ਸਤਿੰਦਰਜੀਤ ਸਿੰਘ
ਸਲੋਕੁ
॥ ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥ {ਪੰਨਾ 266}
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥ {ਪੰਨਾ 266}
ਇਸ ਸਲੋਕ ਵਿੱਚ ਗੁਰੂ ਅਰਜਨ
ਸਾਹਿਬ ਆਖ ਰਹੇ ਹਨ ਕਿ ਹੇ ਅੰਞਾਣ (ਇਆਨਿਆ)! ਹੇ ਗੁਣ-ਹੀਨ (ਨਿਰਗੁਨੀਆਰ) ਮਨੁੱਖ! ਜਿਸ ਕੁਦਰਤ
ਰੂਪੀ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਉਸ ਮਾਲਕ ਨੂੰ ਸਦਾ ਯਾਦ ਕਰ, ਉਸਦੇ ਗੁਣਾਂ ਨੂੰ
ਆਪਣੇ ਚੇਤੇ ਵਿੱਚ ਰੱਖ, ਉਸਦੇ ਗੁਣ ਹੀ ਤੇਰੇ ਨਾਲ
ਸਾਥ ਨਿਭਾਉਣਗੇ ਭਾਵ ਜੇ ਤੂੰ ਉਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲਿਆ ਤਾਂ ਉਸਦੇ ਗੁਣ ਹਮੇਸ਼ਾ
ਤੇਰੇ ਕਿਰਦਾਰ ਵਿੱਚ ਹੋਣਗੇ।1।
ਅਸਟਪਦੀ॥
ਰਮਈਆ
ਕੇ ਗੁਨ ਚੇਤਿ ਪਰਾਨੀ ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਇਸ ਅਸ਼ਟਪਦੀ ਵਿੱਚ ਗੁਰੂ ਅਰਜਨ
ਸਾਹਿਬ ਆਖ ਰਹੇ ਹਨ ਕਿ ਹੇ ਜੀਵ (ਪਰਾਨੀ)! ਉਸ ਪ੍ਰਮਾਤਮਾ (ਰਮਈਆ) ਦੇ ਗੁਣ ਯਾਦ ਕਰ (ਚੇਤਿ), ਪਤਾ ਨਹੀਂ ਕਿਹੜੇ ਵੇਲੇ ਤੋਂ,
ਕਿਹੜੇ ਮੁੱਢ ਤੋਂ ਇਹ ਗੁਣ, ਜੀਵ ਦੇ ਕਿਰਦਾਰ ਨੂੰ ਕਿੰਨਾ ਸੁਹਣਾ ਬਣਾ ਕੇ ਲੋਕਾਂ ਨੂੰ ਦਿਖਾ ਰਹੇ
ਹਨ ਭਾਵ ਕਿ ਸ਼ੁਰੂਆਤ ਤੋਂ ਹੀ ਇਹ ਗੁਣਾਂ ਨੂੰ ਜਿਸ ਨੇ ਵੀ ਅਪਣਾਇਆ ਉਹ ਚੰਗਾ ਕਿਰਦਾਰ ਬਣਾ ਕੇ
ਸਮਾਜ ਵਿੱਚ ਵਡਿਆਈ ਪਾਉਂਦਾ ਰਿਹਾ ਹੈ।
ਜਿਨਿ
ਤੂੰ ਸਾਜਿ ਸਵਾਰਿ ਸੀਗਾਰਿਆ ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
ਜਿਸ ਕੁਦਰਤ ਰੂਪੀ ਪ੍ਰਭੂ ਨੇ
ਤੈਨੂੰ ਬਣਾ-ਸੰਵਾਰ ਕੇ ਸੁਹਣਾ ਕੀਤਾ ਹੈ ਭਾਵ ਕਿ ਆਕਾਰ ਦਿੱਤਾ ਹੈ,ਗੁਣ ਦਿੱਤੇ ਹਨ, ਜਿਸ ਨੇ ਤੈਨੂੰ ਪੇਟ ਦੀ ਅੱਗ ਵਿੱਚ
ਵੀ ਬਚਾਇਆ।
ਬਾਰ
ਬਿਵਸਥਾ ਤੁਝਹਿ ਪਿਆਰੈ ਦੂਧ ॥ ਭਰਿ ਜੋਬਨ ਭੋਜਨ ਸੁਖ ਸੂਧ ॥
ਉਹ ਕੁਦਰਤ ਰੂਪੀ ਪ੍ਰਮਾਤਮਾ ਜੋ
ਤੈਨੂੰ ਬਾਲ ਉਮਰ ਵਿੱਚ ਦੁੱਧ ਪਿਆਉਂਦਾ (ਪਿਆਰੈ) ਹੈ, ਜੁਆਨੀ ਵਿੱਚ ਭੋਜਨ ‘ਤੇ ਸੁੱਖਾਂ-ਸਹੂਲਤਾਂ ਦੀ ਸੂਝ ਦਿੰਦਾ ਹੈ।
ਬਿਰਧਿ
ਭਇਆ ਊਪਰਿ ਸਾਕ ਸੈਨ ॥ ਮੁਖਿ ਅਪਿਆਉ ਬੈਠ ਕਉ ਦੈਨ ॥
ਜਦੋਂ ਤੂੰ ਬੁੱਢਾ ਹੋ ਜਾਂਦਾ
ਹੈਂ ਤਾਂ ਸੇਵਾ ਕਰਨ ਨੂੰ ਸਾਕ-ਸੱਜਣ ਤਿਆਰ ਕਰ ਦਿੰਦਾ ਹੈ, ਜੋ ਬੈਠੇ ਹੋਏ ਨੂੰ ਮੂੰਹ ਵਿੱਚ ਚੰਗੇ
ਭੋਜਨ (ਅਪਿਆਉ) ਦਿੰਦੇ ਹਨ, ਉਸ ਪ੍ਰਭੂ ਨੂੰ ਚੇਤੇ ਕਰ।
ਇਹੁ
ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਖਸਿ ਲੇਹੁ ਤਉ ਨਾਨਕ ਸੀਝੈ ॥੧॥ {ਪੰਨਾ 266-267}
ਅੱਗੇ ਗੁਰੂ ਸਾਹਿਬ ਆਖਦੇ ਹਨ ਕਿ
ਪਰ ਜੁਆਨੀ ਵਿੱਚ ਮਾਇਆ ਦੇ ਮੋਹ ਵਿੱਚ ਪਿਆ ‘ਤੇ ਵਿਕਾਰਾਂ ਵਿੱਚ ਘਿਰਿਆ, ਗੁਣਹੀਣ ਮਨੁੱਖ, ਉਸ
