Pages

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ



ਸਤਿੰਦਰਜੀਤ ਸਿੰਘ

ਸਲੋਕੁ ਮਃ ੩ ॥
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥ {ਪੰਨਾ 509}

ਪਦਅਰਥ: ਅਉਹਾਣੀ-ਨਾਸ ਹੋਣ ਵਾਲਾ। ਨਿਹਫਲੁ-ਵਿਅਰਥ। ਚਿਤੁ ਲਾਇ-ਚਿੱਤ ਲਾ ਕੇ। ਏਵ-ਇਸ ਤਰ੍ਹਾਂ (ਅੰਦਾਜ਼ੇ ਲਾਇਆਂ)। ਕੇਤੀ-ਕਿਤਨੀ।

ਅਰਥ: ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ 'ਸ਼ਬਦ' ਕਮਾਇਆਂ (ਅੱਖੀਂ) ਦਿੱਸਦਾ ਹੈ, ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ। ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ।
(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ, ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ। ਅਜੇਹੇ ਬੰਦਿਆਂ ਨੂੰ, ਹੇ ਨਾਨਕ! ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਇਸ ਤਰ੍ਹਾਂ (ਅੰਦਾਜ਼ੇ ਲਾਇਆਂ) ਨਹੀਂ ਪਤਾ ਲਗਦੀ।੧।

ਕਿਵੇਂ ਭੁੱਲ ਜਾਈਏ...?


ਸਤਿੰਦਰਜੀਤ ਸਿੰਘ
ਭੁੱਲ ਤਾਂ ਬੰਦਾ ਖੁਦ ਹੀ ਜਾਂਦਾ,
ਭੁੱਲਣ ਵਾਲੀ ਗੱਲ ਨੂੰ,
ਪਰ  ਭੁੱਲਣਾ ਸੌਖਾ ਨਹੀਂ ਹੁੰਦਾ,
’84 ਵਰਗੇ ਸੱਲ ਨੂੰ...

