ਸਤਿੰਦਜੀਤ ਸਿੰਘ
ਸਲੋਕੁ
॥
ਬਹੁ
ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥
ਪੂਜਸਿ
ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥
ਇਸ ਸਲੋਕ ਵਿੱਚ ਗੁਰੂ ਸਾਹਿਬ ਆਖ
ਰਹੇ ਹਨ ਕਿ ਅਨੇਕਾਂ ਸ਼ਾਸ਼ਤ੍ਰਾਂ ਭਾਵ ਧਾਰਮਿਕ ਪੁਸਤਕਾਂ ਅਤੇ ਸਿਮ੍ਰਿਤੀਆਂ (ਹਿੰਦੂ ਕੌਮ ਵਾਸਤੇ
ਧਾਰਮਿਕ ‘ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂੰ ਆਦਿਕ ਆਗੂਆਂ ਨੇ ਲਿਖੀਆਂ) ਨੂੰ ਚੰਗੀ
ਤਰ੍ਹਾਂ ਘੋਖ (ਢਢੋਲਿ) ਕੇ ਦੇਖ ਲਿਆ ਹੈ, ਇਹ ਧਾਰਮਿਕ ਰਸਮਾਂ ਅਤੇ ਸਮਾਜਿਕ ਕਾਨੂੰਨਾਂ ਨਾਲ ਭਰੇ
ਪਏ ਹਨ ਪਰ ਇਹ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪਹੁੰਚਦੇ (ਪੂਜਸਿ) ਭਾਵ ਕਿ ਉਸਦੇ ਗੁਣਾਂ ਦੀ
ਬਰਾਬਰੀ ਨਹੀਂ ਕਰਦੇ॥1॥
ਅਸਟਪਦੀ
॥
ਜਾਪ
ਤਾਪ ਗਿਆਨ ਸਭਿ ਧਿਆਨ ॥
ਖਟ
ਸਾਸਤ੍ਰ ਸਿਮ੍ਰਿਤਿ ਵਖਿਆਨ ॥
ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ
ਧਾਰਮਿਕ ਪੁਸਤਕਾਂ ਵਿੱਚ ਦਰਜ ਰੱਬ ਨੂੰ ਪਾਉਣ ਦੀਆਂ ਵਿਧੀਆਂ ਬਾਰੇ ਸਮਝਾਉਂਦੇ ਹੋਏ ਆਖ ਰਹੇ ਹਨ ਕਿ
ਜੇ ਕੋਈ ਮੰਤ੍ਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ
ਤਪਾਏ (ਤਾਪ), ਹੋਰ ਗਿਆਨ ਦੀਆਂ ਗੱਲਾਂ
ਕਰੇ ‘ਤੇ ਦੇਵਤਿਆਂ ਦੇ ਧਿਆਨ ਧਰੇ, ਛੇ ਸ਼ਾਸਤ੍ਰਾਂ (ਖਟ
ਸਾਸਤ੍ਰ) ‘ਤੇ ਸਿਮ੍ਰਿਤੀਆਂ ਦਾ ਉਪਦੇਸ਼ (ਵਖਿਆਨ) ਕਰੇ
ਜੋਗ
ਅਭਿਆਸ ਕਰਮ ਧ੍ਰਮ ਕਿਰਿਆ ॥
ਸਗਲ
ਤਿਆਗਿ ਬਨ ਮਧੇ ਫਿਰਿਆ ॥
ਭਾਵੇਂ ਕੋਈ ਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ, ਜਾਂ ਸਾਰੇ ਕੰਮ ਛੱਡ (ਤਿਆਗਿ) ਕੇ,
ਪਰਿਵਾਰ ਅਤੇ ਸਮਾਜ ਨੂੰ ਛੱਡ ਕੇ ਜੰਗਲਾਂ ਵਿੱਚ (ਮਧੇ) ਫਿਰਦਾ ਰਹੇ
ਅਨਿਕ
ਪ੍ਰਕਾਰ ਕੀਏ ਬਹੁ ਜਤਨਾ ॥
ਪੁੰਨ
ਦਾਨ ਹੋਮੇ ਬਹੁ ਰਤਨਾ ॥
ਅਨੇਕਾਂ ਪ੍ਰਕਾਰ ਦੇ ਹੋਰ ਯਤਨ
ਕਰੇ, ਪੁੰਨ-ਦਾਨ ਕਰੇ ‘ਤੇ ਬਹੁਤ ਸਾਰਾ
ਘਿਉ (ਰਤਨਾ) ਪਾ ਕੇ ਹਵਨ ਕਰੇ
ਸਰੀਰੁ
ਕਟਾਇ ਹੋਮੈ ਕਰਿ ਰਾਤੀ ॥
ਵਰਤ
ਨੇਮ ਕਰੈ ਬਹੁ ਭਾਤੀ ॥
ਭਾਵੇਂ ਕੋਈ ਆਪਣੇ ਸਰੀਰ ਨੂੰ
ਰਤੀ-ਰਤੀ ਕਰ (ਕਰਿ ਰਾਤੀ) ਕੇ ਕਟਾਵੇ ਅਤੇ ਹਵਨ ਦੀ ਅੱਗ ਵਿੱਚ ਸਾੜ ਦੇਵੇ, ਅਨੇਕਾਂ ਕਿਸਮਾਂ ਦੇ ਵਰਤਾਂ ਦੇ
ਬੰਧਨ (ਨੇਮ) ਕਰੇ
ਨਹੀ
ਤੁਲਿ ਰਾਮ ਨਾਮ ਬੀਚਾਰ ॥
ਨਾਨਕ
ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ {ਪੰਨਾ 265}
ਤਾਂ ਵੀ ਪ੍ਰਮਾਤਮਾ ਦੇ ਗੁਣਾਂ
ਦੀ ਬਰਾਬਰੀ ਨਹੀਂ ਹੋ ਸਕਦੀ ਭਾਵ ਕਿ ਮਨੁੱਖ ਵੱਲੋਂ ਕੀਤੇ ਜਾਂਦੇ ਉਪਰੋਕਤ ਸਾਰੇ ਹੀ ਕਰਮ-ਕਾਂਡ.