ਪ੍ਰਮਾਤਮਾ ਦੇ ਗੁਣਾਂ ਨੂੰ ਭੁੱਲ ਜਾਂਦਾ ਹੈ, ਕੁਦਰਤ ਦੀਆਂ ਦਾਤਾਂ ਨੂੰ ਭੁੱਲ ਜਾਂਦਾ ਹੈ, ਸਿਰਫ
ਉਹ ਜੀਵ ਹੀ ਵਿਕਾਰਾਂ ਵੱਲੋਂ ਬਖਸ਼ਿਆ ਜਾਂਦਾ ਹੈ ਭਾਵ ਬਚਦਾ ਹੈ ਜਿਸਨੇ ਉਸ ਪ੍ਰਮਾਤਮਾ ਦੇ ਗੁਣਾਂ
ਨੂੰ ਧਾਰਨ ਕੀਤਾ ਅਤੇ ਹਮੇਸ਼ਾ ਸੱਚ ਨਾਲ ਜੁੜਿਆ ਰਿਹਾ॥1॥
ਜਿਹ
ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
ਗੁਰੂ ਸਾਹਿਬ ਆਖ ਰਹੇ ਹਨ ਕਿ
ਜਿਸ ਕੁਦਰਤ ਰੂਪੀ ਪ੍ਰਮਾਤਮਾ ਦੇ ਗੁਣਾਂ, ਉਸਦੇ ਨਿਯਮਾਂ ਨਾਲ ਧਰਤੀ (ਧਰ) ਉੱਪਰ ਸੁੱਖ-ਸਹੂਲਤਾਂ
ਹਨ, ਜੀਵ ਆਪਣੇ ਪੁੱਤਰਾਂ (ਸੁਤ) ਭਾਵ ਔਲਾਦ, ਭਰਾਵਾਂ (ਭ੍ਰਾਤ), ਦੋਸਤਾਂ (ਮੀਤ) ਅਤੇ ਜੀਵਨ-ਸਾਥੀ
{ਬਨਿਤਾ = ਇਸਤਰੀ, ਪਰ ਆਪਾਂ ਭਾਵ ਜੀਵਨ-ਸਾਥੀ ਤੋਂ ਲੈਣਾ ਹੈ ਕਿਉਂਕਿ ਗੁਰੂ ਸਾਹਿਬ ਕਿਸੇ ਖਾਸ
ਲਿੰਗ (Gender) ਦੀ ਗੱਲ ਨਹੀਂ ਕਰ ਰਹੇ, ਸਾਰੇ ਜੀਵਾਂ ਲਈ ਉਪਦੇਸ਼ ਦੇ ਰਹੇ ਹਨ} ਮਾਲ ਖੁਸ਼ੀ-ਖੁਸ਼ੀ ਰਹਿ
ਰਿਹਾ ਹੈ,
ਜਿਹ
ਪ੍ਰਸਾਦਿ ਪੀਵਹਿ ਸੀਤਲ ਜਲਾ ॥ ਸੁਖਦਾਈ ਪਵਨੁ ਪਾਵਕੁ ਅਮੁਲਾ ॥
ਜਿਸ ਦੇ ਗੁਣਾਂ ਅਤੇ ਨਿਯਮਾਂ ਦੇ
ਸਦਕੇ ਜੀਵ ਠੰਢਾ ਪਾਣੀ ਪੀਂਦਾ ਹੈਂ, ਸੁੱਖ ਦੇਣ ਵਾਲੀ ਭਾਵ ਜੀਵਨ
ਲਈ ਜ਼ਰੂਰੀ ਹਵਾ (ਪਵਨੁ) ਅਤੇ ਅਮੋਲਕ ਅੱਗ (ਪਾਵਕੁ) ਵਰਤਦਾ ਹੈ,
ਜਿਹ
ਪ੍ਰਸਾਦਿ ਭੋਗਹਿ ਸਭਿ ਰਸਾ ॥ ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
ਜਿਸ ਦੀ ਬਦੌਲਤ ਜੀਵ ਸਾਰੇ ਰਸ
ਭੋਗਦਾ ਹੈਂ, ਜੀਵਨ ਲਈ ਜ਼ਰੂਰੀ ਸਾਰੇ
ਪਦਾਰਥ ਉਸਨੂੰ ਮਿਲਦੇ ਹਨ,
ਦੀਨੇ
ਹਸਤ ਪਾਵ ਕਰਨ ਨੇਤ੍ਰ ਰਸਨਾ ॥ ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
ਜਿਸ ਨੇ ਤੈਨੂੰ ਹੱਥ (ਹਸਤ),
ਪੈਰ (ਪਾਵ), ਕੰਨ (ਕਰਨ), ਅੱਖਾਂ (ਨੇਤ੍ਰ) ਅਤੇ ਜੀਭ (ਰਸਨਾ) ਦਿੱਤੇ ਹਨ, ਉਸ ਕੁਦਰਤ ਨੂੰ ਭੁੱਲ ਕੇ ਤੂੰ ਹੋਰਨਾਂ ਭਾਵ ਵਿਕਾਰਾਂ ਵਿੱਚ ਰੁੱਝਿਆ (ਰਚਨਾ)
ਹੋਇਆ ਹੈਂ।
ਐਸੇ
ਦੋਖ ਮੂੜ ਅੰਧ ਬਿਆਪੇ ॥ ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥ {ਪੰਨਾ 267}
ਗੁਰੂ ਸਾਹਿਬ ਆਖ ਰਹੇ ਹਨ ਕਿ
ਵਿਕਾਰਾਂ ਵਿੱਚ ਅੰਨ੍ਹੇ (ਅੰਧ) ਹੋਏ ਜੀਵ, ਗੁਣਾਂ ਨੂੰ ਛੱਡ ਕੇ ਮੂਰਖ ਹੋਏ ਜੀਵ (ਮੂੜ), ਔਗੁਣਾਂ
ਵਿੱਚ ਅਤੇ ਮਾੜੇ ਕੰਮਾਂ (ਦੋਖ) ਵਿੱਚ ਫਸੇ (ਬਿਆਪੇ) ਹੋਏ ਹਨ, ਇਹਨਾਂ ਜੀਵਾਂ ਨੂੰ ਕੋਈ ਹੋਰ ਨਹੀਂ
ਬਚਾ ਸਕਦਾ, ਸਿਰਫ ਉਹ ਆਪ ਹੀ ਸੱਚ ਨਾਲ ਜੁੜ ਕੇ, ਉਸ ਕੁਦਰਤ ਰੂਪੀ ਪ੍ਰਮਾਤਮਾ ਦੇ ਗੁਣਾਂ ਨੂੰ ਧਾਰ
ਕੇ ਆਪਣੇ-ਆਪ ਨੂੰ ਬਚਾ ਸਕਦੇ ਹਨ॥2॥
ਆਦਿ ਅੰਤਿ
ਜੋ ਰਾਖਨਹਾਰੁ ॥ ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
ਗੁਰੂ ਸਾਹਿਬ ਆਖ ਰਹੇ ਹਨ ਕਿ
