਰਿ ਰਸਿ ਰਾਤੇ ॥
ਸੁੰਨ ਸਮਾਧਿ ਨਾਮ ਰਸ ਮਾਤੇ ॥
ਪ੍ਰਮਾਤਮਾ ਦੇ ਗੁਣਾਂ ਦੇ ਭਗਤ ਉਸਦੇ ਗੁਣਾਂ ਨਾਲ ਹਰ ਪਾਸਿਉਂ (ਓਤਿ ਪੋਤਿ) ਭਰਪੂਰ ਰਹਿੰਦੇ ਹਨ, ਉਹਨਾਂ ਦੇ ਜੀਵਨ ਵਿੱਚ ਗੁਣ ਹੀ ਗੁਣ ਹੁੰਦੇ ਹਨ ਜਿਸ ਕਾਰਨ ਉਹ ਨਾਮ-ਰਸ ਭਾਵ ਗੁਣਾਂ ਨਾਲ ਭਰੇ (ਮਾਤੇ) ਹੋਏ ਦੇ ਉਸ ਮਾਨਸਿਕ ਸ਼ਾਂਤੀ ਨੂੰ ਮਾਣਦੇ ਹਨ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ, ਜਿੱਥੇ ਕੋਈ ਵਿਕਾਰੀ ਵਿਚਾਰ ਮਨ ਵਿੱਚ ਨਹੀਂ ਆਉਂਦਾ, ਜਿੱਥੇ ਮਾਇਆ ਦੀ ਖਿੱਚ ਨਹੀਂ ਹੁੰਦੀ
ਆਠ ਪਹਰ ਜਨੁ ਹਰਿ ਹਰਿ ਜਪੈ ॥
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
ਪ੍ਰਮਾਤਮਾ ਦੇ ਗੁਣਾਂ ਨੂੰ ਧਾਰ ਕੇ ਪ੍ਰਮਾਤਮਾ ਰੂਪੀ ਹੋਏ ਜੀਵ ਹਰ ਪਲ, ਅੱਠੇ ਪਹਿਰ ਉਸਦੇ ਗੁਣ ਗਾਉਂਦੇ ਹਨ, ਉਸਦੀ ਸਿੱਖਿਆ ਅਨੁਸਾਰ ਜੀਵਨ ਜਿਉਂਦੇ ਹਨ, ਇਸ ਤਰ੍ਹਾਂ ਉਸਦੇ ਭਗਤਾਂ ਦੀ ਪਹਿਚਾਣ ਗੁਣਾਂ ਕਾਰਨ ਹੁੰਦੀ ਹੈ, ਇਹ ਗੁਣ ਕਿਸੇ ਤੋਂ ਲੁਕੇ ਨਹੀਂ ਰਹਿੰਦੇ, ਗੁਣਾਂ ਕਾਰਨ ਮਨੁੱਖ ਸੰਸਾਰ ਵਿੱਚ ਪਹਿਚਾਣਿਆ ਜਾਂਦਾ ਹੈ
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥
ਨਾਨਕ ਜਨ ਸੰਗਿ ਕੇਤੇ ਤਰੇ ॥੭॥ {ਪੰਨਾ 265}
ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਦੀ ਭਗਤੀ ਭਾਵ ਉਸਦੀ ਸਿੱਖਿਆ, ਉਸਦੇ ਗੁਣ ਬੇਅੰਤ ਜੀਵਾਂ ਨੂੰ ਵਿਕਾਰਾਂ ਤੋਂ ਛੁਟਕਾਰਾ ਦਿਵਾਉਂਦੇ ਹਨ ਹੇ ਨਾਨਕ! ਭਗਤ ਦੀ ਸੰਗਤ ਵਿੱਚ ਕਈ ਹੋਰ ਵੀ ਤਰ ਜਾਂਦੇ ਹਨ ਭਾਵ ਕਿ ਪ੍ਰਮਾਤਮਾ ਦੇ ਗੁਣਾਂ ਦੇ ਧਾਰਨੀ ਜੀਵ ਦੀ ਸੰਗਤ ਨਾਲ, ਉਸਦੇ ਸਾਥ ਨਾਲ ਕਈ ਜੀਵ ਵਿਕਾਰਾਂ ਤੋਂ ਸੁਚੇਤ ਹੋ ਕੇ ਗੁਣਾਂ ਵਾਲੇ ਬਣ ਜਾਂਦੇ ਹਨ, ਵਿਕਾਰਾਂ ਤੋਂ ਬਚ ਜਾਂਦੇ ਹਨ7