ਰਸਮਾਂ, ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਦੇ ਬਰਾਬਰ ਨਹੀਂ ਹਨ, ਇਹਨਾਂ ਵਿਧੀਆਂ ਨਾਲ ਅੰਸ਼ਿਕ
ਮਾਤਰ ਵੀ ਪ੍ਰਮਾਤਮਾ ਦੇ ਗੁਣਾਂ ਨੂੰ ਨਹੀਂ ਪਾਇਆ ਜਾ ਸਕਦਾ, ਵਿਧੀਆਂ ਇਹਨਾਂ ਗੁਣਾਂ ਬਰਾਬਰ ਨਹੀਂ
ਪਹੁੰਚ ਸਕਦੀਆਂ ਭਾਵ ਕਿ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਪ੍ਰਮਾਤਮਾ ਦੀ ਸਿੱਖਿਆ ਅਤੇ ਗੁਣਾਂ ਨੂੰ
ਸਮਝ ਕੇ ਜੀਵਨ ਵਿੱਚ ਅਪਨਾਉਣਾ ਜ਼ਰੂਰੀ ਹੈ, ਇਹਨਾਂ ਕਰਮ-ਕਾਂਡੀ ਰਸਮਾਂ ਨੂੰ ਨਿਭਾਉਣ ਦਾ ਕੋਈ
ਫਾਇਦਾ ਨਹੀਂ।
ਨਉ ਖੰਡ
ਪ੍ਰਿਥਮੀ ਫਿਰੈ ਚਿਰੁ ਜੀਵੈ ॥
ਮਹਾ
ਉਦਾਸੁ ਤਪੀਸਰੁ ਥੀਵੈ ॥
ਭਾਵ ਕਿ ਭਾਵੇਂ ਕੋਈ ਮਨੁੱਖ
ਸਾਰੀ ਧਰਤੀ ‘ਤੇ ਘੁੰਮ ਲਵੇ, ਲੰਮੀ ਉਮਰ ਤੱਕ ਜੀਊਂਦਾ
ਰਹੇ, ਸੰਸਾਰ ਵੱਲੋਂ ਅੱਕ ਕੇ, ਸੰਸਾਰ
ਨੂੰ ਤਿਆਗ ਕੇ ਵੱਡਾ ਤਪੱਸਵੀ ਬਣ ਜਾਵੇ
ਅਗਨਿ
ਮਾਹਿ ਹੋਮਤ ਪਰਾਨ ॥
ਕਨਿਕ
ਅਸ੍ਵ ਹੈਵਰ ਭੂਮਿ ਦਾਨ ॥
ਭਾਵੇਂ ਅੱਗ ਵਿੱਚ ਆਪਣੀ ਜਾਨ ਦਾ
ਹਵਨ ਕਰ ਦੇਵੇ, ਸੋਨੇ ਦੇ ਘੋੜੇ (ਕਨਿਕ=ਸੋਨਾ,
ਅਸ੍ਵ=ਘੋੜਾ), ਵਧੀਆ ਘੋੜੇ (ਹੈਵਰ = ਹਯ
+ਵਰ, ਹਯ-ਘੋੜਾ, ਵਰ-ਵਧੀਆ, ਸ੍ਰੇਸ਼ਟ) ‘ਤੇ ਜ਼ਮੀਨ ਦਾ ਦਾਨ ਕਰੇ
ਨਿਉਲੀ
ਕਰਮ ਕਰੈ ਬਹੁ ਆਸਨ ॥
ਜੈਨ
ਮਾਰਗ ਸੰਜਮ ਅਤਿ ਸਾਧਨ ॥
ਭਾਵੇਂ ਨਿਉਲੀ ਕਰਮ (ਯੋਗ ਦਾ
ਇੱਕ ਸਾਧਨ ਜਿਸ ਨਾਲ ਆਂਦਰਾਂ ਸਾਫ਼ ਕਰੀਦੀਆਂ ਹਨ) ਅਤੇ ਹੋਰ ਬਹੁਤ ਸਾਰੇ ਯੋਗ-ਆਸਨ ਕਰੇ, ਜੈਨੀਆਂ ਦੇ ਰਸਤੇ ‘ਤੇ ਚੱਲ ਕੇ
ਬੜੇ ਕਠਿਨ ਸਾਧਨ ‘ਤੇ ਸੰਜਮ ਕਰੇ
ਨਿਮਖ
ਨਿਮਖ ਕਰਿ ਸਰੀਰੁ ਕਟਾਵੈ ॥
ਤਉ ਭੀ
ਹਉਮੈ ਮੈਲੁ ਨ ਜਾਵੈ ॥
ਭਾਵੇਂ ਸਰੀਰ ਨੂੰ ਥੋੜਾ-ਥੋੜਾ
(ਨਿਮਖ-ਨਿਮਖ) ਕਰ ਕੇ ਕਟਾ ਦੇਵੇ, ਤਾਂ ਵੀ ਮਨ ਵਿੱਚੋਂ
ਹਉਮੈ ਦੀ ਮੈਲ ਦੂਰ ਨਹੀਂ ਹੁੰਦੀ, ਮਨ ਵਿੱਚੋਂ ਵਿਕਾਰ ਨਹੀਂ ਜਾਂਦੇ
ਹਰਿ ਕੇ
ਨਾਮ ਸਮਸਰਿ ਕਛੁ ਨਾਹਿ ॥
ਨਾਨਕ
ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥ {ਪੰਨਾ 265}
ਗੁਰੂ ਸਾਹਿਬ ਉੱਪਰ ਸਾਰੀਆਂ
ਵਿਧੀਆਂ ਬਾਰੇ ਕਹਿੰਦੇ ਹਨ ਕਿ ਇਹਨਾਂ ਦਿਖਾਵੇ ਮਾਤਰ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨਾਲ ਮਨ
ਵਿੱਚੋਂ ਵਿਕਾਰ ਨਹੀਂ ਜਾਂਦੇ, ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਜਿਹਾ ਕੋਈ ਤਰੀਕਾ ਪ੍ਰਭੂ ਦੇ ਗੁਣਾਂ