ਮੂਰਖ (ਗਵਾਰੁ) ਜੀਵ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਪਿਆਰ ਨਹੀਂ ਕਰਦਾ ਭਾਵ ਅਪਣਾਉਂਦਾ ਨਹੀਂ,
ਜਿੰਨ੍ਹਾਂ ਕਰ ਕੇ ਸੰਸਾਰ ਵਿੱਚ ਉਹ, ਸ਼ੁਰੂ (ਆਦਿ) ਤੋਂ ਲੈ ਕੇ ਅੰਤ (ਅੰਤਿ) ਤੱਕ ਵਿਕਾਰਾਂ ਤੋਂ
ਬਚ ਸਕਦਾ ਹੈ, ਜਿਹੜੇ ਗੁਣ ਜੀਵ ਨੂੰ ਵਿਕਾਰਾਂ ਤੋਂ, ਮਾਇਆ ਤੋਂ ਬਚਾਉਂਦੇ ਹਨ, ਜਿਹਨਾਂ ਸਕਦਾ ਜੀਵ
ਸਮਾਜ ਵਿੱਚ ਮਾਣ-ਇੱਜ਼ਤ ਪ੍ਰਾਪਤ ਕਰਦਾ ਹੈ, ਮੂਰਖ ਜੀਵ ਉਹਨਾਂ ਗੁਣਾਂ ਨੂੰ ਪਿਆਰ ਨਹੀਂ ਕਰਦੇ।
ਜਾ ਕੀ
ਸੇਵਾ ਨਵ ਨਿਧਿ ਪਾਵੈ ॥ ਤਾ ਸਿਉ ਮੂੜਾ ਮਨੁ ਨਹੀ ਲਾਵੈ ॥
ਜਿਹੜੇ ਗੁਣਾਂ ਨੂੰ ਧਾਰਨ ਕਰਨ
ਨਾਲ ਨੌਂ ਖਜ਼ਾਨਿਆਂ (ਨਵ ਨਿਧਿ) ਦੀ ਦੌਲਤ ਵਾਲਾ ਸੁੱਖ ਮਿਲਦਾ ਹੈ, ਮੂਰਖ (ਮੂੜਾ) ਜੀਵ ਉਹਨਾਂ
ਗੁਣਾਂ, ਉਹਨਾਂ ਚੰਗਿਆਈਆਂ ਨੂੰ ਮਨ ਵਿੱਚ ਨਹੀਂ ਵਸਾਉਂਦਾ।
ਜੋ
ਠਾਕੁਰੁ ਸਦ ਸਦਾ ਹਜੂਰੇ ॥ ਤਾ ਕਉ ਅੰਧਾ ਜਾਨਤ ਦੂਰੇ ॥
ਜਿਹੜਾ ਗੁਣਾਂ ਰੂਪੀ ਪ੍ਰਮਾਤਮਾ
ਹਮੇਸ਼ਾ ਅੰਗ-ਸੰਗ ਰਹਿੰਦਾ ਹੈ, ਵਿਕਾਰਾਂ ਵਿੱਚ ਅੰਨ੍ਹਾਂ ਹੋਇਆ ਜੀਵ, ਉਹਨਾਂ ਗੁਣਾਂ ਨੂੰ ਆਪਣੇ
ਤੋਂ ਅਲੱਗ ਸਮਝਦਾ ਹੈ, ਉਹਨਾਂ ਗੁਣਾਂ ਦੇ ਨੇੜੇ ਨਹੀਂ ਜਾਂਦਾ ਭਾਵ ਉਹਨਾਂ ਨੂੰ ਅਪਨਾਉਣ ਦਾ ਯਤਨ
ਨਹੀਂ ਕਰਦਾ।
ਜਾ ਕੀ
ਟਹਲ ਪਾਵੈ ਦਰਗਹ ਮਾਨੁ ॥ ਤਿਸਹਿ ਬਿਸਾਰੈ ਮੁਗਧੁ ਅਜਾਨੁ ॥
ਜਿਹੜੇ ਗੁਣਾਂ ਨੂੰ ਧਾਰ ਕੇ,
ਜਿਹੜੇ ਸੱਚ ਨਾਲ ਜੁੜ ਕੇ, ਜੀਵ ਆਪਣੇ ਜੀਵਨ ਦੀ ਦਰਗਾਹ ਭਾਵ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆਂ,
ਮਾਣ-ਇੱਜ਼ਤ ਪਾਉਂਦਾ ਹੈ,ਅਣਜਾਣ (ਅਜਾਨੁ) ਅਤੇ ਮੂਰਖ (ਮੁਗਧੁ) ਜੀਵ ਉਹਨਾਂ ਗੁਣਾਂ ਨੂੰ ਭੁਲਾਈ
ਬੈਠਾ ਹੈ ਅਤੇ ਵਿਕਾਰਾਂ ਵਿੱਚ ਫਸਿਆ ਪਿਆ ਹੈ।
ਸਦਾ
ਸਦਾ ਇਹੁ ਭੂਲਨਹਾਰੁ ॥ ਨਾਨਕ ਰਾਖਨਹਾਰੁ ਅਪਾਰੁ ॥੩॥ {ਪੰਨਾ 267}
ਅੱਗੇ ਗੁਰੂ ਸਾਹਿਬ ਆਖਦੇ ਹਨ ਕਿ
ਇਹ ਜੀਵ ਹਮੇਸ਼ਾ ਭੁੱਲਣਹਾਰ ਹੈ ਪਰ ਇਸਦੀ ਰੱਖਿਆ ਕਰਨ ਵਾਲਾ ਸੱਚ ਰੂਪੀ ਪ੍ਰਭੂ ਬੇਅੰਤ ਹੈ ਅਤੇ ਇਸ
ਜੀਵ ਦੇ ਔਗੁਣਾਂ ਵੱਲ ਨਹੀਂ ਤੱਕਦਾ ਭਾਵ ਕਿ ਜੀਵ ਜਦੋਂ ਵੀ ਸੱਚ ਗੁਣਾਂ ਨੂੰ ਦਾਰਨ ਕਰ ਲਵੇਗਾ ਤਾਂ
ਔਗੁਣਾਂ ਤੋਂ, ਵਿਕਾਰਾਂ ਤੋਂ ਬਚ ਜਾਵੇਗਾ।3।
ਰਤਨੁ
ਤਿਆਗਿ ਕਉਡੀ ਸੰਗਿ ਰਚੈ ॥ ਸਾਚੁ ਛੋਡਿ ਝੂਠ ਸੰਗਿ ਮਚੈ ॥
ਗੁਰੂ ਅਰਜਨ ਸਾਹਿਬ ਆਖ ਰਹੇ ਹਨ
ਕਿ ਮਾਇਆ ਦੇ ਮੋਹ ਵਿੱਚ ਫਸਿਆ ਜੀਵ ਗੁਣਾਂ ਦਾ ਰਤਨ ਛੱਡ ਕੇ ਵਿਕਾਰਾਂ ਰੂਪੀ ਕਉਡੀ ਨਾਲ ਖ਼ੁਸ਼ (ਰਚੈ) ਫਿਰਦਾ ਹੈ, ਸੱਚ
ਰੂਪੀ ਪ੍ਰਮਾਤਮਾ ਨੂੰ ਛੱਡ ਕੇ ਝੂਠੇ ਭਾਵ ਨਾਸਵੰਤ ਪਦਾਰਥਾਂ ਨਾਲ ਆਕੜਿਆ (ਮਚੈ) ਰਹਿੰਦਾ ਹੈ, ਭਾਵ
ਕਿ ਮਾਇਆ ਦੀ ਆਕੜ ਵਿੱਚ ਰਹਿੰਦਾ ਹੈ।
ਜੋ
ਛਡਨਾ ਸੁ ਅਸਥਿਰੁ ਕਰਿ ਮਾਨੈ ॥ ਜੋ ਹੋਵਨੁ ਸੋ ਦੂਰਿ ਪਰਾਨੈ ॥
ਮਾਇਆ ਵਰਗੇ ਪਦਾਰਥ ਜਿਹੜੇ ਮਰਨ
ਸਮੇਂ ਸੰਸਾਰ ਵਿੱਚ ਹੀ ਛੱਡ ਜਾਣੇ ਹਨ, ਮੂਰਖ ਜੀਵ, ਉਹਨਾਂ ਨੂੰ