ਚੀਸ ਉਹਨਾਂ ਜ਼ਖਮਾਂ ਦੀ ਭੁੱਲ ਜਾਂਦੀ ਆ ਜਿਹੜੇ ਭਰ ਜਾਣ, ਜਿੰਨ੍ਹਾਂ ਦਾ ਨਿਸ਼ਾਨ ਮਿਟ ਜਾਵੇ ਪਰ ਜਿਹੜੇ ਜ਼ਖਮ ਅਜੇ ਅੱਲੇ ਹੋਣ, ਰਿਸਦੇ ਹੋਣ ਅਤੇ ਹਰ ਸਾਲ ਉਚੜਨ ਉਹਨਾਂ ਦੀ ਚੀਸ ਕਿਵੇਂ ਜਾ ਸਕਦੀ ਆ...? ‘ਤੇ ਜਦੋਂ ਚੀਸ ਹੀ ਪੈਣੋਂ ਨਹੀਂ ਹਟੀ ਤਾਂ ਉਹਨਾਂ ਨੂੰ ਕੋਈ ਕਿਵੇਂ ਭੁੱਲ ਸਕਦਾ...? ਜ਼ਖਮਾਂ ਦੀ ਤਾਬ ਝੱਲਕੇ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਹੇ ਇਨਸਾਨ ਨੂੰ ਕੋਈ ‘ਭੁੱਲ’ ਜਾਣ ਦੀ ਸਲਾਹ ਦੇਵੇ ਤਾਂ ਉਹ ਬੇਵਕੂਫ ਹੀ ਹੋਵੇਗਾ...! ਕਹਿੰਦੇ ਨੇ ਕਿ ‘ਦੁੱਖ ਵੰਡਾਉਣ ਨਾਲ ਘਟ ਜਾਂਦਾ’ ਪਰ ਜਿੰਨ੍ਹਾਂ ਦੀ ਜ਼ਿੰਮੇਵਾਰੀ ਦੁੱਖ ਵੰਡਾਉਣ ਦੀ ਸੀ ਉਹ ਤਾਂ ਖੁਦ ਹੀ ਰਿਸਦੇ ਜ਼ਖਮਾਂ ‘ਤੇ ਮੱਲ੍ਹਮ ਦੀ ਬਜਾਏ ਲੂਣ ਛਿੜਕ ਰਹੇ ਨੇ। ਚੰਦਰੇ ਗੁਆਂਡ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੁੰਦਾ, ਬੱਸ ਇਹੀ ਕੁਝ ਸਿੱਖ ਕੌਮ ਨਾਲ ਹੋ ਰਿਹਾ। ਜਦੋਂ ਵੀ ਸਿੱਖ ਕੌਮ ‘ਤੇ ਮੁਸੀਬਤ ਦ ਸਮਾਂ ਆਇਆ ਤਾਂ ਗੁਆਂਢੀ ਹਿੰਦੂਵਾਦ ਦੇ ਮੁਦਈ ਨਿਕਲੇ ‘ਤੇ ਉਹਨਾਂ ਸ਼ਰਮ ਦੀ ਲੋਈ ਲਾਹ ਸਿੱਖਾਂ ‘ਤੇ ਵਾਰ ਕੀਤੇ। 1980 ਦੇ ਦਹਾਕੇ ਵਿੱਚ ਸਿੱਖ ਕੌਮ ਆਜ਼ਾਦ ਭਾਰਤ ਤੋਂ ਪੰਜਾਬ ਵਿਚ ਰਹਿੰਦੇ ਲੋਕਾਂ ਲਈ (ਜਿਸ ਵਿਚ ਹਿੰਦੂ ਤੇ ਸਿਖ ਦੋਵੇਂ ਸ਼ਾਮਿਲ ਸਨ ) ਹੱਕ ਮੰਗ ਰਹੀ ਸੀ, ‘ਤੇ ਇਸ ਮੰਗ ਨੂੰ ਉਚਾਣ ਤੱਕ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਪਹੁੰਚਾਇਆ ‘ਤੇ ਉਹੀ ਅਣਖੀ ਸੂਰਮਾ ਭਾਰਤੀ ਤੰਤਰ ਨੂੰ ‘ਖਤਰਨਾਕ’ ਦਿਸਣ ਲੱਗ ਪਿਆ ‘ਤੇ ਸਾਰੀ ਕੌਮ ‘ਅੱਤਵਾਦੀ’। ਕੀ ਕਿਸੇ ਦਾ ਹੱਕ ਖੋਹਣਾ ਅੱਤਵਾਦ ਨਹੀਂ...? ਜੇ ਨਹੀਂ ਤਾਂ ਫਿਰ ਕਿਉਂ ਆਜ਼ਾਦੀ ਲਈ ਤੜਫ ਰਿਹਾ ਸੀ ਇਹ ਗੁਲਾਮ ਭਾਰਤ...? ਅੰਗਰੇਜਾਂ ਨੇ ਵੀ ਤਾਂ ਹੱਕ ਹੀ ਖੋਹੇ ਸਨ ਪਰ ਭਾਰਤ ਨੇ ਹਿੰਦੂਵਾਦ ਤੋਂ ਬਿਨਾਂ ਬਾਕੀ ਸਭ ਪੱਲੇ ਕੁਝ ਵੀ ਨਹੀਂ ਛੱਡਿਆ। 1984 ਦੇ ਜੂਨ ਨੂੰ ਭਾਰਤੀ ਤੰਤਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ ਬਹਾਨਾ ‘ਅੱਤਵਾਦੀਆਂ’ ਨੂੰ ਫੜ੍ਹਨ ਦਾ ਬਣਾਇਆ ਗਿਆ। ਹਮਲੇ ਸਮੇਂ ਭਾਰਤੀ ਫੌਜਾਂ ਨੇ ਜੋ ਗੁੰਡਾਗਰਦੀ ਦਾ ਨਾਚ ਕੀਤਾ, ਬੇਦੋਸ਼ੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਸੰਗਤਾਂ ਨੂੰ ਨੁੱਕਰਾਂ ਵਿਚ ਇਕੱਠੇ ਕਰ ਕੇ ਗੋਲੀਆਂ ਮਾਰੀਆਂ, ਇੱਥੋਂ ਤੱਕ ਕੇ ਔਰਤਾਂ ਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ.. ਦੁੱਧ ਚੁੰਘਦੇ ਬੱਚਿਆਂ ਨੂੰ ਬੇਰਹਿਮੀ ਨਾਲ ਕਤਲ ਕਰਨਾ ਕਿੱਧਰ ਦੀ ਬਹਾਦਰੀ ਹੈ...? ਪਿੰਡਾਂ ਵਿੱਚੋਂ ਜੋ ਲੋਕ ਇਸ ਅਟੈਕ ਦਾ ਵਿਰੋਧ ਕਰਨ ਲਈ ਨਿਕਲੇ, ਉਹਨਾਂ ਤੇ ਉੱਪਰ ਵੀ ਗੋਲੀਆਂ, ਡਾਂਗਾ ਦਾ ਮੀਂਹ ਵਰ੍ਹਾਇਆ।
1984 ਵਿੱਚ ਜੇ ਜਰਨੈਲ ਸਿੰਘ ‘ਤੇ ਉਹਨਾਂ ਦੇ ਸਾਥੀ ਅੱਤਵਾਦੀ ਸਨ ਤਾਂ ਫਿਰ ਅੱਜ ਬਿਹਾਰ, ਝਾਰਖੰਡ, ਅਸਾਮ, ਜੰਮੂ-ਕਸ਼ਮੀਰ ਵਿੱਚ ਕੀ ਹੋ ਰਿਹਾ ਹੈ? ਉੱਥੇ ਟੈਂਕਾਂ-ਤੋਪਾਂ ਨਾਲ ਸਾਰੀ ਭਾਰਤੀ ਸ਼ਕਤੀ ਕਿਉਂ ਨਹੀਂ ਝੋਕੀ ਜਾਂਦੀ ਅੱਤਵਾਦੀਆਂ ਨੂੰ ਫੜ੍ਹਨ ‘ਤੇ ਮਾਰਨ ਲਈ...?  ਸਿੱਖ ਤਾਂ ਖੇਤ ਪੱਠਿਆਂ ਦੀ ਭਰੀ ਬਣਾਉਂਦਾ ਵੀ ‘ਮੁਕਾਬਲੇ’ ਦਾ ਸ਼ਿਕਾਰ ਹੋ ਗਿਆ, ਕਿਉਂ...?