(ਨਾਮ) ਦੇ ਬਰਾਬਰ ਨਹੀਂ ਹੈ, ਇਹਨਾਂ ਤਰੀਕਿਆਂ ਨਾਲ ਪ੍ਰਮਾਤਮਾ ਦੇ ਗੁਣਾਂ ਨੂੰ ਨਹੀਂ ਪਾਇਆ ਜਾ
ਸਕਦਾ, ਜਿਹੜੇ ਜੀਵ, ਪ੍ਰਮਾਤਮਾ ਦੇ ਗੁਣਾਂ ਨੂੰ ਸਾਹਮਣੇ ਰੱਖ ਕੇ, ਉਹਨਾਂ ਨੂੰ ਪ੍ਰਾਪਤ ਕਰਨ ਦਾ
ਨਿਸਚਾ ਕਰ ਲੈਂਦੇ ਹਨ, ਉਹ ਹੀ ਵਿਕਾਰਾਂ ਤੋਂ ਬਚ ਕੇ ਉੱਚੇ ਕਿਰਦਾਰ ਵਾਲੇ ਬਣ ਸਕਦੇ ਹਨ।2।
ਮਨ
ਕਾਮਨਾ ਤੀਰਥ ਦੇਹ ਛੁਟੈ ॥
ਗਰਬੁ
ਗੁਮਾਨੁ ਨ ਮਨ ਤੇ ਹੁਟੈ ॥
ਗੁਰੂ ਸਾਹਿਬ ਆਖਦੇ ਹਨ ਕਿ ਕਈ
ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੀ ਮੌਤ (ਛੁਟੈ) ਕਿਸੇ ਤੀਰਥ ਭਾਵ ਧਾਰਮਿਕ
ਅਸਥਾਨ ‘ਤੇ ਜਾ ਕੇ ਹੋਵੇ, ਪਰ ਇਸ ਤਰ੍ਹਾਂ ਵੀ
ਉਹਨਾਂ ਦੇ ਮਨ ਵਿੱਚੋਂ ਹਉਮੈ, ਅਹੰਕਾਰ ਘਟਦਾ (ਹੁਟੈ) ਨਹੀਂ ਭਾਵ ਕਿ ਉਹ ਤੀਰਥਾਂ ‘ਤੇ ਜਾ ਕੇ ਵੀ
ਵਿਕਾਰਾਂ ਨੂੰ ਨਹੀਂ ਛੱਡਦੇ ‘ਤੇ ਵਿਕਾਰਾਂ ਨਾਲ ਹੀ ਮਰਦੇ ਹਨ।
ਸੋਚ
ਕਰੈ ਦਿਨਸੁ ਅਰੁ ਰਾਤਿ ॥
ਮਨ ਕੀ
ਮੈਲੁ ਨ ਤਨ ਤੇ ਜਾਤਿ ॥
ਮਨੁੱਖ ਭਾਵੇਂ ਦਿਨ-ਰਾਤ ਭਾਵ ਕਿ
ਹਮੇਸ਼ਾ ਤੀਰਥਾਂ ‘ਤੇ ਇਸ਼ਨਾਨ (ਸੋਚ) ਕਰੇ, ਪਰ ਸਰੀਰ ਧੋਤਿਆਂ ਵੀ ਮਨ ਦੀ ਮੈਲ ਨਹੀਂ ਜਾਂਦੀ।
ਇਸੁ
ਦੇਹੀ ਕਉ ਬਹੁ ਸਾਧਨਾ ਕਰੈ ॥
ਮਨ ਤੇ
ਕਬਹੂ ਨ ਬਿਖਿਆ ਟਰੈ ॥
ਭਾਵੇਂ ਇਸ ਸਰੀਰ ਨੂੰ ਸੁਹਣਾ
ਅਤੇ ਚੰਗਾ ਬਣਾਉਣ ਲਈ ਅਨੇਕਾਂ ਯਤਨ ਕਰੇ, ਤਾਂ ਵੀ ਮਨ ਵਿੱਚੋਂ ਵਿਕਾਰ ਨਹੀਂ ਜਾਂਦੇ।
ਜਲਿ
ਧੋਵੈ ਬਹੁ ਦੇਹ ਅਨੀਤਿ ॥
ਸੁਧ
ਕਹਾ ਹੋਇ ਕਾਚੀ ਭੀਤਿ ॥
ਭਾਵੇਂ ਇਸ ਨਾਸਵੰਤ (ਅਨੀਤਿ)
ਸਰੀਰ (ਦੇਹ) ਨੂੰ ਕਈ ਵਾਰ ਪਾਣੀ ਨਾਲ ਧੋਵੇ ਤਾਂ ਵੀ ਇਹ ਸਰੀਰ ਰੂਪੀ ਕੱਚੀ ਕੰਧ (ਕਾਚੀ-ਕੱਚੀ,
ਭੀਤਿ-ਕੰਧ) ਕਿੱਥੇ ਪਵਿੱਤਰ ਹੋ ਸਕਦੀ ਹੈ? ਭਾਵ ਕਿ ਸਰੀਰ ਨੂੰ ਬਾਰ-ਬਾਰ ਧੋਣ ਨਾਲ ਮਨ ਸਾਫ ਨਹੀਂ ਹੁੰਦਾ, ਮਨ
ਵਿੱਚੋਂ ਵਿਕਾਰ ਨਹੀਂ ਜਾਂਦੇ।
ਮਨ ਹਰਿ
ਕੇ ਨਾਮ ਕੀ ਮਹਿਮਾ ਊਚ ॥
ਨਾਨਕ
ਨਾਮਿ ਉਧਰੇ ਪਤਿਤ ਬਹੁ ਮੂਚ ॥੩॥
ਅੱਗੇ ਗੁਰੂ ਸਾਹਿਬ ਆਪਣੇ ਮਨ
ਨੂੰ ਸੰਬੋਧਨ ਹੋ ਕੇ ਆਖ ਰਹੇ ਹਨ ਕਿ ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ਭਾਵ ਕਿ
ਪ੍ਰਮਾਤਮਾ ਦੇ ਗੁਣਾਂ ਸਭ ਨਾਲੋਂ ਉੱਤਮ ਹਨ, ਇਹਨਾਂ ਗੁਣਾਂ (ਨਾਮ) ਸਦਕੇ ਅਣਗਿਣਤ ਮੰਦ-ਕਰਮੀ
(ਪਤਿਤ) ਜੀਵ, ਵਿਕਾਰਾਂ ਤੋਂ ਬਚ ਜਾਂਦੇ ਹਨ, ਭਾਵ ਕਿ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਰੀਰਿਕ ਤੌਰ