ਸਦਾ ਅਟੱਲ ਸਮਝਦਾ ਹੈ, ਇਹ ਸਮਝਦਾ ਹੈ ਕਿ ਇਹ ਪਦਾਰਥ ਹਮੇਸ਼ਾ ਉਸ ਨਾਲ ਹੀ ਰਹਿਣੇ ਹਨ ਪਰ ਜੋ ਮੌਤ ਜ਼ਰੂਰ ਆਉਣੀ ਹੈ, ਉਸ ਨੂੰ ਕਿਤੇ ਦੂਰ ਬੈਠੀ ਸਮਝਦਾ
ਹੈ ਭਾਵ ਕਿ ਮਨੁੱਖ ਇਹ ਨਹੀਂ ਸਮਝਦਾ ਕਿ ਜਿਹੜੇ ਪਦਾਰਥਾਂ ਅਤੇ ਮਾਇਆ ਦੇ ਮੋਹ ਕਾਰਨ ਵਿਕਾਰ ਭੋਗਦਾ
ਹੈ, ਗਲਤ ਕੰਮ ਕਰਦਾ ਹੈ, ਇਹ ਸਭ ਮਰਨ ਤੋਂ ਬਾਅਦ ਇੱਥੇ ਹੀ ਰਹਿ ਜਾਣੇ ਹਨ, ਮਰਨਾ ਅਟੱਲ ਹੈ,
ਵਿਕਾਰਾਂ ਨਾਲ ਮਰੇ ਮਨੁੱਖ ਨੂੰ ਲੋਕ ਬਾਅਦ ਵਿੱਚ ਵੀ ਮਾੜਾ ਹੀ ਆਖਦੇ ਹਨ ਪਰ ਜਿਹੜੇ ਗੁਣਾਂ ਕਾਰਨ
ਸਮਾਜ ਵਿੱਚ ਜੀਵ ਇੱਜ਼ਤ ਪਾਉਂਦਾ ਹੈ, ਉਹਨਾਂ ਗੁਣਾਂ ਤੋਂ ਦੂਰ ਰਹਿੰਦਾ ਹੈ, ਉਹਨਾਂ ਨੂੰ ਸਮਝਦਾ
ਨਹੀਂ।
ਛੋਡਿ
ਜਾਇ ਤਿਸ ਕਾ ਸ੍ਰਮੁ ਕਰੈ ॥ ਸੰਗਿ ਸਹਾਈ ਤਿਸੁ ਪਰਹਰੈ ॥
ਜੀਵ ਉਹਨਾਂ ਦੁਨਿਆਵੀ ਪਦਾਰਥਾਂ
ਨੂੰ ਪਾਉਣ ਲਈ ਹਰ ਦਿਨ ਮਿਹਨਤ (ਸ੍ਰਮ) ਕਰਦਾ ਹੈ, ਗਲਤ ਤਰੀਕੇ ਵਰਤਦਾ ਹੈ, ਜਿਹਨਾਂ ਨੇ ਮਰਨ ਤੋਂ
ਬਾਅਦ ਨਾਲ ਨਹੀਂ ਜਾਣਾ ਅਤੇ ਜਿਹੜੇ ਗੁਣ ਮਰਨ ਤੋਂ ਬਾਅਦ ਵੀ ਨਾਲ ਜਾਂਦੇ ਹਨ ਭਾਵ ਕਿ ਜਿਹਨਾਂ
ਗੁਣਾਂ ਦੀ ਬਦੌਲਤ ਜੀਵ ਮਰਨ ਤੋਂ ਬਾਅਦ ਵੀ ਸਮਾਜ ਵਿੱਚ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ, ਉਹਨਾਂ
ਗੁਣਾਂ ਨੂੰ ਛੱਡ (ਪਰਹਰੈ) ਦਿੰਦਾ ਹੈ।
ਚੰਦਨ
ਲੇਪੁ ਉਤਾਰੈ ਧੋਇ ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
ਗੁਰੂ ਸਾਹਿਬ ਆਖਦੇ ਹਨ ਕਿ
ਮਨੁੱਖ ਦੀ ਹਾਲਤ ਉਸ ਖੋਤੇ (ਗਰਧਬ) ਵਾਂਗ ਹੈ ਜਿਸਦਾ ਪਿਆਰ ਸਦਾ ਸੁਆਹ (ਭਸਮ) ਨਾਲ ਹੀ ਹੁੰਦਾ ਹੈ, ਜੇਕਰ ਖੋਤੇ ‘ਤੇ ਚੰਦਨ ਦਾ ਲੇਪ
ਵੀ ਲਾ ਦਿਉ ਤਾਂ ਉਹ ਚੰਦਨ ਲਾਹ ਦਿੰਦਾ ਹੈ ਅਤੇ ਮੁੜ ਸੁਆਹ ਵਿੱਚ ਹੀ ਲਿਟਦਾ ਹੈ, ਇਸੇ ਤਰ੍ਹਾਂ
ਮਨੁੱਖ ਗੁਣਾਂ ਨੂੰ ਛੱਡ ਕੇ ਹਮੇਸ਼ਾ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ।
ਅੰਧ ਕੂਪ ਮਹਿ ਪਤਿਤ ਬਿਕਰਾਲ ॥ ਨਾਨਕ ਕਾਢਿ ਲੇਹੁ ਪ੍ਰਭ
ਦਇਆਲ ॥੪॥ {ਪੰਨਾ 267}
ਜੀਵ, ਮਾਇਆ ਦੇ, ਵਿਕਾਰਾਂ ਦੇ
ਹਨੇਰੇ (ਅੰਧ) ਅਤੇ ਭਿਆਨਕ (ਬਿਕਰਾਲ) ਖੂਹ (ਕੂਪ) ਵਿੱਚ ਡਿੱਗੇ ਪਏ ਹਨ, ਅੱਗੇ ਗੁਰੂ ਸਾਹਿਬ
ਕਹਿੰਦੇ ਹਨ ਕਿ ਹੇ ਜੀਵ! ਉਸ ਸੱਚ ਰੂਪ ਪਰਮਾਤਮਾ ਨਾਲ ਜੁੜ, ਉਸਦੇ ਗੁਣਾਂ ਨੂੰ ਧਾਰ, ਇਹ ਸੱਚ ਅਤੇ
ਗੁਣ ਤੈਨੂੰ ਇਸ ਹਨੇਰੇ ਖੂਹ ਵਿੱਚੋਂ ਕੱਢ ਲੈਣਗੇ ਭਾਵ ਕਿ ਵਿਕਾਰਾਂ ਤੋਂ ਬਚਾ ਲੈਣਗੇ ।4।
ਕਰਤੂਤਿ
ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥
ਇਸ ਪਉੜੀ ਵਿੱਚ ਗੁਰੂ ਅਰਜਨ
ਸਾਹਿਬ ਮਨੁੱਖ ਬਾਰੇ ਆਖ ਰਹੇ ਹਨ ਕਿ ਜਾਤ ਤਾਂ ਮਨੁੱਖ ਦੀ ਹੈ ਪਰ ਕੰਮ ਪਸ਼ੂਆਂ ਵਾਲੇ ਹਨ ਅਤੇ
ਦਿਨ-ਰਾਤ ਲੋਕਾਂ ਅੱਗੇ ਧਰਮੀ,ਸੱਚਾ ਹੋਣ ਦਾ ਵਿਖਾਵਾ (ਪਚਾਰਾ) ਕਰ ਰਿਹਾ ਹੈ।