ਜਾ ਤੂੰ ਸਾਹਿਬੁ ਤਾ ਭਉ ਕੇਹਾ



ਸਤਿੰਦਰਜੀਤ ਸਿੰਘ
ਆਸਾ ਮਹਲਾ ੫ ॥
ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥
ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥
ਬਾਬਾ ਬਿਖੁ ਦੇਖਿਆ ਸੰਸਾਰੁ ॥ ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥
ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥
ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥
ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥
ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥
ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥
ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥ {ਪੰਨਾ 382}

ਸਿੱਖਾਂ ਵਿੱਚ ਘਟ ਰਿਹਾ ਪੜ੍ਹਾਈ ਦਾ ਰੁਝਾਨ ਚਿੰਤਾ ਦਾ ਵਿਸ਼ਾ



ਸਤਿੰਦਰਜੀਤ ਸਿੰਘ

ਗੱਲ ਕਰਦੇ ਹਾਂ ਸਿੱਖਿਆ ਦੇ ਖੇਤਰ ਦੀ, ਸਿੱਖਿਆ ਦਾ ਖੇਤਰ ਉਹ ਧੁਰਾ ਹੈ ਜਿਸ ਉੱਤੇ ਅੱਜ ਦੇ ਸਫਲ ਜੀਵਨ ਅਤੇ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ ਪਰ ਇਸੇ ਖੇਤਰ ਵਿੱਚ ਹੀ ਸਿੱਖ ਕੌਮ ‘ਪਾਸ’ ਹੋਣ ਵਾਲੀ ਹਾਲਤ ਤੋਂ ‘ਫੇਲ੍ਹ’ ਹੋਣ ਵੱਲ ਆ ਗਈ ਹੈ। ਸਰਕਾਰ ਨੇ ਕਾਨੂੰਨ ਬਣਾ ਧਰਿਆ ਕਿ ਅੱਠਵੀਂ ਤੱਕ ਕਿਸੇ ਵੀ ਬੱਚੇ ਨੂੰ ਫੇਲ੍ਹ ਨਹੀਂ ਕਰਨਾ ਅਤੇ ‘ਸਿੱਖਿਆ ਦਾ ਅਧਿਕਾਰ’ ਕਾਨੂੰਨ ਬਣਾ ਸਾਰੇ ਬੱਚਿਆਂ ਲਈ ਸਿੱਖਿਆ ਜ਼ਰੂਰੀ ਕਰ ਦਿੱਤੀ, ਸਿੱਖਿਆ ਤਾਂ ਜ਼ਰੂਰੀ ਹੋ ਗਈ ਪਰ ਸਹੂਲਤਾਂ ਜ਼ਰੂਰੀ ਕਿਵੇਂ ਹੋਣ...? ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ, ਹਜ਼ਾਰਾਂ ਨੌਜੁਆਨਾ ਡਿਗਰੀ ਚੁੱਕੀ ਫਿਰਦੇ ਹਨ ਪਰ ਨੌਕਰੀ ਨਹੀਂ। ਹੁਣ ਤਾਂ ਸਰਕਾਰ ਨੇ ਬੀ.ਐਡ. ਵਿੱਚ ਦਾਖਲੇ ਲਈ ਜ਼ਰੂਰੀ ਟੈਸਟ ਬੰਦ ਕਰ ਲੱਖਾਂ ਖਰਚ ਡਿਗਰੀ ਲੈ ਅਧਿਆਪਕ ਬਣਨ ਚੱਲਿਆਂ ਲਈ ‘ਅਧਿਆਪਕ ਯੋਗਤਾ ਟੈਸਟ’ ਨਾਮ ਦਾ ਐਸਾ ਟੋਇਆ ਰਾਹ ਵਿੱਚ ਪੁੱਟਿਆ ਹੈ ਜਿਸਨੂੰ ਪਾਰ ਕਰਨ ਵਿੱਚ ਵਧੇਰੇ ਤਾਂ ਅਸਫਲ ਹੀ ਰਹੇ। ਹੁਣ ਅਧਿਆਪਕ ਹੀ ਨਹੀਂ ਹੋਣਗੇ ਤਾਂ ਬੱਚੇ (ਵਿਦਿਆਰਥੀ) ਸਕੂਲ ਜਾ ਕੇ ਕੀ ਕਰਨਗੇ...? ਬੀ.ਐਡ. ਵਿੱਚ ਦਾਖਲੇ ਲਈ ਜ਼ਰੂਰੀ ਟੈਸਟ ਕਿਉਂ ਬੰਦ ਕੀਤਾ, ਸਮਝ ਨਹੀਂ ਆਉਂਦਾ। ਚੰਗਾ ਹੁੰਦਾ ਜੇ ਪਹਿਲਾਂ ਹੀ ਸੀਮਤ ਅਤੇ ਚੰਗੀ ਜਾਣਕਾਰੀ ਵਾਲੇ ਹੀ ਟੈਸਟ ਪਾਸ ਕਰ ਅਧਿਆਪਕ ਬਣਦੇ ਪਰ ਹੁਣ ‘ਅਧਿਆਪਕ ਯੋਗਤਾ ਟੈਸਟ’ ਪੈਸੇ ਦੇ ਪਾਸ ਕਰਨ ਵਾਲਾ ਰੁਝਾਨ ਬਣ ਗਿਆ ਹੈ,ਜੋ ਕਿ ਪਿਛਲੇ ਦਿਨੀਂ ਕਾਫੀ ਚਰਚਾ ਦਾ ਕਾਰਨ ਬਣਿਆ ਰਿਹਾ ਹੈ।