‘ਤੇ ਦਿਖਾਵੇ ਮਾਤਰ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨਾਲ ਮਨ ਵਿੱਚੋਂ ਵਿਕਾਰ ਨਹੀਂ ਜਾਂਦੇ, ਸਗੋਂ
ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਨਾਲ ਵਿਕਾਰਾਂ ਦਾ ਖਾਤਮਾ ਹੁੰਦਾ ਹੈ।3।
ਬਹੁਤੁ
ਸਿਆਣਪ ਜਮ ਕਾ ਭਉ ਬਿਆਪੈ ॥
ਅਨਿਕ
ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
ਗੁਰੂ ਸਾਹਿਬ ਕਹਿੰਦੇ ਹਨ ਕਿ ਜੀਵ
ਦੀ ਬਹੁਤੀ ਚਤੁਰਾਈ (ਸਿਆਣਪ) ਦੇ ਕਾਰਨ ਜਮਾਂ ਦਾ ਡਰ ਜੀਵ ਨੂੰ ਆ ਘੇਰਦਾ ਹੈ ਭਾਵ ਕਿ ਆਪਣੇ ਮਨ
ਦੀਆਂ ਚਾਲਾਕੀਆਂ ਨਾਲ ਮਨੁੱਖ ਵਿਕਾਰਾਂ ਵਿੱਚ ਘਿਰਦਾ ਜਾਂਦਾ ਹੈ, ਮਾਇਆ ਦੇ ਮੋਹ ਵਿੱਚ ਪਿਆ ਉਹ
ਅਨੇਕਾਂ ਠੱਗੀਆਂ ਮਾਰਦਾ ਹੈ, ਝੂਠ ਬੋਲਦਾ ਹੈ, ਜਿਸ ਕਾਰਨ ਉਸਨੂੰ ਇਹਨਾਂ ਕਾਰਨ ਬਦਨਾਮੀ ਅਤੇ ਝੂਠ
ਦੇ ਫੜੇ ਜਾਣ ਦਾ ਡਰ ਸਤਾਉਂਦਾ ਰਹਿੰਦਾ ਹੈ, ਚਤੁਰਾਈ ਦੇ ਅਨੇਕਾਂ ਯਤਨ ਕੀਤਿਆਂ ਵੀ ਮਾਇਆ ਦੀ ਤ੍ਰਿਸ਼ਨਾ
ਨਹੀਂ ਮੁੱਕਦੀ ਅਤੇ ਮਨੁੱਖ ਇਸ ਤੋਂ ਖਹਿੜਾ ਨਹੀਂ ਛੁਡਾ ਸਕਦਾ।
ਭੇਖ
ਅਨੇਕ ਅਗਨਿ ਨਹੀ ਬੁਝੈ ॥
ਕੋਟਿ
ਉਪਾਵ ਦਰਗਹ ਨਹੀ ਸਿਝੈ ॥
ਅਨੇਕਾਂ ਧਾਰਮਿਕ ਭੇਖ ਕੀਤਿਆਂ ਮਨੁੱਖ
ਦੀ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ, ਇਹੋ ਜਿਹੇ ਕ੍ਰੋੜਾਂ
ਤਰੀਕੇ ਵਰਤਿਆਂ ਵੀ ਪ੍ਰਭੂ ਦੇ ਗੁਣਾਂ ਰੂਪੀ ਦਰਗਾਹ ਨੂੰ ਪ੍ਰਾਪਤ ਕਰਨ ਵਿੱਚ ਮਨੁੱਖ ਕਾਮਯਾਬ
(ਸਿਝੈ) ਨਹੀਂ ਹੋ ਸਕਦਾ।
ਛੂਟਸਿ
ਨਾਹੀ ਊਭ ਪਇਆਲਿ ॥
ਮੋਹਿ
ਬਿਆਪਹਿ ਮਾਇਆ ਜਾਲਿ ॥
ਆਪਣੇ ਮਨ ਦੇ ਯਤਨਾਂ ਨਾਲ ਕੀਤੇ
ਧਾਰਮਿਕ ਭੇਖਾਂ ਨਾਲ ਜੀਵ ਭਾਵੇਂ ਅਕਾਸ਼ (ਊਭ) ‘ਤੇ ਚੜ੍ਹ ਜਾਵੇ ਅਤੇ ਭਾਵੇਂ ਪਤਾਲ (ਪਇਆਲਿ) ਵਿੱਚ
ਲੁਕ ਜਾਵੇ ਪਰ ਮਾਇਆ ਤੋਂ, ਵਿਕਾਰਾਂ ਤੋਂ ਬਚ ਨਹੀਂ ਸਕਦਾ, ਸਗੋਂ ਜੀਵ ਮਾਇਆ ਦੇ ਜਾਲ ਵਿੱਚ ‘ਤੇ ਮੋਹ ਵਿੱਚ ਫਸਦਾ ਜਾਂਦਾ
ਹੈ।
ਅਵਰ
ਕਰਤੂਤਿ ਸਗਲੀ ਜਮੁ ਡਾਨੈ ॥
ਗੋਵਿੰਦ
ਭਜਨ ਬਿਨੁ ਤਿਲੁ ਨਹੀ ਮਾਨੈ ॥
ਗੁਰੂ ਸਾਹਿਬ ਅੱਗੇ ਆਖਦੇ ਹਨ ਕਿ
ਇਹ ਮਨ, ਪ੍ਰਮਾਤਮਾ ਦੀ ਸਿੱਖਿਆ ਦੀ ਵਿਚਾਰ ਤੋਂ ਬਿਨ੍ਹਾਂ, ਉਸਦੇ ਗੁਣਾਂ ਤੋਂ ਬਿਨ੍ਹਾਂ ਵੱਸ ਵਿੱਚ
ਨਹੀਂ ਹੁੰਦਾ, ਪ੍ਰਮਾਤਮਾ ਦੇ ਗੁਣਾਂ ਅਤੇ ਸਿੱਖਿਆ ਤੋਂ ਬਿਨ੍ਹਾਂ ਇਸਨੂੰ ਵਿਕਾਰਾਂ ਰੂਪੀ ਜਮ, ਡੰਨ
ਲਾਉਂਦਾ ਰਹਿੰਦਾ ਹੈ, ਸਤਾਉਂਦਾ ਰਹਿੰਦਾ ਹੈ।
ਹਰਿ ਕਾ
ਨਾਮੁ ਜਪਤ ਦੁਖੁ ਜਾਇ ॥
ਨਾਨਕ
