ਸਤਿੰਦਰਜੀਤ ਸਿੰਘ
ਸਲੋਕੁ
॥
ਦੇਨਹਾਰੁ
ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
ਨਾਨਕ
ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥ {ਪੰਨਾ 268}
ਗੁਰੂ ਅਰਜਨ ਸਾਹਿਬ ਆਖ ਰਹੇ ਹਨ ਕਿ ਕਿ ਮਨੁੱਖ, ਸਾਰੀਆਂ
ਦਾਤਾਂ ਦੇਣ ਵਾਲੇ ਕੁਦਰਤ ਰੂਪੀ ਪ੍ਰਮਾਤਮਾ, ਸਾਰੇ ਸੁੱਖ ਦੇਣ ਵਾਲੇ ਗੁਣਾਂ ਰੂਪੀ ਪ੍ਰਮਾਤਮਾ ਨੂੰ
ਛੱਡ ਕੇ ਮਾਇਆ ਵਰਗੇ ਵਿਕਾਰਾਂ ਦੇ ਪਿੱਛੇ ਭੱਜਦਾ ਰਹਿੰਦਾ ਹੈ ਜਿਸ ਕਾਰਨ ਉਹ ਜੀਵਨ ਵਿੱਚ ਅਸੰਤੁਸ਼ਟ
ਰਹਿੰਦਾ ਹੈ, ਸੰਤੁਸ਼ਟੀ ਪਾਉਣ ਵਿੱਚ ਸਫਲ (ਸੀਝਈ) ਨਹੀਂ ਹੁੰਦਾ ਅਤੇ ਗੁਣਾਂ ਤੋਂ ਬਿਨ੍ਹਾਂ ਸੰਸਾਰ
ਵਿੱਚ ਇੱਜ਼ਤ ਗਵਾ ਲੈਂਦਾ ਹੈ।
ਅਸਟਪਦੀ
॥
ਦਸ
ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਗੁਰੂ ਸਾਹਿਬ ਆਖ ਰਹੇ ਹਨ ਕਿ ਮਨੁੱਖ
ਕੁਦਰਤ ਰੂਪੀ ਪ੍ਰਮਾਤਮਾ ਤੋਂ ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ ਪਰ ਇੱਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ (ਬਿਖੋਟਿ) ਗਵਾ
ਲੈਂਦਾ ਹੈ ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜਿਹੜੀ ਨਹੀਂ ਮਿਲੀ
ਉਸ ਦਾ ਗਿਲਾ ਕਰਦਾ ਰਹਿੰਦਾ ਹੈ।
ਏਕ
ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ ॥
ਭਾਵ ਕਿ ਜੇ ਕੁਦਰਤ ਰੂਪ ਪ੍ਰਮਾਤਮਾ ਇੱਕ
ਚੀਜ਼ ਵੀ ਨਾ ਦੇਵੇ ‘ਤੇ, ਦਸ ਦਿੱਤੀਆਂ ਹੋਈਆਂ ਵੀ ਖੋਹ ਲਵੇ, ਤਾਂ ਦੱਸੋ ਇਹ ਮੂਰਖ ਜੀਵ ਕੀ ਕਰ ਸਕਦਾ ਹੈ?
ਜਿਸੁ
ਠਾਕੁਰ ਸਿਉ ਨਾਹੀ ਚਾਰਾ ॥ ਤਾ ਕਉ ਕੀਜੈ ਸਦ ਨਮਸਕਾਰਾ ॥
ਜਿਸ ‘ਮਾਲਕ’ ਦੇ ਅੱਗੇ ਪੇਸ਼
ਨਹੀਂ ਜਾ ਸਕਦੀ, ਉਸ ਦੇ ਅੱਗੇ ਸਦਾ
ਸਿਰ ਨਿਵਾਉਣਾ ਚਾਹੀਦਾ ਹੈ, ਭਾਵ ਕਿ ਜਿਸ ਕੁਦਰਤ ਪ੍ਰਮਾਤਮਾ ਦੇ ਚੱਕਰ ਅੱਗੇ ਮਨੁੱਖ
ਕੁੱਝ ਨਹੀਂ ਕਰ ਸਕਦਾ, ਉਸ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ, ਕੁਦਰਤ ਚੱਕਰ ਨੂੰ ਬਿਗਾੜਨ ਵਾਲੀਆਂ
ਕਿਰਿਆਵਾਂ ਨਹੀਂ ਕਰਨੀਆਂ ਚਾਹੀਦੀਆਂ।
ਜਾ
ਕੈ ਮਨਿ ਲਾਗਾ ਪ੍ਰਭੁ ਮੀਠਾ ॥ ਸਰਬ ਸੂਖ ਤਾਹੂ ਮਨਿ ਵੂਠਾ ॥
ਕਿਉਂਕਿ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ, ਸਾਰੇ ਸੁੱਖ ਉਸ ਦੇ
ਹਿਰਦੇ ਵਿੱਚ ਆ ਵੱਸਦੇ (ਵੂਠਾ) ਹਨ ਭਾਵ ਕਿ ਜਿਸ ਮਨੁੱਖ ਨੇ ਕੁਦਰਤ ਦੇ ਨਿਯਮਾਂ ਨੂੰ ਸਮਝ ਲਿਆ,
ਇਸ ਸੱਚ ਨੂੰ ਮਨ ਵਿੱਚ ਵਸਾ ਲਿਆ, ਉਹ ਕੁਦਰਤ ਅਨੁਸਾਰ ਜੀਵਨ ਜਿਉਣ ਲੱਗ ਪਿਆ ਤਾਂ ਸਾਰੇ ਸੁੱਖ ਉਸ
ਨੂੰ ਮਿਲ ਜਾਣਗੇ, ਉਹ ਮਾਨਸਿਕ ਸੰਤੁਸ਼ਟੀ ਵਿੱਚ ਸੁੱਖ ਮਹਿਸੂਸ ਕਰਨ ਲੱਗੇਗਾ।
ਜਿਸੁ
ਜਨ ਅਪਨਾ ਹੁਕਮੁ ਮਨਾਇਆ ॥
ਸਰਬ
ਥੋਕ ਨਾਨਕ ਤਿਨਿ ਪਾਇਆ ॥੧॥ {ਪੰਨਾ 268}
ਅੱਗੇ ਗੁਰੂ ਸਾਹਿਬ ਆਖ ਰਹੇ
ਹਨ ਕਿ ਹੇ ਨਾਨਕ! ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ, ਦੁਨੀਆਂ ਦੇ ਸਾਰੇ
ਪਦਾਰਥ (ਥੋਕ) ਮਾਨੋ ਉਸ ਨੇ ਲੱਭ ਲਏ ਹਨ ਭਾਵ ਕਿ ਜਿਸ ਮਨੁੱਖ ਦੇ ਮਨ ਵਿੱਚ ਕੁਦਰਤੀ ਸਿਧਾਂਤ ਵਸ ਗਿਆ,
ਜੋ ਮਨੁੱਖ ਕੁਦਰਤੀ ਨਿਯਮਾਂ ਅਨੁਸਾਰ ਜੀਵਨ ਜਿਉਣ ਲੱਗ ਜਾਂਦਾ ਹੈ, ਸਮਝੋ ਉਹ ਸਾਰੇ ਸੁੱਖ ਪ੍ਰਾਪਤ
ਕਰ ਲੈਂਦਾ ਹੈ, ਉਹ ਮਾਨਸਿਕ ਸੰਤੁਸ਼ਟੀ ਪਾ ਲੈਂਦਾ ਹੈ।1।
ਅਗਨਤ
ਸਾਹੁ ਅਪਨੀ ਦੇ ਰਾਸਿ ॥ ਖਾਤ ਪੀਤ ਬਰਤੈ ਅਨਦ ਉਲਾਸਿ ॥
ਗੁਰੂ ਸਾਹਿਬ ਆਖ ਰਹੇ ਹਨ ਕਿ
ਉਹ ਸਭ ਵਸਤਾਂ ਦਾ ਮਾਲਕ (ਸਾਹੁ) ਪ੍ਰਮਾਤਮਾ,ਕੁਦਰਤ
ਰੂਪੀ ਦਾਤਾ ਅਣਗਿਣਤ ਪਦਾਰਥਾਂ ਦੀ ਪੂੰਜੀ ਜੀਵ ਨੂੰ ਦਿੰਦਾ ਹੈ, ਜੀਵ ਖਾਂਦਾ-ਪੀਂਦਾ
ਹੈ, ਚਾਉ ‘ਤੇ ਖ਼ੁਸ਼ੀ ਨਾਲ ਇਹਨਾਂ ਪਦਾਰਥਾਂ ਨੂੰ ਵਰਤਦਾ ਹੈ।
ਅਪੁਨੀ
ਅਮਾਨ ਕਛੁ ਬਹੁਰਿ ਸਾਹੁ ਲੇਇ ॥ ਅਗਿਆਨੀ ਮਨਿ ਰੋਸੁ ਕਰੇਇ ॥
ਅਤੇ ਜੇ ਉਹ ਦਾਤਾ (ਸਾਹੁ) ਆਪਣੀ
ਕੋਈ ਅਮਾਨਤ ਵਾਪਸ ਲੈ ਲਵੇ ਤਾਂ ਇਹ ਅਗਿਆਨੀ ਜੀਵ ਮਨ ਵਿੱਚ ਰੋਸਾ ਕਰਦਾ ਹੈ ਭਾਵ ਕਿ ਜਦੋਂ ਕਦੇ
ਮਨੁੱਖ ਨੂੰ ਮਿਲੀ ਕੋਈ ਦੁਨਿਆਵੀ ਖੁਸ਼ੀ ਤੋਂ ਕੁੱਝ ਸਮੇਂ ਬਾਅਦ ਕੋਈ ਦੁੱਖ ਆ ਜਾਵੇ ਤਾਂ ਮਨੁੱਖ ਮਨ
ਵਿੱਚ ਪ੍ਰਮਾਤਮਾ ਪ੍ਰਤੀ ਰੋਸ ਕਰਦਾ ਹੈ।
ਅਪਨੀ
ਪਰਤੀਤਿ ਆਪ ਹੀ ਖੋਵੈ ॥ ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
ਇਸ ਤਰ੍ਹਾਂ ਇਹ ਜੀਵ ਆਪਣਾ
ਇਤਬਾਰ ਆਪ ਹੀ ਗਵਾ ਲੈਂਦਾ ਹੈ ‘ਤੇ ਮੁੜ ਇਸ ਦਾ ਭਰੋਸਾ ਨਹੀਂ ਕੀਤਾ ਜਾਂਦਾ ਭਾਵ ਕਿ ਜੋ ਮਨੁੱਖ ਕੁਦਰਤ ਨੂੰ, ਪ੍ਰਮਾਤਮਾ ਨੂੰ
ਹੀ ਬੁਰਾ ਆਕਣ ਲੱਗ ਜਾਵੇ, ਦੁਨੀਆ ਉਸਦਾ ਭਰੋਸਾ ਨਹੀਂ ਕਰਦੀ।
ਜਿਸ
ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥
ਗੁਰੂ ਸਾਹਿਬ ਆਖ ਰਹੇ ਹਨ ਕਿ
ਜੇ ਮਨੁੱਖ ਕਿਸੇ ਦੂਸਰੇ ਦਾ ਹੱਕ ਨਾ ਮਾਰੇ, ਦੂਸਰੇ ਦਾ ਹੱਕ ਉਸ ਅੱਗੇ ਖੁਸ਼ੀ ਨਾਲ ਰੱਖ ਦਵੇ ਤਾਂ
ਸਮਝੋ ਉਸਨੇ ਪ੍ਰਮਾਤਮਾ ਦੀ ਸਿੱਖਿਆ ਨੂੰ ਮੰਨ ਲਿਆ, ਉਸਦੇ ਹੁਕਮ ਨੂੰ ਮੰਨ ਲਿਆ।
ਉਸ
ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥੨॥ {ਪੰਨਾ 268}
ਤਾਂ ਪ੍ਰਭੂ ਉਸ ਨੂੰ ਅੱਗੇ