ਲੋਕਤੰਤਰ ਅਤੇ ਕਿਸਾਨੀ



ਸਤਿੰਦਰਜੀਤ ਸਿੰਘ ਗਿੱਲ

‘ਲੋਕਤੰਤਰ’...ਬੜਾ ਸਕੂਨ ਦੇਣ ਵਾਲਾ ਸ਼ਬਦ ਹੈ ਜੇ ਕਿਤੇ ਹਕੀਕੀ ਰੂਪ ਵਿੱਚ ਇਸ ਦੇਸ਼ ਵਿੱਚ ਵਿਚਰੇ ਤਾਂ ਹਰ ਕੋਈ ਮਾਣ ਕਰੇਗਾ ਇੱਥੋਂ ਦਾ ਬਾਸ਼ਿੰਦਾ ਹੋਣ ‘ਤੇ ਪਰ ਅਫਸੋਸ ਅਜੇ ਇਹ ਸ਼ਬਦ ਆਪਣਾ ਹੀ ਅਕਸ ਤਲਾਸ਼ ਰਿਹਾ ਹੈ। ਇਹ ਰਸਤੇ ਤੋਂ ਭਟਕ ਗਿਆ ਹੈ, ਦਿਸ਼ਾਹੀਣ ਹੋ ਗਿਆ ਹੈ। ਇਸਦੀ ਜਗ੍ਹਾ ਹੁਣ ‘ਮੇਜ਼ ਹੇਠਾਂ’ ਮਿਲਦੇ ਹੱਥਾਂ ਦੇ ਰਿਸ਼ਤੇ ਕਾਮਯਾਬ ਨੇ, ਸਰਕਾਰੀ ਰਸੂਖ ਇਸ ਸ਼ਬਦ ਤੋਂ ਕਿਤੇ ਵੱਡਾ ਹੋ ਗਿਆ ਹੈ। ‘ਤਕੜੇ ਦਾ ਸੱਤੀਂ ਵੀਹੀਂ ਸੌ’ ਵਾਲਾ ਨਿਯਮ ਲਾਗੂ ਹੋ ਚੁੱਕਾ ਹੈ, ਦੇਸ਼ ਤਰੱਕੀ ਕਰ ਰਿਹਾ ਹੈ ਪਰ ਭ੍ਰਿਸ਼ਟਾਚਾਰ ਵਿੱਚ। 2 ਜੀ ਦਾ ਸਭ ਤੋਂ ਵੱਡਾ ਘਪਲਾ ਕਰਨ ਤੋਂ ਬਾਅਦ ਇਸ ਨਾਲੋਂ ਵੀ ਵੱਡੇ ਘਪਲੇ ‘ਕੋਲੇ’ ਦਾ ਮੂੰਹ ਜਿਹਾ ਦਿਸਿਆ ਪਰ ਉਸ ‘ਤੇ ਜਲਦੀ ਹੀ ਨਕਾਬ ਪਾ ਦਿੱਤਾ ਗਿਆ, ਚਲੋ ਇਹ ਤਾਂ ਨਿੱਤ ਦੇ ਕਾਰਨਾਮੇ ਨੇ ਹੁੰਦੇ ਹੀ ਰਹਿਣੇ ਨੇ...!