ਬੋਲੈ ਸਹਜਿ ਸੁਭਾਇ ॥੪॥ {ਪੰਨਾ 266}
ਅੱਗੇ ਗੁਰੂ ਸਾਹਿਬ ਸਮਝਾ ਰਹੇ
ਹਨ ਕਿ ਜੋ ਮਨੁੱਖ ਆਤਮਿਕ ਤੌਰ ‘ਤੇ ਨਿਸ਼ਚਾ ਕਰ ਕੇ, ਗੁਰੂ ਦੀ ਸਿੱਖਿਆ ‘ਤੇ ਟਿਕ ਕੇ ਪ੍ਰੇਮ ਨਾਲ ਉਸਦੇ
ਗੁਣਾਂ (ਹਰਿ-ਨਾਮ) ਨੂੰ ਵਿਚਾਰਦਾ ਹੈ, ਉਹਨਾਂ ਨੂੰ ਜੀਵਨ ਵਿੱਚ ਅਪਣਾਉਂਦਾ ਹੈ, ਉਸ ਦਾ ਵਿਕਾਰਾਂ
ਕਾਰਨ ਲੱਗਿਆ ਦੁੱਖ ਦੂਰ ਹੋ ਜਾਂਦਾ ਹੈ।4।
ਚਾਰਿ
ਪਦਾਰਥ ਜੇ ਕੋ ਮਾਗੈ ॥
ਸਾਧ
ਜਨਾ ਕੀ ਸੇਵਾ ਲਾਗੈ ॥
ਗੁਰੂ ਸਾਹਿਬ ਆਖਦੇ ਹਨ ਕਿ ਜੇ
ਕੋਈ ਮਨੁੱਖ ਧਰਮ, ਅਰਥ, ਕਾਮ, ਮੋਖ ਰੂਪੀ ਚਾਰ ਪਦਾਰਥਾਂ ਦਾ
ਲੋੜਵੰਦ ਹੋਵੇ, ਤਾਂ ਉਸ ਨੂੰ ਚਾਹੀਦਾ ਹੈ
ਕਿ ਪ੍ਰਮਾਤਮਾ ਦੇ ਗੁਣਾਂ ਨੂੰ ਧਾਰ ਚੁੱਕੇ ਗੁਰਮੁਖਾਂ ਦੀ ਸੇਵਾ ਵਿੱਚ ਲੱਗੇ ਭਾਵ ਕਿ ਪ੍ਰਮਾਤਮਾ
ਦੇ ਗੁਣਾਂ ਨਾਲ ਜੁੜੇ, ਉਸਦੇ ਗੁਣ ਧਾਰਨ ਕੀਤੇ ਹੋਏ ਮਨੁੱਖਾਂ ਦੀ ਸੰਗਤ ਕਰੇ ਅਤੇ ਪ੍ਰਮਾਤਮਾ ਦੇ
ਗੁਣ ਅਪਣਾਵੇ।
ਜੇ ਕੋ
ਆਪੁਨਾ ਦੂਖੁ ਮਿਟਾਵੈ ॥
ਹਰਿ
ਹਰਿ ਨਾਮੁ ਰਿਦੈ ਸਦ ਗਾਵੈ ॥
ਜੇ ਕੋਈ ਮਨੁੱਖ ਆਪਣਾ ਵਿਕਾਰਾਂ
ਕਾਰਨ ਲੱਗਿਆ ਮਾਨਸਿਕ ਦੁੱਖ ਮਿਟਾਉਣਾ ਚਾਹੁੰਦਾ ਹੈ ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਸਿਮਰੇ
ਭਾਵ ਕਿ ਉਸਦੀ ਸਿੱਖਿਆ ਨੂੰ ਹਮੇਸ਼ਾ ਆਪਣੇ ਜੀਵਨ ਦਾ ਆਧਾਰ ਬਣਾਵੇ, ਉਸਦੇ ਗੁਣਾਂ ਦਾ ਧਾਰਨੀ ਹੋਵੇ,
ਇਸ ਤਰ੍ਹਾਂ ਉਹ ਵਿਕਾਰਾਂ ਤੋਂ ਬਚ ਜਾਵੇਗਾ ਅਤੇ ਉਸਦੇ ਮਾਨਸਿਕ ਦੁੱਖ ਦੂਰ ਹੋ ਜਾਣਗੇ।
ਜੇ ਕੋ
ਅਪੁਨੀ ਸੋਭਾ ਲੋਰੈ ॥
ਸਾਧਸੰਗਿ
ਇਹ ਹਉਮੈ ਛੋਰੈ ॥
ਜੇ ਕੋਈ ਮਨੁੱਖ ਆਪਣੀ ਸੋਭਾ
ਚਾਹੁੰਦਾ ਹੈ, ਜੇ ਕੋਈ ਚਾਹੁੰਦਾ ਹੈ ਕਿ ਸਮਾਜ ਵਿੱਚ ਉਸਦੀ ਵਡਿਆਈ ਕੀਤੀ ਜਾਵੇ, ਸਾਰੇ ਲੋਕ ਉਸਦੀ
ਸਿਫਤ ਕਰਨ ਤਾਂ ਪ੍ਰਮਾਤਮਾ ਦੇ ਗੁਣਾਂ ਨਾਲ ਜੁੜੇ ਮਨੁੱਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੀ ਹਉਮੈ
ਦਾ ਤਿਆਗ ਕਰੇ।
ਜੇ ਕੋ
ਜਨਮ ਮਰਣ ਤੇ ਡਰੈ ॥
ਸਾਧ
ਜਨਾ ਕੀ ਸਰਨੀ ਪਰੈ ॥
ਜੇ ਕੋਈ ਮਨੁੱਖ ਵਿਕਾਰਾਂ ਕਾਰਨ ਜਨਮ-ਮਰਨ
ਦੇ ਗੇੜ ਤੋਂ ਡਰਦਾ ਹੋਵੇ, ਤਾਂ ਉਹ ਪ੍ਰਮਾਤਮਾ ਦੇ
ਗੁਣਾਂ ਨੂੰ ਧਾਰਨ ਕਰਨ ਲਈ, ਉਹਨਾਂ ਲੋਕਾਂ ਦਾ
ਸੰਗ ਕਰੇ ਜੋ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਧਾਰ ਚੁੱਕੇ ਹਨ।
ਜਿਸੁ
ਜਨ ਕਉ ਪ੍ਰਭ ਦਰਸ ਪਿਆਸਾ ॥
ਨਾਨਕ
ਤਾ ਕੈ ਬਲਿ ਬਲਿ ਜਾਸਾ ॥੫॥ {ਪੰਨਾ 266}