ਨਾਲੋਂ ਚਉਗੁਣਾ ਨਿਹਾਲ ਕਰਦਾ ਹੈ। ਹੇ ਨਾਨਕ! ਮਾਲਕ ਸਦਾ ਮਿਹਰ ਕਰਨ ਵਾਲਾ ਹੈ ਭਾਵ ਕਿ ਮਨੁੱਖ ਦੇ
ਮਨ ਵਿੱਚ ਸੰਤੁਸ਼ਟੀ ਬਣੀ ਰਹਿੰਦੀ ਹੈ, ਉਹ ਪਦਾਰਥਾਂ ਵੱਲੋਂ ਰੱਜਿਆ ਰਹਿੰਦਾ ਹੈ ।2।
ਅਨਿਕ
ਭਾਤਿ ਮਾਇਆ ਕੇ ਹੇਤ ॥ ਸਰਪਰ ਹੋਵਤ ਜਾਨੁ ਅਨੇਤ ॥
ਗੁਰੂ ਸਾਹਿਬ ਆਖ ਰਹੇ ਹਨ ਕਿ ਮਾਇਆ
ਦੇ ਪਿਆਰ (ਹੇਤ) ਅਨੇਕਾਂ ਕਿਸਮਾਂ (ਭਾਤਿ) ਦੇ ਹਨ ਭਾਵ ਮਾਇਆ ਦੇ ਅਨੇਕਾਂ
ਸੋਹਣੇ ਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ, ਪਰ ਇਹ ਸਾਰੇ ਅੰਤ (ਸਰਪਰ) ਨੂੰ ਨਾਸ (ਅਨੇਤ) ਹੋ ਜਾਣ ਵਾਲੇ ਸਮਝੋ।
ਬਿਰਖ
ਕੀ ਛਾਇਆ ਸਿਉ ਰੰਗੁ ਲਾਵੈ ॥ ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਜਦੋਂ ਮਨੁੱਖ ਰੁੱਖ ਦੀ ਛਾਂ ਨਾਲ
ਪਿਆਰ (ਰੰਗੁ) ਪਾ ਲੈਂਦਾ ਹੈ ਤਾਂ ਉਹ ਛਾਂ ਦੇ ਨਾਸ ਹੋ ਜਾਣ ‘ਤੇ ਪਛਤਾਉਂਦਾ ਹੈ ਭਾਵ ਕਿ ਜਦੋਂ ਮਨੁੱਖ ਕਰਤੇ ਨੂੰ ਛੱਡ ਕਿ
ਉਸਦੀ ਕਿਰਤ ਨਾਲ ਸਾਂਝ ਬਣਾ ਲੈਂਦਾ ਹੈ ਤਾਂ ਕਿਰਤ ਦੇ ਨਾਸ ਹੋ ਜਾਣ ‘ਤੇ ਪਛਤਾਉਂਦਾ ਹੈ, ਦੁਖੀ
ਹੁੰਦਾ ਹੈ।
ਜੋ
ਦੀਸੈ ਸੋ ਚਾਲਨਹਾਰੁ ॥ ਲਪਟਿ ਰਹਿਓ ਤਹ ਅੰਧ ਅੰਧਾਰੁ ॥
ਇਹ ਸਾਰਾ ਸੰਸਾਰ ਜੋ ਦਿੱਸ
ਰਿਹਾ ਹੈ, ਨਾਸਵੰਤ ਹੈ, ਇਹ ਸਭ ਖਤਮ ਹੋ ਜਾਣ ਵਾਲਾ ਹੈ, ਇਸ ਨਸਾਵੰਤ ਜਗਤ
ਨਾਲ ਅੰਨ੍ਹਿਆਂ ਦਾ ਅੰਨ੍ਹਾ ਜੀਵ ਜੱਫਾ ਪਾਈ ਬੈਠਾ ਹੈ, ਨਾਸਵੰਤ ਪਦਾਰਥਾਂ ਨਾਲ ਮੋਹ ਪਾਈ ਬੈਠਾ ਹੈ।
ਬਟਾਊ
ਸਿਉ ਜੋ ਲਾਵੈ ਨੇਹ ॥ ਤਾ ਕਉ ਹਾਥਿ ਨ ਆਵੈ ਕੇਹ ॥
ਜਿਹੜਾ ਵੀ ਮਨੁੱਖ ਕਿਸੇ ਮੁਸਾਫਿਰ
(ਬਟਾਊ) ਨਾਲ ਪਿਆਰ (ਨੇਹ) ਪਾ ਲੈਂਦਾ ਹੈ, ਅੰਤ ਨੂੰ ਉਸ ਦੇ ਹੱਥ ਪੱਲੇ ਕੁੱਝ ਨਹੀਂ ਪੈਂਦਾ ਭਾਵ ਕਿ ਜਿਸ ਨੇ ਅੱਗੇ
ਚਲੇ ਜਾਣਾ ਹੈ, ਰੁਕਣਾ ਨਹੀਂ ਉਸ ਨਾਲ ਮੋਹ ਪਾਉਣ ਦਾ ਕੋਈ ਲਾਭ ਨਹੀਂ।
ਮਨ
ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
ਕਰਿ
ਕਿਰਪਾ ਨਾਨਕ ਆਪਿ ਲਏ ਲਾਈ ॥੩॥ {ਪੰਨਾ 268}
ਗੁਰੂ ਸਾਹਿਬ ਸਮਝਾ ਰਹੇ ਹਨ
ਕਿ ਹੇ ਮਨ! ਪ੍ਰਭੂ ਦੇ ਨਾਮ ਦਾ ਪਿਆਰ ਹੀ ਸੁੱਖ ਦੇਣ ਵਾਲਾ ਹੈ ਭਾਵ ਕਿ ਸੱਚ ਰੂਪ ਪ੍ਰਮਾਤਮਾ ਨਾਲ ਸਾਂਝ ਹੀਂ ਸੁੱਖ ਦੇਣ
ਵਾਲੀ ਹੈ, ਇਹ ਸਾਂਝ ਤਦ ਹੀ ਸੰਭਵ ਹੈ ਜਦ ਮਨੁੱਖ ਇਸ ਸੱਚ ਦਾ ਧਾਰਨੀ ਹੋਣ ਦਾ ਨਿਸਚਾ ਕਰ ਕੇ ਜੀਵਨ
ਵਿੱਚ ਸੱਚੇ ਗੁਣ ਧਾਰ ਲੈਂਦਾ ਹੈ ।3।
ਮਿਥਿਆ
ਤਨੁ ਧਨੁ ਕੁਟੰਬੁ ਸਬਾਇਆ ॥ ਮਿਥਿਆ ਹਉਮੈ ਮਮਤਾ ਮਾਇਆ ॥
ਗੁਰੂ ਸਾਹਿਬ ਆਖ ਰਹੇ ਹਨ ਕਿ ਜਦ