ਨਸ਼ਿਆਂ ਦਾ ਦਰਿਆ



ਸਤਿੰਦਰਜੀਤ ਸਿੰਘ

ਪੰਜਾਬ ਦੀ ਧਰਤੀ ਹੁਣ ਮਹਿਜ਼ ਪੰਜ ਦਰਿਆਵਾਂ ਦੀ ਧਰਤੀ ਹੀ ਨਹੀਂ ਰਹੀ,ਇੱਥੇ ਹੁਣ ਛੇਵਾਂ ਦਰਿਆ ਵੀ ਵਗ ਰਿਹਾ ਹੈ...ਇਸ ਦਰਿਆ ਨੇ ਪੰਜਾਬ ਵਿੱਚ ਆਪਣਾ ਵਿਸਥਾਰ ਬਹੁਤ ਹੀ ਤੇਜ਼ ਚਾਲ ਨਾਲ ਕੀਤਾ ਹੈ, ਜੋ ਕਿ ਰੁਕਿਆ ਨਹੀਂ ਸਗੋਂ ਬਹੁਤ ਤੇਜ਼ ਵੇਗ ਨਾਲ ਵਗ ਰਿਹਾ ਹੈਪੰਜਾਬ ਦਾ ਜ਼ਿਆਦਾਤਰ ਖੇਤਰ ਜਾਂ ਵਸੋਂ ਹੁਣ ਇਸੇ ਦਰਿਆ ਦੀ ਮਾਰ ਹੇਠ ਹੈ...ਇਹ ਦਰਿਆ ਹੈ ਨਸ਼ਿਆਂ ਦਾ ਦਰਿਆ,ਜਿਸਨੇ ਅਜ਼ੋਕੇ ਪੰਜਾਬ ਦੀ ਨੌਜੁਆਨੀ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ ਵਿੱਚ ਲੈ ਲਿਆ ਹੈ ਸਿੱਖ ਕੌਮ ਜੋ ਕਿ ਅਟਕ ਵਰਗੇ ਦਰਿਆ ਨੂੰ ਵੀ ਅਟਕਾ ਕੇ ਅੱਗੇ ਲੰਘ ਜਾਂਦੀ ਸੀ ਅੱਜ ਇਸ ਨਸ਼ੀਆਂ ਦੇ ਵਹਿਣ ਵਿੱਚ ਹੀ ਵਹਿ ਤੁਰੀ ਹੈ। ਇਹ ਇੱਕ ਐਸਾ ਦਰਿਆ ਹੈ ਜਿਸ ਵਿੱਚ ਵਹਿਣ ਵਾਲੇ ਨੂੰ ਕਾਫੀ ਦੂਰ ਤੱਕ ਰੁੜ੍ਹ ਜਾਣ ਤੋਂ ਬਾਅਦ ਪਤਾ ਲਗਦਾ ਹੈ ਕਿ ਉਹ ਖੁਸ਼ਹਾਲ ਅਤੇ ਹਸਦੀ-ਵਸਦੀ ਜ਼ਿੰਦਗੀ ਤੋਂ ਬਹੁਤ ਡੂੰਘੇ ਪੱਤਣ ਵਿੱਚ ਧਸ ਗਿਆ ਹੈ, ਇੱਕ ਐਸਾ ਪੱਤਣ ਜਿਸ ਉੱਤੇ ਪਹੁੰਚ ਕੇ ਕੋਈ ਵਾਪਿਸ ਨਹੀਂ ਆ ਸਕਦਾ, ਜੇ ਕੋਈ ਆ ਵੀ ਸਕਿਆ ਹੈ ਤਾਂ ਸਿਰਫ਼ ਉਹ ਜਿਸਨੇ ਆਪਣੇ ਅੰਦਰ ਹਕੀਕਤ ਨੂੰ ਪਹਿਚਾਨਣ ਲਈ ਪੂਰੀ ਦ੍ਰਿੜਤਾ ਅਤੇ ਇੱਛਾ ਸ਼ਕਤੀ ਦੇ ਨਾਲ ਇਸ ਦਰਿਆ ਦੇ ਵਹਿਣ ਤੋਂ ਉਲਟ ਵਹਿਣ ਦਾ ਸੰਕਲਪ ਕੀਤਾ। ਇਸ ਦਰਿਆ ਵਿੱਚ ਵਹਿਣ ਵਾਲੇ ਸਿਰਫ਼ ਆਪ ਹੀ ਨਹੀਂ ਵਹਿ ਤੁਰਦੇ ਸਗੋਂ ਆਪਣੇ ਨਾਲ ਆਪਣੇ ਪਰਿਵਾਰ ਅਤੇ ਸਕੇ ਸੰਬੰਧੀਆਂ ਦੀਆਂ ਖੁਸ਼ੀਆਂ ਅਤੇ ਖੁਸ਼ਹਾਲੀ ਨੂੰ ਵੀ ਵਹਾ ਕੇ ਲੈ ਜਾਂਦੇ ਹਨ।