ਗੁਰੂ ਸਾਹਿਬ ਅੱਗੇ ਆਖਦੇ ਹਨ ਕਿ
ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ, ਭਾਵ ਕਿ ਜਿਸਨੇ ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਦਾ ਨਿਸ਼ਚਾ ਕਰ
ਲਿਆ ਹੈ, ਜਿਸਨੇ ਉਸਦੀ ਸਿੱਖਿਆ ਨੂੰ ਮੰਨ ਲਿਆ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।5।
ਸਗਲ
ਪੁਰਖ ਮਹਿ ਪੁਰਖੁ ਪ੍ਰਧਾਨੁ ॥
ਸਾਧਸੰਗਿ
ਜਾ ਕਾ ਮਿਟੈ ਅਭਿਮਾਨੁ ॥
ਗੁਰੂ ਸਾਹਿਬ ਆਖਦੇ ਹਨ ਕਿ ਸਾਰੇ
ਮਨੁੱਖਾਂ ਵਿੱਚੋਂ ਉਹ ਮਨੁੱਖ ਉੱਚਾ ਹੈ, ਜਿਸਦਾ ਹੰਕਾਰ ਪ੍ਰਮਾਤਮਾ ਦੇ ਗੁਣਾਂ ਦੀ, ਪ੍ਰਮਾਤਮਾ ਦੀ
ਸਿੱਖਿਆ ਦੀ ਵਿਚਾਰ ਕਰਨ ਵਾਲੀ ਸੰਗਤ ਵਿੱਚ ਆ ਕੇ, ਉਹਨਾਂ ਗੁਣਾਂ ਨੂੰ ਧਾਰ ਕੇ ਮਿਟ ਗਿਆ।
ਆਪਸ ਕਉ
ਜੋ ਜਾਣੈ ਨੀਚਾ ॥
ਸੋਊ
ਗਨੀਐ ਸਭ ਤੇ ਊਚਾ ॥
ਜੋ ਮਨੁੱਖ ਆਪਣੇ-ਆਪ ਨੂੰ
ਸਾਰਿਆਂ ਨਾਲੋਂ ਜ਼ਿਆਦਾ ਨਿਮਰ (ਨੀਚਾ) ਬਣਾ ਲੈਂਦਾ ਹੈ, ਜਿਸਦਾ ਜੀਵਨ ਨਿਮਰਤਾ ਵਾਲਾ ਹੋ ਜਾਂਦਾ
ਹੈ, ਜਿਸਦੀ ਬੋਲੀ ਵਿੱਚ ਮਿਠਾਸ ਅਤੇ ਸੋਚ ਵਿੱਚ ਸੱਚ ਆ ਜਾਂਦਾ ਹੈ, ਉਸ ਨੂੰ ਸਾਰਿਆਂ ਨਾਲੋਂ ਚੰਗਾ
ਸਮਝਣਾ (ਗਨੀਐ) ਚਾਹੀਦਾ ਹੈ।
ਜਾ ਕਾ
ਮਨੁ ਹੋਇ ਸਗਲ ਕੀ ਰੀਨਾ ॥
ਹਰਿ
ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
ਜਿਸ ਮਨੁੱਖ ਦਾ ਮਨ, ਸਭਨਾਂ ਦੇ
ਚਰਨਾਂ ਦੀ ਧੂੜ (ਰੀਨਾ) ਹੁੰਦਾ ਹੈ, ਭਾਵ ਜੋ ਸਭ ਨਾਲ ਨਿਮਰਤਾ ਵਰਤਦਾ ਹੈ, ਗਰੀਬੀ-ਸੁਭਾਉ ਵਰਤਦਾ ਹੈ, ਉਸ ਮਨੁੱਖ
ਨੇ ਹਰੇਕ ਸਰੀਰ (ਘਟਿ ਘਟਿ) ਵਿੱਚ ਪ੍ਰਮਾਤਮਾ ਦੇ ਗੁਣਾਂ ਨੂੰ ਪਛਾਣ (ਚੀਨਾ) ਲਿਆ ਹੈ, ਉਹ ਸਮਝ
ਗਿਆ ਹੈ ਕਿ ਸਭ ਵਿੱਚ ਕੁਦਰਤ ਇੱਕਸਾਰ ਵਰਤ ਰਹੀ ਹੈ।
ਮਨ
ਅਪੁਨੇ ਤੇ ਬੁਰਾ ਮਿਟਾਨਾ ॥
ਪੇਖੈ
ਸਗਲ ਸ੍ਰਿਸਟਿ ਸਾਜਨਾ ॥
ਜਿਸ ਨੇ ਆਪਣੇ ਮਨ ਵਿੱਚੋਂ
ਬੁਰਾਈ ਮਿਟਾ ਦਿੱਤੀ ਹੈ, ਉਹ ਸਾਰੀ ਸ੍ਰਿਸ਼ਟੀ ਦੇ
ਜੀਵਾਂ ਨੂੰ ਆਪਣਾ ਮਿੱਤਰ ਸਮਝਦਾ ਹੈ।
ਸੂਖ
ਦੂਖ ਜਨ ਸਮ ਦ੍ਰਿਸਟੇਤਾ ॥
ਨਾਨਕ
ਪਾਪ ਪੁੰਨ ਨਹੀ ਲੇਪਾ ॥੬॥ {ਪੰਨਾ 266}
ਅੱਗੇ ਗੁਰੂ ਸਾਹਿਬ ਆਖਦੇ ਹਨ ਕਿ
ਇਹੋ ਜਿਹੇ ਮਨੁੱਖ ਸੁੱਖਾਂ ‘ਤੇ ਦੁੱਖਾਂ ਨੂੰ ਇੱਕੋ ਜਿਹਾ ਸਮਝਦੇ ਹਨ, ਇਸ ਲਈ ਪਾਪ ‘ਤੇ ਪੁੰਨ ਦਾ
ਉਹਨਾਂ ਉੱਤੇ ਅਸਰ (ਲੇਪਾ) ਨਹੀਂ ਹੁੰਦਾ ਭਾਵ, ਨਾਂ ਕੋਈ ਮੰਦਾ ਕਰਮ ਭਾਵ ਲਾਲਚ ਆਦਿ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ ਅਤੇ ਨਾ ਹੀ ਸਵਰਗ ਆਦਿ ਦੇ ਲਾਲਚ