ਬਾਹਰਿ
ਭੇਖ ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ ਕਰੈ ਛਪਾਇਆ ॥
ਬਾਹਰੀ ਸਰੀਰ ਉੱਤੇ ਧਾਰਮਿਕ
ਪੁਸ਼ਾਕ ਹੈ, ਪਹਿਰਾਵਾ ਤਾਂ ਧਾਰਮਿਕ ਬਣਾਇਆ ਹੋਇਆ ਹੈ ਪਰ ਮਨ ਵਿੱਚ ਮਾਇਆ ਦੀ ਮੈਲ ਹੈ, ਪਰ ਬਾਹਰਲੇ ਭੇਖ ਨਾਲ ਛਪਾਉਣ ਦਾ
ਯਤਨ ਕੀਤਿਆਂ ਇਹ ਮਨ ਦੀ ਮੈਲ ਨਹੀਂ ਲੁਕਦੀ ਭਾਵ ਕਿ ਕਦੇ ਨਾ ਕਦੇ ਮਨੁੱਖ ਦੇ ਆਪਣੇ ਕੰਮਾਂ ਨਾਲ
ਲੋਕਾਂ ਅੱਗੇ ਸੱਚ ਆ ਹੀ ਜਾਂਦਾ ਹੈ।
ਬਾਹਰਿ
ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥
ਬਾਹਰ ਵਿਖਾਵੇ ਵਾਸਤੇ ਤੀਰਥਾਂ
ਦੇ ਇਸ਼ਨਾਨ ਅਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਸਮਾਧੀਆਂ (ਧਿਆਨ) ਵੀ ਲਾਉਂਦਾ ਹੈ, ਅੱਖਾਂ ਬੰਦ ਕਰ ਕੇ ਪਾਠ ਕਰਨ ਦਾ ਢੌਂਗ ਵੀ ਕਰਦਾ ਹੈ ਪਰ ਮਨ ਵਿੱਚ ਲੋਭ ਰੂਪ ਕੁੱਤਾ
(ਸੁਆਨੁ) ਜ਼ੋਰ ਪਾ ਰਿਹਾ ਹੈ, ਮਾਨਿਸਕ ਤੌਰ ‘ਤੇ ਮਾਇਆ ਨੂੰ ਪਾਉਣ ਦੀਆਂ ਸਕੀਮਾਂ ਬਣਾ ਰਿਹਾ ਹੈ।
ਅੰਤਰਿ
ਅਗਨਿ ਬਾਹਰਿ ਤਨੁ ਸੁਆਹ ॥ ਗਲਿ ਪਾਥਰ ਕੈਸੇ ਤਰੈ ਅਥਾਹ ॥
ਮਨੁੱਖ ਦੇ ਮਨ ਵਿੱਚ ਤ੍ਰਿਸ਼ਨਾ ਦੀ,
ਈਰਖਾ ਦੀ ਅੱਗ ਹੈ ਪਰ ਬਾਹਰ ਸਰੀਰ ਸੁਆਹ ਨਾਲ
ਲਿਬੇੜਿਆ ਹੋਇਆ ਹੈ ਭਾਵ ਕਿ ਮਨ ਵਿੱਚ ਤਾਂ ਈਰਖਾ ਅਤੇ ਲਾਲਚ ਭਰਿਆ ਪਿਆ ਹੈ ਅਤੇ ਬਾਹਰੀ ਤੌਰ ‘ਤੇ
ਧਾਰਮਿਕ ਹੋਣ ਦਾ ਦਿਖਾਵਾ ਕਰਦਾ ਹੈ ਪਰ ਜੇਕਰ ਗਲ ਵਿੱਚ ਵਿਕਾਰਾਂ ਦੇ ਪੱਥਰ ਹੋਣ ਤਾਂ ਇਸ ਮਾਇਆ ਦੇ
ਸਮੁੰਦਰ ਨੂੰ ਜੀਵ ਕਿਵੇਂ ਤਰ ਸਕਦਾ ਹੈ, ਕਿਵੇਂ ਪਾਰ ਲੰਘ ਸਕਦਾ ਹੈ?
ਜਾ ਕੈ
ਅੰਤਰਿ ਬਸੈ ਪ੍ਰਭੁ ਆਪਿ ॥ ਨਾਨਕ ਤੇ ਜਨ ਸਹਜਿ ਸਮਾਤਿ ॥੫॥ {ਪੰਨਾ 267}
ਅੱਗੇ ਗੁਰੂ ਸਾਹਿਬ ਆਖ ਰਹੇ ਹਨ
ਕਿ ਜਿਸ ਵੀ ਮਨੁੱਖ ਨੇ ਆਪਣੇ ਮਨ ਵਿੱਚ ਪ੍ਰਮਾਤਮਾ ਦੀ ਸਿੱਖਿਆ ਨੂੰ ਵਸਾ ਲਿਆ, ਆਪਣੇ ਜੀਵਨ ਵਿੱਚ
ਉਸਦੇ ਗੁਣ ਧਾਰ ਲਏ, ਉਹ ਹੀ ਮਾਨਸਿਕ ਤੌਰ ‘ਤੇ ਸਹਿਜ ਅਤੇ ਅਡੋਲ ਅਵਸਥਾ ਵਿੱਚ ਆ ਸਕਦਾ ਹੈ, ਉਸਨੂੰ
ਹੀ ਮਾਨਸਿਕ ਤੌਰ ‘ਤੇ ਸੰਤੁਸ਼ਟੀ ਮਿਲ ਸਕਦੀ ਹੈ।
ਸੁਨਿ
ਅੰਧਾ ਕੈਸੇ ਮਾਰਗੁ ਪਾਵੈ ॥ ਕਰੁ ਗਹਿ ਲੇਹੁ ਓੜਿ ਨਿਬਹਾਵੈ ॥
ਗੁਰੂ ਸਾਹਿਬ ਆਖ ਰਹੇ ਹਨ ਕਿ
ਅੰਨ੍ਹਾ ਮਨੁੱਖ ਸੁਣ-ਸੁਣ (ਸੁਨਿ) ਕੇ ਹੀ ਕਿਵੇਂ ਰਾਹ ਲੱਭ ਸਕਦਾ ਹੈ? ਜੇਕਰ ਕੋਈ ਉਸਦਾ ਅਖੀਰ (ਓੜਿ)
ਤੱਕ ਹੱਥ (ਕਰੁ) ਫੜ੍ਹ (ਗਹਿ ਲੇਹੁ) ਕੇ ਛੱਡ ਆਵੇ, ਉਹ ਤਾਂ ਹੀ ਰਸਤਾ ਪਾਰ ਲੰਘ ਸਕਦਾ ਹੈ। ਇਸ
ਉਦਾਹਰਨ ਨਾਲ ਗੁਰੂ ਸਾਹਿਬ ਵਿਕਾਰਾਂ ਵਿੱਚ ਫਸ ਕੇ ਗੁਣਾਂ ਤੋਂ ਅੰਨ੍ਹੇ ਮਨੁੱਖ ਨੂੰ ਸਮਝਾ ਰਹੇ ਹਨ
ਕਿ ਕੇਵਲ ਗੱਲਾਂ ਨਾਲ, ਦਿਖਾਵੇ ਨਾਲ ਹੀ ਇਹ ਜੀਵਨ ਮਾਰਗ ਪਾਰ ਨਹੀਂ ਹੋਣਾ, ਗੁਣਾਂ ਦਾ ਹੱਥ ਫੜ੍ਹਨ
ਨਾਲ ਹੀ ਇਹ ਜੀਵਨ ਮਾਰਗ ਪਾਰ ਹੋ ਸਕਦਾ ਹੈ, ਭਾਵ ਕਿ ਗੁਣਾਂ ਵਾਲਾ ਬਣਨ ‘ਤੇ ਹੀ ਜੀਵਨ ਵਿੱਚ ਸ਼ੋਭਾ