‘ਵਿਸਾਖੀ’: ਇੱਕ ਅਦੁੱਤੀ ਵਰਤਾਰਾ



ਸਤਿੰਦਰਜੀਤ ਸਿੰਘ

ਸਿੱਖ ਧਰਮ ਦੁਨੀਆਂ ਦਾ ਸਭ ਨਾਲੋਂ ਨਵੀਨਤਮ ਧਰਮ ਹੈ, ਇਸਦੀ ਨੀਂਹ ਹੀ ਗੁਰੂ ਨਾਨਕ ਸਾਹਿਬ ਨੇ ਫੋਕੇ ਕਰਮਕਾਂਡ ‘ਤੇ ਕਾਟ ਕਰ ਰੱਖੀ ਸੀ। ਲੋਕਾਂ ਨੂੰ ਸੱਚ ਨਾਲ ਜੁੜਨ ਦਾ ਹੋਕਾ ਦੇਣ ਵਾਸਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਤਕਰੀਬਨ ਸਾਰੀ ਦੁਨੀਆਂ ਦੀ ਯਾਤਰਾ ਕੀਤੀ। ਬਾਬਰ ਨੂੰ ਜਾਬਰ ਕਹਿ, ਜ਼ਾਲਮ ਨੂੰ ਜ਼ਾਲਮ ਕਹਿਣ ਦੀ ਜ਼ੁਰੱਅਤ ਦਿਖਾ, ਉਸਦਾ ਵਿਰੋਧ ਕਰ ਮਾਨਵਤਾ ਵਿੱਚ ਅਣਖ ਅਤੇ ਸਵੈਮਾਨ ਨਾਲ ਜਿਉਣ ਦੀ ਜ਼ੁਰੱਅਤ ਪੈਦਾ ਕਰਨ ਵਾਲਾ ਇਨਕਲਾਬੀ ਕਦਮ ਸੀ। ਸਿੱਖ ਧਰਮ ਬਾਕੀ ਧਰਮਾਂ ਨਾਲੋਂ ਬਿਲਕੁਲ ਵੱਖਰਾ ਅਤੇ ਆਧੁਨਿਕ ਧਰਮ ਹੈ, ਇਸ ਗੱਲ ਦੀ ਸਪੱਸ਼ਟਤਾ ਨੂੰ ਕੋਈ ਵੀ ਤੁਲਨਾਤਮਕ ਅਧਿਐਨ ਨਾਲ ਸਮਝ ਸਕਦਾ ਹੈ। ਅੱਜ ਦੀ ‘ਤਰਕਸ਼ੀਲਤਾ’ ਜਿੰਨ੍ਹਾਂ ਵਹਿਮਾਂ ਦਾ ਖੰਡਨ ਕਰਦੀ ਹੈ, ਉਹਨਾਂ ਸਾਰੇ ਕਰਮਕਾਂਡਾ ਨੂੰ ਗੁਰੂ ਨਾਨਕ ਸਾਹਿਬ ਬਹੁਤ ਪਹਿਲਾਂ ਰੱਦ ਕਰ ਚੁੱਕੇ ਹਨ। ਗੁਰੂ ਨਾਨਕ ਸਾਹਿਬ ਨੇ ਜਿਸ