ਇਹ ਸਰੀਰ (ਤਨੁ), ਧਨ ‘ਤੇ ਸਾਰਾ
(ਸਬਾਇਆ) ਪਰਿਵਾਰ (ਕੁਟੰਬੁ) ਝੂਠਾ (ਮਿਥਿਆ) ਭਾਵ ਨਾਸ ਹੋਣ ਵਾਲਾ ਹੈ, ਤਾਂ ਮਾਇਆ ਦੇ ਮਾਲਕ ਹੋਣ ਦਾ ਭਾਵ ‘ਤੇ ਵੱਡੇ ਪਰਿਵਾਰ
ਅਤੇ ਦੌਲਤ ਕਾਰਨ ਹਉਮੈ ਦਾ ਭਾਵ ਵੀ ਝੂਠਾ ਹੈ।
ਮਿਥਿਆ
ਰਾਜ ਜੋਬਨ ਧਨ ਮਾਲ ॥ ਮਿਥਿਆ ਕਾਮ ਕ੍ਰੋਧ ਬਿਕਰਾਲ ॥
ਰਾਜ, ਜੁਆਨੀ (ਜੋਬਨ) ‘ਤੇ
ਧਨ-ਮਾਲ ਸਭ ਨਾਸਵੰਤ ਹਨ, ਇਸ ਲਈ ਇਹਨਾਂ ਦੇ
ਕਾਰਣ ਕਾਮ ਦੀ ਲਹਿਰ ‘ਤੇ ਭਿਆਨਕ ਕ੍ਰੋਧ ਵੀ ਵਿਅਰਥ ਹਨ।
ਮਿਥਿਆ
ਰਥ ਹਸਤੀ ਅਸ੍ਵ ਬਸਤ੍ਰਾ ॥ ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
ਗੁਰੂ ਸਾਹਿਬ ਉਸ ਸਮੇਂ ਅਮੀਰ
ਹੋਣ ਦੀਆਂ ਨਿਸ਼ਾਨੀਆਂ ਬਾਰੇ ਆਖ ਰਹੇ ਹਨ ਕਿ ਰਥ, ਹਾਥੀ (ਹਸਤੀ), ਘੋੜੇ (ਅਸ੍ਵ) ‘ਤੇ ਸੁੰਦਰ ਕੱਪੜੇ ਸਦਾ ਰਹਿਣ ਵਾਲੇ ਨਹੀਂ ਹਨ, ਇਸ ਸਾਰੀ ਮਾਇਆ ਨੂੰ, ਸਾਰੇ ਪਦਾਰਥਾਂ ਨੂੰ ਪਿਆਰ ਨਾਲ ਵੇਖ ਕੇ ਜੀਵ
ਹੱਸਦਾ ਹੈ, ਖੁਸ਼ ਹੁੰਦਾ ਹੈ ਪਰ ਇਹ ਹਾਸਾ ‘ਤੇ
ਮਾਣ ਵੀ ਵਿਅਰਥ ਹੈ, ਗੁਣਾਂ ਤੋਂ ਬਿਨ੍ਹਾਂ ਇਹ ਪਦਾਰਥ ਕਿਸੇ ਕੰਮ ਨਹੀਂ।
ਮਿਥਿਆ
ਧ੍ਰੋਹ ਮੋਹ ਅਭਿਮਾਨੁ ॥ ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
ਧੋਖਾ (ਧ੍ਰੋਹ), ਮੋਹ ‘ਤੇ ਅਹੰਕਾਰ ਇਹ
ਸਾਰੇ ਮਨ ਦੇ ਭਾਵ ਹਨ ਵੀ ਵਿਅਰਥ ਹਨ, ਆਪਣੇ ਉੱਤੇ ਮਾਣ ਕਰਨਾ ਭੀ ਕਿਸੇ ਕੰਮ ਨਹੀਂ ਹੈ।
ਅਸਥਿਰੁ
ਭਗਤਿ ਸਾਧ ਕੀ ਸਰਨ ॥
ਨਾਨਕ
ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥ {ਪੰਨਾ 268}
ਗੁਰੂ ਸਾਹਿਬ ਸਮਝਾ ਰਹੇ ਹਨ ਕਿ ਪ੍ਰਭੂ ਦੀ ਭਗਤੀ ਭਾਵ
ਕਿ ਉਸਦੇ ਸੱਚੇ ਗੁਣਾਂ ਨੂੰ ਧਾਰਨ ਕਰਨਾ ਹੀ ਅਸਲ ਕਮਾਈ ਹੈ, ਗੁਣ ਹੀ ਹਮੇਸ਼ਾ ਨਾਲ ਰਹਿੰਦੇ ਹਨ, ਜੋ
ਕਿ ਚੰਗੀ ਸੰਗਤ ਵਿੱਚ ਰਹਿ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ, ਜੀਵ ਪ੍ਰਮਾਤਮਾ ਦੇ ਗੁਣਾਂ ਰੂਪੀ
ਚਰਨਾਂ ਨਾਲ ਜੁੜ ਕੇ ਹੀ ਸਚਿਆਰਾ ਜੀਵਨ ਬਤੀਤ ਕਰ ਸਕਦਾ ਹੈ।4।
ਮਿਥਿਆ
ਸ੍ਰਵਨ ਪਰ ਨਿੰਦਾ ਸੁਨਹਿ ॥ ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
ਗੁਰੂ ਸਾਹਿਬ ਆਖ ਰਹੇ ਹਨ ਕਿ
ਉਹ ਕੰਨ (ਸ੍ਰਵਨ) ਵਿਅਰਥ (ਮਿਥਿਆ) ਹਨ ਜੋ ਪਰਾਈ ਨਿੰਦਿਆ ਸੁਣਦੇ ਰਹਿੰਦੇ ਹਨ, ਉਹ ਹੱਥ (ਹਸਤ) ਵੀ ਵਿਅਰਥ ਹਨ ਜੋ ਪਰਾਏ ਧਨ (ਹਿਰਹਿ) ਨੂੰ
ਚੁਰਾਉਂਦੇ (ਹਿਰਹਿ) ਹਨ ਭਾਵ ਕਿ ਜਿਹੜੇ ਜੀਵ ਦੂਸਰੇ ਦੀਆਂ ਬੁਰਾਈਆਂ ਅਤੇ ਨਿੰਦਿਆਂ ਸੁਣ-ਸੁਣ ਕੇ