ਪਾਰਜਾਤੁ ਇਹੁ ਹਰਿ ਕੋ ਨਾਮ ॥
ਕਾਮਧੇਨ ਹਰਿ ਹਰਿ ਗੁਣ ਗਾਮ ॥
 ਗੁਰੂ ਸਾਹਿਬ ਆਕਦੇ ਹਨ ਕਿ ਪ੍ਰਭੂ ਦਾ ਇਹ ਨਾਮ ਭਾਵ ਕਿ ਉਸਦੇ ਗੁਣ ਹੀ ਜੀਵ ਵਾਸਤੇ ‘ਪਾਰਜਾਤ’ ਰੁੱਖ ਹੈ, (ਹਿੰਦੂ ਧਰਮ ਅਨੁਸਾਰ ਮੰਨੇ ਜਾਂਦੇ ਸੁਰਗ ਦੇ ਪੰਜ ਰੁੱਖਾਂ ਵਿੱਚੋਂ ਇੱਕ ਦਾ ਨਾਮ ‘ਪਾਰਜਾਤ’ ਹੈ, ਇਸ ਬਾਰੇ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇਹ ਹਰੇਕ ਮਨੋ-ਕਾਮਨਾ ਪੂਰੀ ਕਰਦਾ ਹੈ) ਅਤੇ ਇਹ ਗੁਣ ਹੀ ਇੱਛਵਾਂ ਪੂਰੀਆਂ ਕਰਨ ਵਾਲੀ ਗਾਂ ‘ਕਾਮਧੇਨ’ ਹੈ (ਕਾਮਧੇਨ- ਹਿੰਦੂ ਧਰਮ ਅਨੁਸਾਰ ਸੁਰਗ ਦੀ ਗਾਂ ਜੋ ਹਰੇਕ ਮਨੋ-ਕਾਮਨਾ ਪੂਰੀ ਕਰਦੀ ਹੈ)
ਸਭ ਤੇ ਊਤਮ ਹਰਿ ਕੀ ਕਥਾ ॥
ਨਾਮੁ ਸੁਨਤ ਦਰਦ ਦੁਖ ਲਥਾ ॥
ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੋਰ ਸਭ ਗੱਲਾਂ ਤੋਂ ਚੰਗੀਆਂ ਹਨ ਭਾਵ ਕਿ ਉਸਦੇ ਗੁਣਾਂ ਦੀਆਂ ਗੱਲਾਂ ਅਤੇ ਉਹਨਾਂ ਨੂੰ ਧਾਰਨ ਕਰਨਾ ਹੀ ਸਾਰੇ ਕੰਮਾਂ ਨਾਲੋਂ ਉੱਤਮ ਹੈ, ਇਹਨਾਂ ਗੁਣਾਂ ਨੂੰ ਧਾਰ ਕੇ ਜੀਵ ਦੇ ਸਾਰੇ ਮਾਨਸਿਕ ਦੁੱਖ-ਦਰਦ ਲਹਿ ਜਾਂਦੇ ਹਨ
ਨਾਮ ਕੀ ਮਹਿਮਾ ਸੰਤ ਰਿਦ ਵਸੈ ॥
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥
ਪ੍ਰਭੂ ਦੇ ਨਾਮ ਦੀ ਵਡਿਆਈ ਭਾਵ ਕਿ ਉਸਦੇ ਗੁਣ ਅਤੇ ਸਿੱਖਿਆ ਸੰਤਾਂ ਭਾਵ ਕਿ ਉਸਨੂੰ ਮੰਨਣ ਵਾਲਿਆਂ ਦੇ ਹਿਰਦੇ ਵਿੱਚ, ਮਨ ਵਿੱਚ ਵੱਸਦੀ ਹੈ ਅਤੇ ਇਹਨਾਂ ਗੁਣਾਂ ਰੂਪੀ ਸੰਤਾਂ ਦੀ ਮਿਹਰ ਨਾਲ ਸਾਰਾ ਪਾਪ ਭਾਵ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ
ਸੰਤ ਕਾ ਸੰਗੁ ਵਡਭਾਗੀ ਪਾਈਐ ॥
ਸੰਤ ਕੀ ਸੇਵਾ ਨਾਮੁ ਧਿਆਈਐ ॥
ਪ੍ਰਮਾਤਮਾ ਦੇ ਗੁਣਾਂ ਦੀ ਪ੍ਰਾਪਤੀ ਚੰਗੇ ਉੱਦਮ (ਵਡਭਾਗੀ) ਨਾਲ ਹੀ ਹੁੰਦੀ ਹੈ ਅਤੇ ਪ੍ਰਮਾਤਮਾ ਦੀ ਸੇਵਾ ਉਸਦੇ ਗੁਣ ਗਾਉਣ ਭਾਵ ਕਿ ਉਸਦੇ ਗੁਣਾਂ ਨੂੰ ਧਾਰਨ ਕਰਨ ਵਿੱਚ ਹੀ ਹੈ।
ਨਾਮ ਤੁਲਿ ਕਛੁ ਅਵਰੁ ਨ ਹੋਇ ॥
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥ {ਪੰਨਾ 265}
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਪ੍ਰਭੂ-ਨਾਮ ਭਾਵ ਕਿ ਪ੍ਰਮਾਤਮਾ ਦੇ ਗੁਣਾਂ ਅਤੇ ਉਸਦੀ ਸਿੱਖਿਆ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਹੈ, ਉਸਦੇ ਗੁਣ ਹੀ ਸਭ ਨਾਲੋਂ ਉੱਤਮ ਹਨ ਅਤੇ ਇਹਨਾਂ ਗੁਣਾਂ ਦੀ ਦਾਤ ਕੋਈ ਵਿਰਲਾ ਹੀ ਪ੍ਰਾਪਤ ਕਰ ਸਕਦਾ ਹੈ, ਭਾਵ ਕਿ ਉਹੀ ਪ੍ਰਾਪਤ ਕਰ ਸਕਦਾ ਹੈ ਜਿਸਨੇ ਪ੍ਰਮਾਤਮਾ ਦੀ ਸਿੱਖਿਆ ਨੂੰ ਸਮਝ ਕੇ ਉਸ ਅਨੁਸਾਰ ਚੱਲਣ ਦਾ ਨਿਸ਼ਚਾ ਕਰ ਲਿਆ॥8॥2॥
ਭੁੱਲ-ਚੁੱਕ ਦੀ ਖਿਮਾਂ,
ਸਤਿੰਦਜੀਤ ਸਿੰਘ
{ਨੋਟ: 1. ਇਸ ਅਸਟਪਦੀ ਵਿੱਚ ‘ਨਾਮ’ ਸ਼ਬਦ ਦਾ ਭਾਵ ਪ੍ਰਮਾਤਮਾ ਦੇ ਗੁਣਾਂ ਅਤੇ ਉਹਨਾਂ ਗੁਣਾਂ ਤੋਂ ਮਿਲਦੀ ਸਿੱਖਿਆ ਤੋਂ ਲੈਣਾ ਹੈ, ਨਾ ਕਿ ਕਿਸੇ ਖਾਸ ਸ਼ਬਦ ਦੇ ਲਗਤਾਰ ਉਚਾਰਨ ਤੋਂ

2.ਸੁਖਮਨੀ ਸਾਹਿਬ ਦੇ ਸਰਲ ਸ਼ਬਦਾਂ ਵਿੱਚ ਅਰਥ ਕਰਨ ਦੀ ਇਹ ਆਪਣੀ ਤੁੱਛ ਬੁੱਧੀ ਅਨੁਸਾਰ ਕੋਸ਼ਿਸ਼ ਹੈ, ਕੋਈ ਵੀ ਪਾਠਕ ਗੁਰਮਤਿ ਦੀ ਰੌਸ਼ਨੀ ਵਿੱਚ ਸੁਝਾਅ ਦੇਵੇਗਾ ਤਾਂ ਉਸਦਾ ਸਵਾਗਤ ਹੈ।}