ਮਿਲੇਗੀ ਅਤੇ ਲੋਕਾਂ ਵਿੱਚ ਇੱਜ਼ਤ ਬਣੇਗੀ ਅਤੇ ਜੀਵਨ ਆਸਾਨੀ ਨਾਲ ਲੰਘ ਜਾਵੇਗਾ।
ਕਹਾ
ਬੁਝਾਰਤਿ ਬੂਝੈ ਡੋਰਾ ॥ ਨਿਸਿ ਕਹੀਐ ਤਉ ਸਮਝੈ ਭੋਰਾ ॥
ਬੋਲਾ (ਡੋਰਾ) ਮਨੁੱਖ ਸੈਨਤ
(ਬੁਝਾਰਤਿ) ਨੂੰ, ਇਸ਼ਾਰੇ ਨੂੰ ਕਿਵੇਂ ਸਮਝ ਸਕਦਾ ਹੈ? ਸੈਨਤ ਨਾਲ ਜੇ ਆਖੀਏ ਇਹ ਰਾਤ (ਨਿਸਿ) ਹੈ ਤਾਂ ਉਹ ਸਮਝ ਲੈਂਦਾ ਹੈ ਇਹ
ਦਿਨ (ਭੋਰਾ) ਹੈ ਭਾਵ ਕਿ ਜੋ ਮਨੁੱਖ ਬੋਲਾ ਹੈ, ਉਸਨੂੰ ਕੁੱਝ ਕਹਾਂਗੇ ਤਾਂ ਉਹ ਕੁੱਝ ਹੋਰ ਹੀ ਸਮਝ
ਸਕਦਾ ਹੈ, ਉਸਨੂੰ ਸਮਝਣ ਵਿੱਚ ਗਲਤੀ ਲੱਗ ਜਾਂਦੀ ਹੈ। ਜੇਕਰ ਉਸਨੂੰ ਕਹਾਂਗੇ ਕਿ ਰਾਤ ਹੈ ਤਾਂ ਉਹ
ਬੋਲੇ ਗਏ ਸ਼ਬਦਾਂ ਨੂੰ ‘ਦਿਨ’ ਸਮਝ ਸਕਦਾ ਹੈ, ਇਸੇ ਤਰ੍ਹਾਂ ਜਿਹੜਾ ਮਨੁੱਖ ਵਿਕਾਰਾਂ ਵਿੱਚ ਫਸ ਕੇ,
ਸੱਚ ਵਾਲੇ ਪਾਸਿਉਂ ਬੋਲਾ ਹੈ ਜਾਂਦਾ ਹੈ, ਜੋ ਸੱਚ ਨਹੀਂ ਸੁਣਦਾ ਬੱਸ ਵਿਕਾਰਾਂ ਵਿੱਚ ਹੀ ਰਹਿੰਦਾ
ਹੈ ਤਾਂ ਉਹ ਸਹੀ ਨੂੰ ਅਕਸਰ ਗਲਤ ਸਮਝ ਲੈਂਦਾ ਹੈ ‘ਤੇ ਆਪਣੇ ਮਨ ਦੀ ਕਰਦਾ ਹੈ।
ਕਹਾ
ਬਿਸਨਪਦ ਗਾਵੈ ਗੁੰਗ ॥ ਜਤਨ ਕਰੈ ਤਉ ਭੀ ਸੁਰ ਭੰਗ ॥
ਗੂੰਗਾ ਮਨੁੱਖ ਕਿਵੇਂ ਬਿਸ਼ਨ-ਪਦੇ
ਗਾ ਸਕੇ? ਕਈ ਯਤਨ ਵੀ ਕਰੇ ਤਾਂ ਵੀ ਉਸ ਦੀ
ਸੁਰ ਟੁੱਟੀ ਰਹਿੰਦੀ ਹੈ ਭਾਵ ਕਿ ਜਿਹੜਾ ਮਨੁੱਖ ਸੱਚ ਨਾਲ ਨਹੀਂ ਜੁੜਿਆ, ਜਿਸਨੂੰ ਪ੍ਰਮਾਤਮਾ ਦੇ
ਗੁਣਾਂ ਦਾ ਪਤਾ ਹੀ ਨਹੀਂ ਉਹ ਇੱਕ ਤਰ੍ਹਾਂ ਨਾਲ ਗੂੰਗਾ ਹੈ, ਇਹ ਗੂੰਗਾ ਫਿਰ ਕਿਵੇਂ ਸੱਚ ਬਾਰੇ
ਦੱਸ ਸਕਦਾ ਹੈ, ਕਿਵੇਂ ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਿਸੇ ਨੂੰ ਦੱਸ ਸਕਦਾ ਹੈ, ਜੇਕਰ
ਦਿਖਾਵੇ ਮਾਤਰ ਕੋਸ਼ਿਸ਼ ਵੀ ਕਰੇਗਾ ਤਾਂ ਵੀ ਸੁਰ ਟੁੱਟਿਆ ਰਹੇਗਾ ਭਾਵ ਕਿ ਗਲਤ ਹੀ ਦੱਸੇਗਾ ਅਤੇ
ਉਸਦਾ ਬੋਲ ਥਿੜਕੇਗਾ।
ਕਹ
ਪਿੰਗੁਲ ਪਰਬਤ ਪਰ ਭਵਨ ॥ ਨਹੀ ਹੋਤ ਊਹਾ ਉਸੁ ਗਵਨ ॥
ਲੂਲ੍ਹਾ (ਪਿੰਗੁਲ) ਕਿੱਥੇ
ਪਹਾੜਾਂ ਤੇ ਘੁੰਮ-ਫਿਰ (ਭਵਨ) ਸਕਦਾ ਹੈ? ਉੱਥੇ ਤੱਕ ਉਸਦੀ ਪਹੁੰਚ (ਗਵਨ) ਨਹੀਂ ਹੋ ਸਕਦੀ, ਇਸੇ ਤਰ੍ਹਾਂ ਜਿਹੜਾ
ਮਨੁੱਖ ਗੁਣਾਂ ਤੋਂ ਅਪਾਹਜ ਹੈ,ਲੂਲਾ ਹੈ ਭਾਵ ਜਿਸਦੇ ਜੀਵਨ ਵਿੱਚ ਗੁਣ ਨਹੀਂ ਹਨ, ਉਹ ਸੱਚ ਰੂਪੀ
ਪਰਬਤ ਦੀ ਉਚਾਈ ‘ਤੇ ਕਿਵੇਂ ਪਹੁੰਚ ਸਕਦਾ ਹੈ, ਉਸਨੂੰ ਸੱਚ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ, ਸੱਚ
ਉਸਦੀ ਪਹੁੰਚ ਤੋਂ ਬਾਹਰ ਹੀ ਰਹਿੰਦਾ ਹੈ।
ਕਰਤਾਰ
ਕਰੁਣਾ ਮੈ ਦੀਨੁ ਬੇਨਤੀ ਕਰੈ ॥ ਨਾਨਕ ਤੁਮਰੀ ਕਿਰਪਾ ਤਰੈ ॥੬॥ {ਪੰਨਾ 267}
ਅੱਗੇ ਗੁਰੂ ਸਾਹਿਬ ਸਮਝਾ ਰਹੇ
ਹਨ ਕਿ ਕੇਵਲ ਉਹ ਮਨੁੱਖ ਹੀ ਵਿਕਾਰਾਂ ਤੋਂ ਬਚ ਸਕਦਾ ਹੈ, ਜੀਵਨ ਰੂਪੀ ਸਮੁੰਦਰ ਤੋਂ ਪਾਰ ਲੰਘ
ਸਕਦਾ ਹੈ ਜਿਸਨੇ ਸਭ ‘ਤੇ ਦਇਆ ਕਰਨ ਵਾਲੇ (ਕਰੁਣਾ ਮੈ) ਭਾਵ ਔਗੁਣਾਂ ਨੂੰ ਭੁੱਲ ਕੇ ਮਨੁੱਖ ਦਾ