ਸਵਾਦ ਲੈਂਦੇ ਹਨ ਅਤੇ ਕਿਸੇ ਦੂਸਰੇ ਦਾ ਧਨ ਗਲਤ ਤਰੀਕੇ ਨਾਲ ਪ੍ਰਾਪਤ ਕਰਦੇ ਹਨ, ਉਹਨਾਂ ਦਾ ਜੀਵਨ
ਕਿਸੇ ਕੰਮ ਨਹੀਂ।
ਮਿਥਿਆ
ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
ਉਹ ਅੱਖਾਂ ਵੀ ਵਿਅਰਥ ਹਨ ਜੋ
ਪਰਾਈ ਇਸਤਰੀ (ਤ੍ਰਿਅ) ਦਾ ਰੂਪ ਗਲਤ ਭਾਵਨਾ ਨਾਲ ਤੱਕਦੀਆਂ ਹਨ, ਉਹ ਜੀਭ ਵੀ ਵਿਅਰਥ ਹੈ ਜੋ ਸਿਰਫ ਤਰ੍ਹਾਂ-ਤਰ੍ਹਾਂ ਦੇ ਖਾਣੇ
‘ਤੇ ਹੋਰ (ਅਨ) ਸੁਆਦਾਂ ਵਿੱਚ ਲੱਗੀ ਹੋਈ ਹੈ।
ਮਿਥਿਆ
ਚਰਨ ਪਰ ਬਿਕਾਰ ਕਉ ਧਾਵਹਿ ॥ ਮਿਥਿਆ ਮਨ ਪਰ ਲੋਭ ਲੁਭਾਵਹਿ ॥
ਉਹ ਪੈਰ (ਚਰਨ) ਵੀ ਵਿਅਰਥ ਹਨ
ਜੋ ਕਿਸੇ ਪਰਾਏ ਨੁਕਸਾਨ (ਬਿਕਾਰ) ਵਾਸਤੇ ਦੌੜ-ਭੱਜ ਕਰ ਰਹੇ ਹਨ, ਉਹ ਮਨ ਵੀ ਵਿਅਰਥ ਹੈ ਜੋ ਪਰਾਏ
ਧਨ ਦਾ ਲੋਭ ਕਰ ਰਿਹਾ ਹੈ ਭਾਵ ਕਿ ਉਹ ਮਨੁੱਖ ਜੋ ਕਿਸੇ ਦੂਸਰੇ ਦਾ ਨੁਕਸਾਨ ਕਰਨ ਅਤੇ ਉਸਦੇ ਧਨ
ਨੂੰ ਪਾਉਣ ਦੀ ਲਾਲਸਾ ਰੱਖਦੇ ਹਨ, ਉਹਨਾਂ ਦਾ ਜੀਵਨ ਵਿਅਰਥ ਹੈ, ਕਿਸੇ ਕੰਮ ਨਹੀਂ।
ਮਿਥਿਆ
ਤਨ ਨਹੀ ਪਰਉਪਕਾਰਾ ॥ ਮਿਥਿਆ ਬਾਸੁ ਲੇਤ ਬਿਕਾਰਾ ॥
ਉਹ ਸਰੀਰ ਵੀ ਵਿਅਰਥ ਹਨ ਜੋ
ਦੂਜਿਆਂ ਦੀ ਭਲਾਈ ਨਹੀਂ ਕਰਦੇ, ਉਹ ਨੱਕ ਵੀ ਵਿਅਰਥ ਹੈ ਜੋ ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ ਭਾਵ ਕਿ
ਜਿਹੜੇ ਮਨੁੱਖ ਕਿਸੇ ਦੂਸਰੇ ਦੇ ਭਲੇ ਲਈ ਕੁੱਝ ਨਹੀਂ ਕਰਦੇ ਅਤੇ ਵਿਕਾਰਾਂ ਦੀ ਵਾਸ਼ਨਾ ਵੱਲ ਭੱਜਦੇ
ਹਨ, ਉਹਨਾਂ ਦਾ ਜੀਵਨ ਵੀ ਵਿਅਰਥ ਹੈ।
ਬਿਨੁ
ਬੂਝੇ ਮਿਥਿਆ ਸਭ ਭਏ ॥
ਸਫਲ
ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥ {ਪੰਨਾ 269}
ਗੁਰੂ ਸਾਹਿਬ ਆਖ ਰਹੇ ਹਨ ਕਿ ਆਪੋ-ਆਪਣੀ ਹੋਂਦ ਦਾ
ਮਨੋਰਥ ਸਮਝਣ ਤੋਂ ਬਿਨ੍ਹਾਂ, ਇਹ ਸਾਰੇ ਅੰਗ ਵਿਅਰਥ ਹਨ।ਗੁਰੂ ਸਾਹਿਬ ਸਮਝਾ
ਰਹੇ ਹਨ ਕਿ ਜਿਹੜਾ ਸਰੀਰ (ਦੇਹ) ਭਾਵ ਜੀਵ, ਪ੍ਰਮਾਤਮਾ ਦੇ ਗੁਣਾਂ ਨੂੰ ਮਨ ਵਿੱਚ ਰੱਖਦਾ ਹੈ,
ਉਹਨਾਂ ਗੁਣਾਂ ਨੂੰ ਜੀਵਨ ਵਿੱਚ ਅਪਣਾਉਂਦਾ ਹੈ, ਉਹ ਸਰੀਰ ਸਫਲ ਹੈ।5।
ਬਿਰਥੀ
ਸਾਕਤ ਕੀ ਆਰਜਾ ॥ ਸਾਚ ਬਿਨਾ ਕਹ ਹੋਵਤ ਸੂਚਾ ॥
ਗੁਰੂ ਸਾਹਿਬ ਆਖ ਰਹੇ ਹਨ ਕਿ
‘ਰੱਬ ਨਾਲੋਂ ਟੁੱਟੇ ਹੋਏ ਮਨੁੱਖ’(ਸਾਕਤ) ਦੀ ਉਮਰ ਵਿਅਰਥ ਜਾਂਦੀ ਹੈ, ਭਾਵ ਕਿ ਜਿਹੜਾ ਜੀਵ ਆਪਣੇ ਜੀਵਨ ਵਿੱਚ ਸੱਚ ਨਹੀਂ
ਧਾਰਦਾ, ਗੁਣਾਂ ਨੂੰ ਨਹੀਂ ਅਪਣਾਉਂਦਾ, ਉਸਦਾ ਜੀਵਨ ਵਿਅਰਥ ਹੀ ਲੰਘ ਜਾਂਦਾ ਹੈ ਕਿਉਂਕਿ ਸੱਚੇ
ਪ੍ਰਭੂ ਦੇ ਗੁਣਾਂ (ਨਾਮ) ਤੋਂ ਬਿਨ੍ਹਾਂ ਉਹ ਕਿਵੇਂ ਸੁੱਚਾ ਹੋ ਸਕਦਾ ਹੈ ਭਾਵ ਕਿਵੇਂ ਸਚਿਆਰ ਹੋ
ਸਕਦਾ ਹੈ?