ਸ਼ਨੀ ਅਤੇ ਸਿੱਖਾਂ ਵਿੱਚ ਸ਼ਨੀ ਪੂਜਾ



ਸਤਿੰਦਰਜੀਤ ਸਿੰਘ

ਸਾਡੇ ਸਮਾਜ ਉੱਪਰ ਚਾਲਾਕ ਅਤੇ ਵਿਹਲੜ ਲੋਕਾਂ ਨੇ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਐਸਾ ਭਰਮ-ਜਾਲ ਬੁਣਿਆ ਹੈ ਕਿ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੀ ਪ੍ਰਤੀਤ ਹੁੰਦਾ ਹੈ। ਇਸ ਅੰਧ-ਵਿਸ਼ਵਾਸ਼ ਦੇ ਜਾਲ ਵਿੱਚ ਲੋਕ ਇਸ ਕਦਰ ਫਸ ਚੁੱਕੇ ਹਨ ਕਿ ਉਹਨਾਂ ਨੂੰ ਇਸ ਜਾਲ ਦੀਆਂ ਰੱਸੀਆਂ ‘ਵੱਢਣ’ ਵਾਲਾ ਨਾਸਤਿਕ ਜਾਂ ਬੇਵਕੂਫ ਤੋਂ ਵੱਧ ਕੁਝ ਨਹੀਂ ਲਗਦਾ। ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਨਿਰੋਲ ਸੱਚ ‘ਤੇ ਰੱਖੀ ਹੈ ਪਰ ਅੱਜ ਉਹਨਾਂ ਦੇ ਪੈਰੋਕਾਰ ਸਿੱਖ ਦੁਨੀਆਂ ਦੇ ਬਿਹਤਰੀਨ ਅਤੇ ਮਜ਼ਬੂਤ ‘ਆਧਾਰ’ ‘ਤੇ ਟਿਕੀ ਬੁਨਿਆਦ ਦੇ ਮਾਲਕ ਹੋਣ ਦੇ ਬਾਵਜੂਦ ਵੀ ਡੋਲ ਰਹੇ ਹਨ। ਬਿਪਰਵਾਦੀ ਸ਼ਕਤੀਆਂ ਨੇ ਇਸ ਮਜ਼ਬੂਤ ਨੀਂਹ ਨੂੰ ਖੋਰਾ ਲਾਉਣ ਦੇ ਮਨਸੂਬੇ ਨੂੰ ਬਹੁਤ ਹੀ ਸੂਖਮ ਰੂਪ ਵਿੱਚ ਪੂਰਾ ਕਰਨਾ ਸ਼ੁਰੂ ਕੀਤਾ ਹੈ। ਬਿਪਰ ਨੇ ਸਿੱਖਾਂ ਨੂੰ ‘ਕਰਤੇ’ ਦੀ ਬਜਾਏ ‘ਕਿਰਤ’ ਦੇ ਪੁਜਾਰੀ ਬਣਾ ਸਿੱਖਾਂ ਦਾ ਵਿਸ਼ਵਾਸ਼ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਹਿਲਾ ਕੇ ਉਸ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਭੈ ਵਿੱਚ ਵਿਚਰ ਰਹੀਆਂ ਵਸਤੂਆਂ ਦੀ ਮਿਹਰ ‘ਤੇ ਟਿਕਾ ਦਿੱਤਾ ਹੈ। ‘ਸਿੱਖ-ਹਿੰਦੂ’ ਏਕਤਾ ਨੂੰ ਇਸ ਕਦਰ ਮਜ਼ਬੂਤੀ ਮਿਲੀ ਹੈ ਕਿ ਹੁਣ ਸਿੱਖ ਹਰ ਬਿਪਰਵਾਦੀ ਤਿਉਹਾਰ ਨੂੰ ਹਿੰਦੂਆਂ ਨਾਲੋਂ ਵੀ ਵੱਧ ਚੜ੍ਹ ਕੇ ਮਨਾਉਂਦੇ ਹਨ। ਗੱਲ ਵਰਤਾਂ ਦੀ ਹੋਵੇ ਭਾਵੇਂ ਸ਼ਰਾਧਾਂ ਦੀ ਬਿਪਰ ਅਜੇ ਘਰ ਬੈਠਾ ਹੁੰਦਾ ਹੈ ਪਰ ਸਿੱਖ ਪੰਡਿਤ ਤੋਂ ਕਹਾਣੀ ਸੁਣ ਕੇ ਮੁੜਨ ਦੀ ਕਾਹਲ ਵਿੱਚ ਹੁੰਦਾ ਹੈ ਜਾਂ ਪਿੱਤਰਾਂ ਨੂੰ ਰੋਟੀ ਖਵਾ ਚੁੱਕਾ ਹੁੰਦਾ ਹੈ। ਇਹ ਸਭ ਦੇਖ ਕੇ ਬਿਪਰ ਨੂੰ ਜੋ ਖੁਸ਼ੀ ਮਿਲਦੀ ਹੋਵੇਗੀ, ਇਸ ਦਾ ਬਿਆਨ ਤਾਂ ਉਹ ਹੀ ਕਰ ਸਕਦਾ ਹੈ। ਸਿੱਖ ਭਰਮ-ਭੁਲੇਖਿਆਂ ਵਿੱਚ ਗਲਤਾਨ ਹੋ ਚੁੱਕੇ ਹਨ।