ਸਾਥ ਦੇਣ ਵਾਲੇ ਸੱਚ ਰੂਪੀ ਪ੍ਰਮਾਤਮਾ (ਕਰਤਾਰ) ਅੱਗੇ ਬੇਨਤੀ ਕੀਤੀ ਭਾਵ ਕਿ ਆਪਣੇ ਜੀਵਨ ਵਿੱਚ ਉਸ
ਪ੍ਰਮਾਤਮਾ ਦੀ ਸਿੱਖਿਆ ਨੂੰ ਵਸਾ ਲਿਆ ਅਤੇ ਉਸਦੇ ਗੁਣ ਧਾਰ ਲਏ, ਵਿਕਾਰਾਂ ਦਾ ਖਹਿੜਾ ਛੱਡ ਦਿੱਤਾ।
ਕੇਵਲ ਸੱਚ ਨਾਲ ਜੁੜਨ ਵਾਲਾ ਹੀ ਵਿਕਾਰਾਂ ਤੋਂ ਬਚ ਕੇ ਜੀਵਨ ਮਾਰਗ ਨੂੰ ਆਸਨੀ ਨਾਲ ਲੰਘ ਸਕਦਾ ਹੈ।
ਸੰਗਿ
ਸਹਾਈ ਸੁ ਆਵੈ ਨ ਚੀਤਿ ॥ ਜੋ ਬੈਰਾਈ ਤਾ ਸਿਉ ਪ੍ਰੀਤਿ ॥
ਗੁਰੂ ਸਾਹਿਬ ਆਖ ਰਹੇ ਹਨ ਕਿ
ਜਿਹੜੇ ਗੁਣ,ਚੰਗਿਆਈ ਅਤੇ ਸੱਚ ਵਰਗੇ ਮਿੱਤਰ ਹਨ, ਜਿਹੜੇ ਹਮੇਸ਼ਾ ਸਾਥ ਦਿੰਦੇ ਹਨ, ਜਿੰਨ੍ਹਾਂ ਦੇ
ਸਾਥ ਹੋਣ ਨਾਲ ਹਮੇਸ਼ਾ ਇੱਜ਼ਤ ਮਿਲਦੀ ਹੈ, ਉਹ ਮਨੁੱਖ ਨੂੰ ਯਾਦ ਨਹੀਂ ਰਹਿੰਦੇ, ਮਾਇਆ ਦੇ ਮੋਹ ਵਿੱਚ
ਪੈ ਕੇ ਮਨੁੱਖ ਉਹਨਾਂ ਤੋਂ ਦੂਰੀ ਬਣਾ ਲੈਂਦਾ ਹੈ ਅਤੇ ਜਿਹੜੇ ਵਿਕਾਰ ਮਨੁੱਖ ਦੇ ਵੈਰੀ (ਬੈਰਾਈ)
ਹਨ, ਜਿੰਨ੍ਹਾਂ ਕਾਰਨ ਬਹੁਤ ਵਾਰ ਨਮੋਸ਼ੀ ਝੱਲਣੀ ਪੈਂਦੀ ਹੈ, ਨੂੰ ਮਨੁੱਖ ਆਪਣਾ ਸਾਥੀ ਬਣਾ ਲੈਂਦਾ
ਹੈ ਅਤੇ ਮਾਇਆ ਦੇ ਮੋਹ ਵਿੱਚ ਲੱਗਿਆ ਰਹਿੰਦਾ ਹੈ।
ਬਲੂਆ
ਕੇ ਗ੍ਰਿਹ ਭੀਤਰਿ ਬਸੈ ॥ ਅਨਦ ਕੇਲ ਮਾਇਆ ਰੰਗਿ ਰਸੈ ॥
ਮਨੁੱਖ ਰੇਤ (ਬਲੂਆ) ਦੇ ਘਰ ਵਿਚ
ਵੱਸਦਾ ਹੈ ਭਾਵ ਕਿ ਰੇਤ ਦੇ ਕਿਣਕਿਆਂ ਵਾਂਗ ਉਮਰ ਪਲ-ਪਲ
ਕਰ ਕੇ ਕਿਰ ਰਹੀ ਹੈ, ਲੰਘ ਰਹੀ ਹੈ, ਫਿਰ ਵੀ ਮਾਇਆ ਦੀ ਮਸਤੀ ਵਿੱਚ ਮੌਜਾਂ ਮਾਣ ਰਿਹਾ ਹੈ,
ਵਿਕਾਰਾਂ ਵਿੱਚ ਹੀ ਰੁੱਝਾ ਹੋਇਆ ਹੈ, ਗੁਣਾਂ ਵੱਲ ਧਿਆਨ ਹੀ ਨਹੀਂ ਕਰਦਾ।
ਦ੍ਰਿੜੁ
ਕਰਿ ਮਾਨੈ ਮਨਹਿ ਪ੍ਰਤੀਤਿ ॥ ਕਾਲੁ ਨ ਆਵੈ ਮੂੜੇ ਚੀਤਿ ॥
ਮਨੁੱਖ ਆਪਣੇ ਮਨ ਵਿੱਚ ਇਹ ਯਕੀਨ
(ਪ੍ਰਤੀਤਿ) ਪੱਕਾ (ਦ੍ਰਿੜੁ) ਕਰ ਕੇ ਬੈਠਾ ਕਿ ਵਿਕਾਰ ਉਸਦੇ ਸਾਥੀ ਹਨ, ਹਮੇਸ਼ਾ ਉਸਦੇ ਨਾਲ ਹਨ ਪਰ
ਮੂਰਖ ਨੂੰ ਮੌਤ ਦਾ ਚੇਤਾ ਨਹੀਂ, ਆਪਣੇ ਆਪ ਨੂੰ ਅਮਰ ਸਮਝੀ ਬੈਠਾ ਹੈ, ਇਹ ਨਹੀਂ ਸੋਚਦਾ ਕਿ ਮੌਤ
ਵੱਲ ਵਧ ਰਿਹਾ ਹਾਂ, ਮਰਨ ਤੋਂ ਪਹਿਲਾਂ ਗੁਣਾਂ ਨਾਲ ਸਾਝ ਪਾ ਲਵਾਂ।
ਬੈਰ
ਬਿਰੋਧ ਕਾਮ ਕ੍ਰੋਧ ਮੋਹ ॥ ਝੂਠ ਬਿਕਾਰ ਮਹਾ ਲੋਭ ਧ੍ਰੋਹ ॥
ਇਆਹੂ
ਜੁਗਤਿ ਬਿਹਾਨੇ ਕਈ ਜਨਮ ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥ {ਪੰਨਾ 267-268}
ਗੁਰੂ ਸਾਹਿਬ ਆਖ ਰਹੇ ਹਨ ਕਿ
ਮਨੁੱਖ ਨੇ ਵੈਰ, ਵਿਰੋਧ, ਕਾਮ, ਗੁੱਸਾ, ਮੋਹ, ਝੂਠ, ਮੰਦੇ ਕਰਮ, ਭਾਰੀ ਲਾਲਚ ‘ਤੇ ਦਗਾ ਆਦਿਕ
ਵਿਕਾਰਾਂ ਵਿੱਚ ਹੀ ਸਮਾਂ ਖਰਾਬ ਕਰ ਲੈਂਦਾ ਹੈ, ਅਨੇਕਾਂ ਵਾਰ ਵਿਕਾਰਾਂ ਵਿੱਚ ਜੰਮਦਾ ‘ਤੇ ਮਰਦਾ
ਹੈ, ਭਾਵ ਕਿ ਮਨ ਵਿੱਚ ਵਿਕਾਰ ਆਉਂਦਾ ‘ਤੇ ਜਾਂਦਾ ਹੈ ਰਹਿੰਦਾ ਹੈ, ਬੱਸ ਇਸੇ (ਇਆਹੂ) ਸੋਚਾਂ
(ਜੁਗਤਿ) ਵਿੱਚ ਜੀਵਨ ਗੁਜ਼ਰ (ਬਿਹਾਨੇ) ਜਾਂਦਾ ਹੈ। ਅੱਗੇ ਗੁਰੂ ਸਾਹਿਬ ਆਖ ਰਹੇ ਹਨ ਕਿ