ਕਰ ਕੇ ਉਹ ਪੁੰਨ ਕਰਮ ਭਾਵ ਚੰਗਾ ਕੰਮ ਕਰਦੇ ਹਨ, ਸਗੋਂ ਉਹਨਾਂ ਦਾ ਸੁਭਾਅ ਹੀ ਚੰਗਾ ਕਰਨਾ ਬਣ ਜਾਂਦਾ ਹੈ, ਉਹ ਹਰ ਸਮੇਂ
ਚੰਗਾ ਸੋਚਦੇ ਹਨ ਅਤੇ ਚੰਗਾ ਕਰਮ ਕਰਦੇ ਹਨ।6।
ਨਿਰਧਨ
ਕਉ ਧਨੁ ਤੇਰੋ ਨਾਉ ॥
ਨਿਥਾਵੇ
ਕਉ ਨਾਉ ਤੇਰਾ ਥਾਉ ॥
ਗੁਰੂ ਸਾਹਿਬ ਆਖਦੇ ਹਨ ਕਿ ਹੇ
ਪ੍ਰਭੂ! ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ, ਭਾਵ ਕਿ ਗੁਣਾਂ ਵਾਲੇ ਪਾਸਿਉਂ ਕੰਗਾਲ ਅਤੇ ਵਿਕਾਰਾਂ ਵਿੱਚ ਫਸੇ ਹੇ
ਮਨੁੱਖ ਲਈ ਤੁਹਾਡੇ ਗੁਣ ਹੀ ਖਜ਼ਾਨਾ ਹਨ, ਧਨ-ਦੌਲਤ ਹਨ, ਗੁਣਾਂ ਨੂੰ ਛੱਡ ਕੇ ਨਿਆਸਰੇ (ਨਿਥਾਵੇ) ਹੋਏ ਜੀਵ ਨੂੰ
ਤੇਰੇ ਗੁਣਾਂ ਦਾ ਆਸਰਾ (ਥਾਉ) ਹੈ।
ਨਿਮਾਨੇ
ਕਉ ਪ੍ਰਭ ਤੇਰੋ ਮਾਨੁ ॥
ਸਗਲ
ਘਟਾ ਕਉ ਦੇਵਹੁ ਦਾਨੁ ॥
ਨਿਮਰ ਸੁਭਾਅ ਵਾਲੇ ਜੀਵ ਵਾਸਤੇ
ਤੇਰਾ ਨਾਮ ਭਾਵ ਤੇਰੇ ਗੁਣ ਹੀ ਆਦਰ-ਮਾਣ ਹਨ, ਤੂੰ ਗੁਣਾਂ ਦੇ ਰੂਪ ਵਿੱਚ ਵਿਚਰ ਕੇ ਸਾਰੇ ਜੀਵਾਂ ਨੂੰ ਗੁਣਾਂ ਦੀਆਂ
ਦਾਤਾਂ ਦਿੰਦਾ ਹੈਂ।
ਕਰਨ
ਕਰਾਵਨਹਾਰ ਸੁਆਮੀ ॥
ਸਗਲ
ਘਟਾ ਕੇ ਅੰਤਰਜਾਮੀ ॥
ਗੁਰੂ ਸਾਹਿਬ ਆਖਦੇ ਹਨ ਕਿ ਹੇ
ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ! ਤੂੰ ਆਪ ਹੀ ਸਭ ਕੁੱਝ ਕਰਦਾ ਹੈਂ ‘ਤੇ ਆਪ ਹੀ ਕਰਾਉਂਦਾ ਹੈਂ ਭਾਵ ਕਿ
ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਹ ਕੁਦਰਤ ਰੂਪੀ ਪ੍ਰਮਾਤਮਾ ਜੋ ਕਿ ਸਾਰੇ ਜੀਵਾਂ ਵਿੱਚ ਇੱਕਸਾਰ
ਵਰਤ ਰਿਹਾ ਹੈ, ਸਾਰਾ ਕੁੱਝ ਇਸ ਕੁਦਰਤ ਦੇ ਨਿਯਮਾਂ ਅਨੁਸਾਰ ਕੀਤੇ ਕੰਮਾਂ ਅਨੁਸਾਰ ਹੀ ਹੋ ਰਿਹਾ
ਹੈ।
ਅਪਨੀ
ਗਤਿ ਮਿਤਿ ਜਾਨਹੁ ਆਪੇ ॥
ਆਪਨ
ਸੰਗਿ ਆਪਿ ਪ੍ਰਭ ਰਾਤੇ ॥
ਭਾਵ ਕਿ ਇਹ ਕੁਦਰਤ ਰੂਪੀ ਪ੍ਰਮਾਤਮਾ
ਆਪਣੀ ਹਾਲਤ ਆਪ ਜਾਣਦਾ ਹੈ, ਇਹ ਆਪਣੇ ਆਪ ਵਿੱਚ ਮਗਨ ਹੈ, ਸਾਰਾ ਕੁੱਝ ਇਸਦੇ ਨਿਯਮਾਂ ਅਨੁਸਾਰ
ਹੁੰਦਾ ਹੈ, ਇਹ ਆਪਣੇ-ਆਪ ਵਿੱਚ ਸੰਪੂਰਨ ਹੈ।
ਤੁਮ੍ਹ੍ਹਰੀ
ਉਸਤਤਿ ਤੁਮ ਤੇ ਹੋਇ ॥
ਨਾਨਕ
ਅਵਰੁ ਨ ਜਾਨਸਿ ਕੋਇ ॥੭॥ {ਪੰਨਾ 266}
ਅੱਗੇ ਗੁਰੂ ਸਾਹਿਬ ਆਖਦੇ ਹਨ ਕਿ
ਹੇ ਪ੍ਰਭੂ! ਤੇਰੀ ਵਡਿਆਈ ਤੈਥੋਂ ਹੀ ਬਿਆਨ ਹੋ ਸਕਦੀ ਹੈ, ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ਭਾਵ ਕਿ ਕੁਦਰਤ
ਰੂਪੀ ਪ੍ਰਮਾਤਮਾ ਦਾ ਭੇਦ ਕਿਸੇ ਨੇ ਨਹੀਂ ਪਾਇਆ, ਉਸਦੀ ਵਡਿਆਈ, ਉਸ ਵਿੱਚ ਹੀ ਸਮਾਈ ਹੋਈ ਹੈ।7।