ਬਿਰਥਾ
ਨਾਮ ਬਿਨਾ ਤਨੁ ਅੰਧ ॥ ਮੁਖਿ ਆਵਤ ਤਾ ਕੈ ਦੁਰਗੰਧ ॥
ਗੁਣਾਂ (ਨਾਮ) ਤੋਂ ਸੱਖਣੇ
ਅਤੇ ਅਕਲ ਦੇ ਅੰਨ੍ਹੇ ਜੀਵ ਦਾ ਸਰੀਰ ਕਿਸੇ ਕੰਮ ਨਹੀਂ, ਕਿਉਂਕਿ ਉਸ ਦੇ ਮੂੰਹ ਵਿੱਚੋਂ ਵਿਕਾਰਾਂ ਦੀ ਬਦ-ਬੂ ਆਉਂਦੀ ਹੈ ਭਾਵ ਕਿ
ਉਸਦੇ ਮਨ ਵਿੱਚ ਹਮੇਸ਼ਾ ਵਿਕਾਰ ਚੱਲਦੇ ਰਹਿੰਦੇ ਹਨ।
ਬਿਨੁ
ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥ ਮੇਘ ਬਿਨਾ ਜਿਉ ਖੇਤੀ ਜਾਇ ॥
ਜਿਵੇਂ ਵਰਖਾ ਤੋਂ ਬਿਨ੍ਹਾਂ ਫਸਲ
ਖਰਾਬ ਹੋ ਜਾਂਦੀ ਹੈ, ਉਸੇ ਤਰ੍ਹਾਂ ਗੁਣਾਂ (ਸਿਮਰਨ) ਤੋਂ ਬਿਨ੍ਹਾਂ ਜੀਵ ਦੇ ਦਿਨ-ਰਾਤ
ਵਿਅਰਥ ਚਲੇ ਜਾਂਦੇ ਹਨ।
ਗੋਬਿਦ
ਭਜਨ ਬਿਨੁ ਬ੍ਰਿਥੇ ਸਭ ਕਾਮ ॥ ਜਿਉ ਕਿਰਪਨ ਕੇ ਨਿਰਾਰਥ ਦਾਮ ॥
ਪ੍ਰਭੂ ਦੇ ਭਜਨ ਭਾਵ ਕਿ
ਪ੍ਰਮਾਤਮਾ ਦੇ ਗੁਣਾਂ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਦੇ ਸਾਰੇ ਹੀ ਕੰਮ ਕਿਸੇ ਅਰਥ ਨਹੀਂ, ਕਿਉਂਕਿ ਇਹ ਕੰਮ ਇਸ
ਦਾ ਆਪਣਾ ਕੁੱਝ ਨਹੀਂ ਸਵਾਰਦੇ ਜਿਵੇਂ ਕੰਜੂਸ (ਕਿਰਪਨ) ਦਾ ਧਨ, ਉਸ ਦੇ ਆਪਣੇ ਕਿਸੇ ਕੰਮ ਨਹੀਂ ਆਉਂਦਾ।
ਧੰਨਿ
ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
ਨਾਨਕ
ਤਾ ਕੈ ਬਲਿ ਬਲਿ ਜਾਉ ॥੬॥ {ਪੰਨਾ 269}
ਗੁਰੂ ਸਾਹਿਬ ਆਖ ਰਹੇ ਹਨ ਕਿ ਉਹ
ਮਨੁੱਖ ਮੁਬਾਰਿਕ ਹਨ, ਜਿੰਨ੍ਹਾਂ ਦੇ
ਹਿਰਦੇ ਵਿੱਚ ਪ੍ਰਭੂ ਦਾ ਨਾਮ ਵੱਸਦਾ ਹੈ ਭਾਵ ਕਿ ਜਿਹੜੇ ਮਨੁੱਖਾਂ ਦੇ ਜੀਵਨ ਵਿੱਚ ਗੁਣ ਹਨ, ਜੋ ਸੱਚ ਨਾਲ
ਜੁੜੇ ਹੋਏ ਹਨ, ਉਹ ਹੀ ਸੰਸਾਰ ਵਿੱਚ ਸੋਭਦੇ ਹਨ ਅਤੇ ਅਜਿਹੇ ਮਨੁੱਖਾਂ ਤੋਂ ਮੈਂ ਸਦਕੇ (ਬਲਿ ਬਲਿ)
ਜਾਂਦਾ ਹਾਂ।6।
ਰਹਤ
ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
ਗੁਰੂ ਸਾਹਿਬ ਆਖ ਰਹੇ ਹਨ ਕਿ
ਜੀਵ ਦੇ ਬਾਹਰੀ ਤੌਰ ‘ਤੇ ਭਾਵ ਕਿ ਸਰੀਰਿਕ ਤੌਰ ‘ਤੇ ਧਰਮ ਦੇ ਧਾਰੇ ਹੋਏ ਚਿੰਨ੍ਹ ਹੋਰ ਹਨ ਪਰ
ਉਸਦੀ ਅਸਲ ਜ਼ਿੰਦਗੀ ਕੁੱਝ ਹੋਰ ਹੈ, ਉਸਦੇ ਮਨ ਵਿੱਚ ਤਾਂ ਪ੍ਰਭੂ ਨਾਲ ਪਿਆਰ ਨਹੀਂ, ਸਿਰਫ ਮੂੰਹ ਦੀਆਂ ਗੱਲਾਂ ਨਾਲ ਘਰ
ਪੂਰਾ ਕਰਦਾ ਹੈ ਭਾਵ ਕਿ ਜੀਵ ਨੇ ਦਿਖਾਵੇ ਲਈ ਤਾਂ ਧਾਰਮਿਕ ਪਹਿਰਾਵਾ ਪਾਇਆ ਹੋਇਆ ਹੈ ਪਰ ਮਨ
ਵਿਕਾਰਾਂ ਨਾਲ ਭਰਿਆ ਪਿਆ ਹੈ, ਜੀਵਨ ਵਿੱਚ ਗੁਣ ਨਹੀਂ ਪਰ ਗੱਲਾਂ ਨਾਲ ਚੰਗਾ ਬਣਦਾ ਹੈ।
ਜਾਨਨਹਾਰ
ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥
ਉਹ ‘ਕੁਦਰਤ ਰੂਪ ਪ੍ਰਮਾਤਮਾ’ ਇਸ ਸੰਸਾਰ ਨੂੰ ਇੱਕ
ਬੱਝਵੇਂ ਨਿਯਮ (ਹੁਕਮ) ਵਿੱਚ ਚਲਾਉਂਦਾ ਹੋਇਆ ਸਭ ਗੁਣ ਅਤੇ ਔਗੁਣਾਂ ਨੂੰ ਜਾਣਦਾ ਹੈ ਭਾਵ ਕਿ ਕੀਤੇ
ਕੰਮਾਂ ਅਨੁਸਾਰ ਹੀ ਜੀਵ ਨੂੰ ਫਲ ਦਿੰਦਾ ਹੈ, ਬਾਹਰੀ ਤੌਰ ‘ਤੇ ਗੁਣਾਂ ਦਾ ਵਿਖਾਵਾ ਕਿਸੇ ਜੀਵ ਦੇ
ਔਗੁਣਾਂ ਨੂੰ ਲੁਕੋ ਨਹੀਂ ਸਕਦਾ, ਉਹ ਸਹੀ ਅਤੇ ਗਲਤ ਨੂੰ ਸਮਝਦਾ ਹੈ।
ਅਵਰ
ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥
ਜੋ ਮਨੁੱਖ ਹੋਰਨਾਂ ਨੂੰ ਚੰਗੇ
ਬਣਨ ਅਤੇ ਚੰਗੇ ਕੰਮ ਕਰਨ ਦੀਆਂ ਸਲਾਹਾਂ ਦਿੰਦਾ ਹੈ ਪਰ ਆਪ ਨਹੀਂ ਚੰਗਾ ਨਹੀਂ ਕਰਦਾ, ਉਸਦੇ ਆਪਣੇ
ਮਨ ਵਿੱਚ ਵਿਕਾਰ ਭਰੇ ਪਏ ਹਨ,
ਉਹ ਸਦਾ ਵਿਕਾਰਾਂ
ਦੇ ਜਨਮ-ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਭਾਵ ਕਿ ਉਸਦੇ ਮਨ ਵਿੱਚ ਵਿਕਾਰ ਆਉਂਦੇ-ਜਾਂਦੇ
ਰਹਿੰਦੇ ਹਨ।
ਜਿਸ
ਕੈ ਅੰਤਰਿ ਬਸੈ ਨਿਰੰਕਾਰੁ ॥ ਤਿਸ ਕੀ ਸੀਖ ਤਰੈ ਸੰਸਾਰੁ ॥
ਜਿਸ ਮਨੁੱਖ ਦੇ ਹਿਰਦੇ ਵਿੱਚ
ਨਿਰੰਕਾਰ ਵੱਸਦਾ ਹੈ ਭਾਵ ਕਿ ਜਿਹੜਾ ਮਨੁੱਖ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰ ਲੈਂਦਾ ਹੈ, ਸੱਚ
ਨਾਲ ਜੁੜ ਜਾਂਦਾ ਹੈ, ਉਸ ਦੀ ਸਿੱਖਿਆ ਨਾਲ
ਸੰਸਾਰ ਵਿਕਾਰਾਂ ਤੋਂ ਬਚ ਜਾਂਦਾ ਹੈ।
ਜੋ
ਤੁਮ ਭਾਨੇ ਤਿਨ ਪ੍ਰਭੁ ਜਾਤਾ ॥
ਨਾਨਕ
ਉਨ ਜਨ ਚਰਨ ਪਰਾਤਾ ॥੭॥ {ਪੰਨਾ 269}
ਗੁਰੂ ਸਾਹਿਬ ਆਖ ਰਹੇ ਹਨ ਕਿ ਜਿਹੜੇ ਜੀਵਾਂ ਨੂੰ ਗੁਣ
ਚੰਗੇ (ਭਾਨੇ) ਲਗਦੇ ਹਨ, ਜੋ ਗੁਣਾਂ ਨੂੰ ਅਪਣਾ ਲੈਂਦੇ ਹਨ, ਜਿਵਨ ਵਿੱਚ ਸੱਚ ਨਾਲ ਸਾਂਝ ਪਾ
ਲੈਂਦੇ ਹਨ, ਸਮਝੋ ਉਹਨਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਅਤੇ ਮੈਂ ਅਜਿਹੇ ਮਨੁੱਖਾਂ ਦੇ
‘ਪੈਂਰੀਂ ਪੈਂਦਾ’ (ਚਰਨ ਪਰਾਤਾ) ਹਾਂ ਭਾਵ ਕਿ ਉਹਨਾਂ ਦਾ ਸਤਿਕਾਰ ਕਰਦਾ ਹਾਂ।7।
ਕਰਉ
ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥ ਅਪਨਾ ਕੀਆ ਆਪਹਿ ਮਾਨੈ ॥
ਗੁਰੂ ਸਾਹਿਬ ਆਖ ਰਹੇ ਹਨ ਕਿ ਜੋ-ਜੋ
ਬੇਨਤੀ ਮੈਂ ਕਰਦਾ ਹਾਂ, ਉਹ ਕੁਦਰਤ ਰੂਪ ਪ੍ਰਮਾਤਮਾ ਸਭ
ਜਾਣਦਾ ਹੈ ਭਾਵ ਕਿ ਜੀਵ ਜੋ ਵੀ ਮਨ ਵਿੱਚ ਸੋਚਦਾ ਹੈ, ਉਹ ਨਿਯਮਾਂ ਅਨੁਸਾਰ ਪੂਰਾ ਹੁੰਦਾ ਹੈ, ਚੰਗੀ