ਹੇ ਮਨੁੱਖ! ਆਪਣੇ ਆਪ ਬਾਰੇ ਸੋਚ, ਚੰਗੇ ਕੰਮ ਕਰ, ਗੁਣ ਅਪਣਾ ਤਾਂ ਜੋ ਤੇਰਾ ਇਹਨਾਂ ਵਿਕਾਰਾ ਤੋਂ
ਪਿੱਛਾ ਛੁੱਟ ਜਾਵੇ।
ਤੂ
ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਗੁਰੂ ਸਾਹਿਬ ਆਖ ਰਹੇ ਹਨ ‘ਸੱਚ ਰੂਪ ਪ੍ਰਮਾਤਮਾ’ ਤੂੰ
ਸਾਡਾ ਸਭ ਦਾ ਮਾਲਕ (ਠਾਕੁਰੁ) ਹੈਂ, ਇਹ ਸਰੀਰ (ਪਿੰਡੁ) ਅਤੇ ਜ਼ਿੰਦ (ਜੀਉ) ਸਭ ਤੇਰੀ ਹੀ ਦਿੱਤੀ
ਹੋਈ ਦਾਤ (ਰਾਸਿ) ਹੈ।
ਤੁਮ
ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਤੂੰ ਹੀ ਸਾਡਾ ਮਾਂ-ਪਿਉ ਹੈਂ, ਅਸੀਂ ਤੇਰੇ ਬੱਚੇ ਹਾਂ, ਤੇਰੀ ਮਿਹਰ ਨਾਲ ਸਾਡੇ ਜੀਵਨ
ਵਿੱਚ ਬੇਅੰਤ ਸੁੱਖ ਹਨ ਭਾਵ ਕਿ ਸੱਚ ਨਾਲ ਜੁੜ ਕੇ ਅਸੀਂ ਮਾਨਸਿਕ ਤੌਰ ਸੰਤੁਸ਼ਟੀ ਵਾਲਾ ਜੀਵਨ ਬਤੀਤ
ਕਰ ਰਹੇ ਹਾਂ ਅਤੇ ਮਨ ਦੀ ਸ਼ਾਂਤੀ ਨਾਲ ਸਰੀਰਿਕ ਤੌਰ ‘ਤੇ ਵੀ ਅਨੇਕਾਂ ਸੁੱਖ ਮਾਣ ਰਹੇ ਹਾਂ।
ਕੋਇ ਨ
ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
ਕੋਈ ਤੇਰਾ ਦਾ ਅੰਤ ਨਹੀਂ ਪਾ
ਸਕਦਾ ਭਾਵ ਕਿ ਕੋਈ ਵੀ ਇਸ ਸੱਚ ਦੀ ਸ਼ੁਰੂਆਤ ਅਤੇ ਅੰਤ ਬਾਰੇ ਨਹੀਂ ਦੱਸ ਸਕਦਾ ਕਿਉਂਕਿ ਤੂੰ ਸਭ
ਤੋਂ ਉੱਚਾ ਭਗਵਾਨ ਹੈਂ ਭਾਵ ਕਿ ਤੂੰ ਇਸ ਸੰਸਾਰ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਹੋਂਦ ਵਿੱਚ ਸੀ ਅਤੇ
ਇਸ ਸੰਸਾਰ ਦੀ ਰਚਨਾ ਤੇਰੇ ਨਿਯਮਾਂ ਅਨੁਸਾਰ ਹੀ ਹੋਈ ਹੈ।
ਸਗਲ
ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਸੰਸਾਰ ਦੇ ਸਾਰੇ ਪਦਾਰਥ
(ਸਮਗ੍ਰੀ) ਤੇਰੇ ਹੀ ਹੁਕਮ (ਸੂਤ੍ਰਿ) ਵਿੱਚ ਬੱਝੇ ਹੋਏ ਹਨ, ਭਾਵ ਕਿ ਇਸ ਸੰਸਾਰ ਵਿੱਚ ਹਰ
ਪਦਾਰਥ ਅਤੇ ਘਟਨਾ ਕੁਦਰਤ ਰੂਪੀ ਪ੍ਰਮਾਤਮਾ ਦੇ ਨਿਯਮ ਅਨੁਸਾਰ ਗਤੀ ਕਰ ਰਹੀ ਹੈ, ਤੇਰੇ ਅਟੱਲ
ਨਿਯਮਾਂ ਨਾਲ ਹੋਂਦ ਵਿੱਚ ਆਈ ਸਿਸ਼੍ਰਟੀ, ਤੇਰੇ ਇਹਨਾਂ ਹੁਕਮਾਂ ਦੀ ਪਾਲਣਾ ਕਰ ਰਹੀ, ਇਹਨਾਂ
ਨਿਯਮਾਂ ਦੀ ਆਗਿਆਕਾਰੀ ਹੈ।
ਤੁਮਰੀ
ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥੮॥੪॥ {ਪੰਨਾ 268}
ਅੱਗੇ ਗੁਰੂ ਸਾਹਿਬ ਆਖ ਰਹੇ ਹਨ
ਕਿ ਹੇ ਕੁਦਰਤ ਰੂਪ ਪ੍ਰਮਾਤਮਾ! ਤੇਰੇ ਨਿਯਮ (ਮਿਤਿ) ਅਤੇ ਹਾਲਤ (ਗਤਿ) ਤੂੰ ਆਪ ਹੀ ਜਾਣਦਾ ਹੈਂ
ਭਾਵ ਕਿ ਕੁਦਰਤ ਦੇ ਨਿਯਮ ਕਿਸੇ ਇਨਸਾਨ ਨੇ ਨਹੀਂ ਬਣਾਏ, ਖੁਦ ਕੁਦਰਤ ਨੇ ਆਪ ਬਣਾਏ ਹਨ, ਤੇਰੇ
ਇਹਨਾਂ ਨਿਯਮਾਂ ਅਤੇ ਰਚਨਾ ਤੋਂ ਅਸੀਂ ਸਦਕੇ (ਕੁਰਬਾਨੀ ਜਾਂਦੇ ਹਾਂ।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ ।
{ਨੋਟ: 1.ਸੁਖਮਨੀ
ਸਾਹਿਬ ਦੇ ਸਰਲ ਸ਼ਬਦਾਂ ਵਿੱਚ ਅਰਥ ਕਰਨ ਦੀ ਇਹ ਆਪਣੀ ਤੁੱਛ ਬੁੱਧੀ ਅਨੁਸਾਰ ਕੋਸ਼ਿਸ਼ ਹੈ, ਕੋਈ ਵੀ
ਪਾਠਕ ਗੁਰਮਤਿ ਦੀ ਰੌਸ਼ਨੀ ਵਿੱਚ ਸੁਝਾਅ ਦੇਵੇਗਾ ਤਾਂ ਉਸਦਾ ਸਵਾਗਤ ਹੈ।}