ਸਰਬ
ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ
ਨਾਮੁ ਜਪਿ ਨਿਰਮਲ ਕਰਮੁ ॥
ਗੁਰੂ ਸਾਹਿਬ ਆਖਦੇ ਹਨ ਕਿ ਜੀਵ,
ਪ੍ਰਮਾਤਮਾ ਦੇ ਗੁਣ ਧਾਰਨ ਕਰੇ, ਉੱਚਾ ਕਿਰਦਾਰ ਬਣਾਵੇ, ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।
ਸਗਲ
ਕ੍ਰਿਆ ਮਹਿ ਊਤਮ ਕਿਰਿਆ ॥
ਸਾਧਸੰਗਿ
ਦੁਰਮਤਿ ਮਲੁ ਹਿਰਿਆ ॥
ਜੀਵ, ਪ੍ਰਮਾਤਮਾ ਦੇ ਗੁਣਾਂ ਦੀ
ਵੀਚਾਰ ਕਰਨ ਵਾਲਿਆਂ ਦੀ ਸੰਗਤ ਨਾਲ ਭੈੜੀ ਮੱਤ ਭਾਵ ਕਿ ਵਿਕਾਰਾਂ ਨਾਲ ਭਰੀ ਸੋਚ ਦੂਰ ਕਰੇ ਅਤੇ
ਗੁਣ ਅਪਣਾਵੇ, ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।
ਸਗਲ
ਉਦਮ ਮਹਿ ਉਦਮੁ ਭਲਾ ॥
ਹਰਿ ਕਾ
ਨਾਮੁ ਜਪਹੁ ਜੀਅ ਸਦਾ ॥
ਜੀਵ ਆਪਣੇ ਸੱਚੇ ਮਨ ਨਾਲ
ਪ੍ਰਮਾਤਮਾ ਦੇ ਗੁਣਾਂ ਨੂੰ ਧਾਰਨ ਕਰੇ, ਇਹ ਉੱਦਮ ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ।
ਸਗਲ
ਬਾਨੀ ਮਹਿ ਅੰਮ੍ਰਿਤ ਬਾਨੀ ॥
ਹਰਿ ਕੋ
ਜਸੁ ਸੁਨਿ ਰਸਨ ਬਖਾਨੀ ॥
ਪ੍ਰਭੂ ਦਾ ਜਸ ਭਾਵ ਉਸਦੇ ਗੁਣਾਂ
ਨੂੰ ਕੰਨਾਂ ਨਾਲ ਸੁਣ ‘ਤੇ ਜੀਭ (ਰਸਨ) ਨਾਲ ਬੋਲ (ਬਖਾਨੀ) ਕੇ ਹੋਰਾਂ ਨੂੰ ਦੱਸ, ਪ੍ਰਭੂ ਦੇ ਜਸ
ਦੀ ਇਹ ਆਤਮਿਕ ਜੀਵਨ ਦੇਣ ਵਾਲੀ ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ।
ਸਗਲ
ਥਾਨ ਤੇ ਓਹੁ ਊਤਮ ਥਾਨੁ ॥
ਨਾਨਕ
ਜਿਹ ਘਟਿ ਵਸੈ ਹਰਿ ਨਾਮੁ ॥੮॥੩॥ {ਪੰਨਾ 266}
ਅੱਗੇ ਗੁਰੂ ਸਾਹਿਬ ਆਖਦੇ ਹਨ ਕਿ
ਜਿਸ ਮਨ ਵਿੱਚ ਪ੍ਰਮਾਤਮਾ ਦੀ ਸਿੱਖਿਆ ਵੱਸਦੀ ਹੈ, ਜਿਸ ਸਰੀਰ ਵਿੱਚ ਪ੍ਰਮਾਤਮਾ ਦੇ ਗੁਣ ਵੱਸੇ ਹੋਏ
ਹਨ, ਉਹ ਸਰੀਰ, ਉਹ ਮਨ, ਉਹ ਥਾਂ ਬਾਕੀ ਸਾਰੀਆਂ ਥਾਵਾਂ ਨਾਲੋਂ ਸਾਰੇ ਤੀਰਥਾਂ ਨਾਲੋਂ ਉੱਤਮ ਹੈ।8।3।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ ।
{ਨੋਟ: 1. ਇਸ ਅਸਟਪਦੀ ਵਿੱਚ ‘ਨਾਮ’
ਸ਼ਬਦ ਦਾ ਭਾਵ ਪ੍ਰਮਾਤਮਾ ਦੇ ਗੁਣਾਂ ਅਤੇ ਉਹਨਾਂ ਗੁਣਾਂ ਤੋਂ ਮਿਲਦੀ ਸਿੱਖਿਆ ਤੋਂ ਲੈਣਾ ਹੈ, ਨਾ
ਕਿ ਕਿਸੇ ਖਾਸ ਸ਼ਬਦ ਦੇ ਲਗਤਾਰ ਉਚਾਰਨ ਤੋਂ।
2.ਸੁਖਮਨੀ ਸਾਹਿਬ ਦੇ ਸਰਲ
ਸ਼ਬਦਾਂ ਵਿੱਚ ਅਰਥ ਕਰਨ ਦੀ ਇਹ ਆਪਣੀ ਤੁੱਛ ਬੁੱਧੀ ਅਨੁਸਾਰ ਕੋਸ਼ਿਸ਼ ਹੈ, ਕੋਈ ਵੀ ਪਾਠਕ ਗੁਰਮਤਿ ਦੀ
ਰੌਸ਼ਨੀ ਵਿੱਚ ਸੁਝਾਅ ਦੇਵੇਗਾ ਤਾਂ ਉਸਦਾ ਸਵਾਗਤ ਹੈ।}