ਸੋਚ ਦਾ ਨਤੀਜਾ ਚੰਗਾ ਅਤੇ ਮਾੜੀ ਸੋਚ ਦਾ ਨਤੀਜਾ ਮਾੜਾ ਨਿਕਲਦਾ ਹੈ, ਉਹ ਕੁਦਰਤ ਆਪਣੇ ਪੈਦਾ ਕੀਤੇ
ਜੀਵ ਨੂੰ ਜਾਣਦੀ ਹੈ, ਉਸਦੀ ਸੋਚ ਅਨੁਸਾਰ ਹੀ ਉਸਨੂੰ ਸੰਸਾਰ ਵਿੱਚ ਮਾਣ ਮਿਲਦਾ ਹੈ।
ਆਪਹਿ
ਆਪ ਆਪਿ ਕਰਤ ਨਿਬੇਰਾ ॥ ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
ਜੀਵਾਂ ਦੇ ਕੀਤੇ ਕੰਮਾਂ
ਅਨੁਸਾਰ ਕੁਦਰਤ ਰੂਪ ਪ੍ਰਭੂ ਆਪ ਹੀ ਫੈਸਲਾ ਕਰਦਾ ਹੈ, ਕਿਸੇ ਨੂੰ ਉਹ ਪ੍ਰਮਾਤਮਾ ਦੂਰ ਲਗਦਾ ਹੈ ਅਤੇ ਕਿਸੇ ਨੂੰ ਨੇੜੇ ਲਗਦਾ ਹੈ।
ਉਪਾਵ
ਸਿਆਨਪ ਸਗਲ ਤੇ ਰਹਤ ॥ ਸਭੁ ਕਛੁ ਜਾਨੈ ਆਤਮ ਕੀ ਰਹਤ ॥
ਸਭ ਹੀਲਿਆਂ ਅਤੇ ਚਤੁਰਾਈਆਂ
ਤੋਂ ਉਹ ‘ਕੁਦਰਤ ਰੂਪ ਪ੍ਰਭੂ’ ਦੂਰ ਹੈ ਭਾਵ ਕਿਸੇ ਵੀ ਹੀਲੇ
(ਉਪਾਵ) ਜਾਂ ਚਤੁਰਾਈ (ਸਿਅਨਪ) ਨਾਲ ਉਸਨੂੰ ਆਪਣੇ ਵੱਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਜੀਵ
ਦੀ ‘ਮਾਨਸਿਕ ਰਹਿਣੀ’ (ਆਤਮ ਕੀ ਰਹਤ) ਦੀ ਹਰੇਕ ਗੱਲ ਜਾਣਦਾ ਹੈ, ਉਸਦੇ ਅੰਦਰ ਦੇ ਚੰਗੇ ਅਤੇ ਮਾੜੇ
ਨੂੰ ਪਹਿਚਾਣਦਾ ਹੈ ਅਤੇ ਜੀਵ ਨੂੰ ਨਿਸ਼ਚਿਤ ਨਿਯਮਾਂ ਅਨੁਸਾਰ ਹੀ ਨਤੀਜਾ ਮਿਲਦਾ ਹੈ।
ਜਿਸੁ
ਭਾਵੈ ਤਿਸੁ ਲਏ ਲੜਿ ਲਾਇ ॥ ਥਾਨ ਥਨੰਤਰਿ ਰਹਿਆ ਸਮਾਇ ॥
ਜਿਸ ਜੀਵ ਨੂੰ ਉਸ ਪ੍ਰਮਾਤਮਾ
ਦੇ ਗੁਣ ਚੰਗੇ ਲੱਗਦੇ ਹਨ ਅਤੇ ਉਹ ਜੀਵ ਉਹਨਾਂ ਗੁਣਾਂ ਨੂੰ ਅਪਣਾ ਲੈਂਦਾ ਹੈ ਤਾਂ ਸਮਝੋ ਉਹ
ਪ੍ਰਮਾਤਮਾ ਦੇ ਲੜ ਲੱਗ ਗਿਆ, ਉਹ ਕੁਦਰਤ ਰੂਪੀ ਪ੍ਰਭੂ ਆਪਣੇ ਨਿਯਮਾਂ ਅਨੁਸਾਰ ਹਰ ਥਾਂ ਮੌਜੂਦ ਹੈ।
ਸੋ
ਸੇਵਕੁ ਜਿਸੁ ਕਿਰਪਾ ਕਰੀ ॥
ਨਿਮਖ
ਨਿਮਖ ਜਪਿ ਨਾਨਕ ਹਰੀ ॥੮॥੫॥ {ਪੰਨਾ 269}
ਗੁਰੂ ਸਾਹਿਬ ਆਖ ਰਹੇ ਹਨ ਕਿ ਉਹੀ
ਮਨੁੱਖ ਅਸਲੀ ਸੇਵਕ ਬਣਦਾ ਹੈ ਜਿਸਨੇ ਉਸ ਪ੍ਰਮਾਤਮਾ ਦੀ ਸਿੱਖਿਆ, ਉਸਦੇ ਗੁਣਾਂ ਨੂੰ ਜੀਵਨ ਵਿੱਚ
ਧਾਰ ਲਿਆ, ਸਮਝੋ ਉਸ ‘ਤੇ ਪ੍ਰਭੂ ਮਿਹਰ ਕਰਦਾ ਹੈ, ਉਹ ਜੀਵ ਉਸ ਪ੍ਰਮਾਤਮਾ ਨੂੰ ਪਲ-ਪਲ (ਨਿਮਖ
ਨਿਮਖ) ਯਾਦ ਕਰਦਾ ਹੈ ਭਾਵ ਕਿ ਗੁਣਾਂ ਦਾ ਸਾਥ ਨਹੀਂ ਛੱਡਦਾ, ਵਿਕਾਰਾਂ ਵੱਲ ਨਹੀਂ ਜਾਂਦਾ।8।5।
ਨੋਟ: ਸੁਖਮਨੀ ਸਾਹਿਬ ਦੇ
ਆਧੁਨਿਕ ਤਰੀਕੇ ਅਰਥ ਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਇਹ ਕੋਈ ਅੰਤਮ ਨਿਰਣਾ ਨਹੀਂ। ਗੁਰਮਤਿ
ਦੀ ਰੌਸ਼ਨੀ ਵਿੱਚ ਪਾਠਕਾਂ ਦੇ ਸੁਝਾਵਾਂ ਦਾ ਸੁਆਗਤ ਹੈ।